You’re viewing a text-only version of this website that uses less data. View the main version of the website including all images and videos.
ਅਰੁਣ ਜੇਤਲੀ ਦੇ ਬੁੱਤ ਦਾ ਵਿਰੋਧ ਕਰਦਿਆਂ ਬਿਸ਼ਨ ਸਿੰਘ ਬੇਦੀ ਨੇ ਡੀਡੀਸੀਏ ਛੱਡਿਆ
ਫਿਰੋਜ਼ਸ਼ਾਹ ਕੋਟਲਾ ਗਰਾਉਂਡ ਵਿਖੇ ਦਿੱਲੀ ਅਤੇ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ (ਡੀਡੀਸੀਏ) ਦੇ ਮਰਹੂਮ ਪ੍ਰਧਾਨ ਅਰੁਣ ਜੇਤਲੀ ਦਾ ਬੁੱਤ ਲਗਾਉਣ ਦੇ ਫੈਸਲੇ ਤੋਂ ਖਫ਼ਾ ਜਾਣੇ-ਪਛਾਣੇ ਸਪਿੰਨਰ ਬਿਸ਼ਨ ਸਿੰਘ ਬੇਦੀ ਨੇ ਕ੍ਰਿਕਟ ਐਸੋਸੀਏਸ਼ਨ ਨੂੰ ਦਰਸ਼ਕ ਸਟੈਂਡ ਤੋਂ ਆਪਣਾ ਨਾਮ ਹਟਾਉਣ ਲਈ ਕਿਹਾ ਹੈ।
ਬੁੱਤ ਲਗਾਉਣ ਦੇ ਉਸ ਫੈਸਲੇ ਦੇ ਵਿਰੋਧ ਵਿੱਚ ਡੀਡੀਸੀਏ ਤੋਂ ਵੀ ਅਸਤੀਫਾ ਦੇ ਦਿੱਤਾ ਹੈ।
ਖ਼ਬਰ ਏਜੰਸੀ ਪੀਟੀਆਈ ਮੁਤਾਬ਼ਕ, ਦਿੱਲੀ ਅਤੇ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ (ਡੀਡੀਸੀਏ) 'ਤੇ ਵਰ੍ਹਦਿਆਂ 74 ਸਾਲਾ ਬੇਦੀ ਨੇ ਭਾਈ-ਭਤੀਜਾਵਾਦ ਅਤੇ 'ਪ੍ਰਬੰਧਕਾਂ ਨੂੰ ਕ੍ਰਿਕਟਰਾਂ ਤੋਂ ਉੱਪਰ ਰੱਖਣ' ਦਾ ਇਲਜ਼ਾਮ ਲਾਉਂਦਿਆਂ ਐਸੋਸੀਏਸ਼ਨ ਦੀ ਮੈਂਬਰਸ਼ਿਪ ਵੀ ਛੱਡ ਦਿੱਤੀ।
ਡੀਡੀਸੀਏ ਦੇ ਮੌਜੂਦਾ ਪ੍ਰਧਾਨ ਅਤੇ ਅਰੁਣ ਜੇਤਲੀ ਦੇ ਬੇਟੇ ਰੋਹਨ ਜੇਤਲੀ ਨੂੰ ਲਿਖੀ ਚਿੱਠੀ ਵਿੱਚ, ਉਨ੍ਹਾਂ ਨੇ ਕਿਹਾ, "ਮੈਂ ਬਹੁਤ ਸਹਿਣਸ਼ੀਲ ਵਿਅਕਤੀ ਹਾਂ, ਪਰ ਹੁਣ ਮੇਰਾ ਸਬਰ ਟੁੱਟ ਰਿਹਾ ਹੈ। ਡੀਡੀਸੀਏ ਨੇ ਮੇਰੇ ਸਬਰ ਦੀ ਪਰਖ ਕੀਤੀ ਹੈ ਅਤੇ ਮੈਨੂੰ ਇਹ ਸਖ਼ਤ ਕਦਮ ਚੁੱਕਣ ਲਈ ਮਜ਼ਬੂਰ ਕੀਤਾ ਹੈ।"
ਇਹ ਵੀ ਪੜ੍ਹੋ
ਬੇਦੀ ਨੇ ਚਿੱਠੀ ਵਿਚ ਲਿਖਿਆ, "ਮੈਂ ਤੁਹਾਨੂੰ ਬੇਨਤੀ ਕਰ ਰਿਹਾ ਹਾਂ ਕਿ ਮੇਰੇ ਨਾਮ ਨੂੰ ਸਟੈਂਡ ਤੋਂ ਤੁਰੰਤ ਪ੍ਰਭਾਵ ਨਾਲ ਹਟਾ ਦਿੱਤਾ ਜਾਵੇ। ਮੈਂ ਡੀਡੀਸੀਏ ਦੀ ਮੈਂਬਰਸ਼ਿਪ ਵੀ ਛੱਡ ਰਿਹਾ ਹਾਂ। '
‘ਸਨਮਾਨ ਦੇ ਨਾਲ ਜ਼ਿੰਮੇਵਾਰੀ ਵੀ ਆਉਂਦੀ ਹੈ’
ਬੇਦੀ ਨੇ ਅੱਗੇ ਆਪਣੀ ਚਿੱਠੀ ਵਿਚ ਕਿਹਾ, 'ਮੈਂ ਇਹ ਫੈਸਲਾ ਬਹੁਤ ਸੋਚ-ਸਮਝ ਕੇ ਲਿਆ ਹੈ। ਮੈਂ ਉਨ੍ਹਾਂ ਲੋਕਾਂ ਵਿਚੋਂ ਨਹੀਂ ਹਾਂ ਜੋ ਸਨਮਾਨ ਦਾ ਅਪਮਾਨ ਕਰਦੇ ਹਨ। ਪਰ ਅਸੀਂ ਜਾਣਦੇ ਹਾਂ ਕਿ ਸਨਮਾਨ ਦੇ ਨਾਲ ਜ਼ਿੰਮੇਵਾਰੀ ਵੀ ਆਉਂਦੀ ਹੈ। ਮੈਂ ਸਨਮਾਨ ਵਾਪਸ ਕਰ ਰਿਹਾ ਹਾਂ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਜਿਹੜੀਆਂ ਕਦਰਾਂ ਕੀਮਤਾਂ ਨਾਲ ਮੈਂ ਕ੍ਰਿਕਟ ਖੇਡਿਆ ਹੈ, ਉਹ ਮੇਰੀ ਰਿਟਾਇਰਮੈਂਟ ਤੋਂ ਚਾਰ ਦਹਾਕਿਆਂ ਬਾਅਦ ਵੀ ਉਹੀ ਹਨ।'
ਉਨ੍ਹਾਂ ਕਿਹਾ ਕਿ ਉਹ ਕਦੇ ਵੀ ਜੇਤਲੀ ਦੇ ਕੰਮ ਕਰਨ ਦੇ ਢੰਗ ਦੇ ਮੁਰੀਦ ਨਹੀਂ ਰਹੇ ਹਨ ਅਤੇ ਹਮੇਸ਼ਾਂ ਉਨ੍ਹਾਂ ਫੈਸਲਿਆਂ ਦਾ ਵਿਰੋਧ ਕੀਤਾ ਜੋ ਉਨ੍ਹਾਂ ਨੂੰ ਸਹੀ ਨਹੀਂ ਲਗਦੇ ਸਨ।
ਉਨ੍ਹਾਂ ਨੇ ਕਿਹਾ, 'ਉਹ ਜਿਸ ਤਰ੍ਹਾਂ ਲੋਕਾਂ ਨੂੰ ਡੀਡੀਸੀਏ ਦਾ ਕੰਮ ਚਲਾਉਣ ਲਈ ਚੁਣਦੇ ਸੀ, ਉਸ ਨੂੰ ਲੈ ਕੇ ਮੇਰਾ ਇਤਰਾਜ਼ ਸਭ ਨੂੰ ਪਤਾ ਹੈ। ਮੈਂ ਇਕ ਵਾਰ ਉਨ੍ਹਾਂ ਦੇ ਘਰ ਚੱਲ ਰਹੀ ਇਕ ਮੀਟਿੰਗ ਤੋਂ ਬਾਹਰ ਆ ਗਿਆ ਸੀ ਕਿਉਂਕਿ ਉਹ ਉਸ ਆਦਮੀ ਨੂੰ ਬਾਹਰ ਦਾ ਰਸਤਾ ਨਹੀਂ ਦਿਖਾ ਸਕੇ ਸਨ ਜੋ ਦੁਰਵਿਵਹਾਰ ਕਰ ਰਿਹਾ ਸੀ।'
ਬੇਦੀ ਨੇ ਕਿਹਾ, 'ਮੈਂ ਇਸ ਮਾਮਲੇ ਵਿਚ ਬਹੁਤ ਸਖ਼ਤ ਹਾਂ। ਸ਼ਾਇਦ ਕਾਫ਼ੀ ਪੁਰਾਣੇ ਖ਼ਿਆਲ ਦਾ। ਪਰ ਮੈਨੂੰ ਇਕ ਭਾਰਤੀ ਕ੍ਰਿਕਟਰ ਹੋਣ 'ਤੇ ਇੰਨਾ ਮਾਣ ਹੈ ਕਿ ਮੈਂ ਅਰੁਣ ਜੇਤਲੀ ਦੇ ਚਾਪਲੂਸੀ ਕਰਨ ਵਾਲਿਆ ਨਾਲ ਭਰੇ ਦਰਬਾਰ ਵਿਚ ਜਾਣਾ ਜ਼ਰੂਰੀ ਨਹੀਂ ਸਮਝਦਾ ਸੀ।'
ਉਨ੍ਹਾਂ ਕਿਹਾ, 'ਫਿਰੋਜ਼ਸ਼ਾਹ ਕੋਟਲਾ ਮੈਦਾਨ ਦਾ ਨਾਮ ਮਰਹੂਮ ਅਰੁਣ ਜੇਤਲੀ ਦੇ ਨਾਂ 'ਤੇ ਰੱਖਿਆ ਗਿਆ ਸੀ, ਜੋ ਗਲਤ ਸੀ। ਪਰ ਮੈਂ ਸੋਚਿਆ ਕਿ ਕਿਸੇ ਸਮੇਂ ਤਾਂ ਸਮੱਤ ਆਵੇਗੀ। ਪਰ ਮੈਂ ਗਲਤ ਸੀ। ਹੁਣ ਮੈਂ ਸੁਣਿਆ ਹੈ ਕਿ ਅਰੁਣ ਜੇਤਲੀ ਦਾ ਕੋਟਲਾ 'ਤੇ ਬੁੱਤ ਲਗਾਇਆ ਜਾ ਰਿਹਾ ਹੈ। ਮੈਂ ਇਸ ਦੀ ਕਲਪਨਾ ਵੀ ਨਹੀਂ ਕਰ ਸਕਦਾ। '
ਇਹ ਵੀ ਪੜ੍ਹੋ
'ਖੇਡ ਦੇ ਮੈਦਾਨ ਵਿਚ ਖੇਡਾਂ ਨਾਲ ਸਬੰਧਤ ਰੋਲ ਮਾਡਲ ਹੋਣੇ ਚਾਹੀਦੇ’
ਉਨ੍ਹਾਂ ਕਿਹਾ ਕਿ ਮਰਹੂਮ ਜੇਤਲੀ ਅਸਲ ਵਿੱਚ ਇੱਕ ਨੇਤਾ ਸਨ ਅਤੇ ਸੰਸਦ ਨੂੰ ਉਨ੍ਹਾਂ ਦੀਆਂ ਯਾਦਾਂ ਦੀ ਕਦਰ ਕਰਨੀ ਚਾਹੀਦੀ ਹੈ।
ਬੇਦੀ ਨੇ ਕਿਹਾ, "ਤੁਹਾਡੇ ਆਸ ਪਾਸ ਦੇ ਲੋਕ ਤੁਹਾਨੂੰ ਇਹ ਨਹੀਂ ਦੱਸਣਗੇ ਕਿ ਲਾਰਡਜ਼ ਵਿਖੇ ਡਬਲਯੂ ਜੀ ਗ੍ਰੇਸ, ਓਵਲ ਵਿਖੇ ਸਰ ਜੈਕ ਹੌਬਜ਼, ਸਿਡਨੀ ਕ੍ਰਿਕਟ ਗਰਾਉਂਡ ਵਿਖੇ ਸਰ ਡੌਨ ਬ੍ਰੈਡਮੈਨ, ਬਾਰਬਾਡੋਸ ਵਿਖੇ ਸਰ ਗੈਰੀ ਸੋਬਰਜ਼ ਅਤੇ ਮੈਲਬਰਨ ਕ੍ਰਿਕਟ ਗਰਾਉਂਡ ਵਿਚ ਸ਼ੇਨ ਵਾਰਨ ਦੀਆਂ ਮੂਰਤੀਆਂ ਹਨ।"
ਉਨ੍ਹਾਂ ਕਿਹਾ, 'ਖੇਡ ਦੇ ਮੈਦਾਨ ਵਿਚ ਖੇਡਾਂ ਨਾਲ ਸਬੰਧਤ ਰੋਲ ਮਾਡਲ ਹੋਣੇ ਚਾਹੀਦੇ ਹਨ। ਪ੍ਰਬੰਧਕਾਂ ਦੀ ਜਗ੍ਹਾ ਉਨ੍ਹਾਂ ਦੇ ਸ਼ੀਸ਼ੇ ਦੇ ਕੈਬਿਨ ਵਿਚ ਹੀ ਹੈ। ਡੀਡੀਸੀਏ ਇਸ ਵਿਸ਼ਵਵਿਆਪੀ ਸਭਿਆਚਾਰ ਨੂੰ ਨਹੀਂ ਸਮਝਦਾ ਤਾਂ ਇਸ ਲਈ ਮੇਰੇ ਖਿਆਲ ਨਾਲ ਇਸ ਤੋਂ ਪਰੇ ਰਹਿਣਾ ਸਹੀ ਹੈ। ਮੈਂ ਕਿਸੇ ਅਜਿਹੇ ਸਟੇਡੀਅਮ ਦਾ ਹਿੱਸਾ ਨਹੀਂ ਬਣਨਾ ਚਾਹੁੰਦਾ ਜਿਸ ਦੀਆਂ ਤਰਜੀਹਾਂ ਗ਼ਲਤ ਹੋਣ। ਜਿੱਥੇ ਪ੍ਰਬੰਧਕਾਂ ਨੂੰ ਕ੍ਰਿਕਟਰਾਂ ਤੋਂ ਉੱਪਰ ਰੱਖਿਆ ਜਾਂਦਾ ਹੋਵੇ। ਕਿਰਪਾ ਕਰਕੇ ਮੇਰਾ ਨਾਮ ਤੁਰੰਤ ਹਟਾ ਦਿਓ। '
ਦੱਸ ਦੇਇਏ ਕਿ ਜੇਤਲੀ 1999 ਅਤੇ 2013 ਦਰਮਿਆਨ 14 ਸਾਲਾਂ ਲਈ ਡੀਡੀਸੀਏ ਪ੍ਰਧਾਨ ਸਨ। ਕ੍ਰਿਕਟ ਐਸੋਸੀਏਸ਼ਨ ਉਨ੍ਹਾਂ ਦੀ ਯਾਦ ਵਿੱਚ ਕੋਟਲਾ ਉੱਤੇ ਛੇ ਫੁੱਟ ਦਾ ਬੁੱਤ ਲਗਾਉਣ ਬਾਰੇ ਸੋਚ ਰਹੀ ਹੈ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ: