You’re viewing a text-only version of this website that uses less data. View the main version of the website including all images and videos.
NIA ਦੇ ਨੋਟਿਸ ਕਿਸਾਨਾਂ, ਪੱਤਰਕਾਰਾਂ ਅਤੇ ਲੇਖਕਾਂ ਨੂੰ ਕਿਉਂ, ਕੀ ਹੈ ਪੂਰਾ ਮਾਮਲਾ
- ਲੇਖਕ, ਸਰਬਜੀਤ ਸਿੰਘ ਧਾਲੀਵਾਲ
- ਰੋਲ, ਬੀਬੀਸੀ ਪੱਤਰਕਾਰ
ਅੱਤਵਾਦ ਅਤੇ ਗ਼ੈਰ-ਕਾਨੂੰਨੀ ਗਤੀਵਿਧੀਆਂ ਦੀ ਜਾਂਚ ਕਰਨ ਵਾਲੀ ਭਾਰਤ ਦੀ ਨੈਸ਼ਨਲ ਇਨਵੈਸਟੀਗੇਟਿੰਗ ਏਜੰਸੀ (ਐੱਨਆਈਏ) ਨੇ ਪੰਜਾਬ ਨਾਲ ਸਬੰਧਤ ਕਈ ਲੋਕਾਂ ਨੂੰ ਯੂਏਪੀਏ ਤਹਿਤ ਨੋਟਿਸ ਜਾਰੀ ਕੀਤੇ ਹਨ।
ਐੱਨਆਈਏ ਵੱਲੋਂ ਪੰਜਾਬ ਦੇ ਪੱਤਰਕਾਰ, ਕਿਸਾਨ ਆਗੂ, ਕਿਸਾਨ ਅੰਦੋਲਨ ਵਿੱਚ ਹਿੱਸਾ ਲੈਣ ਵਾਲੇ ਮਦਦਗਾਰਾਂ ਨੂੰ ਨੋਟਿਸ ਜਾਰੀ ਕਰ ਕੇ ਤਲਬ ਕੀਤਾ ਗਿਆ ਹੈ।
ਐੱਨਆਈਏ, ਜੋ ਕਿ ਪਹਿਲਾਂ ਹੀ ਸਿੱਖ ਫ਼ਾਰ ਜਸਟਿਸ (ਐੱਸਐੱਫਜੇ) ਦੇ ਖ਼ਿਲਾਫ਼ ਕਈ ਮਾਮਲਿਆਂ ਦੀ ਜਾਂਚ ਕਰ ਰਹੀ ਹੈ, ਨੇ 15 ਦਸੰਬਰ 2020 ਨੂੰ ਇਸੇ ਸੰਗਠਨ ਦੇ ਖ਼ਿਲਾਫ਼ ਇੱਕ ਹੋਰ ਨਵੀਂ FIR ਦਰਜ ਕੀਤੀ।
ਇਹ ਵੀ ਪੜ੍ਹੋ-
ਨਵੀਂ ਦਰਜ ਕੀਤੀ ਐੱਫਆਈਆਰ ਵਿੱਚ ਕਿਹਾ ਗਿਆ ਹੈ ਕਿ ਐੱਸਐੱਫਜੇ ਗ਼ੈਰ-ਸਰਕਾਰੀ ਸੰਸਥਾਵਾਂ (ਐੱਨਜੀਓ) ਰਾਹੀਂ ਭਾਰਤ ਸਰਕਾਰ ਦੇ ਖ਼ਿਲਾਫ਼ ਪ੍ਰਚਾਰ ਲਈ "ਖ਼ਾਲਿਸਤਾਨੀ ਪੱਖੀ" ਤੱਤਾਂ ਨੂੰ ਆਪਣੀ ਮੁਹਿੰਮ ਜਾਰੀ ਰੱਖਣ ਅਤੇ ਪ੍ਰਚਾਰ ਲਈ ਵਿਦੇਸ਼ ਤੋਂ ਫ਼ੰਡ ਭੇਜ ਰਿਹਾ ਹੈ। ਐੱਫਆਈਆਰ ਮੁਤਾਬਕ ਵਿਦੇਸ਼ਾਂ ਦੇ ਵਿੱਚ ਐੱਸਐੱਫਜੇ ਆਪਣੀਆਂ ਸਰਗਰਮੀਆਂ ਕਰ ਰਿਹਾ।
ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਨੂੰ ਵੀ ਨੋਟਿਸ
ਐੱਨਆਈਏ ਨੇ ਤਾਜ਼ਾ ਐੱਫਆਈਆਰ ਦਾ ਘੇਰਾ ਵੱਡਾ ਅਤੇ ਖੁੱਲ੍ਹਾ ਰੱਖਿਆ ਹੈ ਅਤੇ ਇਸ ਦੇ ਵਿੱਚ ਵੱਖ-ਵੱਖ ਵਰਗ ਦੇ ਲੋਕਾਂ ਅਤੇ ਜਥੇਬੰਦੀਆਂ ਸ਼ਾਮਲ ਕਰਨ ਦੀ ਗੁੰਜਾਇਸ਼ ਵੀ ਰੱਖੀ ਹੈ।
ਨੋਟਿਸ ਪ੍ਰਾਪਤ ਕਰਨ ਵਾਲਿਆਂ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਜਸਵੀਰ ਸਿੰਘ ਰੋਡੇ ਵੀ ਸ਼ਾਮਲ ਹਨ।
ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਜਸਵੀਰ ਸਿੰਘ ਰੋਡੇ ਨੇ ਦੱਸਿਆ, "ਉਨ੍ਹਾਂ ਨੂੰ 16 ਜਨਵਰੀ ਨੂੰ ਵਟਸਐਪ ਰਾਹੀਂ ਨੋਟਿਸ ਮਿਲਿਆ ਸੀ, ਜਿਸ ਮੁਤਾਬਕ 18 ਜਨਵਰੀ ਦਿੱਲੀ ਪੇਸ਼ ਹੋਣ ਲਈ ਆਖਿਆ ਗਿਆ ਸੀ ਪਰ ਇੰਨੇ ਘੱਟ ਸਮੇਂ ਵਿੱਚ ਉਨ੍ਹਾਂ ਪੇਸ਼ ਹੋਣ ਤੋਂ ਅਸਮਰਥਾ ਜਤਾਈ।"
ਇਸ ਤੋਂ ਬਾਅਦ ਉਨ੍ਹਾਂ ਨੂੰ 21 ਜਨਵਰੀ ਨੂੰ ਮੁੜ ਪੇਸ਼ ਹੋਣ ਲਈ ਆਖਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਉਹ ਕਿਸਾਨ ਬਚਾਓ ਮੋਰਚੇ ਸੰਸਥਾ ਨਾਲ ਜੁੜੇ ਹੋਏ ਹਨ ਇਸ ਕਰ ਕੇ ਲਗਾਤਾਰ ਉਹ ਪਹਿਲਾਂ ਦਿੱਲੀ ਅਤੇ ਇਸ ਸਮੇਂ ਦਿੱਲੀ ਦੇ ਸਿੰਘੂ ਬਾਰਡਰ ਉੱਤੇ ਡਟੇ ਹੋਏ ਹਨ।
ਉਨ੍ਹਾਂ ਦੱਸਿਆ ਕਿ ਸਰਕਾਰ ਆਗੂਆਂ ਨੂੰ ਡਰਾ ਕੇ ਅੰਦੋਲਨ ਫ਼ੇਲ੍ਹ ਕਰਨਾ ਚਾਹੁੰਦੀ ਹੈ। ਇਸ ਕਰ ਕੇ ਇਹ ਨੋਟਿਸ ਜਾਰੀ ਕੀਤੇ ਜਾ ਰਹੇ ਹਨ।
ਉਨ੍ਹਾਂ ਨੇ ਕਿਹਾ, "16 ਦਸੰਬਰ ਨੂੰ ਪੰਜਾਬ ਪੁਲਿਸ ਨੇ ਮੈਨੂੰ ਪਾਸਪੋਰਟ ਬਣਾਉਣ ਲਈ ਪੁਲਿਸ ਕਲੀਰਅਸ ਸਰਟੀਫਿਕੇਟ ਜਾਰੀ ਕੀਤਾ ਹੈ ਅਤੇ ਹੁਣ ਐੱਨਆਈਏ ਨੂੰ ਮੇਰੀਆਂ ਗਤੀਵਿਧੀਆਂ ਉੱਤੇ ਸ਼ੱਕ ਹੈ। ਉਨ੍ਹਾਂ ਦੱਸਿਆ ਕਿ ਉਹ ਏਜੰਸੀ ਅੱਗੇ ਪੇਸ਼ ਹੋਣ ਲਈ ਤਿਆਰ ਹਨ"
"ਪਰ ਕਿਸਾਨ ਜਥੇਬੰਦੀਆਂ ਨੇ ਪੇਸ਼ ਨਾ ਹੋਣ ਦਾ ਸੱਦਾ ਦਿੱਤਾ ਹੈ। ਇਸ ਕਰ ਕੇ ਉਹ ਕਿਸਾਨ ਸੰਯੁਕਤ ਮੋਰਚੇ ਦੇ ਆਗੂਆਂ ਨਾਲ ਗੱਲਬਾਤ ਕਰ ਕੇ ਆਪਣੀ ਰਣਨੀਤੀ ਬਣਾਉਗੇ।"
'ਕਿਸਾਨ ਅੰਦੋਲਨ ਦੀ ਸ਼ੁਰੂ ਤੋਂ ਕਵਰੇਜ ਕਰ ਰਿਹਾ ਹਾਂ'
ਬੀਬੀਸੀ ਪੰਜਾਬੀ ਨੇ ਇੰਗਲੈਂਡ ਦੇ ਬਰਮਿੰਘਮ ਆਧਾਰਿਤ ਅਕਾਲ ਚੈਨਲ ਦੇ ਭਾਰਤ ਹੈੱਡ ਤੇਜਿੰਦਰ ਸਿੰਘ ਨਾਲ ਗੱਲਬਾਤ ਕੀਤੀ।
ਤੇਜਿੰਦਰ ਸਿੰਘ ਨੂੰ ਵੀ ਐੱਨਆਈਏ ਨੇ 18 ਜਨਵਰੀ ਨੂੰ ਦਿੱਲੀ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਸਨ।
ਤੇਜਿੰਦਰ ਸਿੰਘ ਨੇ ਦੱਸਿਆ, "ਘਰ ਵਿੱਚ ਕਿਸੇ ਦੀ ਮੌਤ ਹੋ ਜਾਣ ਕਾਰਨ ਮੈਂ ਪੇਸ਼ੀ ਤੋਂ ਛੋਟ ਲਈ ਹੈ ਅਤੇ ਦੁਬਾਰਾ 21 ਜਨਵਰੀ ਨੂੰ ਐੱਨਆਈਏ ਅੱਗੇ ਪੇਸ਼ ਹੋਵਾਂਗਾ।"
ਤੇਜਿੰਦਰ ਮੁਤਾਬਕ ਉਹ ਪਿਛਲੇ ਸੱਤ ਸਾਲਾਂ ਤੋਂ ਅਕਾਲ ਚੈਨਲ ਨਾਲ ਕੰਮ ਕਰ ਰਿਹਾ ਹੈ ਅਤੇ ਪਹਿਲੀ ਵਾਰ ਐੱਨਆਈਏ ਨੇ ਉਸ ਨੂੰ ਸੰਮਨ ਕੀਤੇ ਹਨ।
ਤੇਜਿੰਦਰ ਸਿੰਘ ਨੇ ਦੱਸਿਆ ਕਿ ਉਹ ਨਿਰਪੱਖ ਪੱਤਰਕਾਰੀ ਕਰਦੇ ਹਨ ਅਤੇ ਜਦੋਂ ਦਾ ਕਿਸਾਨ ਅੰਦੋਲਨ ਸ਼ੁਰੂ ਹੋਇਆ ਹੈ ਉਦੋਂ ਉਹ ਪਹਿਲਾਂ ਪੰਜਾਬ ਅਤੇ ਹੁਣ ਦਿੱਲੀ ਵਿੱਚ ਇਸ ਦੀ ਕਵਰੇਜ ਕਰ ਰਹੇ ਹਨ।
ਉਨ੍ਹਾਂ ਆਖਿਆ ਕਿ ਮੀਡੀਆ ਭਾਰਤ ਵਿੱਚ ਨਿਰਪੱਖ ਹੈ ਅਤੇ ਇਸ ਦੇ ਆਧਾਰ ਉੱਤੇ ਉਹ ਕੰਮ ਕਰ ਰਹੇ ਹਨ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
'ਪਤਾ ਨਹੀਂ ਸਰਕਾਰ ਨੋਟਿਸ ਭੇਜ ਰਹੀ ਹੈ'
ਪਟਿਆਲਾ ਤੋਂ ਕੈਨੇਡਾ ਦੇ ਚੈਨਲ ਲਈ ਕੰਮ ਕਰਨ ਵਾਲੇ ਪੱਤਰਕਾਰ ਬਲਤੇਜ ਪੰਨੂ ਨੇ ਦੱਸਿਆ ਕਿ 15 ਜਨਵਰੀ ਨੂੰ ਉਨ੍ਹਾਂ ਨੂੰ ਨੋਟਿਸ ਮਿਲਿਆ ਸੀ ਜਿਸ ਤਹਿਤ ਉਨ੍ਹਾਂ ਨੂੰ 19 ਜਨਵਰੀ ਨੂੰ ਦਿੱਲੀ ਪੇਸ਼ ਹੋਣ ਲਈ ਆਖਿਆ ਗਿਆ ਸੀ।
ਇਸ ਦੇ ਤਹਿਤ ਉਨ੍ਹਾਂ ਦੇ ਵਕੀਲ ਏਜੰਸੀ ਸਾਹਮਣੇ ਪੇਸ਼ ਹੋ ਰਹੇ ਹਨ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਕੀਤੀ ਗਈ ਕਵਰੇਜ ਜ਼ਿਆਦਾਤਰ ਕੈਨੇਡਾ ਅਮਰੀਕਾ ਅਤੇ ਹੋਰਨਾਂ ਦੇਸਾਂ ਵਿੱਚ ਦੇਖੀ ਜਾਂਦੀ ਹੈ ਅਤੇ ਉਹ ਪ੍ਰੋਫੈਸ਼ਨਲ ਤਰੀਕੇ ਨਾਲ ਕਵਰੇਜ ਕਰ ਰਹੇ ਹਨ, ਪਤਾ ਨਹੀਂ ਸਰਕਾਰ ਨੋਟਿਸ ਕਿਉਂ ਭੇਜ ਰਹੀ ਹੈ।
'ਕੋਵਿਡ ਕਰਕੇ ਪੇਸ਼ ਹੋਣ 'ਚ ਅਸਮਰਥ'
ਇਸੇ ਤਰ੍ਹਾਂ ਜਲੰਧਰ ਦੇ ਲੇਖਕ ਬਲਵਿੰਦਰਪਾਲ ਸਿੰਘ ਨੂੰ ਵੀ ਜਾਂਚ ਏਜੰਸੀ ਨੇ ਨੋਟਿਸ ਭੇਜਿਆ ਹੈ ਜੋ ਕਿ ਦਲਿਤ ਅਤੇ ਸਿੱਖ ਮਸਲਿਆਂ ਉੱਤੇ ਲਿਖਦੇ ਹਨ।
ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਅਕਤੂਬਰ ਮਹੀਨੇ ਵਿੱਚ ਉਨ੍ਹਾਂ ਨੂੰ ਕੋਵਿਡ ਹੋ ਗਿਆ ਸੀ ਜਿਸ ਤੋਂ ਉਹ ਪੂਰੀ ਤਰ੍ਹਾਂ ਅਜੇ ਉਭਰੇ ਨਹੀਂ। ਇਸ ਕਰਕੇ ਉਨ੍ਹਾਂ ਨੇ ਫ਼ਿਲਹਾਲ ਏਜੰਸੀ ਅੱਗੇ ਪੇਸ਼ ਹੋਣ ਤੋਂ ਅਸਮਰਥਾ ਪ੍ਰਗਟਾਈ ਹੈ।
ਉਨ੍ਹਾਂ ਆਖਿਆ ਕਿ ਉਨ੍ਹਾਂ ਨੇ ਆਪਣੀਆਂ ਤਮਾਮ ਮੈਡੀਕਲ ਰਿਪੋਰਟਾਂ ਏਜੰਸੀ ਨੂੰ ਭੇਜੀਆਂ ਹਨ ਜਿਸ ਤੋਂ ਬਾਅਦ ਜਵਾਬ ਆਇਆ ਹੈ ਕਿ ਜਦੋਂ ਉਹ ਠੀਕ ਹੋ ਜਾਣ ਤਾਂ ਪੇਸ਼ ਹੋਣ।
ਇਹ ਵੀ ਪੜ੍ਹੋ-
ਬਲਵਿੰਦਰਪਾਲ ਸਿੰਘ ਨੇ ਆਖਿਆ ਕਿ ਉਨ੍ਹਾਂ ਨੇ ਕਦੇ ਵੀ ਖ਼ਾਲਿਸਤਾਨ ਅਤੇ ਸਿੱਖ ਫਾਰ ਜਸਟਿਸ ਦਾ ਸਮਰਥਨ ਨਹੀਂ ਕੀਤਾ।
"ਦਲਿਤ ਸਿੱਖ ਏਕਤਾ ਦੇ ਮੁੱਦੇ ਉੱਤੇ ਜ਼ਰੂਰ ਫੇਸਬੁੱਕ ਉੱਤੇ ਲਿਖਦਾ ਹਾਂ ਪਰ ਪਤਾ ਨਹੀਂ ਏਜੰਸੀ ਨੂੰ ਕੀ ਲੱਗਿਆ ਕਿ ਨੋਟਿਸ ਭੇਜ ਦਿੱਤਾ।"
ਕਿਸਾਨ ਅੰਦੋਲਨ ਦੀ ਅਗਵਾਈ ਕਰਨ ਵਾਲੀਆਂ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਵਿੱਚੋਂ ਇੱਕ ਜਥੇਬੰਦੀ ਦੇ ਆਗੂ ਬਲਦੇਵ ਸਿੰਘ ਸਿਰਸਾ ਅਤੇ ਕਿਸਾਨੀ ਅੰਦੋਲਨ ਵਿੱਚ ਸ਼ਾਮਲ ਫ਼ਿਲਮ ਅਦਾਕਾਰ ਦੀਪ ਸਿੱਧੂ ਨੂੰ ਵੀ ਨੋਟਿਸ ਜਾਰੀ ਕੀਤੇ ਗਏ ਹਨ।
ਸੀਨੀਅਰ ਵਕੀਲ ਦਾ ਤਰਕ
ਐੱਨਆਈਏ ਵੱਲੋਂ ਭੇਜੇ ਜਾ ਰਹੇ ਸੰਮਨਾਂ ਉੱਤੇ ਅਸੀਂ ਸੀਨੀਅਰ ਵਕੀਲ ਆਰਐੱਸ ਬੈਂਸ ਨਾਲ ਗੱਲਬਾਤ ਕੀਤੀ।
ਉਨ੍ਹਾਂ ਆਖਿਆ ਕਿ ਐੱਨਆਈਏ ਦੇਸ ਦੀ ਪ੍ਰਮੁੱਖ ਜਾਂਚ ਏਜੰਸੀ ਹੈ ਅਤੇ ਉਸ ਦਾ ਘੇਰਾ ਵਿਸ਼ਾਲ ਹੈ ਪਰ ਹੈਰਾਨੀ ਇਸ ਗੱਲ ਦੀ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਅੰਦੋਲਨ ਨਾਲ ਜੁੜੇ ਲੋਕਾਂ ਲਈ ਇਸ ਦਾ ਇਸਤੇਮਾਲ ਕਰ ਰਹੀ ਹੈ।
ਉਨ੍ਹਾਂ ਆਖਿਆ, "ਇਸ ਏਜੰਸੀ ਦਾ ਕੰਮ ਵੱਡੇ ਖ਼ਤਰਨਾਕ ਅਪਰਾਧਾਂ ਦੀ ਜਾਂਚ ਕਰਨਾ ਹੈ ਜਿਸ ਵਿੱਚ ਖ਼ਤਰਨਾਕ ਕੌਮਾਂਤਰੀ ਅਪਰਾਧ ਵੀ ਸ਼ਾਮਲ ਹੈ, ਉਸ ਦੀ ਜਾਂਚ ਕਰਨਾ ਹੈ, ਨਾ ਕਿ ਛੋਟੇ ਕੇਸਾਂ ਵਿੱਚ ਇਸ ਨੂੰ ਸ਼ਾਮਲ ਕਰਨਾ।"
"ਪਹਿਲਾਂ ਸੀਬੀਆਈ ਦੇ ਇਸਤੇਮਾਲ ਉੱਤੇ ਸਵਾਲ ਉੱਠੇ ਹਨ ਹੁਣ ਉਹੀ ਕੰਮ ਐੱਨਆਈਏ ਦੇ ਜਰੀਏ ਕੀਤਾ ਜਾ ਰਿਹਾ ਹੈ। ਯੂਏਪੀਏ ਕਾਨੂੰਨ ਕਰ ਕੇ ਐੱਨਆਈਏ ਦਾ ਘੇਰਾ ਵਿਸ਼ਾਲ ਹੋ ਗਿਆ ਹੈ।"
ਉਨ੍ਹਾਂ ਆਖਿਆ ਕਿ ਯੂਏਪੀਏ ਕਾਨੂੰਨ ਦੇ ਤਹਿਤ ਖ਼ਤਰਨਾਕ ਦਹਿਸ਼ਤਗਰਦੀ ਦੇ ਮਾਮਲਿਆਂ ਦੀ ਜਾਂਚ ਕਰਨਾ ਹੈ ਨਾ ਕਿ ਛੋਟੇ-ਛੋਟੇ ਮਾਮਲਿਆਂ ਵਿੱਚ ਇਸ ਦਾ ਇਸਤੇਮਾਲ ਕਰਨਾ। ਜੇਕਰ ਇਸੇ ਤਰ੍ਹਾਂ ਹੁੰਦਾ ਗਿਆ ਤਾਂ ਲੋਕਾਂ ਦਾ ਇਸ ਸੰਸਥਾ ਤੋਂ ਵੀ ਭਰੋਸਾ ਉੱਠ ਜਾਵੇਗਾ।
ਉਨ੍ਹਾਂ ਅੱਗੇ ਕਿਹਾ, "ਐੱਸਐੱਫਜੇ ਦੀ ਰੈਫਰੰਡਮ ਮੁਹਿੰਮ ਹੁਣ ਖ਼ਤਮ ਹੋ ਗਈ ਹੈ ਪਰ ਇਸ ਦੇ ਕਾਰਨ ਕਿੰਨੇ ਨੌਜਵਾਨ ਜੇਲ੍ਹਾਂ ਵਿੱਚ ਸਜ਼ਾ ਕੱਟ ਰਹੇ ਹਨ। ਐੱਨਆਈਏ ਦਸੰਬਰ ਮਹੀਨੇ ਵਿੱਚ ਸਿੱਖਸ ਫ਼ਾਰ ਜਸਟਿਸ ਦੀ ਭਾਰਤ ਵਿਰੋਧੀ ਮੁਹਿੰਮ ਵਿਰੁੱਧ ਦਰਜ ਕੀਤੀ ਗਈ ਐੱਫਆਈਆਰ ਦੀ ਪੜਤਾਲ ਕਰ ਰਹੀ ਹੈ।"
"ਇਸ ਐੱਫਆਈਆਰ ਦੇ ਅਧੀਨ ਕਿਸਾਨ ਅੰਦੋਲਨ ਦੀ ਕੌਣ ਫੰਡਿੰਗ ਕਰ ਰਿਹਾ ਹੈ ਇਸ ਨੂੰ ਰੋਕਣ ਲਈ ਐੱਨਆਈਏ ਵੱਲੋਂ ਨੋਟਿਸ ਜਾਰੀ ਕੀਤੇ ਗਏ ਹਨ।"
"ਪੰਜਾਬ ਦੇ ਹਰ ਪਿੰਡ ਵਿੱਚੋਂ ਵਿਦੇਸ਼ਾਂ ਵਿੱਚ ਨੌਜਵਾਨ ਹਨ ਅਤੇ ਜੇਕਰ ਉਨ੍ਹਾਂ ਦੇ ਬੱਚੇ ਆਪਣੇ ਮਾਪਿਆਂ ਜਾਂ ਰਿਸ਼ਤੇਦਾਰਾਂ ਨੂੰ ਪੈਸੇ ਭੇਜ ਰਹੇ ਹਨ ਤਾਂ ਉਸ ਨੂੰ ਵਿਦੇਸ਼ੀ ਫੰਡਿੰਗ ਨਹੀਂ ਮੰਨਿਆ ਸਕਦਾ।"
ਉਨ੍ਹਾਂ ਕਿਹਾ ਕਿ ਆਮ ਆਦਮੀ ਜਿਸ ਨੂੰ ਅਜਿਹਾ ਨੋਟਿਸ ਮਿਲਦਾ ਹੈ ਉਹ ਡਰਨ ਦੇ ਨਾਲ ਮਾਨਸਿਕ ਤੌਰ ਉੱਤੇ ਪ੍ਰੇਸ਼ਾਨ ਹੋ ਜਾਂਦਾ। ਇਸ ਤੋਂ ਘਬਰਾਉਣ ਦੀ ਲੋੜ ਨਹੀਂ ਹੈ ਸੰਮਨ ਸਿਰਫ਼ ਗਵਾਹੀ ਦੇਣ ਲਈ ਭੇਜੇ ਗਏ ਹਨ ਇਸ ਤੋਂ ਇਲਾਵਾ ਕੁਝ ਨਹੀਂ ਹੈ।
ਰਾਜਨੀਤਿਕ ਪ੍ਰਤੀਕ੍ਰਿਆ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਉੱਤੇ ਪੰਜਾਬ ਦੇ ਕਿਸਾਨਾਂ ਨੂੰ ਪਰੇਸ਼ਾਨ ਕਰਨ ਦਾ ਇਲਜ਼ਾਮ ਲਗਾਇਆ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨ ਆਗੂਆਂ ਤੇ ਉਨ੍ਹਾਂ ਨਾਲ ਸਬੰਧਿਤ ਕੁਝ ਲੋਕਾਂ ਨੂੰ ਐੱਨਐਆਈਏ ਵੱਲੋਂ ਨੋਟਿਸ ਭੇਜਣ 'ਤੇ ਆਪਣਾ ਪ੍ਰਤੀਕਰਮ ਦਿੱਤਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਦਿਆਂ ਲਿਖਿਆ, "ਕਿਸਾਨੀ ਸੰਘਰਸ਼ ਦੌਰਾਨ ਕਿਸਾਨ ਲੀਡਰਾਂ ਅਤੇ ਸਮਰਥਕਾਂ ਨੂੰ ਐੱਨਐਆਈਏ ਵੱਲੋਂ ਭੇਜੇ ਗਏ ਨੋਟਿਸਾਂ ਦੀ ਮੈਂ ਨਿਖੇਧੀ ਕਰਦਾ ਹਾਂ। ਕੀ ਸਾਡੇ ਕਿਸਾਨ ਤੁਹਾਨੂੰ ਵੱਖਵਾਦੀ ਜਾਂ ਅੱਤਵਾਦੀ ਲੱਗਦੇ ਹਨ?"
ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਕਿਹਾ ਕਿ ਮੁੱਦੇ ਨੂੰ ਹੱਲ ਕਰਨ ਦੀ ਥਾਂ ਭਾਜਪਾ ਸਾਡੇ ਕਿਸਾਨਾਂ ਨੂੰ ਪਰੇਸ਼ਾਨ ਕਰ ਰਹੀ ਹੈ।
ਸ਼ੋਮਣੀ ਅਕਾਲੀ ਦਲ ਨੇ ਵੀ ਕੇਂਦਰ ਸਰਕਾਰ ਦੀ ਐੱਨਆਈਏ ਰਾਹੀਂ ਕੀਤੀ ਜਾ ਰਹੀ ਧੱਕੇਸ਼ਾਹੀ ਦੀ ਮੁਖ਼ਾਲਫ਼ਤ ਕੀਤੀ ਹੈ।
ਇਹ ਖ਼ਬਰਾਂ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ: