ਕੋਰੋਨਾਵਾਇਰਸ ਦੇ ਨਵੇਂ ਰੂਪ ਦਾ ਭਾਰਤ ਵਿੱਚ ਕਿੰਨਾਂ ਖ਼ਤਰਾ ਹੈ

ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਭਾਰਤ ਵਿੱਚ ਨਵੇਂ ਸਟ੍ਰੇਨ ਤੋਂ ਲਾਗ ਦੇ ਕੁੱਲ 20 ਮਾਮਲੇ ਸਾਹਮਣੇ ਆਏ ਹਨ।

ਇਨ੍ਹਾਂ 20 ਵਿੱਚੋਂ ਅੱਠ ਮਾਮਲੇ ਦਿੱਲੀ ਦੀ ਲੈਬ ਵਲੋਂ ਦਰਜ ਕੀਤੇ ਗਏ ਹਨ। ਸੱਤ ਮਾਮਲੇ ਬੰਗਲੌਰ ਦੀ ਲੈਬ 'ਚ ਰਿਪੋਰਟ ਕੀਤੇ ਗਏ ਹਨ।

ਇਹ ਉਹੀ ਨਵਾਂ ਸਟ੍ਰੇਨ ਹੈ ਜੋ ਸਤੰਬਰ ਵਿੱਚ ਯੂਕੇ ਵਿੱਚ ਸਾਹਮਣੇ ਆਇਆ ਸੀ। ਪਿਛਲੇ ਹਫ਼ਤੇ ਹੀ ਭਾਰਤ ਨੇ ਯੂਕੇ ਤੋਂ ਆਉਣ-ਜਾਣ ਵਾਲੀਆਂ ਉਡਾਣਾਂ ਅਸਥਾਈ ਤੌਰ 'ਤੇ ਬੰਦ ਕਰ ਦਿੱਤੀਆਂ ਸਨ।

ਇਹ ਵੀ ਪੜ੍ਹੋ

ਸਰਕਾਰ ਦਾ ਕਹਿਣਾ ਹੈ ਕਿ 25 ਨਵੰਬਰ ਤੋਂ 23 ਦਸੰਬਰ ਵਿਚਾਲੇ ਯੂਕੇ ਤੋਂ ਭਾਰਤ ਆਉਣ ਵਾਲੇ ਲੋਕਾਂ ਨੂੰ ਟ੍ਰੇਸ ਕੀਤਾ ਜਾ ਰਿਹਾ ਹੈ।

ਸਰਕਾਰ ਨੇ ਇਹ ਵੀ ਫੈਸਲਾ ਲਿਆ ਹੈ ਕਿ 31 ਜਨਵਰੀ 2020 ਤੱਕ ਸਾਰੀਆਂ ਇਨਟਰਨੈਸ਼ਨਲ ਫਲਾਈਟਾਂ 'ਤੇ ਪਾਬੰਦੀ ਰਹੇਗੀ।

ਸਿਹਤ ਮੰਤਰਾਲੇ ਦੀ ਪ੍ਰੈਸ ਕਾਨਫਰੰਸ ਵਿੱਚ ਨੀਤੀ ਆਯੋਗ ਦੇ ਡਾ. ਵੀਕੇ ਪੌਲ ਨੇ ਕਿਹਾ, "ਸ਼ੁਰੂਆਤ ਵਿੱਚ ਵਾਇਰਸ ਨੂੰ ਕਾਬੂ ਵਿੱਚ ਰੱਖਣਾ ਸੌਖਾ ਹੈ ਪਰ ਇੱਕ ਵਾਰ ਜਦੋਂ ਇਹ ਲਾਗ ਜ਼ਿਆਦਾ ਫੈਲ ਗਈ ਤਾਂ ਇਸ ਨੂੰ ਕਾਬੂ ਵਿੱਚ ਰੱਖਣਾ ਮੁਸ਼ਕਲ ਹੋ ਜਾਵੇਗਾ।"

ਕੀ ਵੈਕਸੀਨ ਕੋਰੋਨਾ ਦੇ ਨਵੇਂ ਰੂਪ 'ਤੇ ਕੰਮ ਕਰੇਗੀ

ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਦਾ ਦਾਅਵਾ ਹੈ ਕਿ ਕੋਰੋਨਾ ਦੇ ਨਵੇਂ ਸਟ੍ਰੇਨ ਤੋਂ ਘਬਰਾਉਣ ਦੀ ਲੋੜ ਨਹੀਂ ਹੈ।

"ਭਾਰਤ ਸਰਕਾਰ ਦੇ ਪ੍ਰਿੰਸੀਪਲ ਸਾਈਂਟਿਫਿਕ ਐਡਵਾਇਜ਼ਰ ਪ੍ਰੋ. ਕੇ ਵਿਜੇ ਰਾਘਵਨ ਜੀ ਨੇ ਸਪਸ਼ਟ ਕੀਤਾ ਹੈ ਕਿ ਸਾਡੀ ਵੈਕਸੀਨ ਸਾਰਸ ਕੋਵ-2 ਦੇ ਨਵੇਂ ਮਾਮਲਿਆਂ ਦੇ ਖਿਲਾਫ਼ ਕੰਮ ਕਰਦੀ ਰਹੇਗੀ।"

ਪ੍ਰੋ. ਕੇ ਵਿਜੇ ਰਾਘਵਨ ਨੇ ਕਿਹਾ-

  • ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਮੌਜੂਦਾ ਵੈਕਸੀਨ ਕੋਵਿਡ-19 ਦੇ ਨਵੇਂ ਵੇਰੀਅੰਟ ਖਿਲਾਫ਼ ਕੰਮ ਨਹੀਂ ਕਰੇਗੀ।
  • ਵੈਕਸੀਨ ਬਾਰੇ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਹੈ।
  • ਜ਼ਿਆਦਾਤਰ ਵੈਕਸੀਨ ਸਪਾਈਕ ਪ੍ਰੋਟੀਨ ਨੂੰ ਨਿਸ਼ਾਨਾ ਬਣਾਉਂਦੇ ਹਨ ਜਿਸ ਕਾਰਨ ਕੋਰੋਨਾਵਾਇਰਸ ਵਿੱਚ ਬਦਲਾਅ ਆਉਂਦੇ ਹਨ।
  • ਪਰ ਵੈਕਸੀਨ ਵੱਡੇ ਪੱਧਰ 'ਤੇ ਐਂਟੀਬਾਡੀਜ਼ ਬਣਾਉਂਦੇ ਹਨ। ਇਸ ਕਰਕੇ ਕੋਰੋਨਾਵਾਇਰਸ ਦੇ ਰੂਪ ਵਿੱਚ ਬਦਲਾਅ ਤੋਂ ਚਿੰਤਤ ਹੋਣ ਦੀ ਲੋੜ ਨਹੀਂ ਹੈ।

ਤੁਸੀਂ ਇਹ ਵੀ ਪੜ੍ਹ ਸਕਦੇ ਹੋ

ਵਿਗਿਆਨੀਆਂ ਨੇ ਦੱਸਿਆ ਕਿੰਨਾ ਖ਼ਤਰਨਾਕ ਹੈ ਕੋਰੋਨਾ ਦਾ ਨਵਾਂ ਰੂਪ

ਖ਼ਬਰ ਏਜੰਸੀ ਰੌਇਟਰਜ਼ ਮੁਤਾਬਕ ਬਰਤਾਨਵੀ ਵਿਗਿਆਨੀਆਂ ਨੇ ਇੱਕ ਤੁਲਨਾਤਮਕ ਅਧਿਐਨ ਤੋਂ ਬਾਅਦ ਕਿਹਾ ਕਿ ਕੋਰੋਨਾਵਾਇਰਸ ਦੇ ਨਵੇਂ ਰੂਪ ਨਾਲ ਹੋਣ ਵਾਲੀਆਂ ਸਮੱਸਿਆਵਾਂ ਪਹਿਲਾਂ ਦੀ ਤੁਲਨਾ ਵਿੱਚ ਜ਼ਿਆਦਾ ਗੰਭੀਰ ਨਹੀਂ ਹਨ।

ਪਬਲਿਕ ਹੈਲਥ ਇੰਗਲੈਂਡ ਨੇ ਇਹ ਅਧਿਐਨ ਕਰਵਾਇਆ ਹੈ। ਵਿਗਿਆਨੀ ਕਹਿੰਦੇ ਹਨ ਕਿ ਕੋਰੋਨਾਵਾਇਰਸ ਦਾ ਨਵਾਂ ਰੂਪ ਜ਼ਿਆਦਾ ਤੇਜ਼ੀ ਨਾਲ ਫ਼ੈਲ ਸਕਦਾ ਹੈ।

ਦਸੰਬਰ ਦੇ ਮੱਧ ਵਿੱਚ ਇਸ ਨਵੇਂ ਰੂਪ ਦੀ ਪੁਸ਼ਟੀ ਹੋਈ ਸੀ ਜਿਸ ਤੋਂ ਬਾਅਦ ਕਈ ਦੇਸਾਂ ਨੇ ਯੂਕੇ 'ਤੇ ਟਰੈਵਲ ਬੈਨ ਲਗਾ ਦਿੱਤਾ।

ਇਸ ਨਵੇਂ ਅਧਿਐਨ ਵਿੱਚ ਵਿਗਿਆਨੀਆਂ ਨੇ 1,700 ਤੋਂ ਵੱਧ ਲੋਕਾਂ 'ਤੇ ਇੱਕ ਤੁਲਨਾਤਮਕ ਅਧਿਐਨ ਕੀਤਾ ਜਿਨ੍ਹਾਂ ਨੂੰ ਨਵੇਂ ਕੋਰੋਨਾਵਾਇਰਸ ਦੇ ਨਵੇਂ ਰੂਪ (ਜਿਸ ਨੂੰ ਉਹ ਵਾਈਲਡ ਟਾਈਪ ਵਾਇਰਸ ਕਹਿ ਰਹੇ ਹਨ) ਤੋਂ ਲਾਗ ਲੱਗਣ ਦੀ ਪੁਸ਼ਟੀ ਹੋਈ ਸੀ।

ਵਿਗਿਆਨੀ ਕਹਿੰਦੇ ਹਨ ਕਿ ਕੋਰੋਨਾਵਾਇਰਸ ਦੇ ਨਵੇਂ ਰੂਪਾਂ ਅਤੇ ਪੁਰਾਣੇ ਰੂਪਾਂ ਤੋਂ ਲਾਗ ਲੱਗਣ ਵਾਲੇ ਲੋਕਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਏ ਜਾਣ 'ਤੇ ਕੋਈ ਖਾਸ ਫਰਕ ਨਹੀਂ ਪੈਂਦਾ। ਯਾਨਿ ਕਿ ਕੋਰੋਨਾ ਦੇ ਨਵੇਂ ਰੂਪ ਨਾਲ ਲਾਗ ਲੱਗਣ ਵਾਲੇ ਲੋਕਾਂ ਨੂੰ ਪਹਿਲਾਂ ਵਾਂਗ ਹੀ ਗੰਭੀਰ ਲੱਛਣਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਹਾਲਾਂਕਿ ਵਿਗਿਆਨੀਆਂ ਨੇ ਇਸ ਅਧਿਐਨ ਤੋਂ ਬਾਅਦ ਕਿਹਾ ਹੈ ਕਿ ਇਹ ਰੂਪ ਤੁਲਨਾਤਮਕ ਰੂਪ ਵਿੱਚ ਤੇਜ਼ੀ ਨਾਲ ਫੈਲ ਸਕਦਾ ਹੈ। ਇਸ ਲਈ ਲਾਗ ਦੇ ਨਵੇਂ ਕੇਸਾਂ ਵਿੱਚ ਤੇਜ਼ੀ ਦੇਖਣ ਨੂੰ ਮਿਲ ਸਕਦੀ ਹੈ।

ਯੂਕੇ ਵਿੱਚ ਕੋਰੋਨਾਵਾਇਰਸ ਦੀ ਲਾਗ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਮੰਗਲਵਾਰ ਨੂੰ ਯੂਕੇ ਵਿੱਚ ਕੋਰੋਨਾਵਾਇਰਸ ਦੀ ਲਾਗ ਦੇ 53 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ, ਜਦੋਂਕਿ ਕੋਵਿਡ ਨਾਲ 414 ਲੋਕਾਂ ਦੀ ਮੌਤ ਹੋ ਗਈ।

ਹਾਲਾਂਕਿ ਸੀਡੀਸੀ ਦਾ ਕਹਿਣਾ ਹੈ ਕਿ ਕਈ ਵੇਰੀਅੰਟਸ ਵਿੱਚ ਸਪਾਈਕ ਪ੍ਰੋਟੀਨ (ਜਿਸ ਨੂੰ N501Y ਕਿਹਾ ਜਾਂਦਾ ਹੈ) ਵਿੱਚ ਇੱਕ ਬਦਲਾਅ ਦੇਖਿਆ ਗਿਆ ਹੈ, ਜਿਸ ਵਿੱਚ ਦੱਖਣੀ ਅਫਰੀਕਾ ਤੋਂ ਮਿਲਿਆ ਵੇਰੀਅੰਟ ਵੀ ਸ਼ਾਮਿਲ ਹੈ। ਲੈਬ ਪ੍ਰਯੋਗਾਂ ਤੋਂ ਪਤਾ ਚੱਲਦਾ ਹੈ ਕਿ ਇਹ ਬਦਲਾਅ ਵਾਇਰਸ ਨੂੰ ਮਨੁੱਖੀ ਸੈੱਲਾਂ ਨਾਲ ਜੋੜਨ ਵਿੱਚ ਮਦਦ ਕਰ ਸਕਦਾ ਹੈ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)