ਕਿਸਾਨ ਅੰਦੋਲਨ : NIA ਨੇ ਕਿਸ-ਕਿਸ ਨੂੰ ਭੇਜੇ ਨੋਟਿਸ, ਕਿਸਾਨਾਂ ਨੇ ਚੁੱਕੇ ਇਹ ਸਵਾਲ

    • ਲੇਖਕ, ਖੁਸ਼ਹਾਲ ਲਾਲੀ
    • ਰੋਲ, ਬੀਬੀਸੀ ਪੱਤਰਕਾਰ

ਅੱਤਵਾਦ ਅਤੇ ਗੈਰ ਕਾਨੂੰਨੀ ਗਤੀਵਿਧੀਆਂ ਦੀ ਜਾਂਚ ਕਰਨ ਵਾਲੀ ਭਾਰਤ ਦੀ ਨੈਸ਼ਨਲ ਇਨਵੈਸਟੀਗੇਟਿੰਗ ਏਜੰਸੀ (ਐਨਆਈਏ) ਨੇ ਪੰਜਾਬ ਨਾਲ ਸਬੰਧਤ ਦਰਜਨ ਤੋਂ ਵੱਧ ਵਿਅਕਤੀਆਂ ਨੂੰ ਯੂਏਪੀਏ ਤਹਿਤ ਨੋਟਿਸ ਜਾਰੀ ਕੀਤਾ ਹੈ।

ਯੂਏਪੀਏ, ਭਾਰਤ ਵਿਚ ਕੌਮੀ ਪੱਧਰ ਦਾ ਅਨਲਾਅਫੁੱਲ ਐਕਟੀਵਿਟੀਜ਼ ਪ੍ਰਵੈਂਸ਼ਨ ਐਕਟ 1967 ਹੈ, ਜਿਸ ਵਿੱਚ 2019 'ਚ ਮੋਦੀ ਸਰਕਾਰ ਨੇ ਸੋਧ ਕੀਤੀ ਸੀ।

ਕਿਸਾਨ ਅੰਦੋਲਨ ਦੀ ਅਗਵਾਈ ਕਰਨ ਵਾਲੀਆਂ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਵਿੱਚੋਂ ਇੱਕ ਜਥੇਬੰਦੀ ਦੇ ਆਗੂ ਬਲਦੇਵ ਸਿੰਘ ਸਿਰਸਾ ਅਤੇ ਕਿਸਾਨੀ ਅੰਦੋਲਨ ਵਿੱਚ ਸ਼ਾਮਲ ਫਿਲਮ ਅਦਾਕਾਰ ਦੀਪ ਸਿੱਧੂ ਦਾ ਨਾਂ ਵੀ ਨੋਟਿਸ ਜਾਰੀ ਕਰਨ ਵਾਲੇ ਵਿਅਕਤੀਆਂ 'ਚ ਸ਼ਾਮਲ ਹੈ।

ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੇ ਮੀਡੀਆ ਨੂੰ ਦੱਸਿਆ ਕਿ ਜਿਹੜੇ ਵਿਅਕਤੀਆਂ ਨੂੰ ਨੋਟਿਸ ਮਿਲ ਰਹੇ ਹਨ, ਉਹ ਖੇਤੀ ਕਾਨੂੰਨਾਂ ਖਿਲਾਫ਼ ਚੱਲ ਰਹੇ ਅੰਦੋਲਨ ਦਾ ਹਿੱਸਾ ਹਨ ਜਾਂ ਇਸ ਦੇ ਸਮਰਥਕ ਹਨ।

15 ਜਨਵਰੀ ਨੂੰ ਕਿਸਾਨਾਂ ਅਤੇ ਸਰਕਾਰ ਵਿਚਾਲੇ ਹੋਈ ਗੱਲਬਾਤ ਦੌਰਾਨ ਕਿਸਾਨਾਂ ਨੇ ਗ੍ਰਹਿ ਮੰਤਰਾਲੇ ਵਲੋਂ ਏਜੰਸੀਆਂ ਤੋਂ ਅਜਿਹੀ ਕਾਰਵਾਈ ਕਰਵਾਉਣ ਦਾ ਇਲਜ਼ਾਮ ਲਗਾ ਕੇ ਕੇਸ ਵਾਪਸ ਲੈਣ ਦੀ ਮੰਗ ਵੀ ਕੀਤੀ ਸੀ।

ਇਹ ਵੀ ਪੜ੍ਹੋ-

ਕਿਸ ਕੇਸ ਤਹਿਤ ਜਾਰੀ ਹੋਏ ਨੋਟਿਸ

ਦੀਪ ਸਿੱਧੂ ਨੇ ਵੀ ਆਪਣੇ ਫੇਸਬੁੱਕ ਪੇਜ਼ ਉੱਤੇ ਆਈਐਨਏ ਨੋਟਿਸ ਦੀ ਕਾਪੀ ਸ਼ੇਅਰ ਕੀਤੀ ਹੈ। ਇਸ ਕਾਪੀ ਮੁਤਾਬਕ ਉਨ੍ਹਾਂ ਨੂੰ ਇੰਸਪੈਕਟਰ ਆਫ ਪੁਲਿਸ ਧੀਰਜ ਕੁਮਾਰ ਦੇ ਦਸਤਖਤਾਂ ਹੇਠ ਨੋਟਿਸ ਜਾਰੀ ਕੀਤਾ ਗਿਆ ਹੈ।

ਨੋਟਿਸ ਮੁਤਾਬਕ ਸਾਰੇ ਵੀ ਵਿਅਕਤੀਆਂ ਨੂੰ 17 ਤਾਰੀਕ ਨੂੰ ਏਜੰਸੀ ਦੇ ਲੋਧੀ ਰੋਡ ਨਵੀਂ ਦਿੱਲੀ ਉੱਤੇ ਹੈਡਕੁਆਰਟ ਵਿਚ ਪੇਸ਼ ਹੋਣ ਲਈ ਕਿਹਾ ਗਿਆ ਹੈ।

ਨੋਟਿਸ ਮੁਤਾਬਕ ਜਿਸ ਕੇਸ ਵਿਚ ਪੁੱਛਗਿੱਛ ਲ਼ਈ ਇਨ੍ਹਾਂ ਨੂੰ ਸੱਦਿਆ ਗਿਆ ਹੈ ਉਹ 15 ਦਸੰਬਰ 2020 ਨੂੰ ਆਈਪੀਸੀ ਦੀ ਧਾਰਾ 120ਬੀ, 124ਏ, 153 ਏ, ਅਤੇ 153ਬੀ ਅਤੇ ਯੂਏ (ਪੀ) ਐਕਟ ਦੀਆਂ ਧਾਰਾਵਾਂ 13, 17,18, 18-ਬੀ ਅਤੇ 20 ਤਹਿਤ ਦਰਜ ਕੀਤਾ ਗਿਆ ਸੀ।

ਵਸਟਐਪ ਰਾਹੀ ਆਏ ਹਨ ਨੋਟਿਸ

ਬਲਦੇਵ ਸਿੰਘ ਸਿਰਸਾ ਨੇ ਉਨ੍ਹਾਂ ਨੂੰ ਐਨਆਈਏ ਏਜੰਸੀ ਤੋਂ ਨੋਟਿਸ ਮਿਲਣ ਦੀ ਪੁਸ਼ਟੀ ਕਰਦਿਆਂ ਕਿਹਾ, ''ਸਾਨੂੰ ਨੋਟਿਸ ਆਏ ਹਨ। ਨੋਟਿਸ ਵੀ ਏਨੇ ਸ਼ੌਰਟ ਟਾਇਮ ਉੱਤੇ ਹਨ, ਕੱਲ ਨੋਟਿਸ ਕਰ ਰਹੇ ਅਤੇ ਇਹ ਵਟਸਐਪ ਉੱਤੇ ਨੋਟਿਸ ਆ ਰਿਹਾ ਹੈ।'' ''ਇਹ ਵੀ ਨਹੀਂ ਪਤਾ ਕਿ ਕੀ ਇਹ ਨੋਟਿਸ ਵਾਕਈ ਏਜੰਸੀ ਵਲੋਂ ਆਇਆ, ਕਿ ਕਈ ਵੇਰਾਂ ਹੋਰ ਵੀ ਕਿਸੇ ਨੇ ਕਰ ਦਿੱਤਾ, ਕਿਉਂ ਕਿ ਅੱਜ ਕੱਲ ਫੋਨਾਂ ਉੱਤੇ ਬਹੁਤ ਕੁਝ ਹੋ ਰਿਹਾ ਹੈ।''

ਸਿਰਸਾ ਨੇ ਕਿਹਾ , ''ਜੇਕਰ ਇਹ ਏਜੰਸੀ ਵਲੋਂ ਵੀ ਆਇਆ ਹੈ ਤਾਂ ਉਹ ਬਾਈ ਡਾਕ ਲਿਖਤੀ ਤੌਰ ਉੱਤੇ ਆਉਣਾ ਚਾਹੀਦਾ ਹੈ। ਏਜੰਸੀਆਂ ਦੇ ਥਾਂ -ਥਾਂ ਅਧਿਕਾਰਤ ਸੈੱਲ ਹਨ। ਉਹ ਸਾਨੂੰ ਲਿਖਤੀ ਤੌਰ ਉੱਤੇ ਭੇਜਣ। ਫੇਰ ਵੀ ਜੇ ਉਨ੍ਹਾਂ ਇਹ ਨੋਟਿਸ ਵਟਸਐਪ ਉੱਤੇ ਭੇਜਿਆ ਹੈ, ਉਨ੍ਹਾਂ ਕੱਲ੍ਹ ਦੀ 17 ਤਾਰੀਕ ਰੱਖੀ ਹੈ।''

ਸਿਰਸਾ ਨੇ ਅੱਗੇ ਕਿਹਾ, ''ਮੈਂ ਦੱਸਣਾ ਚਾਹੁੰਦਾ ਹਾਂ ਕਿ ਮੇਰੀ ਦੋਹਤੀ ਦਾ ਵਿਆਹ ਹੈ ਅਤੇ ਮੈਂ ਉਸਦੇ ਸਮਾਨ ਦੀ ਖ਼ਰੀਦਦਾਰੀ ਲਈ ਇੱਥੇ ਆਇਆ ਹਾਂ। ਮੇਰੇ ਕੋਲ 7 ਫਰਬਰੀ ਤੋਂ ਪਹਿਲਾਂ ਏਜੰਸੀ ਦੇ ਪੇਸ਼ ਹੋਣਾ ਬਹੁਤ ਔਖਾ ਹੈ। ਮੈਂ ਅੱਜ ਉਨ੍ਹਾਂ ਨੂੰ ਇੱਕ ਚਿੱਠੀ ਆਪਣੇ ਵਕੀਲ ਦੇ ਰਾਹੀ ਭੇਜੀ ਹੈ।''

ਕਿਸਾਨ ਏਕਤਾ ਮੋਰਚਾ ਵਲੋਂ ਸ਼ੇਅਰ ਕੀਤੀ ਨਾਵਾਂ ਦੀ ਸੂਚੀ ਮੁਤਾਬਕ ਇਨ੍ਹਾਂ ਵਿਅਕਤੀਆਂ ਨੂੰ ਮਿਲੇ ਹਨ ਨੋਟਿਸ :

  • ਬਲਦੇਵ ਸਿੰਘ ਸਿਰਸਾ , ਕਿਸਾਨ ਆਗੂ
  • ਦੀਪ ਸਿੱਧੂ, ਫਿਲਮ ਅਦਾਕਾਰ ਤੇ ਕਿਸਾਨ ਸਮਰਥਕ
  • ਮਨਦੀਪ ਸਿੱਧੂ ( ਦੀਪ ਸਿੱਧੂ ਦਾ ਭਰਾ)
  • ਪੱਤਰਕਾਰ ਬਲਤੇਜ ਪੰਨੂ(ਪਟਿਆਲਾ
  • ਪੱਤਰਕਾਰ ਜਸਵੀਰ ਸਿੰਘ(ਸ੍ਰੀ ਮੁਕਤਸਰ ਸਾਹਿਬ)
  • ਪਰਮਜੀਤ ਸਿੰਘ ਅਕਾਲੀ(ਅੰਮ੍ਰਿਤਸਰ)
  • ਨੋਬਲਜੀਤ ਸਿੰਘ(ਹੁਸ਼ਿਆਰਪੁਰ)
  • ਜੰਗ ਸਿੰਘ(ਲੁਧਿਆਣਾ)
  • ਪ੍ਰਦੀਪ ਸਿੰਘ(ਲੁਧਿਆਣਾ)
  • ਸੁਰਿੰਦਰ ਸਿੰਘ ਠੀਕਰੀਵਾਲਾ(ਬਰਨਾਲਾ)
  • ਪਲਵਿੰਦਰ ਸਿੰਘ(ਅਮਰਕੋਟ)
  • ਇੰਦਰਪਾਲ ਸਿੰਘ ਜੱਜ(ਲੁਧਿਆਣਾ)
  • ਰਣਜੀਤ ਸਿੰਘ ਦਮਦਮੀ ਟਕਸਾਲ(ਅੰਮ੍ਰਿਤਸਰ)
  • ਕਰਨੈਲ ਸਿੰਘ ਦਸੂਹਾ(ਹੁਸ਼ਿਆਰਪੁਰ)
  • ਪੱਤਰਕਾਰ ਤੇਜਿੰਦਰ ਸਿੰਘ , ਅਕਾਲ ਚੈਨਲ

ਨੋਟਿਸ ਉੱਤੇ ਪ੍ਰਤੀਕਰਮ

ਸੰਯੁਕਤ ਮੋਰਚੇ ਵਲੋਂ ਜਾਰੀ ਪ੍ਰੈਸ ਨੋਟ ਵਿਚ ਕਿਹਾ ਗਿਆ ਕਿ 15 ਜਨਵਰੀ ਨੂੰ ਸਰਕਾਰ ਨਾਲ ਗੱਲਬਾਤ ਦੌਰਾਨ ਐਨਆਈਏ - NIA ਵੱਲੋਂ ਅੰਦੋਲਨਕਾਰੀਆਂ ਨੂੰ ਨੋਟਿਸ ਭੇਜੇ ਜਾਣ ਦੀ ਸ਼ਿਕਾਇਤ ਕੀਤੀ ਗਈ ਸੀ।

ਮੰਤਰੀਆਂ ਨੇ ਇਸ ਮੁੱਦੇ ਤੇ ਵਿਚਾਰ ਕਰਨ ਦਾ ਭਰੋਸਾ ਦਿੱਤਾ ਸੀ। ਇਸ ਦੇ ਬਾਵਜੂਦ ਅੱਜ ਵੀ ਅੰਦੋਲਨਕਾਰੀਆਂ ਨੂੰ ਦਿਤੇ ਗਏ ਨੋਟਿਸ ਸਰਕਾਰ ਦੀ ਬੇਸ਼ਰਮੀ ਨੂੰ ਦਰਸਾਉਂਦਾ ਹੈ। ਸਯੁੰਕਤ ਕਿਸਾਨ ਮੋਰਚਾ ਇਨ੍ਹਾਂ ਨੋਟਿਸਾਂ ਦੀ ਨਿਖੇਧੀ ਕਰਦਾ ਹੈ। ਆਉਣ ਵਾਲੇ ਦਿਨਾਂ ਵਿਚ ਇਨ੍ਹਾਂ ਨੋਟਿਸਾਂ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ।

ਕਿਸਾਨ ਜਥੇਬੰਦੀਆਂ ਨੇ ਐਨਆਈਏ ਵਲੋਂ ਭੇਜੇ ਜਾ ਰਹੇ ਨੋਟਿਸਾਂ ਨੂੰ ਕਿਸਾਨ ਅੰਦੋਲਨ ਨੂੰ ਦਬਾਉਣ ਦੀ ਕੇਂਦਰ ਸਰਕਾਰ ਦੀ ਸਾਜਿਸ਼ ਕਰਾਰ ਦਿੱਤਾ। ਸਿੰਘੂ ਬਾਰਡਰ ਉੱਤੇ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਸੁਰਜੀਤ ਸਿੰਘ ਫੂਲ ਨੇ ਕਿਹਾ ਕਿ ਇਹ ਕਿਸਾਨ ਅੰਦੋਲਨ ਅਤੇ ਇਸ ਦੇ ਸਮਰਥਕਾਂ ਨੂੰ ਦਬਾਉਣ ਲਈ ਕੀਤਾ ਜਾ ਰਿਹਾ ਹੈ।

ਇਸੇ ਦੌਰਾਨ ਕਾਂਗਰਸ ਆਗੂ ਤੇ ਵਿਧਾਇਕ ਰਾਜਕੁਮਾਰ ਵੇਰਕਾ ਨੇ ਕਿਹਾ ਕਿ ਭਾਵੇ ਸੀਬੀਆਈ ਹੋਵੇ, ਈਡੀ ਹੋਵੇ ਜਾਂ ਐਨਆਈਏ, ਇਹ ਸਾਰੀਆਂ ਸੰਵਿਧਾਨਕ ਏਜੰਸੀਆਂ ਨੂੰ ਕੇਂਦਰ ਸਰਕਾਰ ਆਪਣੀ ਕਠਪੁਤਲੀ ਬਣਾਉਣਾ ਚਾਹੁੰਦੀ ਹੈ। ਇਨ੍ਹਾਂ ਦੇ ਕੋਲੋ ਗ਼ਲਤ ਕੰਮ ਕਰਵਾਉਣਾ ਚਾਹੁੰਦੇ ਹਨ ਅਤੇ ਇਹ ਕਿਸਾਨਾਂ ਨੂੰ ਡਰਾਇਆ ਜਾ ਰਿਹਾ ਹੈ, ਧਮਕਾਇਆ ਜਾ ਰਿਹੈ ਅਤੇ ਉਨ੍ਹਾਂ ਨੂੰ ਖਾਲਿਸਤਾਨੀ ਕਿਹਾ ਜਾ ਰਿਹਾ ਹੈ। ਉਨ੍ਹਾਂ ਨੂੰ ਨਕਸਲਵਾਦੀ ਤੇ ਅੱਤਵਾਦੀ ਕਿਹਾ ਜਾ ਰਿਹਾ ਹੈ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)