ਖਾਲਸਾ ਏਡ ਨੂੰ ਨੋਬਲ ਸ਼ਾਂਤੀ ਪੁਰਸਕਾਰ ਲਈ ਕੀਤਾ ਗਿਆ ਨਾਮਜ਼ਦ - ਪ੍ਰੈੱਸ ਰਿਵੀਊ

ਕੁਦਰਤੀ ਤੇ ਗ਼ੈਰ ਕੁਦਰਤੀ ਆਫ਼ਤਾਂ ਤੋਂ ਪੀੜਤ ਅਤੇ ਸੰਘਰਸ਼ ਕਰ ਰਹੇ ਲੋਕਾਂ ਦੀ ਮਦਦ ਕਰਨ ਵਾਲੀ ਗ਼ੈਰ-ਸਰਕਾਰੀ ਸੰਸਥਾ ਖਾਲਸਾ ਏਡ ਨੂੰ ਨੋਬਲ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਬ੍ਰਿਟੇਨ ਆਧਾਰਿਤ NGO ਖਾਲਸਾ ਏਡ ਨੂੰ ਕੈਨੇਡਾ ਦੇ ਸੰਸਦ ਮੈਂਬਰ ਟਿਮ ਉਪਲ, ਬਰੈਂਪਟਨ ਦੱਖਣ ਦੇ ਐੱਮਪੀ ਪ੍ਰਭਮੀਤ ਸਿੰਘ ਸਰਕਾਰੀਆ ਅਤੇ ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਨੇ ਸਰਕਾਰੀ ਤੌਰ 'ਤੇ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਕੀਤਾ ਹੈ।

ਇਹ ਵੀ ਪੜ੍ਹੋ:

ਨਾਰਵੇ ਨੋਬਲ ਕਮੇਟੀ ਦੇ ਮੁਖੀ ਬੇਰਿਟ ਰੀਸ ਐਂਡਰਸਨ ਨੂੰ ਲਿਖੇ ਪੱਤਰ 'ਚ ਟਿਮ ਉਪਲ ਨੇ ਕਿਹਾ ਹੈ ਕਿ ਖਾਲਸਾ ਏਡ ਕੌਮਾਂਤਰੀ ਐਨਜੀਓ ਹੈ, ਜੋ ਆਫ਼ਤਾਂ ਅਤੇ ਸੰਘਰਸ਼ ਵਾਲੇ ਮੁਲਕਾਂ ਵਿੱਚ ਬਿਨਾਂ ਕਿਸੇ ਵਿਤਕਰੇ ਦੇ ਲੋਕਾਂ ਨੂੰ ਸਹਾਇਤਾ ਦਿੰਦੀ ਹੈ।

ਕਰਨਾਟਕ 'ਚ ਕੋਰੋਨਾ ਦਾ ਟੀਕਾ ਲੱਗਣ ਤੋਂ ਬਾਅਦ ਇੱਕ ਦੀ ਮੌਤ

ਦਿ ਨਿਊ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਕਰਨਾਟਕ ਦੇ ਬੇਲਾਰੀ ਵਿੱਚ ਕੋਵਿਡ ਵੈਕਸੀਨ ਲੈਣ ਤੋਂ ਬਾਅਦ ਇੱਕ ਵਿਅਕਤੀ ਦੀ ਕਥਿਤ ਤੌਰ 'ਤੇ ਦਿਲ ਦੀ ਧੜਕਨ ਰੁਕਣ ਕਰਕੇ ਮੌਤ ਹੋ ਗਈ ਹੈ।

ਬੰਗਲੁਰੂ ਵਿੱਚ ਮੌਜੂਦ ਪੱਤਰਕਾਰ ਇਮਰਾਨ ਕੁਰੈਸ਼ੀ ਨੂੰ ਵੀ ਇੱਕ ਅਧਿਕਾਰੀ ਨੇ ਦੱਸਿਆ ਕਿ 43 ਸਾਲ ਦੇ ਨਾਗਰਾਜ ਨੂੰ ਸੰਦੂਰ ਸਦਰ ਹਸਪਤਾਲ ਵਿੱਚ ਸ਼ਨੀਵਾਰ 16 ਜਨਵਰੀ ਨੂੰ ਕੋਰੋਨਾ ਦਾ ਟੀਕਾ ਦਿੱਤਾ ਗਿਆ ਸੀ। ਇਸੇ ਦਿਨ ਹੀ ਭਾਰਤ ਵਿੱਚ ਕੋਰੋਨਾ ਵੈਕਸੀਨ ਦੀ ਸ਼ੁਰੂਆਤ ਹੋਈ ਸੀ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਬੇਲਾਰੀ ਦੀ ਡੀਸੀ ਮਾਲਾਪਤੀ ਪਵਨ ਕੁਮਾਰ ਨੇ ਬੀਬੀਸੀ ਨੂੰ ਦੱਸਿਆ ਕਿ ਨਾਗਰਾਜ ਦਾ ਪੋਸਟਮਾਰਟਮ ਕਰ ਲਿਆ ਗਿਆ ਅਤੇ ਇਸ ਦੀ ਰਿਪੋਟਰ ਸੂਬਾ ਸਰਕਾਰ ਨੂੰ ਭੇਜੀ ਜਾ ਰਹੀ ਹੈ।

ਕੇਂਦਰੀ ਸਿਹਤ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਦਿੱਲੀ 'ਚ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਨਾਗਰਾਜ ਦੀ ਮੌਤ ਸਾਹ ਲੈਣ ਵਾਲੇ ਅੰਗਾਂ ਦੇ ਨਾਕਾਮ ਹੋਣ ਕਾਰਨ ਹੋਈ ਹੈ।

ਪ੍ਰਧਾਨ ਮੰਤਰੀ ਮੋਦੀ ਸੋਮਨਾਥ ਮੰਦਰ ਟਰੱਸਟ ਦੇ ਪ੍ਰਧਾਨ ਬਣੇ

ਦਿ ਹਿੰਦੂ ਦੀ ਖ਼ਬਰ ਮੁਤਾਬਕ ਪੀਐੱਮ ਨਰਿੰਦਰ ਮੋਦੀ ਨੂੰ ਸੋਮਨਾਥ ਮੰਦਰ ਟਰੱਸਟ ਦਾ ਪ੍ਰਧਾਨ ਬਣਾਇਆ ਗਿਆ ਹੈ।

ਗੁਜਰਾਤ ਵਿੱਚ ਮੌਜੂਦ ਸੋਮਨਾਥ ਮੰਦਰ ਪੂਰੀ ਦੁਨੀਆਂ ਵਿੱਚ ਮਸ਼ਹੂਰ ਹੈ।

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵੀਟ ਰਾਹੀਂ ਜਾਣਕਾਰੀ ਦਿੱਤੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੋਮਨਾਥ ਮੰਦਰ ਟਰੱਸਟ ਦਾ ਪ੍ਰਧਾਨ ਬਣਾਇਆ ਗਿਆ ਹੈ।

ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਵਧਾਈ ਦਿੰਦੇ ਹੋਏ ਲਿਖਿਆ ਹੈ ਕਿ ਸੋਮਨਾਥ ਤੀਰਥ ਖ਼ੇਤਰ ਦੇ ਵਿਕਾਸ ਪ੍ਰਤੀ ਪ੍ਰਧਾਨ ਮੰਤਰੀ ਮੋਦੀ ਦਾ ਸਮਰਪਣ ਕਮਾਲ ਦਾ ਰਿਹਾ ਹੈ।

ਅਮਿਤ ਸ਼ਾਹ ਨੇ ਲਿਖਿਆ, ''ਮੈਨੂੰ ਪੂਰਾ ਵਿਸ਼ਵਾਸ ਹੈ ਕਿ ਮੋਦੀ ਦੀ ਅਗਵਾਈ ਵਿੱਚ ਟਰੱਸਟ, ਸੋਮਨਾਥ ਮੰਦਰ ਦੇ ਮਾਣ ਨੂੰ ਹੋਰ ਵਧਾਏਗਾ।''

ਇਹ ਖ਼ਬਰਾਂ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)