ਕਿਸਾਨ ਅੰਦੋਲਨ ਕਾਰਨ ਹਰਿਆਣਾ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਇੰਟਰਨੈੱਟ ਅੱਜ ਵੀ ਬੰਦ ਰਹੇਗਾ- ਪ੍ਰੈੱਸ ਰਿਵੀਊ

ਪੰਜਾਬੀ ਟ੍ਰਿਬਿਊਨ ਮੁਤਾਬਕ ਹਰਿਆਣਾ ਸਰਕਾਰ ਨੇ 16 ਜ਼ਿਲ੍ਹਿਆਂ ਵਿੱਚ ਇੰਟਰਨੈੱਟ ਸਹੂਲਤਾਂ ਹੁਣ ਇੱਕ ਫਰਵਰੀ ਸ਼ਾਮ 5 ਵਜੇ ਤੱਕ ਬੰਦ ਕਰ ਦਿੱਤੀਆਂ ਹਨ।

ਇਹ ਸੇਵਾਵਾਂ ਅੰਬਾਲਾ, ਕੁਰੂਕਸ਼ੇਤਰ, ਕਰਨਾਲ, ਕੈਥਲ, ਪਾਣੀਪਤ, ਹਿਸਾਰ, ਜੀਂਦ, ਰੋਹਤਕ, ਭਿਵਾਨੀ, ਚਰਖੀ ਦਾਦਰੀ, ਫਤਿਹਾਬਾਦ, ਰਿਵਾੜੀ, ਸਿਰਸਾ, ਸੋਨੀਪਤ, ਪਲਵਲ ਅਤੇ ਝੱਜਰ ਜ਼ਿਲ੍ਹਿਆਂ ਵਿੱਚ ਬੰਦ ਰਹਿਣਗੀਆਂ।

ਹਰਿਆਣਾ ਸਰਕਾਰ ਨੇ ਗਣਤੰਤਰ ਦਿਵਸ ਵਾਲੇ ਦਿਨ ਦਿੱਲੀ ਵਿੱਚ ਵਾਪਰੀ ਘਟਨਾ ਤੋਂ ਬਾਅਦ ਹੀ ਸੂਬੇ ਦੇ ਕਈ ਹਿੱਸਿਆਂ ਵਿੱਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਸਨ।

ਸੂਬੇ ਵਿੱਚ ਲਗਾਤਾਰ ਪੰਜ ਦਿਨਾਂ ਤੋਂ ਇੰਟਰਨੈੱਟ ਸੇਵਾਵਾਂ ਬੰਦ ਰਹਿਣ ਕਰਕੇ ਆਨਲਾਈਨ ਕੰਮਕਾਜ ਅਤੇ ਵਿਦਿਆਰਥੀਆਂ ਦੀ ਪੜ੍ਹਾਈ 'ਤੇ ਅਸਰ ਪੈ ਰਿਹਾ ਹੈ।

ਇਸੇ ਕਾਰਨ ਦੀਨਬੰਧੂ ਛੋਟੂਰਾਮ ਵਿਗਿਆਨ ਅਤੇ ਤਕਨੀਕੀ ਯੂਨੀਵਰਸਿਟੀ ਮੂਰਥਲ ਦੀਆਂ 27 ਅਤੇ 28 ਜਨਵਰੀ ਨੂੰ ਹੋਣ ਵਾਲੀਆਂ ਆਨਲਾਈਨ ਪ੍ਰੀਖਿਆਵਾਂ ਵੀ ਅੱਗੇ ਪਾ ਦਿੱਤੀਆਂ ਗਈਆਂ ਸਨ।

ਹਾਲਾਂਕਿ ਕਿਸਾਨ ਅੰਦੋਲਨ ਨਾਲ ਸਬੰਧਿਤ ਸੂਚਨਾਵਾਂ ਦੇਣ ਲਈ ਕਈ ਪਿੰਡਾਂ ਵਿੱਚ ਮੰਦਿਰਾਂ ਅਤੇ ਚੌਪਾਲਾਂ ਤੋਂ ਲਾਊਡ ਸਪੀਕਰ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ।

ਇਹ ਖ਼ਬਰਾਂ ਵੀ ਪੜ੍ਹੋ:

ਸਿਨੇਮਾ ਹਾਲ 100 ਫੀਸਦ ਸਮਰੱਥਾ ਨਾਲ ਅੱਜ ਤੋਂ ਖੁੱਲ੍ਹਣਗੇ

ਦਿ ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਮੁਤਾਬਕ ਦੇਸ ਭਰ ਵਿੱਚ ਸਿਨੇਮਾ ਹਾਲ 100 ਫੀਸਦ ਸੀਟਾਂ ਦੇ ਨਾਲ ਅੱਜ ਤੋਂ ਖੋਲ੍ਹੇ ਜਾਣਗੇ।

ਪਰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਆਡੀਟੋਰੀਅਮ ਦੇ ਬਾਹਰ, ਕੌਮਨ ਏਰੀਆ ਅਤੇ ਵੇਟਿੰਗ ਏਰੀਆ ਵਿੱਚ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਵੇ।

ਭੀੜ ਤੋਂ ਬਚਣ ਲਈ ਮਲਟੀਪਲੈਕਸਾਂ ਨੂੰ ਸ਼ੋਅਜ਼ ਦੇ ਸਮੇਂ ਵਿੱਚ ਫ਼ਰਕ ਰੱਖਣ ਲਈ ਕਿਹਾ ਗਿਆ ਹੈ।

ਬ੍ਰੇਕ ਟਾਈਮ ਲੰਬਾ ਕਰਨ ਦੀ ਸਿਫਾਰਸ਼ ਕੀਤੀ ਗਈ ਹੈ ਤਾਂ ਜੋ ਹਾਲ ਦੀਆਂ ਵੱਖੋ-ਵੱਖਰੀਆਂ ਕਤਾਰਾਂ ਵਿੱਚ ਲੋਕ ਬਿਨਾਂ ਭੀੜ ਦੇ ਆਪਣੀਆਂ ਸੀਟਾਂ 'ਤੇ ਜਾ ਸਕਣ।

ਰਿਕਾਰਡ ਜੀਐੱਸਟੀ ਕਲੈਕਸ਼ਨ

ਦਿ ਟਾਈਮਜ਼ ਆਫ਼ ਇੰਡੀਆ ਮੁਤਾਬਕ ਜਨਵਰੀ ਵਿੱਚ ਜੀਐੱਸਟੀ 1.2 ਲੱਖ ਕਰੋੜ ਰੁਪਏ ਦੇ ਨਾਲ ਰਿਕਾਰਡ ਇਕੱਠਾ ਕੀਤਾ ਗਿਆ ਹੈ।

ਮਾਹਿਰਾਂ ਦਾ ਮੰਨਣਾ ਹੈ ਕਿ 31 ਦਸੰਬਰ ਤੱਕ ਜੀਐੱਸਟੀ ਭਰਨ ਦੀ ਤਰੀਕ ਤੈਅ ਕਰਨ ਕਾਰਨ ਵੀ ਕੁਝ ਸਨਅਤਕਾਰ ਪੂਰਾ ਭੁਗਤਾਨ ਕਰ ਸਕੇ ਹੋਣਗੇ।

ਮਾਹਿਰਾਂ ਦਾ ਕਹਿਣਾ ਹੈ ਕਿ ਇਹ ਜੀਐੱਸਟੀ ਕਲੈਕਸ਼ਨ ਵਿੱਚ ਵਾਧਾ ਅਗਲੇ ਹੋਰ ਕੁਝ ਮਹੀਨਿਆਂ ਵਿੱਚ ਦੇਖਿਆ ਜਾ ਸਕਦਾ ਹੈ।

ਡੀਲੌਇਟ ਇੰਡੀਆ ਦੇ ਸੀਨੀਅਰ ਡਾਇਰੈਕਟਰ ਐੱਮਐੱਸ ਮਨੀ ਦਾ ਕਹਿਣਾ ਹੈ, "ਜੀਐੱਸਟੀ ਕਲੈਕਸ਼ਨ ਵਿੱਚ ਵਾਧਾ ਅਗਲੇ ਹੋਰ ਕੁਝ ਮਹੀਨਿਆਂ ਤੱਕ ਬਰਕਰਾਰ ਰਹਿ ਸਕਦਾ ਹੈ ਕਿਉਂਕਿ ਹੋਰਨਾਂ ਖੇਤਰ ਵੀ ਸਰਗਰਮ ਹੋ ਗਏ ਹਨ ਜਿਵੇਂ ਕਿ ਹਵਾਬਾਜ਼ੀ, ਹੌਸਪਿਟੈਲਿਟੀ ਤੇ ਮਨੋਰੰਜਨ।"

ਇਹ ਖ਼ਬਰਾਂ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)