ਭਾਜਪਾ ਨੂੰ CM ਕੈਪਟਨ ਦਾ ਸਵਾਲ: ਕੀ ਸਾਡੇ ਕਿਸਾਨ ਤੁਹਾਨੂੰ ਵੱਖਵਾਦੀ ਜਾਂ ਅੱਤਵਾਦੀ ਲੱਗਦੇ ਹਨ? - 5 ਅਹਿਮ ਖ਼ਬਰਾਂ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਉੱਤੇ ਪੰਜਾਬ ਦੇ ਕਿਸਾਨਾਂ ਨੂੰ ਪਰੇਸ਼ਾਨ ਕਰਨ ਦਾ ਇਲਜ਼ਾਮ ਲਗਾਇਆ ਹੈ।

ਦਰਅਸਲ ਕੁਝ ਦਿਨ ਪਹਿਲਾਂ ਕਿਸਾਨ ਆਗੂਆਂ ਤੇ ਉਨ੍ਹਾਂ ਨਾਲ ਸਬੰਧਤ ਕੁਝ ਲੋਕਾਂ ਨੂੰ NIA ਵੱਲੋਂ ਨੋਟਿਸ ਭੇਜਿਆ ਗਿਆ ਸੀ ਜਿਸ 'ਤੇ ਕੈਪਟਨ ਨੇ ਆਪਣਾ ਪ੍ਰਤੀਕਰਮ ਦਿੱਤਾ ਹੈ।

ਇਹ ਵੀ ਪੜ੍ਹੋ:

ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਦਿਆਂ ਲਿਖਿਆ, ''ਕਿਸਾਨੀ ਸੰਘਰਸ਼ ਦੌਰਾਨ ਕਿਸਾਨ ਲੀਡਰਾਂ ਅਤੇ ਸਮਰਥਕਾਂ ਨੂੰ NIA ਵੱਲੋਂ ਭੇਜੇ ਗਏ ਨੋਟਿਸਾਂ ਦੀ ਮੈਂ ਨਿਖੇਧੀ ਕਰਦਾ ਹਾਂ। ਕੀ ਸਾਡੇ ਕਿਸਾਨ ਤੁਹਾਨੂੰ ਵੱਖਵਾਦੀ ਜਾਂ ਅੱਤਵਾਦੀ ਲੱਗਦੇ ਹਨ?''

ਇਸਦੇ ਨਾਲ ਹੀ ਮੁੱਖ ਮੰਤਰੀ ਨੇ ਕਿਹਾ ਕਿ ਮੁੱਦੇ ਨੂੰ ਹੱਲ ਕਰਨ ਦੀ ਥਾਂ ਭਾਜਪਾ ਸਾਡੇ ਕਿਸਾਨਾਂ ਨੂੰ ਪਰੇਸ਼ਾਨ ਕਰ ਰਹੀ ਹੈ।

ਕੈਪਟਨ ਦੇ ਪ੍ਰਤੀਕਰਮ ਸਣੇ ਕਿਸਾਨ ਅੰਦੋਲਨ ਦੀਆਂ ਕੱਲ੍ਹ (18 ਜਨਵਰੀ) ਦੀਆਂ ਖ਼ਬਰਾਂ ਇੱਥੇ ਪੜ੍ਹੋ

ਕਿਸਾਨ ਆਗੂਆਂ ਨੇ ਚਢੂਨੀ ਵਾਲੇ ਵਿਵਾਦ ਬਾਰੇ ਕੀ ਕਿਹਾ

ਭਾਰਤੀ ਕਿਸਾਨ ਯੂਨੀਅਨ ਹਰਿਆਣਾ ਦੇ ਪ੍ਰਧਾਨ ਗੁਰਨਾਮ ਸਿੰਘ ਚਢੂਨੀ ਵੱਲੋਂ ਸੱਦੀ ਗਈ ਸਮੁੱਚੀ ਸਿਆਸੀ ਪਾਰਟੀਆਂ ਦੀ ਬੈਠਕ ਦੀਆਂ ਆ ਰਹੀਆਂ ਖ਼ਬਰਾਂ ਵਿਚਾਲੇ ਸੰਯੁਕਤ ਕਿਸਾਨ ਮੋਰਚਾ ਨੇ ਸਪੱਸ਼ਟੀਕਰਨ ਦੇ ਦਿੱਤਾ।

ਪ੍ਰੈੱਸ ਕਾਨਫਰੰਸ ਦੌਰਾਨ ਕਿਸਾਨ ਆਗੂ ਯੋਗੇਂਦਰ ਯਾਦਵ ਨੇ ਕਿਹਾ, "ਗੁਰਨਾਮ ਸਿੰਘ ਚਢੂਨੀ ਵੱਲੋਂ ਸੱਦੀ ਗਈ ਬੈਠਕ ਦੇ ਬਾਬਤ ਸੰਯੁਕਤ ਮੋਰਚਾ ਦੀ 7 ਮੈਂਬਰੀ ਕਮੇਟੀ ਦੇ 6 ਮੈਂਬਰਾਂ ਨੇ ਚਢੂਨੀ ਨਾਲ ਗੱਲਬਾਤ ਕੀਤੀ।

ਉਨ੍ਹਾਂ ਦੱਸਿਆ, ''ਬੈਠਕ ਉਨ੍ਹਾਂ ਨੇ ਨਿੱਜੀ ਹੈਸੀਅਤ ਨਾਲ ਬੁਲਾਈ ਸੀ। ਇਸ ਦਾ ਸੰਯੁਕਤ ਮੋਰਚਾ ਨਾਲ ਸਬੰਧ ਨਹੀਂ ਹੈ। ਉਨ੍ਹਾਂ ਨੇ ਭਰੋਸਾ ਦਵਾਇਆ ਕਿ ਕਿਸਾਨੀ ਸੰਘਰਸ਼ ਦੌਰਾਨ ਉਹ ਕਿਸੀ ਸਿਆਸੀ ਬੈਠਕ 'ਚ ਨਹੀਂ ਜਾਣਗੇ। ਉਹ ਕਿਸਾਨਾਂ ਦੇ ਨਾਲ ਹਨ।"

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਉਨ੍ਹਾਂ ਕਿਹਾ ਕਿ ਕਮੇਟੀ ਨੇ ਸਪੱਸ਼ਟੀਕਰਨ ਦਾ ਸਵਾਗਤ ਕੀਤਾ ਤੇ ਕਿਹਾ ਕਿ ਵਿਵਾਦ ਨੂੰ ਇੱਥੇ ਹੀ ਖ਼ਤਮ ਕੀਤਾ ਜਾਵੇ। ਕੋਈ ਵੀ ਸੰਗਠਨ ਕਿਸਾਨਾਂ ਦੇ ਸੰਘਰਸ਼ 'ਚ ਸਮਰਥਨ ਦੇਣ ਲਈ ਆਜ਼ਾਦ ਹੈ, ਪਰ ਅੰਦੋਲਨ ਕਿਸੇ ਵੀ ਪਾਰਟੀ ਨਾਲ ਨਹੀਂ ਜੁੜੇਗਾ।

ਪ੍ਰਦਰਸ਼ਨਾਂ ਵਿੱਚ ਸ਼ਾਮਲ ਔਰਤਾਂ 'ਤੇ ਆਖ਼ਰ ਸਵਾਲ ਕਿਉਂ ਚੁੱਕੇ ਜਾਂਦੇ ਹਨ

ਅੰਦੋਲਨਾਂ 'ਚ ਔਰਤਾਂ ਦੀ ਭੂਮਿਕਾ ਅਤੇ ਉਨ੍ਹਾਂ ਦੀ ਅਹਿਮੀਅਤ ਬਹੁਤ ਵੱਧ ਗਈ ਹੈ, ਜਿਨ੍ਹਾਂ ਦਾ ਸਬੰਧ ਇਨਸਾਫ਼ ਹਾਸਲ ਕਰਨ ਨਾਲ ਹੈ।

ਨਾਰੀਵਾਦੀ ਕਾਰਕੁਨ ਲੰਬੇ ਸਮੇਂ ਤੋਂ ਕਹਿੰਦੇ ਆਏ ਹਨ ਕਿ ਦੁਨੀਆਂ ਭਰ 'ਚ ਸਮਾਜਿਕ ਅਤੇ ਵਾਤਾਵਰਣ ਤੇ ਜਲਵਾਯੂ ਸਬੰਧੀ ਇਨਸਾਫ਼ ਦੀ ਲੜਾਈ ਔਰਤਾਂ ਹੀ ਲੜਨਗੀਆਂ।

'ਦਿੱਲੀ ਕੂਚ ਅੰਦੋਲਨ' ਵਿੱਚ ਔਰਤਾਂ ਦੀ ਸ਼ਮੂਲੀਅਤ ਇਸ ਗੱਲ ਦਾ ਪ੍ਰਤੀਕ ਹੈ। ਪਰ ਇਹ ਲੜਾਈ ਬੇਹੱਦ ਔਖੀ ਅਤੇ ਦਰਦ ਭਰੀ ਹੋਣ ਵਾਲੀ ਹੈ।

ਇਸ ਦਾ ਕਾਰਨ ਇਹ ਹੈ ਕਿ ਸਾਡੇ ਸਮਾਜ ਵਿੱਚ ਪੁਰਖਵਾਦੀ ਸੋਚ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹਨ। ਪੁਰਖਵਾਦੀ ਸੋਚ ਇਹ ਮੰਨਦੀ ਹੀ ਨਹੀਂ ਕਿ ਔਰਤਾਂ ਦੀ ਆਪਣੀ ਵੀ ਕੋਈ ਹਸਤੀ ਹੈ।

ਕਿਸਾਨ ਕਾਨੂੰਨਾਂ ਵਿੱਚ ਮੌਜੂਦ ਔਰਤਾਂ ਬਾਰੇ ਆ ਰਹੇ ਬਿਆਨ ਅਤੇ ਟਿੱਪਣੀਆਂ ਇਸ ਗੱਲ ਦੀਆਂ ਸਬੂਤ ਹਨ।

ਖ਼ਬਰ ਨੂੰ ਤਫ਼ਸੀਲ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ

ਹੇਮਾ ਮਾਲਿਨੀ ਨੂੰ ਹੋਟਲ ਤੇ ਹਵਾਈ ਟਿਕਟ ਦੀ ਪੇਸ਼ਕਸ਼ ਕਰਨ ਵਾਲੇ ਸ਼ਖ਼ਸ ਨੂੰ ਮਿਲੋ

ਭਾਜਪਾ ਸੰਸਦ ਮੈਂਬਰ ਅਤੇ ਅਦਾਕਾਰਾ ਹੇਮਾ ਮਾਲਿਨੀ ਨੇ ਲੰਘੇ ਦਿਨੀਂ ਕਿਹਾ ਸੀ ਕਿ ਖੇਤੀ ਕਾਨੂੰਨਾਂ ਬਾਰੇ ਕਿਸਾਨਾਂ ਨੂੰ ਸਮਝ ਨਹੀਂ ਹੈ।

ਇਸ ਤੋਂ ਬਾਅਦ ਕੰਢੀ ਕਿਸਾਨ ਸੰਘਰਸ਼ ਕਮੇਟੀ ਨੇ ਹੇਮਾ ਮਾਲਿਨੀ ਨੂੰ ਇਨ੍ਹਾਂ ਖੇਤੀ ਕਾਨੂੰਨਾਂ ਬਾਰੇ ਉਨ੍ਹਾਂ ਨੂੰ ਸਮਝਾਉਣ ਲਈ ਇੱਕ ਪੇਸ਼ਕਸ਼ ਕੀਤੀ ਹੈ।

ਇਸ ਪੇਸ਼ਕਸ਼ ਰਾਹੀਂ ਕਮੇਟੀ ਨੇ ਉਨ੍ਹਾਂ ਲਈ ਪੰਜ ਤਾਰਾ ਹੋਟਲ ਵਿੱਚ ਰਹਿਣ ਦੇ ਪ੍ਰਬੰਧ ਤੋਂ ਇਲਾਵਾ ਹਵਾਈ ਜਹਾਜ਼ ਦੀ ਟਿਕਟ ਦੇਣ ਦੀ ਗੱਲ ਕਹੀ ਹੈ ਤਾਂ ਜੋ ਹੇਮਾ ਮਾਲਿਨੀ ਉਨ੍ਹਾਂ ਨੂੰ ਖੇਤੀ ਕਾਨੂੰਨਾਂ ਬਾਰੇ ਆ ਕੇ ਸਮਝਾ ਜਾਣ।

ਕੰਢੀ ਕਿਸਾਨ ਸੰਘਰਸ਼ ਕਮੇਟੀ ਦੇ ਮੀਤ ਪ੍ਰਧਾਨ ਜਰਨੈਲ ਸਿੰਘ ਨੇ ਉਸ ਚਿੱਠੀ ਬਾਰੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕੀਤੀ, ਜੋ ਉਨ੍ਹਾਂ ਨੇ ਹੇਮਾ ਮਾਲਿਨੀ ਨੂੰ ਭੇਜੀ ਹੈ।

ਜਰਨੈਲ ਸਿੰਘ ਨਾਲ ਗੱਲਬਾਤ ਦੇਖਣ ਲਈ ਇੱਥੇ ਕਲਿੱਕ ਕਰੋ

'ਤਾਂਡਵ' ਵੈੱਬ ਸੀਰੀਜ਼ ਵਿਵਾਦ: FIR ਦਰਜ, ਨਿਰਦੇਸ਼ਕ ਨੇ ਮੰਗੀ ਮਾਫ਼ੀ

ਐਮੇਜ਼ਨ ਪ੍ਰਾਈਮ ਵੀਡੀਓ ਉੱਤੇ 15 ਜਨਵਰੀ ਨੂੰ ਰਿਲੀਜ਼ ਹੋਈ ਵੈੱਬ ਸੀਰੀਜ਼ 'ਤਾਂਡਵ' ਦੀ ਰਿਲੀਜ਼ ਤੋਂ ਬਾਅਦ ਹੀ ਵਿਵਾਦ ਸ਼ੁਰੂ ਹੋ ਗਿਆ ਹੈ।

ਕਈ ਸੰਗਠਨ ਅਤੇ ਭਾਜਪਾ ਆਗੂ ਇਸ ਉੱਤੇ ਪਾਬੰਦੀ ਲਗਾਉਣ ਦੀ ਮੰਗ ਕਰ ਰਹੇ ਹਨ।

ਇਸ ਸੀਰੀਜ਼ ਨੂੰ ਲੈ ਕੇ ਲਖਨਊ ਦੇ ਹਜ਼ਰਤਗੰਜ ਥਾਣੇ ਵਿੱਚ ਐਫ਼ਆਈਆਰ ਦਰਜ ਕਰਵਾਈ ਗਈ ਹੈ।

ਐਫ਼ਆਈਆਰ ਵਿੱਚ ਕਿਹਾ ਗਿਆ ਹੈ ਕਿ ਇਸ ਸੀਰੀਜ਼ ਵਿੱਚ ਹਿੰਦੂ ਦੇਵੀ-ਦੇਵਤਿਆਂ ਦੀ ਬੇਇੱਜ਼ਤੀ ਕੀਤੀ ਗਈ ਹੈ ਅਤੇ ਜਾਤ ਦੇ ਆਧਾਰ ਉੱਤੇ ਭੇਦਭਾਵ ਨਾਲ ਭਰੀ ਟਿੱਪਣੀ ਕੀਤੀ ਗਈ ਹੈ।

ਇਸ ਤੋਂ ਬਾਅਦ ਤਾਂਡਵ ਦੀ ਟੀਮ ਨੇ ਮਾਫੀ ਮੰਗੀ। ਡਾਇਰੈਕਟਰ ਅਲੀ ਅੱਬਾਸ ਜ਼ਫ਼ਰ ਨੇ ਬਕਾਇਦਾ ਇੱਕ ਨੋਟ ਜਾਰੀ ਕਰਦਿਆਂ ਟਵੀਟ ਕੀਤਾ।

ਇਸ ਵਿੱਚ ਲਿਖਿਆ ਗਿਆ ਹੈ, ''ਤਾਂਡਵ ਦੀ ਟੀਮ ਦਰਸ਼ਕਾਂ ਦੇ ਪ੍ਰਤੀਕਰਮ ਦੇਖ ਰਹੀ ਹੈ ਅਤੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਵੱਲੋਂ ਸਾਨੂੰ ਪਟੀਸ਼ਨਾਂ ਤੇ ਸ਼ਿਕਾਇਤਾਂ ਬਾਰੇ ਜਾਣੂ ਕਰਵਾਇਆ ਗਿਆ ਹੈ। ਜੇ ਅਸੀਂ ਕਿਸੇ ਨੂੰ ਠੇਸ ਪਹੁੰਚਾਈ ਹੈ ਤਾਂ ਮਾਫ਼ੀ ਮੰਗਦੇ ਹਾਂ।''

ਪੂਰੀ ਖ਼ਬਰ ਇੱਥੇ ਪੜ੍ਹੋ

ਇਹ ਖ਼ਬਰਾਂ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)