ਕਿਮ ਜੋਂਗ ਉਨ ਦੇ ਦਾਦਾ ਕਿਮ ਇਲ ਸੰਗ ਜਿਨ੍ਹਾਂ ਨੇ ਉੱਤਰੀ ਕੋਰੀਆ 'ਚ ਤਾਨਾਸ਼ਾਹੀ ਦੀ ਨੀਂਹ ਰੱਖੀ ਸੀ

ਉੱਤਰੀ ਕੋਰੀਆ ਦੇ ਸਾਬਕਾ ਸਰਬਉੱਚ ਆਗੂ ਕਿੰਮ ਇਲ ਸੰਗ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਉੱਤਰੀ ਕੋਰੀਆ ਦੇ ਸਾਬਕਾ ਸਰਬਉੱਚ ਆਗੂ ਕਿਮ ਇਲ ਸੰਗ
    • ਲੇਖਕ, ਰੇਹਾਨ ਫਜ਼ਲ
    • ਰੋਲ, ਬੀਬੀਸੀ ਪੱਤਰਕਾਰ

14 ਅਕਤੂਬਰ, 1945 'ਚ ਪਿਯੋਂਗਯਾਂਗ ਦੇ ਸਟੇਡੀਅਮ 'ਚ ਰੈੱਡ ਆਰਮੀ ਦੇ ਸਵਾਗਤ 'ਚ ਇੱਕ ਜਨਤਕ ਸਭਾ ਕੀਤੀ ਗਈ ਸੀ।ਸੋਵੀਅਤ ਅਧਿਕਾਰੀਆਂ ਨਾਲ ਘਿਰੇ ਕਿਮ ਇਲ ਸੰਗ ਨੇ 33 ਸਾਲ ਦੀ ਉਮਰ 'ਚ ਆਪਣੇ ਜੀਵਨ ਦਾ ਪਹਿਲਾ ਭਾਸ਼ਣ ਦਿੱਤਾ ਸੀ।

ਆਪਣੇ ਦੋਵਾਂ ਹੱਥਾਂ 'ਚ ਆਪਣੇ ਭਾਸ਼ਣ ਦੀ ਸਕ੍ਰਿਪਟ ਫੜ੍ਹੀ ਹੋਈ ਸੀ ਅਤੇ ਉਹ ਕੁਝ ਘਬਰਾਏ ਹੋਏ ਵੀ ਸਨ। ਉਨ੍ਹਾਂ ਦੇ ਛੋਟੇ-ਛੋਟੇ ਵਾਲ ਸਨ ਅਤੇ ਉਨ੍ਹਾਂ ਨੇ ਨੀਲੇ ਰੰਗ ਦਾ ਬਹੁਤ ਹੀ ਤੰਗ ਜਿਹਾ ਸੂਟ ਪਾਇਆ ਹੋਇਆ ਸੀ।

ਜ਼ਾਹਰ ਹੈ ਕਿ ਉਨ੍ਹਾਂ ਨੇ ਇਸ ਖਾਸ ਮੌਕੇ ਲਈ ਆਪਣੀ ਪੋਸ਼ਾਕ ਕਿਸੇ ਤੋਂ ਉਧਾਰੀ ਲਈ ਸੀ। ਉੱਥੇ ਮੌਜੂਦ ਇੱਕ ਆਦਮੀ ਦੀਆਂ ਨਜ਼ਰਾਂ 'ਚ ਉਹ ‘ਕਿਸੇ ਚੀਨੀ ਢਾਬੇ ਦੇ ਡਿਲਵਰੀ ਬੁਆਏ ਵਰਗੇ ਲੱਗ ਰਹੇ ਸਨ।’

ਉਸ ਤੋਂ ਵੀ ਵੱਡੀ ਗੱਲ ਇਹ ਸੀ ਕਿ ਉਨ੍ਹਾਂ ਨੂੰ ਕੋਰੀਆਈ ਜ਼ੁਬਾਨ ਵੀ ਸਹੀ ਢੰਗ ਨਾਲ ਬੋਲਣੀ ਨਹੀਂ ਆਉਂਦੀ ਸੀ ਕਿਉਂਕਿ ਉਨ੍ਹਾਂ ਨੇ ਆਪਣੇ ਜੀਵਨ ਦੇ 33 ਸਾਲਾਂ 'ਚੋਂ 26 ਸਾਲ ਗ਼ੁਲਾਮੀ 'ਚ ਕੱਢੇ ਸਨ। ਵੈਸੇ ਵੀ ਕੋਰੀਆ 'ਚ ਅਗਵਾਈ ਲਈ ਸੋਵੀਅਤ ਪ੍ਰਸ਼ਾਸਨ ਦੀ ਪਹਿਲੀ ਪਸੰਦ ਚੋ ਮਾਨ ਸਿਕ ਸਨ।

ਕਿਮ ਇਲ ਸੰਗ ਦਾ ਪਹਿਲਾ ਭਾਸ਼ਣ ਬੁਰੀ ਤਰ੍ਹਾਂ ਨਾਲ ਫਲਾਪ ਰਿਹਾ ਸੀ। ਪਰ ਕਿਮ ਦੀ ਕਿਸਮਤ ਨੇ ਉਸ ਦਾ ਸਾਥ ਨਾ ਛੱਡਿਆ। ਸਟਾਲਿਨ ਦੀ ਟੀਮ ਨੂੰ ਜਲਦੀ ਹੀ ਪਤਾ ਲੱਗ ਗਿਆ ਸੀ ਕਿ ਚੋ ਮਾਨ ਨਾ ਹੀ ਕਮਿਊਨਿਸਟ ਹਨ ਅਤੇ ਨਾ ਹੀ ਉਨ੍ਹਾਂ ਨੂੰ ਕਠਪੁਤਲੀ ਵਾਂਗਰ ਆਪਣੇ ਹੱਥਾਂ 'ਚ ਰੱਖਿਆ ਜਾ ਸਕਦਾ ਹੈ।

ਚੋ ਨੇ ਦੇਸ਼ ਨੂੰ ਚਲਾਉਣ ਲਈ ਰੂਸ ਤੋਂ ਜੋ ਮੰਗਾਂ ਕਰਨੀਆਂ ਸ਼ੁਰੂ ਕੀਤੀਆਂ ਸਨ, ਉਸ ਨਾਲ ਉਹ ਬਹੁਤ ਹੀ ਗੁੱਸੇ 'ਚ ਆ ਰਹੇ ਸਨ।ਅਚਾਨਕ ਹੀ ਰੂਸੀਆਂ ਨੂੰ ਮਹਿਸੂਸ ਹੋਣ ਲੱਗਿਆ ਕਿ ਕਿਮ ਇਲ ਸੰਗ ਉਨ੍ਹਾਂ ਲਈ ਵਧੇਰੇ ਫਾਇਦੇਮੰਦ ਹੈ ਅਤੇ ਉਹ ਉਨ੍ਹਾਂ ਦੀ ਕਹਿਣੀ 'ਚ ਵੀ ਰਹੇਗਾ।

9 ਸਤੰਬਰ, 1948 'ਚ ਡੈਮੋਕਰੇਟਿਕ ਪੀਪਲਜ਼ ਰੀਪਬਲਿਕ ਕੋਰੀਆ ਦੀ ਸਥਾਪਨਾ ਹੋਈ ਸੀ ਅਤੇ ਕਿਮ ਨੂੰ ਇਸ ਦਾ ਆਗੂ ਬਣਾਇਆ ਗਿਆ ਸੀ।

ਸੋਵੀਅਤ ਸੰਘ ਦੇ ਹੁਕਮਰਾਨ ਜੋਸੇਫ਼ ਸਾਟਲਿਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੋਵੀਅਤ ਸੰਘ ਦੇ ਹੁਕਮਰਾਨ ਜੋਸੇਫ਼ ਸਾਟਲਿਨ

ਦੱਖਣੀ ਕੋਰੀਆ 'ਤੇ ਹਮਲਾ

ਉਨ੍ਹਾਂ ਨੇ ਤੁਰੰਤ ਹੀ ਜਾਪਾਨ ਦੇ ਖ਼ਿਲਾਫ ਸੰਘਰਸ਼ 'ਚ ਹਿੱਸਾ ਲੈਣ ਵਾਲੇ ਲੋਕਾਂ ਨੂੰ ਸ਼ਾਮਲ ਕਰਕੇ ਕੋਰੀਅਨ ਪੀਪਲਜ਼ ਆਰਮੀ ਦਾ ਗਠਨ ਕੀਤਾ। ਫਿਰ ਉਨ੍ਹਾਂ ਨੇ ਮਾਸਕੋ ਜਾ ਕੇ ਦੱਖਣੀ ਕੋਰੀਆ 'ਤੇ ਹਮਲਾ ਕਰਨ ਲਈ ਸਟਾਲਿਨ ਦੀ ਮਦਦ ਲੈਣ ਦੇ ਯਤਨ ਕਰਨੇ ਸ਼ੁਰੂ ਕਰ ਦਿੱਤੇ।ਸਟਾਲਿਨ ਨੇ ਉਨ੍ਹਾਂ ਨੂੰ ਸਿੱਧੇ ਸ਼ਬਦਾਂ 'ਚ ਕਿਹਾ ਸੀ ਕਿ ਉੱਤਰੀ ਕੋਰੀਆ ਨੂੰ ਉਦੋਂ ਹੀ ਜਵਾਬੀ ਕਾਰਵਾਈ ਕਰਨੀ ਚਾਹੀਦੀ ਹੈ, ਜਦੋਂ ਉਸ 'ਤੇ ਹਮਲਾ ਹੋਵੇ।

ਬ੍ਰੈਡਲੀ ਮਾਰਟਿਨ ਆਪਣੀ ਕਿਤਾਬ ' ਅੰਡਰ ਦ ਲਵਿੰਗ ਕੇਅਰ ਆਫ਼ ਦ ਫਾਦਰਲੀ ਲੀਡਰ' 'ਚ ਲਿਖਦੇ ਹਨ, " ਕਿਮ ਦੀ ਪੇਸ਼ਕਸ਼ ਤੋਂ ਇਕ ਸਾਲ ਬਾਅਦ ਸਟਾਲਿਨ ਨੇ ਇਸ ਹਮਲੇ ਲਈ ਹਾਮੀ ਭਰੀ ਸੀ, ਪਰ ਉਨ੍ਹਾਂ ਨੇ ਸ਼ਰਤ ਰੱਖੀ ਸੀ ਕਿ ਮਾਓ ਵੀ ਇਸ ਲਈ ਸਹਿਮਤ ਹੋਣੇ ਚਾਹੀਦੇ ਹਨ।

ਫਿਰ ਕਿਮ ਨੇ 1950 'ਚ ਬੀਜਿੰਗ ਦਾ ਦੌਰਾ ਕੀਤਾ ਅਤੇ ਮਾਓ ਨੂੰ ਵੀ ਹਮਲਾ ਕਰਨਾ ਲਈ ਰਜ਼ਾਮੰਦ ਕੀਤਾ। 25 ਜੂਨ, 1950 ਨੂੰ ਤੜਕਸਾਰ ਉੱਤਰੀ ਕੋਰੀਆ ਦੇ ਸੈਨਿਕ 150 ਟੀ-34 ਰੂਸੀ ਟੈਂਕਾਂ ਨਾਲ ਦੱਖਣੀ ਕੋਰੀਆ 'ਚ ਦਾਖਲ ਹੋਏ।ਕੁੱਝ ਹੀ ਦਿਨਾਂ ਨੇ ਉੱਤਰੀ ਕੋਰੀਆਂ ਦੀ ਫੌਜ ਨੇ ਬੁਸਾਨ ਨਜ਼ਦੀਕ ਕੁੱਝ ਇਲਾਕੇ ਨੂੰ ਛੱਡ ਕੇ ਲਗਭਗ ਪੂਰੇ ਦੇਸ਼ 'ਤੇ ਹੀ ਕਬਜ਼ਾ ਕਰ ਲਿਆ ਸੀ।"

ਜਪਾਨ ਵਿੱਚ ਅਮਰੀਕੀ ਫ਼ੌਜ ਦੇ ਕਮਾਂਡਰ ਜਨਰਲ ਡਗਲਸ ਮੇਕਾਰਥਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਪਾਨ ਵਿੱਚ ਅਮਰੀਕੀ ਫ਼ੌਜ ਦੇ ਕਮਾਂਡਰ ਜਨਰਲ ਡਗਲਸ ਮੇਕਾਰਥਰ

ਅਮਰੀਕਾ ਵੱਲੋਂ ਭਿਆਨਕ ਬੰਬਾਰੀ

ਜਾਪਾਨ 'ਚ ਅਮਰੀਕੀ ਫੌਜ ਦੇ ਕਮਾਂਡਰ ਜਨਰਲ ਡਗਲਸ ਮੇਕਾਰਥਰ ਇਸ ਹਮਲੇ ਤੋਂ ਕੁੱਝ ਹੈਰਾਨ ਜ਼ਰੂਰ ਹੋਏ ਸਨ।ਪਰ ਉਨ੍ਹਾਂ ਨੇ ਫੌਰੀ ਤੌਰ 'ਤੇ ਜਵਾਬੀ ਕਾਰਵਾਈ ਕਰਦਿਆਂ ਸਿਓਲ ਦੇ ਪੱਛਮ 'ਚ ਪੈਂਦੇ ਇੰਚੀਆਨ ਨਜ਼ਦੀਕੀ ਅਮਰੀਕੀ ਸੈਨਿਕਾਂ ਨੂੰ ਉਤਾਰਿਆ। 6 ਮਹੀਨਿਆਂ ਬਾਅਦ ਉੱਤਰੀ ਕੋਰੀਆ ਦੀ ਫੌਜ ਨੂੰ ਮੁੜ ਉਸੇ ਜਗ੍ਹਾ 'ਤੇ ਵਾਪਸ ਧਕੇਲ ਦਿੱਤਾ ਗਿਆ ਸੀ, ਜਿੱਥੋਂ ਉਸ ਨੇ ਆਪਣੀ ਸ਼ੁਰੂਆਤ ਕੀਤੀ ਸੀ।

ਦੋ ਸਾਲ 6 ਮਹੀਨਿਆਂ ਤੱਕ ਦੋਵੇਂ ਧਿਰਾਂ ਇਕ ਦੂਜੇ 'ਤੇ ਹਮਲਾ ਕਰਦੀਆਂ ਰਹੀਆਂ, ਪਰ ਇਸ ਲੜਾਈ ਨਾਲ ਕੋਈ ਵੀ ਫੈਸਲਾਕੁੰਨ ਜਿੱਤ ਹਾਸਲ ਨਾ ਕਰ ਸਕਿਆ।

ਬਰੂਸ ਕਿਊਮਿੰਗ ਆਪਣੀ ਕਿਤਾਬ ' ਦ ਕੋਰੀਅਨ ਵਾਰ: ਅ ਹਿਸਟਰੀ' 'ਚ ਲਿਖਦੇ ਹਨ, "ਹੀਰੋਸ਼ੀਮਾ ਅਤੇ ਨਾਗਾਸਾਕੀ ਦੀ ਤਬਾਹੀ ਦੇ ਪੰਜ ਸਾਲ ਬਾਅਦ ਮੇਕਾਰਥਰ ਨੇ ਬਹੁਤ ਹੀ ਗੰਭੀਰਤਾ ਨਾਲ ਉੱਤਰੀ ਕੋਰੀਆ 'ਤੇ ਪਰਮਾਣੂ ਬੰਬ ਸੁੱਟਣ ਬਾਰੇ ਵਿਚਾਰ ਕੀਤਾ ਸੀ, ਪਰ ਜਲਦੀ ਹੀ ਇਸ ਵਿਕਲਪ ਨੂੰ ਛੱਡ ਦਿੱਤਾ ਗਿਆ। ਪਰ ਇਸ ਦੇ ਬਦਲੇ 'ਚ ਅਮਰੀਕਾ ਨੇ ਉੱਤਰੀ ਕੋਰੀਆ 'ਤੇ 6 ਲੱਖ 35 ਹਜ਼ਾਰ ਟਨ ਭਾਰ ਦੇ ਬੰਬ ਸੁੱਟੇ ਸਨ। ਇਸ 'ਚ ਦੋ ਲੱਖ ਬੰਬ ਤਾਂ ਇੱਕਲੇ ਪਿਯੋਂਗਯਾਂਗ ਸ਼ਹਿਰ 'ਤੇ ਹੀ ਸੁੱਟੇ ਗਏ ਸਨ।ਮਤਲਬ ਕਿ ਸ਼ਹਿਰ ਦੇ ਹਰ ਵਸਨੀਕ ਲਈ ਇੱਕ ਬੰਬ ਸੀ।"

ਇਸ ਤਬਾਹੀ ਤੋਂ ਬਾਅਦ ਜਦੋਂ ਇਹ ਸਪੱਸ਼ਟ ਹੋ ਗਿਆ ਸੀ ਕਿ ਇਸ ਜੰਗ 'ਚ ਨਾ ਹੀ ਉੱਤਰੀ ਕੋਰੀਆ ਅਤੇ ਨਾ ਹੀ ਦੱਖਣੀ ਕੋਰੀਆ ਦੀ ਜਿੱਤ ਸੰਭਵ ਹੈ ਤਾਂ ਦੋਵਾਂ ਧਿਰਾਂ ਨੇ 27 ਜੁਲਾਈ, 1953 ਨੂੰ ਜੰਗਬੰਦੀ ਲਈ ਸਹਿਮਤੀ ਪ੍ਰਗਟ ਕੀਤੀ ਸੀ।

ਬੰਬਾਰੀ

ਤਸਵੀਰ ਸਰੋਤ, Getty Images

ਲੋਕਾਂ 'ਤੇ ਨਿਗਰਾਨੀ

ਜੰਗ ਖ਼ਤਮ ਹੋਣ ਤੋਂ ਬਾਅਦ ਕਿਮ ਇਲ ਸੰਗ ਨੇ ਜੰਗ ਪ੍ਰਭਾਵਿਤ ਉੱਤਰੀ ਕੋਰੀਆ 'ਚ ਆਪਣੀ ਸਥਿਤੀ ਮਜ਼ਬੂਤ ਕੀਤੀ। ਅਗਲੇ 10 ਸਾਲਾਂ ਤੱਕ ਇਕ ਹੀ ਪਾਰਟੀ ਦੀ ਸਰਕਾਰ ਨੇ ਆਪਣੇ ਹੀ ਲੋਕਾਂ 'ਤੇ ਇਸ ਹੱਦ ਤੱਕ ਕੰਟਰੋਲ ਕੀਤਾ ਕਿ ਸਰਕਾਰ ਹੀ ਇਹ ਤੈਅ ਕਰਨ ਲੱਗ ਪਈ ਸੀ ਕਿ ਲੋਕ ਕੀ ਪੜਣਗੇ, ਕੀ ਕਹਿਣਗੇ, ਕਿੱਥੇ ਰਹਿਣਗੇ ਅਤੇ ਕਿੱਥੋਂ ਦੀ ਯਾਤਰਾ ਕਰਨਗੇ।

ਆਂਦਰੇ ਲਾਨਕੋਵ ਆਪਣੀ ਕਿਤਾਬ ' ਦ ਰਿਅਲ ਨਾਰਥ ਕੋਰੀਆ: ਲਾਈਫ ਐਂਡ ਪੋਲੀਟਿਕਸ ਇਨ ਫ਼ੇਲਡ ਸਟਾਲੀਨਿਸਟ ਯੂਟੋਪੀਆ' 'ਚ ਲਿਖਦੇ ਹਨ, " ਸੁਰੱਖਿਆ ਜਾਸੂਸਾਂ ਨੇ ਹੁਣ ਹਰ ਕਿਸੇ ਨੂੰ ਆਪਣੀ ਨਿਗਰਾਨੀ ਹੇਠ ਰੱਖਣਾ ਸ਼ੁਰੂ ਕਰ ਦਿੱਤਾ ਸੀ।ਜਿਸ ਨੇ ਵੀ ਵਿਰੋਧ ਕੀਤਾ ਉਸ ਨੂੰ ਉੱਤਰੀ ਪਹਾੜੀਆਂ ਦੇ ਦੂਰ ਦਰਾਡੇ ਦੇ ਖੇਤਰਾਂ 'ਚ ਬਣੇ ਲੇਬਰ ਕੈਂਪਾਂ 'ਚ ਕੰਮ ਕਰਨ ਲਈ ਭੇਜ ਦਿੱਤਾ ਜਾਂਦਾ ਸੀ।ਉੱਤਰੀ ਕੋਰੀਆ 'ਘੇਰਾਬੰਦੀ ਦੀ ਮਾਨਸਿਕਤਾ' ਵਾਲਾ ਦੇਸ਼ ਬਣ ਗਿਆ ਸੀ, ਜਿੱਥੇ ਹਮੇਸ਼ਾਂ ਹੀ ਇਸ ਗੱਲ ਦਾ ਖ਼ਤਰਾ ਬਣਿਆ ਰਹਿੰਦਾ ਸੀ ਕਿ ਸਰਕਾਰੀ ਸੈਨਿਕ ਜਦੋਂ ਵੀ ਚਾਹੁਣ ਕਿਸੇ ਦੀ ਵੀ ਨਿੱਜੀ ਜ਼ਿੰਦਗੀ ਨੂੰ ਪ੍ਰਭਾਵਿਤ ਕਰ ਸਕਦੇ ਸਨ।"

ਕਿਮ ਇਲ ਸੰਗ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਿਮ ਇਲ ਸੰਗ

ਵਿਅਕਤੀ ਪੂਜਾ ਆਪਣੇ ਸਿਖਰ 'ਤੇ

1955 'ਚ ਉੱਤਰੀ ਕੋਰੀਆ 'ਚ ਭਿਆਨਕ ਸੋਕਾ ਪਿਆ ਸੀ।ਕਈ ਬੱਚਿਆਂ ਨੂੰ ਬਰਫ਼ 'ਚ ਨੰਗੇ ਪੈਰ ਭੀਖ ਮੰਗਦਿਆਂ ਵੇਖਿਆ ਗਿਆ ਸੀ।ਹਾਲਾਂਕਿ ਉੱਤਰੀ ਕੋਰੀਆ ਵਿੱਤੀ ਮਦਦ ਲਈ ਚੀਨ ਅਤੇ ਸੋਵੀਅਤ ਸੰਘ 'ਤੇ ਪੂਰੀ ਤਰ੍ਹਾਂ ਨਾਲ ਨਿਰਭਰ ਸੀ, ਪਰ ਇਸ ਦੇ ਬਾਵਜੂਦ ਹੌਲੀ-ਹੌਲੀ ਮਾਰਕਸ, ਲੇਨਿਨ ਅਤੇ ਸਟਾਲਿਨ ਦੀਆਂ ਤਸਵੀਰਾਂ ਜਨਤਕ ਥਾਵਾਂ ਤੋਂ ਹਟਾਈਆਂ ਜਾਣ ਲੱਗੀਆਂ ਸਨ।

15 ਅਗਸਤ, 1954 ਨੂੰ ਰਾਸ਼ਟਰੀ ਦਿਵਸ ਮੌਕੇ ਹੋਈ ਪਰੇਡ 'ਚ ਇੰਨ੍ਹਾਂ ਆਗੂਆਂ ਦੀ ਇਕ ਵੀ ਤਸਵੀਰ ਮੌਜੂਦ ਨਹੀਂ ਸੀ, ਜਦਕਿ ਰੇਲਵੇ ਸਟੇਸ਼ਨ, ਮੰਤਰਾਲੇ ਅਤੇ ਹੋਟਲ 'ਚ ਕਿਮ ਇਲ ਸੰਗ ਦੀਆਂ ਵੱਡੀਆਂ-ਵੱਡੀਆਂ ਤਸਵੀਰਾਂ ਲਗਾਈਆਂ ਗਈਆਂ ਸਨ।

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ’ਤੇ ਇੰਝ ਲਿਆਓ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਉੱਤਰੀ ਕੋਰੀਆ 'ਚ ਸੋਵੀਅਤ ਰਾਜਦੂਤ ਵੀ ਇਵਾਨੋਵ ਨੇ ਆਪਣੀ ਡਾਇਰੀ 'ਚ ਲਿਖਿਆ ਹੈ, "ਉਸ ਸਮੇਂ ਵਿਅਕਤੀ ਪੂਜਾ ਦਾ ਇਹ ਆਲਮ ਸੀ ਕਿ ਜਿੱਥੇ ਕਦੇ ਕਿਮ ਦੇ ਪੈਰ ਵੀ ਪਏ ਸਨ, ਉਨ੍ਹਾਂ ਥਾਵਾਂ 'ਤੇ ਵਿਸ਼ੇਸ਼ ਫ਼ਿਲਮਾਂ ਬਣਾਈਆਂ ਗਈਆਂ ਸਨ।ਸਿਰਫ ਇੰਨ੍ਹਾਂ ਹੀ ਨਹੀਂ ਉਨ੍ਹਾਂ ਨੂੰ ਚੱਟਾਨਾਂ ਨੂੰ ਵੀ ਵਿਸ਼ੇਸ਼ ਥਾਵਾਂ 'ਚ ਤਬਦੀਲ ਕਰ ਦਿੱਤਾ ਗਿਆ ਸੀ ਜਿੱਥੇ ਕਦੇ ਕਿਮ ਇਲ ਸੰਗ ਨੇ ਆਰਾਮ ਕੀਤਾ ਸੀ। ਉਸ ਸਮੇਂ ਦੇ ਉੱਤਰੀ ਕੋਰੀਆ 'ਚ ਕਿਮ ਹਰ ਥਾਂ 'ਤੇ ਪਾਏ ਜਾਂਦੇ ਸਨ।ਉਹ ਲੋਕਾਂ ਨੂੰ ਵੱਖ-ਵੱਖ ਸਲਾਹਾਂ ਦਿੰਦੇ ਵਿਖਾਈ ਪੈਂਦੇ ਸਨ, ਜਿਵੇਂ ਕਿ ਮਧੂ ਮੱਖੀਆਂ ਕਿਵੇਂ ਪਾਲੀਆਂ ਜਾਣ, ਫਲਾਂ ਦੇ ਬਗ਼ੀਚਿਆਂ ਦੀ ਕਿਵੇਂ ਦੇਖਭਾਲ ਕੀਤੀ ਜਾਵੇ, ਸਿੰਚਾਈ ਦੀ ਤਕਨੀਕ 'ਚ ਕੀ ਬਦਲਾਵ ਕੀਤਾ ਜਾਵੇ ਜਾਂ ਫਿਰ ਸਟੀਲ ਦੇ ਉਤਪਾਦਨ ਨੂੰ ਕਿਵੇਂ ਵਧਾਇਆ ਜਾਵੇ ਆਦਿ।"

ਕਿਮ ਇਲ ਸੰਗ

ਤਸਵੀਰ ਸਰੋਤ, Getty Images

ਮਾਮੂਲੀ ਗਲਤੀ ਦੀ ਵੱਡੀ ਸਜ਼ਾ

ਇਸ ਪ੍ਰੋਪੇਗੰਡਾ ਕਾਰਨ ਹਰ ਥਾਂ ਡਰ ਦਾ ਮਾਹੌਲ ਪੈਦਾ ਹੋ ਗਿਆ ਸੀ। ਮਹਾਨ ਨੇਤਾ ਪ੍ਰਤੀ ਨਿਰਾਦਰ ਦੀ ਭਾਵਨਾ ਬਿਲਕੁੱਲ ਵੀ ਸਹੀ ਨਹੀਂ ਜਾਂਦੀ ਸੀ।

ਕੋਲਡ ਵਾਰ ਇੰਟਰਨੈਸ਼ਨਲ ਹਿਸਟਰੀ ਪ੍ਰੋਜੈਕਟ ਬੁਲੇਟਿਨ 'ਚ ਪ੍ਰਕਾਸ਼ਤ ਲੇਖ ' ਨਿਊ ਅਵੀਡੈਂਸ ਆਨ ਨਾਰਥ ਕੋਰੀਆ ਇਨ 1956' 'ਚ ਕਿਹਾ ਗਿਆ ਹੈ ਕਿ ' ਇਕ ਵਿਅਕਤੀ ਨੂੰ ਸਿਰਫ ਇਸ ਲਈ ਪੰਜ ਸਾਲ ਦੀ ਸਜ਼ਾ ਸੁਣਾਈ ਗਈ ਸੀ ਕਿਉਂਕਿ ਉਸ ਨੇ ਆਪਣੀ ਕਿਤਾਬ 'ਤੇ ਉਸ ਅਖ਼ਬਾਰ ਦਾ ਕਵਰ ਚੜ੍ਹਾ ਦਿੱਤਾ ਸੀ ਜਿਸ 'ਤੇ ਕਿਮ ਦੀ ਤਸਵੀਰ ਛਪੀ ਹੋਈ ਸੀ।

ਜਦੋਂ ਇਕ ਕਿਸਾਨ ਨੇ ਕਿਮ ਦੀ ਤਸਵੀਰ ਵੱਲ ਇਸ਼ਾਰਾ ਕਰਕੇ ਕਿਹਾ ਕਿ ਤੁਸੀਂ ਲੋਕਾਂ ਨੂੰ ਤਸੀਹੇ ਦੇ ਰਹੇ ਹੋ ਤਾਂ ਉਸ ਨੂੰ ਸੱਤ ਸਾਲਾਂ ਲਈ ਲੇਬਰ ਕੈਂਪ 'ਚ ਭੇਜ ਦਿੱਤ ਗਿਆ ਸੀ'।

ਕਿਮ ਇਲ ਸੰਗ

ਤਸਵੀਰ ਸਰੋਤ, Getty Images

ਲੋਕਾਂ ਨੂੰ ਤਿੰਨ ਹਿੱਸਿਆਂ 'ਚ ਵੰਡਿਆ ਗਿਆ ਸੀ

1957 'ਚ ਉੱਤਰੀ ਕੋਰੀਆ ਦੀ ਪੂਰੀ ਆਬਾਦੀ ਨੂੰ ਤਿੰਨ ਹਿੱਸਿਆਂ 'ਚ ਵੰਡਿਆ ਗਿਆ ਸੀ। ਇਸ ਵੰਡ ਦਾ ਮਾਪਦੰਡ ਕਿਮ ਪ੍ਰਤੀ ਵਫ਼ਾਦਾਰੀ ਸੀ। ਪਹਿਲੇ ਹਿੱਸੇ ਨੂੰ ਅਸਲ ਜਾਂ ਮੂਲ ਵਰਗ ਕਿਹਾ ਜਾਂਦਾ ਸੀ। ਦੂਜੇ ਵਰਗ ਨੂੰ ਢੁਲਮੁਲ ਵਰਗ ਦਾ ਨਾਂਅ ਦਿੱਤਾ ਗਿਆ ਸੀ ਅਤੇ ਤੀਜਾ ਹਿੱਸਾ ਵਿਰੋਧੀ ਵਰਗ ਐਲਾਨਿਆ ਗਿਆ ਸੀ।ਇਹ ਪੂਰੀ ਆਬਾਦੀ ਦਾ 20% ਸੀ।

ਆਂਦਰੇ ਲਨਕੋਵ ਆਪਣੀ ਕਿਤਾਬ 'ਕ੍ਰਾਈਸਿਜ਼ ਇਨ ਨਾਰਥ ਕੋਰੀਆ' 'ਚ ਲਿਖਦੇ ਹਨ, " ਇਸ ਵਰਗ ਪ੍ਰਣਾਲੀ ਦੇ ਅਧਾਰ 'ਤੇ ਹੀ ਉੱਤਰੀ ਕੋਰੀਆ 'ਚ ਸਭ ਕੁੱਝ ਤੈਅ ਕੀਤਾ ਜਾਂਦਾ ਸੀ।ਇਕ ਪਰਿਵਾਰ ਨੂੰ ਕਿੰਨਾ ਰਾਸ਼ਨ ਮਿਲੇ ਤੋਂ ਲੈ ਕੇ ਬੱਚਿਆਂ ਨੂੰ ਕਿੱਥੋਂ ਤੱਕ ਸਿੱਖਿਆ ਅਤੇ ਰੁਜ਼ਗਾਰ ਦਾ ਅਧਿਕਾਰ ਹੋਵੇ, ਇਸ ਸਬੰਧੀ ਤੈਅ ਕੀਤਾ ਜਾਂਦਾ ਸੀ।ਉੱਤਰੀ ਕੋਰੀਆ 'ਚ ਇਹ ਵਰਗ ਪ੍ਰਣਾਲੀ ਮਾਤਾ-ਪਿਤਾ ਤੋਂ ਬੱਚਿਆਂ 'ਚ ਤਬਦੀਲ ਹੁੰਦੀ ਸੀ। ਕੁੱਝ ਲੋਕ ਜਿੰਨ੍ਹਾਂ ਦੇ ਰਿਸ਼ਤੇਦਾਰਾਂ ਨੇ ਦੱਖਣੀ ਕੋਰੀਆ 'ਚ ਸ਼ਰਨ ਲਈ ਉਨ੍ਹਾਂ ਨੂੰ ਸਜ਼ਾ ਦੇ ਰੂਪ 'ਚ ਸ਼ਹਿਰ ਤੋਂ ਪਿੰਡ ਰਹਿਣ ਲਈ ਭੇਜ ਦਿੱਤਾ ਜਾਂਦਾ ਸੀ।

ਪਿਯੋਂਗਯਾਂਗ ਦੇ ਲਗਭਗ 3 ਲੱਖ ਵਸਨੀਕਾਂ ਨੂੰ ਸਿਰਫ ਇਸ ਲਈ ਪਿੰਡਾਂ 'ਚ ਰਹਿਣ ਲਈ ਭੇਜਿਆ ਗਿਆ ਸੀ ਕਿਉਂਕਿ ਉਹ ਰਾਜਨੀਤਿਕ ਤੌਰ 'ਤੇ ਭਰੋਸੇਯੋਗ ਨਹੀਂ ਸਨ।ਦੇਸ਼ ਭਰ 'ਚ ਪਿਆਰ ਭਰੇ ਗੀਤਾਂ ਅਤੇ ਪ੍ਰੇਮ ਕਥਾਵਾਂ, ਕਹਾਣੀਆਂ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ।

ਪ੍ਰਸਿੱਧ ਥੀਏਟਰ ਵੀ ਇਸ ਪਾਬੰਦੀ ਦੇ ਘੇਰੇ 'ਚ ਆ ਗਏ ਸਨ।ਸ਼ਾਸਤਰੀ ਸੰਗੀਤ ਅਤੇ ਬੀਥੋਵਨ ਸੁਣਨ 'ਤੇ ਵੀ ਪਾਬੰਦੀ ਲਗਾ ਦਿੱਤੀ ਗਈ ਸੀ।ਮਈ 1968 'ਚ ਦੇਸ਼ 'ਚ ਮੌਜੂਦ ਸਾਰੀਆਂ ਵਿਦੇਸ਼ੀ ਕਿਤਾਬਾਂ ਜ਼ਬਤ ਕਰ ਲਈਆਂ ਗਈਆਂ ਸਨ।

ਇਹ ਵੀ ਪੜ੍ਹੋ:

ਕਿਮ ਇਲ ਸੰਗ ਦੀ 20 ਮੀਟਰ ਉੱਚੀ ਮੂਰਤੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਿਮ ਇਲ ਸੰਗ ਦੀ 20 ਮੀਟਰ ਉੱਚੀ ਮੂਰਤੀ

ਕਿਮ ਇਲ ਸੰਗ ਦੀ 20 ਮੀਟਰ ਉੱਚੀ ਮੂਰਤੀ

1956 'ਚ ਪਿਯੋਂਗਯਾਂਗ 'ਚ ਇਕ ਕ੍ਰਾਂਤੀਕਾਰੀ ਅਜਾਇਬ ਘਰ ਦਾ ਨਿਰਮਾਣ ਕੀਤਾ ਗਿਆ ਸੀ, ਜਿਸ 'ਚ 5000 ਵਰਗ ਮੀਟਰ ਦਾ ਖੇਤਰ ਸਿਰਫ ਕਿਮ ਇਲ ਸੰਗ ਵੱਲੋਂ ਜਾਪਾਨ ਵਿਰੋਧੀ ਗਤੀਵਿਧੀਆਂ ਨੂੰ ਦਰਸਾਉਣ ਲਈ ਰਾਖਵਾਂ ਰੱਖਿਆ ਗਿਆ ਸੀ।ਇਸ ਅਜਾਇਬ ਘਰ 'ਚ ਕਿਮ ਦੀਆਂ 12 ਵੱਡੇ ਆਕਾਰ ਦੀਆਂ ਮੂਰਤੀਆਂ ਸਥਾਪਿਤ ਕੀਤੀਆਂ ਗਈਆਂ ਸਨ।

15 ਸਾਲਾਂ ਬਾਅਦ ਇਸ ਖੇਤਰ ਨੂੰ ਵਧਾ ਕੇ 50 ਹਜ਼ਾਰ ਵਰਗ ਮੀਟਰ 'ਚ ਫੈਲਾ ਦਿੱਤਾ ਗਿਆ ਸੀ। ਮਿਊਜ਼ਿਅਮ ਦੇ ਬਾਹਰ ਕਿਮ ਦੀ 20 ਮੀਟਰ ਉੱਚੀ ਮੂਰਤੀ ਰੱਖੀ ਗਈ ਸੀ।ਇਸ ਮੂਰਤੀ 'ਚ ਉਹ ਆਪਣੀ ਕਮਰ 'ਤੇ ਹੱਥ ਰੱਖ ਕੇ ਖੜ੍ਹੇ ਵਿਖਾਈ ਦੇ ਰਹੇ ਸਨ।ਰਾਤ ਦੇ ਸਮੇਂ ਇਸ ਮੂਰਤੀ 'ਚ ਫਲਡ ਲਾਈਟ ਲਗਾ ਦਿੱਤੀ ਜਾਂਦੀ ਸੀ, ਤਾਂ ਜੋ ਦੂਰ ਤੋਂ ਇਸ ਨੂੰ ਵੇਖਿਆ ਜਾ ਸਕੇ।

ਇਸ ਅਜਾਇਬ ਘਰ 'ਚ ਕਿਮ ਦੀਆਂ ਕਈਆਂ ਨਿੱਜੀ ਚੀਜ਼ਾਂ ਜਿਵੇਂ ਕਿ ਦਸਤਾਨੇ, ਜੁੱਤੀਆਂ, ਬੂਟ, ਬੇਲਟ, ਟੋਪੀਆਂ, ਸਵੈਟਰ ਆਦਿ ਨੂੰ ਸੰਭਾਲ ਕੇ ਰੱਖਿਆ ਗਿਆ ਸੀ।ਕੁੱਝ ਸਮਾਂ ਕਿਮ ਬਹੁਤ ਘੱਟ ਲੋਕਾਂ 'ਚ ਨਿਕਲੇ ਸਨ, ਪਰ ਫਿਰ ਵੀ ਉਨ੍ਹਾਂ ਦੀ ਮਿਸਾਲ ਹਰ ਅਖ਼ਬਾਰ 'ਚ ਆਮ ਹੀ ਮਿਲਦੀ ਸੀ।

ਕਿਮ ਇਲ ਸੰਗ ਦੀਆਂ ਮੂਰਤੀਆਂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਿਮ ਇਲ ਸੰਗ ਦੀਆਂ ਮੂਰਤੀਆਂ

ਕਿਸੇ ਵੀ ਕਿਤਾਬ 'ਚ ਭਾਵੇਂ ਉਹ ਸਿਵਲ ਇੰਜੀਨੀਅਰਿੰਗ ਦੀ ਹੋਵੇ ਜਾਂ ਫਿਰ ਅਣੂ ਜੀਵ ਵਿਗਿਆਨ ਦੀ, ਕਿਮ ਦੇ ਕੰਮ ਦਾ ਵੇਰਵਾ ਹਰ ਕਿਸੇ 'ਚ ਮੌਜੂਦ ਹੁੰਦਾ ਸੀ।ਉਨ੍ਹਾਂ ਦੇ ਹਵਾਲੇ ਦੇਣਾ ਲਾਜ਼ਮੀ ਸੀ।

ਡੇਅ ਸੂਕ ਸੁਹ ਨੇ ਆਪਣੀ ਕਿਤਾਬ ' ਕਿਮ ਇਲ ਸੰਗ: ਦ ਨਾਰਥ ਕੋਰੀਅਨ ਲੀਡਰ' 'ਚ ਲਿਿਖਆ ਹੈ ਕਿ "ਜਨਵਰੀ 1968 'ਚ ਤਾਂ ਹੱਦ ਹੀ ਹੋ ਗਈ ਸੀ। ਕਿਮ ਨੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮਾਰਕ ਚੁੰਗ ਦੇ ਕਤਲ ਦੇ ਮਨਸੂਬੇ ਨਾਲ ਇੱਕ ਛਾਪਾਮਾਰ ਟੀਮ ਦੱਖਣੀ ਕੋਰੀਆ ਭੇਜੀ ਸੀ।ਪਰ ਉਹ ਆਪਣੀ ਇਸ ਸਾਜਿਸ਼ 'ਚ ਸਫਲ ਨਾ ਹੋ ਪਾਏ ਅਤੇ ਕੁੱਝ ਕਮਾਂਡੋ ਮੌਕੇ 'ਤੇ ਹੀ ਮਾਰੇ ਗਏ ਸਨ।ਕੁੱਝ ਦਿਨਾਂ ਬਾਅਦ ਕਿਮ ਦੇ ਹੁਕਮਾਂ 'ਤੇ 'ਪੇਬਲੋ' ਨਾਮ ਦੀ ਅਮਰੀਕੀ ਖੁਫ਼ੀਆ ਕਿਸ਼ਤੀ 'ਤੇ ਕਬਜ਼ਾ ਕੀਤਾ ਗਿਆ ਸੀ। ਚਾਲਕ ਦਲ ਦੇ 80 ਮੈਂਬਰਾਂ ਨੂੰ 11 ਮਹੀਨਿਆਂ ਤੱਕ ਜੇਲ੍ਹ 'ਚ ਰੱਖਿਆ ਗਿਆ ਸੀ।ਉਨ੍ਹਾਂ ਨੂੰ ਕਈ ਤਰ੍ਹਾਂ ਦੇ ਤਸੀਹੇ ਦਿੱਤੇ ਗਏ ਸਨ।ਕਿਮ ਨੇ ਇਸ ਮੁਹਿੰਮ 'ਚ ਸ਼ਾਮਲ ਲੋਕਾਂ ਨੂੰ ਜਨਤਕ ਤੌਰ 'ਤੇ ਵਧਾਈ ਵੀ ਦਿੱਤੀ ਸੀ।ਪਰ ਬਾਅਧ 'ਚ ਜਦੋਂ ਲੰਬੀ ਗੱਲਬਾਤ ਤੋਂ ਬਾਅਦ ਇੰਨ੍ਹਾਂ ਕੈਦੀਆਂ ਨੂੰ ਰਿਹਾਅ ਕੀਤਾ ਗਿਆ ਤਾਂ ਕਿਮ ਨੇ ਆਪਣੇ 12 ਉੱਚ ਜਨਰਲਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਸੀ।ਕੋਈ ਵੀ ਤਾਨਾਸ਼ਾਹ ਸ਼ਕਤੀਸ਼ਾਲੀ ਜਨਰਲਾਂ ਤੋਂ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਮੰਨਦਾ ਹੈ , ਭਾਵੇਂ ਕਿ ਉਹ ਕਿੰਨੇ ਵੀ ਵਫ਼ਾਦਾਰ ਕਿਉਂ ਨਾ ਹੋਣ।"

ਕਿਮ ਇਲ ਸੰਗ

ਤਸਵੀਰ ਸਰੋਤ, Getty Images

ਕਿਮ ਦੀ ਤਸਵੀਰ ਦੇ ਅੱਗੇ ਮੱਥਾ ਟੇਕਣ ਦੀ ਪਰੰਪਰਾ

ਦਸੰਬਰ 1972 'ਚ ਕਿਮ ਨੂੰ ਪਾਰਟੀ ਦੇ ਪ੍ਰਧਾਨ ਹੋਣ ਦੇ ਨਾਲ-ਨਾਲ ਦੇਸ਼ ਦਾ ਰਾਸ਼ਟਰਪਤੀ ਵੀ ਐਲਾਨ ਦਿੱਤਾ ਗਿਆ ਸੀ।ਉਨ੍ਹਾਂ ਦੇ ਸਨਮਾਨ 'ਚ ਬੈਜ ਕੱਢੇ ਗਏ ਅਤੇ ਦੇਸ਼ ਦੇ ਹਰ ਵਸਨੀਕ ਲਈ ਇਹ ਜ਼ਰੂਰੀ ਕਰ ਦਿੱਤਾ ਗਿਆ ਸੀ ਕਿ ਉਹ ਆਪਣੀ ਛਾਤੀ 'ਤੇ ਖੱਬੇ ਪਾਸੇ ਇਸ ਬੈਜ ਨੂੰ ਲਗਾਵੇ।ਕਿਮ ਦੀ 60ਵੀਂ ਵਰ੍ਹੇਗੰਢ ਤੋਂ ਬਾਅਦ ਟੈਲੀਵੀਜ਼ਨ ਨੇ ਇਹ ਵਿਖਾਉਣਾ ਸ਼ੂਰੂ ਕੀਤਾ ਸੀ ਕਿ ਫੈਕਟਰੀਆਂ 'ਚ ਲੋਕ ਆਪਣੀ ਸ਼ਿਫਟ ਸ਼ੁਰੂ ਕਰਨ ਤੋਂ ਪਹਿਲਾਂ ਕਿਮ ਦੀ ਤਸਵੀਰ ਅੱਗੇ ਮੱਥਾ ਟੇਕ ਰਹੇ ਹਨ।ਸਿਫਟ ਖ਼ਤਮ ਹੋਣ ਤੋਂ ਬਾਅਧ ਵੀ ਉਨ੍ਹਾਂ ਤੋਂ ਫਿਰ ਉਮੀਦ ਰੱਖੀ ਜਾਂਦੀ ਸੀ ਕਿ ਉਹ ਅਜਿਹਾ ਫਿਰ ਕਰਨ।

ਹੌਲੀ-ਹੌਲੀ ਲੋਕਾਂ ਨੇ ਉਨ੍ਹਾਂ ਦੇ ਪੁੱਤਰ ਕਿਮ ਜਾਂਗ ਇਲ ਦੇ ਪ੍ਰਤੀ ਵੀ ਵਫ਼ਾਦਾਰੀ ਵਿਖਾਉਣੀ ਸ਼ੁਰੂ ਕਰ ਦਿੱਤੀ ਸੀ। ਕਿਮ ਨੇ ਇਹ ਐਲਾਨ ਵੀ ਕੀਤਾ ਸੀ ਕਿ ਉਨ੍ਹਾਂ ਤੋਂ ਬਾਅਦ ਕਿਮ ਜਾਂਗ ਇਲ ਹੀ ਉਨ੍ਹਾਂ ਦੇ ਉੱਤਰਾਧਿਕਾਰੀ ਹੋਣਗੇ।

ਵੀਡੀਓ ਕੈਪਸ਼ਨ, ਅਮਰੀਕਾ ਤੇ ਉੱਤਰੀ ਕੋਰੀਆ ਵਿਚਾਲੇ ਰੇੜਕਾ ਕਿਉਂ, ਜਾਣੋ ਇਤਿਹਾਸਕ ਪੱਖ

ਲਾਸ਼ ਨੂੰ ਲੇਪ ਕੇ ਹਮੇਸ਼ਾ ਲਈ ਸੁਰੱਖਿਅਤ ਰੱਖਿਆ ਗਿਆ

8 ਜੁਲਾਈ, 1994 ਨੂੰ 82 ਸਾਲ ਦੀ ਉਮਰ 'ਚ ਕਿਮ ਦਾ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦੀ ਮੌਤ ਬਾਰੇ 34 ਘੰਟਿਆਂ ਤੱਕ ਦੇਸ਼ ਨੂੰ ਕੋਈ ਖ਼ਬਰ ਨਹੀਂ ਦਿੱਤੀ ਗਈ ਸੀ।ਉਸ ਤੋਂ ਬਾਅਦ ਰੇਡਿਓ ਪਿਯੋਂਗਯਾਂਗ 'ਤੇ ਐਲਾਨ ਕੀਤਾ ਗਿਆ, " ਮਹਾਨ ਦਿਲ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ।"

ਕਿਮ ਇਲ ਸੰਗ ਦੀ ਮੌਤ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਿਮ ਇਲ ਸੰਗ ਦੀ ਮੌਤ

ਫਿਰ ਉੱਤਰੀ ਕੋਰੀਆ ਦੇ ਹਰ ਦਫ਼ਤਰ, ਸਕੂਲ ਅਤੇ ਫੈਕਟਰੀ 'ਚ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਕਈ ਲੋਕ ਰੋਂਦੇ ਵੀ ਵਿਖਾਈ ਦਿੱਤੇ ਸਨ।ਇੰਨ੍ਹਾਂ ਥਾਵਾਂ 'ਤੇ ਸਦਮੇ 'ਚ ਬੇਹੋਸ਼ ਹੋ ਗਏ ਲੋਕਾਂ ਦੀ ਦੇਖਭਾਲ ਲਈ ਇੱਕ ਡਾਕਟਰੀ ਟੀਮ ਤਾਇਨਾਤ ਕੀਤੀ ਗਈ ਸੀ।ਕਿਮ ਦੀ ਮੌਤ ਤੋਂ ਕੁੱਝ ਦਿਨਾਂ ਤੱਕ ਉਨ੍ਹਾਂ ਦੀ ਵਿਸ਼ਾਲ ਮੂਰਤੀ ਅੱਗੇ ਸ਼ਰਧਾ ਦੇ ਫੁੱਲ ਭੇਟ ਕਰਨ ਵਾਲਿਆਂ ਦੀ ਭੀੜ ਲੱਗੀ ਰਹਿੰਦੀ ਸੀ।

ਟੈਲੀਵਿਜ਼ਨ 'ਤੇ ਕਾਕਪਿੱਟ 'ਚ ਜਹਾਜ਼ਾਂ ਦੇ ਪਾਇਲਟ ਰੋਂਦੇ ਵਿਖਾਏ ਗਏ ਅਤੇ ਪਾਣੀ ਦੇ ਜਹਾਜ਼ 'ਚ ਸਵਾਰ ਮਲਾਹਾਂ ਨੂੰ ਉਦਾਸ ਸਥਿਤੀ 'ਚ ਵਿਖਾਇਆ ਗਿਆ। ਦੇਸ਼ ਭਰ 'ਚ 10 ਦਿਨਾਂ ਦੇ ਸੋਗ ਦਾ ਐਲਾਨ ਕੀਤਾ ਗਿਆ।ਇਸ ਦੌਰਾਨ ਉੱਥੋਂ ਦੀ ਗੁਪਤ ਪੁਲਿਸ ਲੋਕਾਂ ਦੇ ਚਿਹਰਿਆਂ ਨੂੰ ਹੱਥ ਲਗਾ ਕੇ ਇਸ ਗੱਲ ਜਾਇਜ਼ਾ ਕਰ ਰਹੀ ਸੀ ਕਿ ਉਨ੍ਹਾਂ ਦਾ ਦੁੱਖ ਨਕਲੀ ਤਾਂ ਨਹੀਂ।

ਉਨ੍ਹਾਂ ਦੀ ਥਾਂ 'ਤੇ ਸੱਤਾ 'ਚ ਆਏ ਉਨ੍ਹਾਂ ਦੇ ਪੁੱਤਰ ਕਿਮ ਜਾਂਗ ਇਲ ਦੀ ਨਿਗਰਾਨੀ ਹੇਠ ਹੀ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਇੱਕ ਵੱਡੇ ਮਕਬਰੇ 'ਚ ਐਂਬਾਮ ਕਰਕੇ ਰੱਖਿਆ ਗਿਆ ਸੀ ਤਾਂ ਕਿ ਉਹ ਹਮੇਸ਼ਾ ਲਈ ਸੁਰੱਖਿਅਤ ਰਹਿਣ। ਉੱਤਰੀ ਕੋਰੀਆ ਦੇ ਹਰ ਸ਼ਹਿਰ 'ਚ ' ਏਟਰਨਲ ਲਾਈਫ਼ ਟਾਵਰ' ਬਣਾਏ ਗਏ ਅਤੇ ਉਨ੍ਹਾਂ 'ਤੇ ' ਮਹਾਨ ਨੇਤਾ ਹਮੇਸ਼ਾ ਜਿੰਦਾ ਰਹਿਣਗੇ' ਲਿਖਿਆ ਗਿਆ ਸੀ।

ਮੌਜੂਦਾ ਸਮੇਂ ਕਿਮ ਇਲ ਸੰਗ ਦੇ ਪੋਤੇ ਕਿਮ ਜੋਂਗ ਉਨ ਉੱਤਰੀ ਕੋਰੀਆ ਦੇ ਆਗੂ ਹਨ ਜਿਨ੍ਹਾਂ ਦੀ ਤਾਨਾਸ਼ਾਹੀ ਦੇ ਕਿੱਸੇ ਵੀ ਦੁਨੀਆ ਭਰ 'ਚ ਮਸ਼ਹੂਰ ਹਨ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)