ਕੋਰੋਨਾਵਾਇਰਸ: ਭੋਪਾਲ 'ਚ ਬਿਨਾਂ ਦੱਸੇ ਲੋਕਾਂ 'ਤੇ ਵੈਕਸੀਨ ਦਾ ਟਰਾਇਲ ਕਰਨ ਦਾ ਇਲਜ਼ਾਮ

    • ਲੇਖਕ, ਸ਼ੁਰੈਹ ਨਿਆਜ਼ੀ
    • ਰੋਲ, ਬੀਬੀਸੀ ਲਈ, ਭੋਪਾਲ ਤੋਂ

ਮੱਧ-ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿੱਚ ਇੱਕ ਨਿੱਜੀ ਹਸਪਤਾਲ ਪੀਪਲਜ਼ ਹਸਪਤਾਲ ਉੱਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਟਰਾਇਲ ਦੌਰਾਨ ਗੈਸ ਪੀੜਤਾਂ ਨੂੰ ਹਨੇਰੇ ਵਿੱਚ ਰੱਖ ਕੇ ਉਨ੍ਹਾਂ 'ਤੇ ਕੋਰੋਨਾ ਦੀ ਵੈਕਸੀਨ ਦਾ ਟਰਾਇਲ ਕਰ ਦਿੱਤਾ।

ਇਸ ਮਾਮਲੇ ਨੇ ਉਦੋਂ ਤੂਲ ਫੜ੍ਹਿਆ ਜਦੋਂ ਕੁਝ ਗੈਸ ਪੀੜਤ ਸਾਹਮਣੇ ਆਏ ਅਤੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਪੂਰੀ ਜਾਣਕਾਰੀ ਦਿੱਤੇ ਬਿਨਾਂ ਕੋਰੋਨਾ ਟੀਕੇ ਦਾ ਟਰਾਇਲ ਕਰ ਦਿੱਤਾ ਗਿਆ।

ਸ਼ਹਿਰ ਦੇ ਛੋਲਾ ਰੋਡ 'ਤੇ ਰਹਿਣ ਵਾਲਾ 37 ਸਾਲਾ ਜਿਤੇਂਦਰ ਨਰਵਰੀਆ ਉਨ੍ਹਾਂ ਵਿੱਚੋਂ ਇੱਕ ਹਨ। ਜਿਤੇਂਦਰ ਨੂੰ ਮੰਗਲਵਾਰ ਨੂੰ ਪੀਪਲਜ਼ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਜਦੋਂ ਮੈਂ ਹਸਪਤਾਲ ਗਿਆ ਤਾਂ ਮੈਨੂੰ ਪਤਾ ਨਹੀਂ ਸੀ ਕਿ ਉੱਥੇ ਟੀਕਾ ਲਗਾਇਆ ਜਾ ਰਿਹਾ ਹੈ। ਮੈਂ ਉਨ੍ਹਾਂ ਨੂੰ ਪੁੱਛਿਆ ਵੀ ਸੀ ਕਿ ਕੀ ਇਸ ਨੂੰ ਲਗਾਉਣ ਕਾਰਨ ਕੋਈ ਮਾੜਾ ਅਸਰ ਤਾਂ ਨਹੀਂ ਪਵੇਗਾ। ਤਾਂ ਉਨ੍ਹਾਂ ਨੇ ਕਿਹਾ ਸੀ ਕਿ ਕੋਈ ਸਮੱਸਿਆ ਨਹੀਂ ਹੋਵੇਗੀ ਸਗੋਂ ਜੋ ਪੁਰਾਣੀ ਬੀਮਾਰੀ ਹੈ ਉਹ ਵੀ ਪੂਰੀ ਤਰ੍ਹਾਂ ਠੀਕ ਹੋ ਜਾਵੇਗੀ।"

ਇਹ ਵੀ ਪੜ੍ਹੋ:

ਪਰ ਜਿਤੇਂਦਰ ਨਰਵਰਿਆ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਟੀਕਾ ਲੱਗ ਗਿਆ ਤਾਂ ਉਨ੍ਹਾਂ ਨੂੰ ਪੀਲੀਆ ਹੋ ਗਿਆ ਅਤੇ ਉਸ ਤੋਂ ਬਾਅਦ ਠੰਢ, ਜ਼ੁਕਾਮ ਹੋਰ ਵੱਧ ਗਿਆ।

ਜਿਤੇਂਦਰ ਨਰਵਰਿਆ ਹੁਣ ਪੀਪਲਜ਼ ਹਸਪਤਾਲ ਵਿੱਚ ਦਾਖਲ ਹਨ, ਜਿੱਥੇ ਹਸਪਤਾਲ ਪ੍ਰਬੰਧਨ ਉਨ੍ਹਾਂ ਦਾ ਇਲਾਜ ਕਰ ਰਿਹਾ ਹੈ।

ਹਸਪਤਾਲ ਪ੍ਰਬੰਧਨ 'ਤੇ ਇਲਜ਼ਾਮ ਲੱਗ ਰਹੇ ਹਨ ਕਿ ਜਦੋਂ ਟੀਕਾ ਲਗਵਾਉਣ ਤੋਂ ਬਾਅਦ ਜਦੋਂ ਲੋਕਾਂ ਨੂੰ ਮੁਸ਼ਕਿਲ ਹੋਈ ਤਾਂ ਉਨ੍ਹਾਂ ਨੇ ਮੁਫ਼ਤ ਇਲਾਜ ਕਰਨ ਦੀ ਥਾਂ ਉਨ੍ਹਾਂ ਨੂੰ ਛੱਡ ਦਿੱਤਾ। ਹਾਲਾਂਕਿ ਹਸਪਤਾਲ ਨੇ ਇਸ ਤਰ੍ਹਾਂ ਦੇ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ।

ਕੁਝ ਅਜਿਹਾ ਹੀ ਹਰੀ ਸਿੰਘ ਨਾਲ ਹੋਇਆ ਸੀ।

ਸ਼ੰਕਰ ਨਗਰ ਦੇ ਰਹਿਣ ਵਾਲੇ ਹਰੀ ਸਿੰਘ ਨੂੰ ਵੀ ਪੀਪਲਜ਼ ਹਸਪਤਾਲ ਦੇ ਪ੍ਰਬੰਧਕਾਂ ਨੇ ਭਰੋਸਾ ਦਿਵਾਇਆ ਸੀ ਕਿ ਉਨ੍ਹਾਂ ਨਾਲ ਕੁਝ ਨਹੀਂ ਹੋਵੇਗਾ ਪਰ ਟੀਕਾ ਲਗਾਉਣ ਕਾਰਨ ਉਨ੍ਹਾਂ ਦੀਆਂ ਹੋਰ ਬਿਮਾਰੀਆਂ ਠੀਕ ਹੋ ਜਾਣਗੀਆਂ। ਇਸ ਤੋਂ ਬਾਅਦ ਉਨ੍ਹਾਂ ਨੂੰ ਟੀਕਾ ਲਗਾਇਆ ਗਿਆ।

ਕਰੀਬ 700 ਲੋਕਾਂ 'ਤੇ ਟਰਾਇਲ ਕੀਤਾ ਗਿਆ

ਇਹ ਇਲਜ਼ਾਮ ਲਗਾਇਆ ਗਿਆ ਹੈ ਕਿ ਗੈਸ ਪੀੜਤ ਬਸਤੀਆਂ ਵਿੱਚ ਰਹਿਣ ਵਾਲੇ ਲਗਭਗ 700 ਲੋਕਾਂ ਨੂੰ ਕੋਵਿਡ ਵੈਕਸੀਨ ਟਰਾਇਲ ਦੌਰਾਨ ਟੀਕਾ ਲਗਾਇਆ ਗਿਆ ਸੀ। ਹਸਪਤਾਲ ਪ੍ਰਬੰਧਨ ਨੇ ਗੱਡੀ ਭੇਜ ਕੇ ਇਨ੍ਹਾਂ ਲੋਕਾਂ ਨੂੰ ਟੀਕੇ ਦੀ ਸੁਣਵਾਈ ਦਾ ਹਿੱਸਾ ਬਣਾਇਆ।

ਭੋਪਾਲ ਗਰੁੱਪ ਫਾਰ ਇਨਫਰਮੇਸ਼ਨ ਐਂਡ ਐਕਸ਼ਨ ਦੀ ਰਚਨਾ ਧੀਂਗੜਾ, ਜੋ ਗੈਸ ਪੀੜਤਾਂ ਵਿੱਚ ਕੰਮ ਕਰਦੀ ਹੈ, ਨੇ ਇਲਜ਼ਾਮ ਲਾਇਆ ਕਿ ਇਨ੍ਹਾਂ ਪੀੜਤਾਂ ਨਾਲ ਜੋ ਕੀਤਾ ਗਿਆ ਹੈ, ਉਹ ਟੀਕੇ ਦੇ ਟਰਾਇਲ ਦੇ ਨਿਯਮਾਂ ਦੀ ਉਲੰਘਣਾ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ’ਤੇ ਇੰਝ ਲਿਆਓ

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਇਨ੍ਹਾਂ ਲੋਕਾਂ ਨੂੰ ਕਾਰ ਵਿੱਚ ਬਿਠਾ ਦਿੱਤਾ ਗਿਆ ਸੀ ਅਤੇ ਬਿਨਾਂ ਕੋਈ ਜਾਣਕਾਰੀ ਦਿੱਤੇ ਉਨ੍ਹਾਂ 'ਤੇ ਟੀਕੇ ਦਾ ਟਰਾਇਲ ਕੀਤਾ ਗਿਆ ਸੀ। ਬਦਲੇ ਵਿੱਚ ਉਨ੍ਹਾਂ ਨੂੰ 750 ਰੁਪਏ ਦਿੱਤੇ ਗਏ। ਹਸਪਤਾਲ ਪ੍ਰਬੰਧਨ ਨੇ ਵੀ ਟਰਾਇਲ ਤੋਂ ਬਾਅਦ ਆਉਣ ਵਾਲੀਆਂ ਮੁਸ਼ਕਲਾਂ ਬਾਰੇ ਕੁਝ ਨਹੀਂ ਕੀਤਾ ਪਰ ਉਨ੍ਹਾਂ ਨੂੰ ਆਪਣੇ ਹਾਲਾਤ 'ਤੇ ਛੱਡ ਦਿੱਤਾ।"

ਉਨ੍ਹਾਂ ਕਿਹਾ, "ਇਹ ਲੋਕਾਂ ਦੇ ਅਧਿਕਾਰਾਂ ਦੀ ਉਲੰਘਣਾ ਹੈ ਕਿਉਂਕਿ ਉਨ੍ਹਾਂ ਦੀ ਸਹਿਮਤੀ ਨਹੀਂ ਲਈ ਗਈ। ਇਸ ਵਿੱਚ ਬਹੁਤ ਸਾਰੇ ਗੈਸ ਪੀੜਿਤ ਅਤੇ ਧਰਤੀ ਹੇਠਲੇ ਪਾਣੀ ਤੋਂ ਪ੍ਰਭਾਵਿਤ ਇਲਾਕਿਆਂ ਦੇ ਲੋਕ ਸ਼ਾਮਲ ਹਨ। ਇਹ ਉਹ ਗਰੀਬ ਬਸਤੀਆਂ ਹਨ ਜੋ ਪੀਪਲਜ਼ ਹਸਪਤਾਲ ਦੇ ਨੇੜੇ ਹਨ।"

ਕਾਨੂੰਨ ਕਹਿੰਦਾ ਹੈ ਕਿ ਉਹ ਲੋਕ ਜੋ ਗਰੀਬ ਹਨ ਅਤੇ ਪੜ੍ਹ-ਲਿਖ ਨਹੀਂ ਸਕਦੇ ਉਨ੍ਹਾਂ ਤੋਂ ਸਿਰਫ਼ ਦਸਤਖਤ ਨਹੀਂ ਕਰਵਾਉਣੇ ਹੁੰਦੇ, ਸਗੋਂ ਉਨ੍ਹਾਂ ਨੂੰ ਇਹ ਦੱਸਣਾ ਪਏਗਾ ਕਿ ਅਧਿਐਨ ਦੇ ਕੀ ਫਾਇਦੇ ਅਤੇ ਨੁਕਸਾਨ ਹਨ। ਉਨ੍ਹਾਂ ਨੂੰ ਇਹ ਵੀ ਦੱਸੋ ਕਿ ਉਹ ਕਿਸੇ ਟਰਾਇਲ ਦਾ ਹਿੱਸਾ ਹਨ।

ਰਚਨਾ ਧੀਂਗੜਾ ਕਹਿੰਦੀ ਹੈ, "ਪਰ ਇੱਥੇ ਅਜਿਹਾ ਕੁਝ ਨਹੀਂ ਕੀਤਾ ਗਿਆ ਸਗੋਂ ਗੱਡੀ ਆਈ ਅਤੇ ਐਲਾਨ ਕੀਤਾ ਗਿਆ ਕਿ ਕੋਰੋਨਾ ਤੋਂ ਸੁਰੱਖਿਆ ਦਾ ਟੀਕਾ ਲਗਾਇਆ ਜਾ ਰਿਹਾ ਹੈ ਅਤੇ ਨਾਲ ਹੀ 750 ਰੁਪਏ ਮਿਲਣਗੇ। ਜੇ ਤੁਸੀਂ ਬਾਅਦ ਵਿੱਚ ਇਸ ਨੂੰ ਲਗਾਓਗੇ ਤਾਂ ਤੁਹਾਨੂੰ ਪੈਸੇ ਦੇਣੇ ਪੈਣਗੇ। ਕਿਸੇ ਨੂੰ ਵੀ ਸੂਚਿਤ ਸਹਿਮਤੀ ਦੀ ਕਾਪੀ ਨਹੀਂ ਦਿੱਤੀ ਗਈ ਜੋ ਕਿ ਇਸ ਦਾ ਜ਼ਰੂਰੀ ਹਿੱਸਾ ਹੈ।"

ਹਸਪਤਾਲ ਨੇ ਇਲਜ਼ਾਮਾਂ ਤੋਂ ਇਨਕਾਰ ਕੀਤਾ

ਪਰ ਹਸਪਤਾਲ ਪ੍ਰਬੰਧਨ ਨੇ ਕਿਹਾ ਹੈ ਕਿ ਲੋਕਾਂ ਦੀ ਸਹਿਮਤੀ ਤੋਂ ਬਿਨਾਂ ਕੋਈ ਟਰਾਇਲ ਨਹੀਂ ਕੀਤਾ ਗਿਆ ਹੈ।

ਪੀਪਲਜ਼ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰਾਜੇਸ਼ ਕਪੂਰ ਨੇ ਕਿਹਾ ਕਿ ਟੀਕੇ ਦਾ ਟਰਾਇਲ ਪੂਰੀ ਤਰ੍ਹਾਂ ਨਿਯਮਾਂ ਤਹਿਤ ਕੀਤਾ ਗਿਆ ਹੈ। ਇਹ ਇਲਜ਼ਾਮ ਬਿਲਕੁਲ ਗ਼ਲਤ ਹਨ।

ਉਨ੍ਹਾਂ ਨੇ ਬੀਬੀਸੀ ਨੂੰ ਕਿਹਾ, "ਪਹਿਲੀ ਪ੍ਰਕਿਰਿਆ ਇਹ ਹੁੰਦੀ ਹੈ ਕਿ ਅਸੀਂ ਘੱਟੋ ਘੱਟ ਅੱਧੇ ਘੰਟ ਲਈ ਕਾਉਂਸਲਿੰਗ ਕਰਦੇ ਹਾਂ। ਟਰਾਇਲ ਵਿੱਚ ਸ਼ਾਮਲ ਵਿਅਕਤੀ ਨੂੰ ਦੱਸਦੇ ਹਾਂ ਕਿ ਇਹ ਟੀਕਾਕਰਨ ਨਹੀਂ ਸਗੋਂ ਇੱਕ ਟਰਾਇਲ ਹੈ। ਉਸ ਤੋਂ ਬਾਅਦ ਉਹ ਵਿਅਕਤੀ ਸਹਿਮਤੀ ਫਾਰਮ ਭਰਦਾ ਹੈ। ਪਹਿਲੀ ਵਾਰੀ ਵੀ ਅਤੇ ਦੂਜੀ ਵਾਰ ਵੀ।"

ਰਾਜੇਸ਼ ਕਪੂਰ ਨੇ ਕਿਹਾ, "ਸਾਡੇ 'ਤੇ ਇਲਜ਼ਾਮ ਲੱਗ ਰਿਹਾ ਹੈ ਕਿ ਅਸੀਂ ਸਹਿਮਤੀ ਫਾਰਮ ਅਤੇ ਹੋਰ ਦਸਤਾਵੇਜ ਨਹੀਂ ਦਿਖਾ ਰਹੇ। ਪਰ ਭਾਰਤ ਸਰਕਾਰ ਦੇ ਜੋ ਨਿਯਮ ਹਨ ਉਸਦੇ ਤਹਿਤ ਸਹਿਮਤੀ ਫਾਰਮ ਹਸਪਤਾਲ ਵਿੱਚ ਜਮ੍ਹਾ ਰਹਿੰਦੇ ਹਨ ਅਤੇ ਗੁਪਤ ਹੁੰਦੇ ਹਨ। ਨਾ ਤਾਂ ਉਹ ਸ਼ੇਅਰ ਕੀਤੇ ਜਾ ਸਕਦੇ ਹਨ ਅਤੇ ਨਾ ਹੀ ਕਿਸੇ ਜਨਤਕ ਪਲੇਟਫਾਰਮ 'ਤੇ ਪਾਏ ਜਾ ਸਕਦੇ।"

ਹਸਪਤਾਲ ਪ੍ਰਬੰਧਨ ਦਾ ਇਹ ਵੀ ਕਹਿਣਾ ਹੈ ਕਿ ਵੈਕਸੀਨ ਟਰਾਇਲ ਲਈ ਜੋ ਵੀ ਨਿਯਮ ਹਨ, ਉਨ੍ਹਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਗਈ ਹੈ।

ਪ੍ਰਬੰਧਨ ਨੇ ਇਹ ਵੀ ਕਿਹਾ ਹੈ ਕਿ ਹਸਪਤਾਲ ਦੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਟਰਾਇਲ ਵਿੱਚ ਪਹਿਲ ਦਿੱਤੀ ਗਈ ਇਸ ਲਈ ਇਨ੍ਹਾਂ ਬਸਤੀਆਂ ਦੇ ਲੋਕ ਟਰਾਇਲ ਵਿੱਚ ਵਧੇਰੇ ਦਿਖਾਈ ਦੇ ਰਹੇ ਹਨ।

ਭੋਪਾਲ ਦੇ ਪੀਪਲਜ਼ ਮੈਡੀਕਲ ਕਾਲਜ ਵਿਖੇ ਕੋਰੋਨਾਵਾਇਰਸ ਦੇ ਟੀਕੇ 'ਕੋਵੈਕਸੀਨ' ਦਾ ਟਰਾਇਲ ਪਿਛਲੇ ਮਹੀਨੇ ਸ਼ੁਰੂ ਹੋਇਆ ਸੀ। ਇਸ ਟੀਕੇ ਦੇ ਟਰਾਇਲ ਵਿੱਚ ਜ਼ਿਆਦਾਤਰ ਲੋਕਾਂ ਨੇ ਦਿਲਚਸਪੀ ਨਹੀਂ ਦਿਖਾਈ ਸੀ। ਸ਼ੁਰੂਆਤ ਵਿੱਚ ਟੀਕਾ ਲਗਵਾਉਣ ਵਾਲਿਆਂ ਵਿੱਚ ਕਿਸਾਨ, ਅਧਿਆਪਕ ਅਤੇ ਡਾਕਟਰ ਸ਼ਾਮਲ ਸਨ।

ਜ਼ਿਆਦਾਤਰ ਵਲੰਟੀਅਰ ਜਿਨ੍ਹਾਂ ਨੇ ਪਹਿਲਾਂ ਟਰਾਇਲ ਵਿੱਚ ਹਿੱਸਾ ਲੈਣ ਲਈ ਸਹਿਮਤ ਦਿੱਤੀ ਸੀ, ਬਾਅਦ ਵਿੱਚ ਟੀਕਾ ਲਗਵਾਉਣ ਲਈ ਤਿਆਰ ਨਹੀਂ ਹੋਏ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)