ਕੋਰੋਨਾਵਾਇਰਸ: ਅਮਰੀਕਾ ਵਿੱਚ ਸੋਮਵਾਰ ਤੋਂ ਸ਼ੁਰੂ ਹੋਵੇਗਾ ਕੋਵਿਡ-19 ਟੀਕਾਕਰਣ -ਪ੍ਰੈੱਸ ਰਿਵੀਊ

ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਐਮਰਜੈਂਸੀ ਵਰਤੋਂ ਦੀ ਪ੍ਰਵਾਨਗੀ ਮਿਲਣ ਮਗਰੋਂ ਨਾਗਰਿਕਾਂ ਨੂੰ ਸੋਮਵਾਰ ਤੋਂ Pfizer/BioNTech ਕੋਰੋਨਾਵਾਇਰਸ ਵੈਕਸੀਨ ਮਿਲਣੀ ਸ਼ੁਰੂ ਹੋ ਜਾਵੇਗੀ।

ਜੈਨ ਗੁਸਤਾਵੇ ਪੇਰਨਾ ਇਸ ਪ੍ਰਕਿਰਿਆ ਦੀ ਨਜ਼ਰਸਾਨੀ ਕਰ ਰਹੇ ਹਨ। ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਤੀਹ ਲੱਖ ਖ਼ੁਰਾਕਾਂ ਦੀ ਪਹਿਲੀ ਖੇਪ ਅਮਰੀਕਾ ਦੇ ਸਾਰੇ ਸੂਬਿਆਂ ਵਿੱਚ ਇਸ ਹਫ਼ਤੇ ਪਹੁੰਚ ਜਾਵੇਗੀ।

ਵੈਕਸੀਨ ਕੋਰੋਨਾਵਾਇਰਸ ਤੋਂ 95 ਫ਼ੀਸਦ ਤੱਕ ਸੁਰੱਖਿਆ ਦਿੰਦੀ ਹੈ ਅਤੇ ਇਸ ਨੂੰ ਅਮਰੀਕਾ ਦੀ ਫੂਡ ਐਂਡ ਡਰੱਗ ਐਡਮਨਿਸਟਰੇਸ਼ਨ ਵੱਲੋਂ ਹਰੀ ਝੰਡੀ ਮਿਲ ਚੁੱਕੀ ਹੈ।

ਸ਼ਨਿੱਚਰਵਾਰ ਨੂੰ ਅਮਰੀਕਾ ਵਿੱਚ 3,309 ਮੌਤਾਂ ਹੋਈਆਂ ਜੋ ਕਿ ਹੁਣ ਤੱਕ ਇੱਕ ਦਿਨ ਵਿੱਚ ਕਰੋਨਾਵਾਇਰਸ ਨਾਲ ਹੋਈਆਂ ਮੌਤਾਂ ਦੀ ਸਭ ਤੋਂ ਵੱਡੀ ਸੰਖਿਆ ਹੈ।

ਇਹ ਵੀ ਪੜ੍ਹੋ:

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ’ਤੇ ਇੰਝ ਲਿਆਓ

ਦੁਸ਼ਯੰਤ ਨੂੰ ਇੱਕ ਦੋ ਦਿਨਾਂ ਵਿੱਚ ਕਿਸਾਨ ਸੰਘਰਸ਼ ਦੇ ਹੱਲ ਦੀ ਉਮੀਦ

ਹਰਿਆਣਾ ਦੇ ਉਪ-ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਦਿੱਲੀ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ, ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ, ਅਤੇ ਖ਼ੁਰਾਕ, ਰੇਲਵੇ ਅਤੇ ਕਾਰੋਬਾਰ ਮੰਤਰੀ ਪਿਊਸ਼ ਗੋਇਲ ਨਾਲ ਮੁਲਾਕਾਤ ਕਰ ਕੇ ਕਿਸਾਨਾਂ ਅੰਦੋਲਨ ਬਾਰੇ ਚਰਚਾ ਕੀਤੀ

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਉਨ੍ਹਾਂ ਨੇ ਆਸ ਪ੍ਰਗਟਾਈ ਕਿ ਅਗਲੇ 24 ਤੋਂ 48 ਘੰਟਿਆਂ ਦੌਰਾਨ ਸਥਿਤੀ ਵਿੱਚ ਸੁਧਾਰ ਹੋਵੇਗਾ। "ਮਸਲਾ ਕੇਂਦਰ ਨਾਲ ਸਬੰਧਤ ਹੈ ਨਾ ਕਿ ਹਰਿਆਣੇ ਨਾਲ ਕਿਉਂਕਿ ਕਾਨੂੰਨ ਕੇਂਦਰ ਸਰਕਾਰ ਵੱਲੋਂ ਅਮਲ ਵਿੱਚ ਲਿਆਂਦੇ ਗਏ ਹਨ।''

''ਕੇਂਦਰੀ ਆਗੂਆਂ ਨਾਲ ਹੋਈ ਮੇਰੀ ਗੱਲਬਾਤ ਦੇ ਅਧਾਰ 'ਤੇ ਮੈਂ ਕਹਿ ਸਕਦਾ ਹਾਂ ਕਿ ਅਗਲੇ 24 ਤੋਂ 48 ਘੰਟਿਆਂ ਦੌਰਾਨ ਇਸ ਦਾ ਕੋਈ ਹੱਲ ਜ਼ਰੂਰ ਨਿਕਲੇਗਾ।"

ਕਿਸਾਨਾਂ ਨੂੰ ਕੇਂਦਰ ਵੱਲੋਂ ਗੱਲਬਾਤ ਲਈ ਨਵਾਂ ਸੱਦਾ ਭੇਜੇ ਜਾਣ ਦੇ ਸਵਾਲ 'ਤੇ ਉਨ੍ਹਾਂ ਨੇ ਕਿਹਾ ਕਿ ਕੇਂਦਰੀ ਆਗੂ ਇਸ ਬਾਰੇ ਬਹੁਤ ਗੰਭੀਰ ਸਨ ਅਤੇ ਉਨ੍ਹਾਂ ਨੂੰ ਯਕੀਨ ਹੈ ਕਿ ਦੋਵਾਂ ਪੱਖਾਂ ਦਰਮਿਆਨ ਗੱਲਬਾਤ ਦਾ ਇੱਕ ਹੋਰ ਗੇੜ ਇੱਕ ਜਾਂ ਦੋ ਦਿਨਾਂ ਵਿੱਚ ਸ਼ੁਰੂ ਹੋ ਜਾਵੇਗਾ ਤੇ ਕੋਈ ਹੱਲ ਨਿਕਲੇਗਾ।

ਭੈਣ ਦੇ ਅਣਖ ਪਿੱਛੇ ਕਤਲ ਦੇ ਇਲਜ਼ਾਮ ਵਿੱਚ ਭਰਾ ਗ੍ਰਿਫ਼ਤਾਰ

ਦਿੱਲੀ ਪੁਲਿਸ ਨੇ ਇੱਕ 32 ਸਾਲਾ ਵਿਅਕਤੀ ਨੂੰ ਆਪਣੀ 23 ਸਾਲਾ ਭੈਣ ਦਾ ਕਤਲ ਕਰਨ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕੀਤਾ ਹੈ।

ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਇਲਜ਼ਾਮ ਹੈ ਕਿ ਉਸ ਨੇ ਆਪਣੀ ਭੈਣ ਨੂੰ ਮਾਰਿਆ ਅਤੇ ਲਾਸ਼ ਨੂੰ ਉੱਤਰ ਪ੍ਰਦੇਸ਼ ਦੇ ਮੈਨਪੁਰੀ ਜ਼ਿਲ੍ਹੇ ਵਿੱਚ ਆਪਣੇ ਪਰਿਵਾਰਕ ਖੇਤ ਵਿੱਚ ਲਿਜਾ ਕੇ ਸਾੜ ਦਿੱਤਾ।

ਪੁਲਿਸ ਮੁਤਾਬਕ ਮਰਹੂਮ ਚਾਂਦਨੀ ਕਸ਼ਿਯਪ ਦਿੱਲੀ ਦੇ ਤ੍ਰਿਲੋਕਪੁਰੀ ਵਿੱਚ ਆਪਣੇ ਪੱਚੀ ਸਾਲਾ ਪਤੀ ਅਰਜੁਨ ਕੁਮਾਰ (25) ਨਾਲ ਜੋ ਕਿ ਇੱਕ ਦਲਿਤ ਸੀ ਨਾਲ ਵਿਆਹ ਤੋਂ ਬਾਅਦ ਰਹਿ ਰਹੀ ਸੀ। ਅਰਜੁਨ ਕੁਮਾਰ ਇੱਕ ਨਿੱਜੀ ਫਰਮ ਵਿੱਚ ਨੌਕਰੀ ਕਰਦਾ ਸੀ।

ਪੁਲਿਸ ਮੁਤਾਬਕ ਚਾਂਦਨੀ ਦੇ ਭਰਾ ਸੁਨੀਲ (32), ਸੁਸ਼ੀਲ (28) ਅਤੇ ਸੁਧੀਰ (26) ਨੇ 17 ਨਵੰਬਰ ਨੂੰ ਚਾਂਦਨੀ ਨਾਲ ਦਿੱਲੀ ਵਿੱਚ ਮਿਲੇ ਅਤੇ ਉਸ ਨੂੰ ਮੈਨਪੁਰੀ ਵਿੱਚ ਆਪਣੇ ਨਾਲ ਘਰ ਲੈ ਗਏ। ਇੱਥੇ 20 ਨਵੰਬਰ ਨੂੰ ਉਸ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਅਤੇ ਲਾਸ਼ ਨੂੰ ਪਰਿਵਾਰਕ ਖੇਤ ਵਿੱਚ ਦਫ਼ਨਾ ਦਿੱਤਾ ਗਿਆ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)