ਕਿਸਾਨ ਅੰਦੋਲਨ ਨੂੰ ਖ਼ਤਮ ਕਰਨ ਲਈ ਭਾਜਪਾ ਕੀ ਕਰਨ ਜਾ ਰਹੀ- ਸੁਖਬੀਰ ਬਾਦਲ ਦਾ ਖੁਲਾਸਾ - ਪ੍ਰੈਸ ਰੀਵਿਊ

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਾਅਵਾ ਕੀਤਾ ਕਿ ਭਾਜਪਾ ਸਿੱਖਾਂ ਅਤੇ ਹਿੰਦੂਆਂ ਵਿਚ ਪਾੜਾ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਉਨ੍ਹਾਂ ਨਿਊਜ਼ 18 ਪੰਜਾਬ ਨਾਲ ਗੱਲਬਾਤ ਕਰਦਿਆਂ ਕਿਹਾ, "ਜੋ ਵੀ ਭਾਜਪਾ ਖਿਲਾਫ਼ ਬੋਲਦਾ ਹੈ, ਉਸ ਨੂੰ ਉਹ ਦੇਸ ਵਿਰੋਧੀ ਕਰਾਰ ਦਿੰਦੇ ਹਨ। ਜੋ ਹੱਕ ਵਿਚ ਹੁੰਦਾ ਹੈ ਉਸ ਨੂੰ ਰਾਸ਼ਟਰਵਾਦੀ ਕਹਿੰਦੇ ਹਨ। ਕੀ ਦੇਸ ਦੇ ਹੱਕ ਵਿਚ ਜਾਂ ਵਿਰੋਧ ਕਰਨ ਵਾਲਾ ਸਰਟੀਫਿਕੇਟ ਮੋਦੀ ਸਾਹਿਬ ਜਾਂ ਭਾਜਪਾ ਨੇ ਦੇਣਾ ਹੈ?"

ਉਨ੍ਹਾਂ ਅੱਗੇ ਕਿਹਾ, "ਪਹਿਲਾਂ ਭਾਜਪਾ ਨੇ ਹਿੰਦੂ-ਮੁਸਲਿਮ ਭਾਈਚਾਰੇ ਵਿਚ ਫਰਕ ਪਾਉਣ ਦੀ ਕੋਸ਼ਿਸ਼ ਕੀਤੀ। ਫਿਰ ਜੋ ਕਿਸਾਨ ਧਰਨੇ 'ਤੇ ਬੈਠੇ ਹਨ, ਉਨ੍ਹਾਂ ਨੂੰ ਅੱਤਵਾਦੀ, ਖਾਲਿਸਤਾਨੀ ਕਹਿਣਾ ਸ਼ੁਰੂ ਕਰ ਦਿੱਤਾ। ਇਸ ਦਾ ਮਤਲਬ ਕੀ ਸੀ। ਸਿੱਖਾਂ ਤੇ ਹਿੰਦੂਆਂ ਵਿਚ ਪਾੜਾ ਪਾਉਣ ਦੀ ਕੋਸ਼ਿਸ਼ ਕਰ ਰਹੇ ਸੀ।"

"ਮੈਨੂੰ ਦੁੱਖ ਉਦੋਂ ਲੱਗਿਆ ਜਦੋਂ ਦਿੱਲੀ ਦੀ ਪਾਰਟੀ ਯੂਨਿਟ ਨੇ ਦੱਸਿਆ ਕਿ ਭਾਜਪਾ ਨੇ, ਆਪਣੇ ਜਿੰਨੇ ਵੀ ਮੰਡਲ ਹਨ, ਉਨ੍ਹਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਹਿੰਦੂ- ਸਿੱਖ ਵਿਚ ਵਿਵਾਦ ਪੈਦਾ ਕਰੋ।"

ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਦੇ ਆਗੂ ਤਰੁਣ ਚੁੱਘ ਨੇ ਕਿਹਾ ਕਿ ਪੰਜਾਬ ਵਿਚ ਕਾਂਗਰਸ ਅਤੇ ਖੱਬੇਪੱਖੀ ਮਾਹੌਲ ਖਰਾਬ ਕਰ ਰਹੇ ਹਨ। ਮੋਬਾਈਟ ਟਾਵਰ ਤੋੜੇ ਜਾ ਰਹੇ ਹਨ, ਟੌਲ ਪਲਾਜਿਆਂ ਉੱਤੇ ਕਬਜੇ ਕੀਤੇ ਹੋਏ ਹਨ ਅਤੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਉੱਤੇ ਹਮਲੇ ਹੋ ਰਹੇ ਹਨ।

ਤਰੁਣ ਚੁੱਘ ਨੇ ਇਲਜ਼ਾਮ ਲਾਇਆ ਕਿ ਪੰਜਾਬ ਵਿਚ ਅਰਾਜਕਤਾ ਵਾਲੀ ਸਰਕਾਰ ਹੈ। ਇਸ ਤੋਂ ਪਹਿਲਾਂ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਵੀ ਸੂਬੇ ਵਿਚ ਅਮਨ ਸ਼ਾਂਤੀ ਕਾਇਮ ਰੱਖਣ ਦੀ ਅਪੀਲ ਕਰ ਚੁੱਕੇ ਹਨ। ਅਸਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਦੀ ਅਮਨ ਸ਼ਾਂਤੀ ਦੀ ਬਹਾਲੀ ਕਾਇਮ ਰੱਖਣ ਲਈ ਹਰ ਯਤਨ ਕਰਾਂਗੇ ਤੇ ਕਿਸੇ ਨੂੰ ਅਮਨ ਸ਼ਾਂਤੀ ਭੰਗ ਨਹੀਂ ਕਰਨ ਦਿਆਂਗੇ।

ਇਹ ਵੀ ਪੜ੍ਹੋ:

ਵਧੇਰੇ ਲਾਗ ਵਾਲੇ ਕੋਰੋਨਾ ਦੇ 6 ਨਵੇਂ ਮਾਮਲੇ

ਹਿੰਦੁਸਤਾਨ ਟਾਈਮਜ਼ ਮੁਤਾਬਕ ਸਰਕਾਰ ਨੇ ਮੰਗਲਵਾਰ ਨੂੰ ਕਿਹਾ ਕਿ ਯੂਕੇ ਤੋਂ ਆਉਣ ਵਾਲੇ ਛੇ ਲੋਕਾਂ ਵਿੱਚ ਕੋਰੋਨਾਵਾਇਰਸ ਦੇ ਵਧੇਰੇ ਲਾਗ ਵਾਲੇ ਛੇ ਮਾਮਲੇ ਸਾਹਮਣੇ ਆਏ ਹਨ।

ਸਿਹਤ ਮੰਤਰਾਲੇ ਨੇ ਇੱਕ ਬਿਆਨ ਵਿਚ ਕਿਹਾ ਕਿ ਸਾਰੇ ਛੇ ਲੋਕਾਂ ਨੂੰ ਹੁਣ ਏਕਾਂਤਵਾਸ ਵਿਚ ਹਨ ਅਤੇ ਉਨ੍ਹਾਂ ਦੇ ਸਾਥੀ ਯਾਤਰੀਆਂ ਅਤੇ ਨੇੜਲੇ ਸੰਪਰਕ ਵਾਲੇ ਲੋਕ ਲੱਭੇ ਜਾ ਰਹੇ ਹਨ।

ਕੁੱਲ ਮਿਲਾ ਕੇ ਸਰਕਾਰ ਨੇ 30,000 ਤੋਂ ਵੱਧ ਲੋਕਾਂ ਦੀ ਪਛਾਣ ਕੀਤੀ ਹੈ ਜੋ ਯੂਕੇ ਤੋਂ ਪਰਤੇ ਹਨ ਪਰ ਉਨ੍ਹਾਂ ਨੂੰ ਲੱਭਣਾ ਹੁਤ ਔਖਾ ਹੈ ਕਿਉਂਕਿ ਬਹੁਤ ਸਾਰੇ ਲੋਕਾਂ ਨੇ ਗਲਤ ਸੰਪਰਕ ਵੇਰਵੇ ਦਿੱਤੇ ਹੋਏ ਹਨ।

ਇਹ ਵੀ ਪੜ੍ਹੋ:

ਟਾਵਰਾਂ ਦੇ ਰੱਖਿਆ ਲਈ 150 ਪੰਚਾਇਤਾਂ ਵਲੋਂ ਮਤੇ ਪਾਸ

ਦਿ ਟ੍ਰਿਬਿਊਨ ਮੁਤਾਬਕ ਸੰਗਰੂਰ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਦੀਆਂ 150 ਪੰਚਾਇਤਾਂ ਨੇ ਆਪਣੇ ਟਾਵਰਾਂ ਅਤੇ ਹੋਰ ਦੂਰਸੰਚਾਰ ਦੇ ਢਾਂਚਿਆਂ ਦੀ ਰੱਖਿਆ ਲਈ ਮਤੇ ਪਾਸ ਕੀਤੇ ਹਨ। ਉਨ੍ਹਾਂ ਨੇ ਅਜਿਹੀਆਂ ਕੋਸ਼ਿਸ਼ਾਂ ਦਾ ਵਿਰੋਧ ਕਰਨ ਅਤੇ ਤੁਰੰਤ ਪੁਲਿਸ ਦੀ ਮਦਦ ਲੈਣ ਦਾ ਐਲਾਨ ਵੀ ਕੀਤਾ ਹੈ।

ਸੰਗਰੂਰ ਦੇ ਐੱਸਐੱਸਪੀ ਵਿਵੇਕ ਸ਼ੀਲ ਸੋਨੀ ਨੇ ਆਪਣੇ ਸਾਰੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਪਿੰਡਾਂ ਵਿੱਚ 24 ਘੰਟੇ ਗਸ਼ਤ ਨੂੰ ਯਕੀਨੀ ਬਣਾਉਣ।

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ’ਤੇ ਇੰਝ ਲਿਆਓ

ਮੈਦੇਵਾਸ ਪਿੰਡ ਦੇ ਸਰਪੰਚ ਦਾ ਕਹਿਣਾ ਹੈ, "ਸਾਡਾ ਵਿਰੋਧ ਪੂਰੇ ਪੰਜਾਬ ਅਤੇ ਨਵੀਂ ਦਿੱਲੀ ਦੇ ਬਾਰਡਰਾਂ 'ਤੇ ਸ਼ਾਂਤੀਪੂਰਵਕ ਜਾਰੀ ਹੈ। ਸਾਨੂੰ ਮੋਬਾਈਲ ਟਾਵਰਾਂ ਨੂੰ ਨੁਕਸਾਨ ਨਹੀਂ ਪਹੁੰਚਣਾ ਚਾਹੀਦਾ। ਜੇ ਅਸੀਂ ਸੰਪਰਕ ਗੁਆ ਲੈਂਦੇ ਹਾਂ ਤਾਂ ਇਹ ਸਿਰਫ ਸਾਡਾ ਨੁਕਸਾਨ ਹੋਵੇਗਾ। ਅੱਜ ਅਸੀਂ ਇੱਕ ਮਤਾ ਪਾਸ ਕੀਤਾ ਹੈ ਕਿ ਅਸੀਂ ਆਪਣੇ ਪਿੰਡ ਵਿਚ ਕਿਸੇ ਢਾਂਚੇ ਨੂੰ ਨੁਕਸਾਨ ਨਹੀਂ ਹੋਣ ਦੇਵਾਂਗੇ। ਸੰਗਰੂਰ ਦੇ ਐੱਸਐੱਸਪੀ ਨੇ ਸਾਨੂੰ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ ਹੈ।"

ਸਿੰਘੂ ਬਾਰਡਰ 'ਤੇ ਮੁਫ਼ਤ ਵਾਈ-ਫਾਈ ਦਾ ਐਲਾਨ

ਦਿ ਇੰਡੀਅਨ ਐਕਸਪ੍ਰੈਸ ਮੁਤਾਬਕ 'ਆਪ' ਵਿਰੋਧ ਕਰ ਰਹੇ ਕਿਸਾਨਾਂ ਦੀ ਸਹੂਲਤ ਲਈ ਸਿੰਘੂ ਬਾਰਡਰ 'ਤੇ ਮੁਫ਼ਤ ਵਾਈ-ਫਾਈ ਹਾਟਸਪਾਟਸ ਲਗਾਏਗੀ। ਪਾਰਟੀ ਆਗੂ ਅਤੇ ਵਿਧਾਇਕ ਰਾਘਵ ਚੱਢਾ ਨੇ ਮੰਗਲਵਾਰ ਨੂੰ ਇਹ ਐਲਾਨ ਕਰਦਿਆਂ ਕਿਹਾ ਕਿ ਇਹ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਹਿਲ ਹੈ।

ਉਨ੍ਹਾਂ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ, "ਕਿਸੇ ਵੀ ਵਿਅਕਤੀ ਨੂੰ ਇੱਜ਼ਤ ਭਰੀ ਜ਼ਿੰਦਗੀ ਜੀਉਣ ਲਈ ਤਿੰਨ ਚੀਜ਼ਾਂ ਦੀ ਲੋੜ ਹੁੰਦੀ ਹੈ: ਰੋਟੀ, ਕਪੜਾ ਅਤੇ ਮਕਾਨ । ਪਰ ਅੱਜ ਦੇ ਸਮੇਂ ਵਿੱਚ ਇੱਕ ਚੌਥੀ ਚੀਜ਼ ਜੋੜੀ ਗਈ ਹੈ, ਜੋ ਕਿ ਇੰਟਰਨੈਟ ਹੈ। ਸਾਡੇ ਕਿਸਾਨ ਭਾਣ-ਭਰਾ ਦਿੱਲੀ ਦੀਆਂ ਸਰਹੱਦਾਂ 'ਤੇ ਆਏ ਸਨ ਅਤੇ ਪਿਛਲੇ ਇੱਕ ਮਹੀਨੇ ਤੋਂ ਆਪਣੇ ਹੱਕਾਂ ਲਈ ਲੜ ਰਹੇ ਹਨ।"

ਰਾਘਵ ਚੱਢਾ ਨੇ ਕਿਹਾ ਕਿ ਇੱਕ ਵਾਈਫਾਈ ਹੌਟਸਪੌਟ ਦਾ ਘੇਰਾ 100 ਮੀਟਰ ਦਾ ਹੋਵੇਗਾ ਜੋ ਕਿ 31,000 ਵਰਗ ਫੁੱਟ ਦੇ ਖੇਤਰ ਨੂੰ ਕਵਰ ਕਰੇਗਾ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)