ਅਮਰੀਕੀ ਚੋਣਾਂ 2020 ਨਤੀਜਾ : ਔਰਤ ਵੋਟਰ ਪਾ ਸਕਦੀਆਂ ਨੇ ਟਰੰਪ ਦੇ ਬੇੜੀ 'ਚ ਵੱਟੇ

ਤਸਵੀਰ ਸਰੋਤ, jose moreno
- ਲੇਖਕ, ਤਾਰਾ ਮੈਕਲੇਵੀ
- ਰੋਲ, ਬੀਬੀਸੀ ਨਿਊਜ਼ ਪੈਨਿਸਲਵੇਨੀਆ
ਅਮਰੀਕੀ ਚੋਣਾਂ ਵਿੱਚ ਉਨ੍ਹਾਂ ਔਰਤਾਂ ਦੀਆਂ ਵੋਟਾਂ ਬਹੁਤ ਅਹਿਮ ਹਨ ਜਿਹੜੀਆਂ ਕਸਬਿਆਂ ਜਾਂ ਉੱਪ-ਨਗਰਾਂ ਵਿੱਚ ਰਹਿੰਦੀਆਂ ਹਨ। ਅਜਿਹੀਆਂ ਹੀ ਕੁਝ ਔਰਤਾਂ ਇਹ ਦੱਸ ਰਹੀਆਂ ਹਨ ਕਿ ਕਿਹੜੇ ਮੁੱਦੇ ਉਨ੍ਹਾਂ ਲਈ ਅਹਿਮ ਹਨ ਅਤੇ ਕਿਹੜੇ ਉਮੀਦਵਾਰ ਦਾ ਉਹ ਕਿੰਨਾਂ ਕਾਰਨਾਂ ਕਰਕੇ ਸਮਰਥਨ ਕਰ ਰਹੀਆਂ ਹਨ।
ਫ਼ਿਲਡੈਲਫ਼ੀਆ ਦੇ ਪੂਰਬੀ ਨੌਰੀਟਨ ਵਿੱਚ ਆਪਣੀ ਸੱਸ ਦੇ ਘਰ ਦੇ ਨੇੜੇ ਇੱਕ ਪਿਆਰਾ ਜਿਹਾ ਘਰ ਦਿਖਾਉਂਦੇ ਹੋਏ ਕਿਮਬਰਲੀ ਕ੍ਰਿਬੇਲ ਨੇ ਮੈਨੂੰ ਦੱਸਿਆ ਕਿ ਅਜਿਹਾ ਹੀ ਇੱਕ ਘਰ ਉਹ ਆਪਣੇ ਲਈ ਚਾਹੁੰਦੀ ਹੈ। ।
ਕਿਮਬਰਲੀ ਆਪਣੇ ਪਤੀ ਨਾਲ ਇਥੋਂ ਇੱਕ ਮੀਲ ਦੂਰ ਇੱਕ ਅਪਾਰਟਮੈਂਟ ਵਿੱਚ ਰਹਿੰਦੀ ਹੈ। ਉਹ ਇੱਕ ਅਜਿਹਾ ਘਰ ਲੋਚਦੀ ਹੈ, ਜਿਥੇ ਉਸਦੇ ਪਾਲਤੂ ਕੁੱਤੇ ਦੇ ਘੁੰਮਣ ਲਈ ਵੀ ਲੋੜੀਂਦੀ ਜਗ੍ਹਾ ਹੋਵੇ।
ਇਹ ਵੀ ਪੜ੍ਹੋ
ਉਹ ਕਹਿੰਦੀ ਹੈ, "ਜਦੋਂ ਵੀ ਮੈਂ ਇਥੋਂ ਲੰਘਦੀ ਹਾਂ ਤਾਂ ਵਿਹੜੇ ਨੂੰ ਦੇਖ ਕੇ ਮੈਨੂੰ ਈਰਖਾ ਹੁੰਦੀ ਹੈ।"
46 ਸਾਲ ਦੀ ਕ੍ਰਿਬੇਲ ਕਹਿੰਦੀ ਹੈ ਕਿ ਉਹ ਟਰੰਪ ਦੀਆਂ ਵਪਾਰ ਦੇ ਹੱਕ ਵਿੱਚ ਨੀਤੀਆਂ ਦੀ ਪ੍ਰਸ਼ੰਸਕ ਹੈ ਅਤੇ ਉਸਨੂੰ ਉਮੀਦ ਹੈ ਕਿ ਜੇ ਟਰੰਪ ਰਾਸ਼ਟਰਪਤੀ ਬਣੇ ਰਹੇ ਤਾਂ ਉਸ ਨੂੰ ਅਤੇ ਉਸਦੇ ਪਤੀ ਨੂੰ ਮਨਚਾਹਿਆ ਮਕਾਨ ਖ਼ਰੀਦਣ ਦਾ ਬਿਹਤਰ ਮੌਕਾ ਮਿਲੇਗਾ।
ਉਹ ਕਹਿੰਦੀ ਹੈ, "ਸੱਚੀਂ, ਉਨ੍ਹਾਂ ਨੇ ਅਰਥ ਵਿਵਸਥਾ ਨੂੰ ਸਭ ਤੋਂ ਵਧੀਆ ਤਰੀਕੇ ਨਾਲ ਸੰਭਾਲਿਆ ਹੈ।"
ਉਹ ਕਈ ਹੋਰ ਕਾਰਨਾਂ ਕਰਕੇ ਵੀ ਟਰੰਪ ਦੀ ਤਾਰੀਫ਼ ਕਰਦੀ ਹੈ। ਉਹ ਇੱਕ ਈਸਾਈ ਪਰਿਵਾਰ ਵਿੱਚ ਪਲੀ। ਗਰਭਪਾਤ ਨੂੰ ਲੈ ਕੇ ਟਰੰਪ ਦੀਆਂ ਨੀਤੀਆਂ ਦਾ ਉਹ ਸਮਰਥਨ ਕਰਦੀ ਹੈ। ਟਰੰਪ ਜਿਵੇਂ ਧਾਰਮਿਕ ਆਜ਼ਾਦੀ ਦੀ ਗੱਲ ਕਰਦੇ ਹਨ ਕ੍ਰਿਬੇਲ ਉਸਦੀ ਵੀ ਤਾਰੀਫ਼ ਕਰਦੀ ਹੈ।
ਟਰੰਪ ਦੇ ਮਾਮਲੇ ਵਿੱਚ ਅਜਿਹਾ ਸਾਕਾਰਤਮਕ ਰਵੱਈਆ ਰੱਖਣ ਵਾਲੀ ਉਹ ਇਕੱਲੀ ਨਹੀਂ ਹੈ। ਉਸਦੇ ਕਈ ਗੁਆਂਢੀ ਵੀ ਉਸ ਦੇ ਇਸ ਨਜ਼ਰੀਏ ਦਾ ਸਮਰਥਨ ਕਰਦੇ ਹਨ।

ਤਸਵੀਰ ਸਰੋਤ, jose moreno
ਜਦੋਂ ਮੈਂ 54 ਸਾਲਾਂ ਦੀ ਮੇਰਿਲ ਡੈਲੇ-ਪਾਰਕਰ ਜੋ ਕਿ ਇੱਕ ਨਰਸ ਹੈ, ਨੂੰ ਟਰੰਪ ਦੇ ਬਾਰੇ ਵਿੱਚ ਪੁੱਛਦੀ ਹਾਂ ਤਾਂ ਉਹ ਹੱਸਣ ਲੱਗਦੀ ਹੈ। ਉਹ ਦੱਸਦੀ ਹੈ ਕਿ ਉਹ ਨਸਲਵਾਦ, ਵਾਇਰਸ ਅਤੇ ਬੇਰੁਜ਼ਗਾਰੀ ਦੀ ਵਧੀ ਹੋਈ ਦਰ ਨੂੰ ਲੈ ਕੇ ਚਿੰਤਿਤ ਹੈ।
ਉਹ ਕਹਿੰਦੀ ਹੈ, "ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਹਨ ਜਿੰਨਾਂ ਨਾਲ ਅਸੀਂ ਇੱਕ ਰਾਸ਼ਟਰ ਦੇ ਰੂਪ ਵਿੱਚ ਜੂਝ ਰਹੇ ਹਾਂ।"
ਉਸਦਾ ਮੰਨਣਾ ਹੈ ਕਿ ਟਰੰਪ ਨੇ ਕਈ ਚੀਜ਼ਾਂ ਨੂੰ ਨਿਘਾਰ ਤੱਕ ਪਹੁੰਚਾ ਦਿੱਤਾ ਹੈ।
ਰਾਸ਼ਟਰਪਤੀ ਟਰੰਪ ਨੂੰ ਲੈ ਕੇ ਇਨ੍ਹਾਂ ਦੋ ਕਸਬਿਆਂ ਵਿਚ ਵੱਸਦੀਆਂ ਔਰਤਾਂ ਦਾ ਵੱਖ ਵੱਖ ਤਰ੍ਹਾਂ ਦਾ ਨਜ਼ਰੀਆ ਹੈ।

ਤਸਵੀਰ ਸਰੋਤ, Reuters
ਔਰਤਾਂ ਦਾ ਵੋਟ ਅਹਿਮ ਹੈ?
ਅਮਰੀਕੀ ਚੋਣਾਂ ਵਿੱਚ ਔਰਤਾਂ ਦੀਆਂ ਵੋਟਾਂ ਹਮੇਸ਼ਾਂ ਅਹਿਮ ਰਹੀਆਂ ਹਨ। ਥਿੰਕ ਟੈਂਕ ਪੀਊ ਮੁਤਾਬਿਕ ਮਰਦਾਂ ਦੇ ਮੁਕਾਬਲੇ ਔਰਤਾਂ ਦੀ ਵੋਟ ਪ੍ਰਤੀਸ਼ਤਤਾ ਜ਼ਿਆਦਾ ਹੈ। ਔਰਤ ਵੋਟਰਾਂ ਦੇ ਨਜ਼ਰੀਏ ਨੂੰ ਚੋਣ ਪ੍ਰਚਾਰ ਦੋਰਾਨ ਵਿਸ਼ੇਸ ਅਹਿਮੀਅਤ ਵੀ ਦਿੱਤੀ ਗਈ ਹੈ ਕਿਉਂਕਿ ਟਰੰਪ ਖ਼ੁਦ ਨੂੰ ਮਿਲਣ ਵਾਲੇ ਔਰਤਾਂ ਦੇ ਸਮਰਥਨ ਦੇ ਫ਼ਰਕ ਨੂੰ ਮਿਟਾਉਣਾ ਚਾਹੁੰਦੇ ਹਨ।
ਔਰਤਾਂ ਦਾ ਸਮਰਥਨ ਹਾਸਿਲ ਕਰਨ ਦੇ ਮਾਮਲੇ ਵਿੱਚ ਟਰੰਪ ਆਪਣੇ ਵਿਰੋਧੀ ਜੋ ਬਾਇਡਨ ਨਾਲੋਂ ਬਹੁਤ ਪਿੱਛੇ ਹੈ।
ਹਾਲ ਹੀ ਵਿੱਚ ਸਮਾਚਾਰ ਚੈਨਲ ਏਬੀਸੀ ਦੇ ਸਰਵੇਖਣ ਮੁਤਾਬਿਕ ਪੈਨਿਸਲਵੇਨੀਆਂ ਵਿੱਚ 61 ਫ਼ੀਸਦੀ ਔਰਤਾਂ ਬਾਇਡਨ ਦਾ ਸਮਰਥਣਨ ਕਰਨ ਦੀ ਗੱਲ ਕਰਦੀਆਂ ਹਨ ਪਰ ਇਥੇ ਟਰੰਪ ਨੂੰ ਸਿਰਫ਼ 38 ਫ਼ੀਸਦੀ ਔਰਤਾਂ ਦਾ ਸਾਥ ਹਾਸਿਲ ਹੈ।
ਪੈਨੇਸਲਵੇਨੀਆਂ ਉਨ੍ਹਾਂ ਸੂਬਿਆਂ ਵਿੱਚੋਂ ਇੱਕ ਹੈ, ਜਿਥੋਂ ਦੀਆਂ ਵੋਟਾਂ ਦੀ ਚੋਣਾਂ ਵਿੱਚ ਫ਼ੈਸਲਾਕੁੰਨ ਭੂਮਿਕਾ ਹੈ। ਇਸੇ ਕਰਕੇ ਇਥੇ ਰਹਿਣ ਵਾਲੀਆਂ ਔਰਤਾਂ ਦਾ ਸਮਰਥਨ ਸਿਆਸੀ ਆਗੂਆਂ ਲਈ ਖ਼ਾਸ ਮਹੱਤਤਾ ਰੱਖਦਾ ਹੈ। ਟਰੰਪ ਇਥੋਂ ਦੀਆਂ ਔਰਤਾਂ ਦਾ ਸਮਰਥਨ ਹਾਸਿਲ ਕਰਨ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਨ।
ਉਨ੍ਹਾਂ ਨੇ ਅਪਰਾਧ ਖ਼ਤਮ ਕਰਨ ਦੀ ਗੱਲ ਕਹੀ ਹੈ। ਉਨ੍ਹਾਂ ਨੇ ਡੈਮੋਕ੍ਰੇਟਿਕ ਪਾਰਟੀ ਦੇ ਵਾਅਦਿਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਤੋਂ ਬਚ ਕੇ ਰਹਿਣ ਨੂੰ ਕਿਹਾ ਹੈ।
ਨਾਲ ਹੀ ਡੈਮੋਕ੍ਰੇਟਿਕ ਪਾਰਟੀ ਨੇ ਕਿਫ਼ਾਇਤੀ ਕੀਮਤਾਂ 'ਤੇ ਘਰ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ ਹੈ। ਮਿਸ਼ੀਗਨ ਵਿੱਚ ਹੋਈ ਰੈਲੀ ਦੌਰਾਨ ਟਰੰਪ ਨੇ ਲੋਕਾਂ ਨੂੰ ਪੁੱਛਿਆ ਕਿ ਕੀ ਉਹ, "ਆਪਣੇ ਖ਼ੂਬਸੂਰਤ ਕਸਬਾਈ ਘਰ ਦੇ ਗੁਆਂਢ ਵਿੱਚ ਕਿਸੇ ਕਿਫ਼ਾਇਤੀ ਹਾਊਸਿੰਗ ਪ੍ਰੋਜੈਕਟ ਨੂੰ ਲਿਆਉਣਾ ਪਸੰਦ ਕਰਨਗੇ?"
ਹੋਰ ਰੈਲੀਆਂ ਵਿੱਚ ਵੀ ਉਨ੍ਹਾਂ ਨੇ ਅਜਿਹੇ ਹੀ ਪ੍ਰਸ਼ਨ ਖੜੇ ਕੀਤੇ।
ਨੇਵਾਡਾ ਵਿੱਚ ਹੋਈ ਇੱਕ ਰੈਲੀ ਵਿੱਚ ਟਰੰਪ ਨੇ ਕਸਬਿਆਂ ਦੀਆਂ ਔਰਤਾਂ ਦੀਆਂ ਵੋਟਾਂ ਮੰਗਦੇ ਹੋਏ ਕਿਹਾ, ਮੈਂ ਤੁਹਾਡੇ ਘਰਾਂ ਨੂੰ ਬਚਾਉਂਗਾ। ਮੈਂ ਤੁਹਾਡੇ ਭਾਈਚਾਰੇ ਨੂੰ ਬਚਾਉਂਗਾ। ਮੈਂ ਅਪਰਾਧ ਘਟਾਉਂਗਾ।"
ਪੈਨੇਸਲਵੇਨੀਆ ਦੀ ਇੱਕ ਰੈਲੀ ਵਿੱਚ ਉਨ੍ਹਾਂ ਨੇ ਬੇਨਤੀ ਭਰੀ ਸੁਰ ਵਿੱਚ ਔਰਤਾਂ ਨੂੰ ਕਿਹਾ,"ਕੀ ਤੁਸੀਂ ਮੈਨੂੰ ਪਸੰਦ ਕਰੋਂਗੀਆਂ?"

ਤਸਵੀਰ ਸਰੋਤ, jose moreno
ਜੋ ਬਾਇਡਨ ਦੇ ਏਜੰਡੇ ਵਿੱਚ ਵੀ ਔਰਤਾਂ ਦੇ ਮੁੱਦਿਆਂ ਨੂੰ ਅਹਿਮੀਅਤ
ਬਾਇਡਨ ਵੀ ਚੋਣ ਪ੍ਰਚਾਰ ਦੌਰਾਨ ਔਰਤ ਵੋਟਰਾਂ ਨੂੰ ਆਪਣੇ ਵੱਲ ਕਰਨ ਲਈ ਜ਼ੋਰ ਲਾ ਰਹੇ ਹਨ। ਉਨ੍ਹਾਂ ਦੇ ਏਜੰਡੇ ਵਿੱਚ ਕਈ ਅਜਿਹੀਆਂ ਗੱਲਾਂ ਹਨ ਜੋ ਕਿ ਕਸਬਿਆਂ ਦੀਆਂ ਔਰਤਾਂ ਨੂੰ ਧਿਆਨ ਵਿੱਚ ਰੱਖ ਕੇ ਕੀਤੀਆਂ ਗਈਆਂ ਹਨ। ਇੰਨਾਂ ਵਿੱਚ ਸਿਹਤ ਸੰਭਾਲ, ਜਲਵਾਯੂ ਪਰਿਵਰਤਨ ਅਤੇ ਯੂਨੀਵਰਸਲ ਪ੍ਰੀ-ਸਕੂਲ ਵਰਗੇ ਮੁੱਦੇ ਸ਼ਾਮਿਲ ਹਨ।
ਰਾਸ਼ਟਰਪਤੀ ਆਹੁਦੇ ਦੇ ਇੰਨਾਂ ਦੋ ਉਮੀਦਵਾਰਾਂ ਦੀਆਂ ਇਨ੍ਹਾਂ ਕਸਬਾਈ ਇਲਾਕੇ ਦੀਆਂ ਔਰਤਾਂ ਦਾ ਸਮਰਥਨ ਹਾਸਿਲ ਕਰਨ ਦੀਆਂ ਕੋਸ਼ਿਸ਼ਾਂ ਨੇ ਇਨ੍ਹਾਂ ਔਰਤਾਂ ਨੂੰ ਆਪਣੀ ਕਸਬਾਈ ਜ਼ਿੰਦਗੀ ਅਤੇ ਦੋਵਾਂ ਉਮੀਦਵਾਰਾਂ ਨੂੰ ਪਰਖ਼ਣ ਦਾ ਇੱਕ ਮੌਕਾ ਦਿੱਤਾ ਹੈ।

ਤਸਵੀਰ ਸਰੋਤ, JOSE MORENO
ਨਜ਼ਰੀਏ ਦਾ ਫ਼ਰਕ
ਟਰੰਪ ਸਮਰਥਕ ਕਿਮਬਰਲੀ ਕ੍ਰਿਬੇਲ ਅਤੇ ਬਾਇਡਨ ਸਮਰਥਕ ਮੇਰਿਲ ਡੈਲੇ-ਪਾਰਕਰ ਅਮਰੀਕੀ ਕਸਬਾਈ ਜ਼ਿੰਦਗੀ ਦੇ ਦੋ ਵੱਖ ਵੱਖ ਨਜ਼ਰੀਏ ਪੇਸ਼ ਕਰਦੀਆਂ ਹਨ। ਆਮ ਤੌਰ 'ਤੇ ਅਮਰੀਕੀ ਕਸਬੇ ਗੋਰਿਆਂ ਦੇ ਦਬਦਬੇ ਵਾਲੇ ਮੰਨੇ ਜਾਂਦੇ ਹਨ। ਇਸ ਲਈ ਡੈਲੇ-ਪਾਰਕਰ ਕਹਿੰਦੀ ਸੀ, ਉਹ ਇਲਾਕਾ ਪ੍ਰਗਤੀਸ਼ੀਲ ਹੈ। ਹਾਲਾਂਕਿ ਕੁਝ ਮਾਮਲਿਆਂ ਵਿੱਚ ਲੋਕ ਵੰਡੇ ਹੋਏ ਹਨ।
ਨਾਲ ਦੀ ਗਲੀ ਵਿੱਚ ਇੱਕ ਪਾਸੇ ਟਰੰਪ ਦਾ ਸਾਈਨ ਬੋਰਡ ਲੱਗਿਆ ਹੈ ਤਾਂ ਦੂਸਰੇ ਪਾਸੇ ਬਾਇਡਨ ਦਾ।
ਕ੍ਰਿਬੇਲ ਦੱਸਦੀ ਹੈ, "ਪਹਿਲਾਂ ਬਾਇਡਨ ਦਾ ਸਾਈਨ ਬੋਰਡ ਆਇਆ ਫ਼ਿਰ ਟਰੰਪ ਦਾ।"
ਹਾਲਾਂਕਿ ਹਾਲੇ ਵੀ ਇਸ ਕਾਉਂਟੀ ਵਿੱਚ ਡੈਮੋਕ੍ਰੇਟ ਵੱਧ ਹਨ। ਜੇ ਇਥੇ 3,00,000 ਰਜ਼ਿਸਟਰਡ ਡੈਮੋਕ੍ਰੇਟ ਹਨ ਤਾਂ 2,10,000 ਰਜ਼ਿਸਟਰਡ ਰਿਪਬਲੀਕਨ ਵੀ ਹਨ।
ਡੈਲੇ-ਪਾਰਕਰ ਅਤੇ ਉਸਦੇ ਪਤੀ ਟੋਨੀ ਪਾਰਕਰ ਦਾ ਕਹਿਣਾ ਹੈ ਕਿ ਦੋ ਦਹਾਕਿਆਂ ਵਿੱਚ ਇਥੇ ਸਿਆਸੀ ਬਦਲਾਅ ਆਏ ਹਨ।
ਟੋਨੀ ਪਾਰਕਰ ਕਹਿੰਦੇ ਹਨ, "ਤੁਸੀਂ ਇਥੇ ਘੁੰਮ ਕੇ ਬਾਇਡਨ ਦੇ ਸਮਰਥਣ ਵਾਲੇ ਇਸ ਤਰ੍ਹਾਂ ਦੇ ਕਈ ਬੋਰਡ ਦੇਖ ਸਕਦੇ ਹੋ। ਪਰ ਜਦੋਂ ਮੈਂ ਪਹਿਲੀ ਵਾਰ ਇਥੇ ਰਹਿਣ ਆਇਆ ਸੀ ਤਾਂ ਇਥੇ ਇੰਨੇ ਜ਼ਿਆਦਾ ਡੈਮੋਕ੍ਰੇਟ ਨਹੀਂ ਸਨ ਹੋਇਆ ਕਰਦੇ।"
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਹਾਲਾਂਕਿ ਕ੍ਰਿਬੇਲ ਵੀ ਇੱਕ ਮਜ਼ਬੂਤ ਰਾਜਨੀਤਿਕ ਰੁਝਾਨ ਦੀ ਪ੍ਰਤੀਨਿਧਤਾ ਕਰਦੀ ਹੈ। ਉਸ ਮੁਤਾਬਿਕ ਕਸਬਿਆਂ ਵਿੱਚ ਰਹਿਣ ਵਾਲੀਆਂ ਗੋਰੀਆਂ ਔਰਤਾਂ ਟਰੰਪ ਦਾ ਸਮਰਥਨ ਕਰਦੀਆਂ ਹਨ।
ਪਿਛਲੀਆਂ ਚੋਣਾਂ ਵਿੱਚ ਇਹ ਮੰਨਿਆਂ ਗਿਆ ਸੀ ਕਿ ਔਰਤਾਂ, ਇੱਕ ਔਰਤ ਉਮੀਦਵਾਰ ਹਿਲੇਰੀ ਕਲਿੰਟਨ ਦਾ ਸਾਥ ਦੇਣਗੀਆਂ ਪਰ ਟਰੰਪ ਜ਼ਿਆਦਾ ਮਜ਼ਬੂਤ ਉਮੀਦਵਾਰ ਸਾਬਿਤ ਹੋਏ ਕਿਉਂਕਿ ਕ੍ਰਿਬੇਲ ਵਾਂਗ ਕਈ ਔਰਤਾਂ ਨੂੰ ਲੱਗਿਆ ਮੁਕਾਬਲਤਨ ਟਰੰਪ ਇੱਕ ਵਧੇਰੇ ਮਜ਼ਬੂਤ ਉਮੀਦਵਾਰ ਹੈ।
ਨੇੜਲੇ ਕਸਬੇ ਡ੍ਰੇਕਸੇਲ ਹਿਲ ਦੀ ਵਾਸੀ 51 ਸਾਲਾ ਡੈਸ਼ਾ ਪਰੁਈਟ ਟਰੰਪ ਦੀ ਸਮਰਥਕ ਹੈ। ਉਹ ਇੱਕ ਬੀਮਾ ਕੰਪਨੀ ਵਿੱਚ ਐਗਜ਼ੀਕਿਊਟਿਵ ਅਸਿਸਟੈਂਟ ਦੇ ਤੌਰ 'ਤੇ ਕੰਮ ਕਰ ਚੁੱਕੀ ਹੈ।
ਉਹ ਕਹਿੰਦੀ ਹੈ ਕਿ ਉਨ੍ਹਾਂ ਨੂੰ ਟਰੰਪ ਦੀਆਂ ਨੀਤੀਆਂ ਜਿਵੇਂ ਟੈਕਸ ਵਿੱਚ ਕਟੌਤੀ ਦੀ ਨੀਤੀ, ਇਮੀਗ੍ਰੇਸ਼ਨ ਦੀ ਨੀਤੀ ਅਤੇ ਕਾਨੂੰਨ ਵਿਵਸਥਾ ਨੂੰ ਲੈ ਕੇ ਕਹੀਆਂ ਗਈਆਂ ਗੱਲਾਂ ਸਹੀ ਲੱਗਦੀਆਂ ਹਨ।
ਉਹ ਕਹਿੰਦੀ ਹੈ, "ਟਰੰਪ ਸਾਡੇ ਦੇਸ ਦੀ ਸੁਰੱਖਿਆ ਚਾਹੁੰਦੇ ਹਨ।" ਹਾਲਾਂਕਿ ਡੈਸ਼ਾਂ ਆਪ 10 ਸਾਲਾਂ ਦੀ ਸੀ ਜਦੋਂ ਮਾਸਕੋ ਤੋਂ ਅਮਰੀਕਾ ਆਈ ਸੀ।

ਤਸਵੀਰ ਸਰੋਤ, JOSE MORENO
ਡੈਸ਼ਾ ਉਮੀਦ ਕਰਦੀ ਹੈ ਕਿ ਟਰੰਪ ਇੱਕ ਵਾਰ ਫ਼ਿਰ ਤੋਂ ਰਾਸ਼ਟਰਪਤੀ ਬਣਨਗੇ।
ਉਹ ਕਹਿੰਦੀ ਹੈ, "ਸਟਾਕ ਮਾਰਕੀਟ ਹੁਣ ਚੰਗੀ ਚੱਲ ਰਹੀ ਹੈ ਅਤੇ ਇਹ ਟਰੰਪ ਦੀਆਂ ਨੀਤੀਆਂ ਕਰਕੇ ਹੈ। ਉਨ੍ਹਾਂ ਨੇ ਅਮਰੀਕੀ ਕਾਮਿਆਂ ਵੱਲ ਧਿਆਨ ਦਿੱਤਾ।"
ਉਹ ਅੱਗੇ ਕਹਿੰਦੀ ਹੈ, "ਮੈਂ ਇਹ ਗੱਲ ਪਸੰਦ ਕਰਦੀ ਹਾਂ ਕਿ ਉਹ ਅਮਰੀਕਾ ਨੂੰ ਸਭ ਤੋਂ ਅੱਗੇ ਰੱਖਣ ਦੀ ਨੀਤੀ 'ਤੇ ਤੁਰ ਰਿਹਾ ਹੈ। ਉਹ ਬਲੂ ਕਾਲਰ ਨੌਕਰੀਆਂ ਕਰਨ ਵਾਲਿਆਂ ਵੱਲ ਵੀ ਧਿਆਨ ਦਿੰਦਾ ਹੈ ਅਤੇ ਮੈਨੂੰ ਇਹ ਵੀ ਪਸੰਦ ਹੈ।"
2016 ਵਿੱਚ ਉਸਨੇ ਅਤੇ ਉਪ-ਨਗਰੀ ਖੇਤਰਾਂ ਵਿੱਚ ਰਹਿਣ ਵਾਲੀਆਂ ਕਈ ਹੋਰ ਔਰਤਾਂ ਨੇ ਟਰੰਪ ਦੀ ਤਾਰੀਫ਼ ਕੀਤੀ ਸੀ। ਤਕਰੀਬਨ 52ਫ਼ੀਸਦ ਗੋਰੀਆਂ ਔਰਤਾਂ ਨੇ ਟਰੰਪ ਨੂੰ ਵੋਟਾਂ ਪਾਈਆਂ ਸਨ। ਹਾਲਾਂਕਿ ਬਾਅਦ ਵਿੱਚ ਗੋਰੀਆਂ ਔਰਤਾਂ ਵਿੱਚ ਉਨ੍ਹਾਂ ਦਾ ਸਮਰਥਣ ਘੱਟ ਗਿਆ। ਇੱਕ ਰਾਸ਼ਟਰੀ ਸਰਵੇਖਣ ਮੁਤਾਬਿਕ ਤਕਰੀਬਨ 54 ਫ਼ੀਸਦ ਗੋਰੀਆਂ ਔਰਤਾਂ ਇਸ ਵਾਰ ਬਾਇਡਨ ਦਾ ਸਮਰਥਣ ਕਰ ਰਹੀਆਂ ਹਨ ਤੇ 45 ਫ਼ੀਸਦ ਟਰੰਪ ਦਾ ਸਮਰਥਣ ਕਰ ਰਹੀਆਂ ਹਨ।
29 ਸਾਲਾਂ ਦੀ ਬੇਥ ਜੈਕਸ਼ਾਇਰ ਇੱਕ ਲਾਇਬਰੇਰੀਅਨ ਹੈ। ਉਹ ਮੌਂਟਗੁਮਰੀ ਕਾਉਂਟੀ ਵਿੱਚ ਪੈਂਦੇ ਬ੍ਰਿਜਪੋਰਟ ਉਪ-ਨਗਰ ਵਿੱਚ ਰਹਿੰਦੀ ਹੈ। ਉਹ ਬਾਇਡਨ ਸਮਰਥਕ ਹੈ ਅਤੇ ਕਹਿੰਦੀ ਹੈ ਕਿ ਮੌਸਮ ਦੇ ਬਦਲਾਅ ਸੰਬੰਧੀ ਪੈਰਿਸ ਸਮਝੌਤੇ ਤੋਂ ਪਿੱਛੇ ਹਟਣ ਦੇ ਟਰੰਪ ਦੇ ਫ਼ੈਸਲੇ ਤੋਂ ਹੈਰਾਨ ਹਾਂ।
ਉਹ ਕਹਿੰਦੀ ਹੈ, "ਮੈਂ ਅਜਿਹੇ ਉਮੀਦਵਾਰ ਵੱਲ ਦੇਖਦੀ ਹਾਂ ਜੋ ਮੇਰੇ ਦੇਸ ਨੂੰ ਬਰਬਾਦ ਨਾ ਕਰੇ।"
ਟਰੰਪ ਦੀ ਚਰਚਾ ਕਰਦਿਆਂ ਉਹ ਕਹਿੰਦੀ ਹੈ ਕਿ ਉਹ ਪੈਰਿਸ ਸਮਝੌਤੇ ਅਤੇ ਡੈਮੋਕ੍ਰੇਟਾਂ ਵਲੋਂ ਕੀਤੇ ਹੋਰ ਕੰਮਾਂ ਨੂੰ ਉਲਟਾਉਣ ਲੱਗੇ ਹੋਏ ਹਨ। ਬਾਇਡਨ ਦੇ ਸਮਰਥਣ ਵਾਲੇ ਬੋਰਡਾਂ ਦੇ ਨਾਲ ਜੈਕਸ਼ਾਇਰ ਦੇ ਹੱਥ ਵਿੱਚ ਇਕ ਹੋਰ ਬੋਰਡ ਹੈ ਜਿਸ 'ਤੇ ਲਿਖਿਆ ਹੈ 'ਬਲੈਕ ਲਾਈਵਜ਼ ਮੈਟਰ'।
ਕਸਬਿਆਂ ਜਾਂ ਉਪਨਗਰਾਂ ਵਿੱਚ ਰਹਿਣ ਵਾਲੀਆਂ ਦੂਸਰੀਆਂ ਔਰਤਾਂ ਅਤੇ ਬੇਥ ਦਾ ਕਹਿਣਾ ਕਿ ਟਰੰਪ ਇੰਨਾਂ ਇਲਾਕਿਆਂ ਦੇ ਬਾਰੇ ਗੱਲ ਕਰਦੇ ਹਨ ਤਾਂ ਉਹ ਪੰਜਾਂਹਵੇਂ ਦਹਾਕੇ ਵਿੱਚ ਬਣੇ ਘਰਾਂ ਦਾ ਅਕਸ ਦਿਖਾਉਂਦੇ ਹਨ ਜਦੋਂ ਗੋਰਿਆਂ ਦੇ ਘਰ ਹੜ੍ਹਾਂ ਵਿੱਚ ਘਿਰੇ ਹੋਏ ਸਨ।
ਤੁਸੀਂ ਇਹ ਵੀ ਪੜ੍ਹ ਸਕਦੇ ਹੋ

ਤਸਵੀਰ ਸਰੋਤ, Reuters
ਨਿੱਜੀ ਅਕਸ
52 ਸਾਲ ਦੀ ਵਕੀਲ ਸੈਂਡਰਾ ਥੌਮਪਸਨ ਕਹਿੰਦੀ ਹੈ ਕਿ ਉਹ ਉਨ੍ਹਾਂ ਗੋਰੀਆਂ ਔਰਤਾਂ ਨੂੰ ਧਿਆਨ ਵਿੱਚ ਰੱਖ ਕੇ ਆਪਣਾ ਸੰਦੇਸ਼ ਦਿੰਦੇ ਹਨ ਜਿੰਨਾਂ ਬਾਰੇ ਉਹ ਸੋਚਦੇ ਹਨ ਕਿ ਉਹ ਕਾਲੇ ਲੋਕਾਂ ਤੋਂ ਆਪਣਾ ਘਰ ਅਲੱਗ ਰੱਖਣਾ ਚਾਹੁੰਦੀਆਂ ਹਨ। ਸੈਂਡਰਾ ਪੈਨੇਲਸਵੇਨੀਆ ਦੇ ਉਪਨਗਰ ਯੌਰਕ ਵਿੱਚ ਰਹਿੰਦੀ ਹੈ।
ਟਰੰਪ ਨੇ ਇਸ ਗੱਲ ਨੂੰ ਲੈ ਕੇ ਚੇਤਾਵਨੀ ਦਿੱਤੀ ਹੈ ਕਿ ਜੇ ਬਾਇਡਨ ਆਇਆ ਤਾਂ ਇਹ ਉਪਨਗਰ ਬਰਬਾਦ ਹੋ ਜਾਵੇਗਾ। ਹਾਲਾਂਕਿ ਇਹ ਕਹਿੰਦੇ ਹੋਏ ਉਹ ਮੰਨਦੇ ਹਨ ਕਿ ਹੁਣ ਅਫ਼ਰੀਕੀ-ਅਮਰੀਕੀ ਪਰਿਵਾਰ ਵੀ ਇੰਨਾਂ ਉਪਨਗਰਾਂ ਵਿੱਚ ਗੋਰਿਆਂ ਦੇ ਨਾਲ ਰਹਿੰਦੇ ਹਨ ਅਤੇ ਇੰਨਾਂ ਉਪਨਗਰਾਂ ਵਿੱਚ ਨਸਲੀ ਅਤੇ ਧਾਰਮਿਕ ਤੌਰ 'ਤੇ ਪਹਿਲਾਂ ਦੇ ਮੁਕਾਬਲੇ ਵਧੇਰੇ ਵਿਭਿੰਨਤਾ ਹੈ।
ਉਪਨਗਰਾਂ ਵਿੱਚ ਰਹਿਣ ਵਾਲੀਆਂ ਹੋਰ ਔਰਤਾਂ ਅਤੇ ਥੌਮਪਸਨ ਟਰੰਪ ਦੀ ਇੰਮੀਗ੍ਰੇਸ਼ਨ ਨੀਤੀ ਅਤੇ ਸੰਭਾਵਿਤ ਹਿੰਸਾ ਸੰਬੰਧੀ ਦਿੱਤੀ ਗਈ ਚੇਤਾਵਨੀ ਨੂੰ ਸਹੀ ਨਹੀਂ ਮੰਨਦੀਆਂ।
ਡੈਲੇ-ਪਾਰਕਰ ਕਹਿੰਦੀ ਹੈ, "ਇਸ ਤਰ੍ਹਾਂ ਦੀ ਡਰਾਉਣ ਵਾਲੀ ਰਣਨੀਤੀ ਅਣਉਚਿਤ ਹੈ।"
39 ਸਾਲ ਦੀ ਡੇਨੀਏਲ ਕਵੋਕ ਫ਼ਿਲਿਪਸ ਨੈਰਬਰਥ ਵਿੱਚ ਰਹਿੰਦੀ ਹੈ। ਉਹ ਕਾਨੂੰਨ ਦੀ ਵਿਦਿਆਰਥਣ ਹੈ।
ਉਹ ਕਹਿੰਦੀ ਹੈ, "ਉਪਨਗਰ ਵਿੱਚ ਰਹਿਣ ਵਾਲੀ ਇੱਕ ਔਰਤ ਹੋਣ ਨਾਤੇ ਮੈਂ ਚਾਹੁੰਦੀ ਹਾਂ ਕਿ ਇਥੇ ਵਿਭਿੰਨਤਾ ਹੋਵੇ। ਜੇ ਕਿਫ਼ਾਇਤੀ ਆਵਾਸ ਯੋਜਨਾ ਇਥੇ ਲਾਗੂ ਹੁੰਦੀ ਹੈ ਤਾਂ ਮੈਨੂੰ ਖ਼ੁਸ਼ੀ ਹੋਵੇਗੀ।"
ਉਨ੍ਹਾਂ ਦੇ ਇਸ ਦ੍ਰਿਸ਼ਟੀਕੋਣ ਦਾ ਸਮਰਥਣ, ਤੀਹ ਵਿੱਚੋਂ ਬਹੁਤੀਆਂ ਔਰਤਾਂ ਨੇ ਕੀਤਾ ਜਿਨ੍ਹਾਂ ਨਾਲ ਮੈਂ ਇਸ ਰਿਪੋਰਟ ਦੌਰਾਨ ਗੱਲਬਾਤ ਕੀਤੀ।
ਨਿਊਯਾਰਕ ਦੇ ਹੇਮਪਸਟੀਡ ਵਿੱਚ ਹੌਫ਼ਸਟ੍ਰਾ ਯੂਨੀਵਰਸਿਟੀ ਦੇ ਨੈਸ਼ਨਲ ਸੈਂਟਰ ਆਫ਼ ਸਬਅਰਬਨ ਸਟੱਡੀਜ਼ ਦੇ ਕਾਰਜਕਾਰੀ ਡੀਨ ਲਾਰੇਂਸ ਲੇਵੀ ਕਹਿੰਦੇ ਹਨ ਕਿ ਰਾਸ਼ਟਰਪਤੀ ਦੀ ਭਾਸ਼ਾ, "ਸਪਸ਼ੱਟ ਤੌਰ 'ਤੇ ਨਸਲਵਾਦੀ ਹੈ" ਉਨ੍ਹਾਂ ਮੁਤਾਬਿਕ, "ਸਾਨੂੰ ਉਪਨਗਰਾਂ ਵਿੱਚ ਰਹਿਣ ਵਾਲੀਆਂ ਔਰਤਾਂ ਵਿੱਚ ਅਸੰਤੁਸ਼ਟੀ ਦੇਖਣੀ ਚਾਹੀਦੀ ਹੈ।"
ਡੈਲੇ-ਪਾਰਕਰ ਲਈ ਅਪਰਾਧ ਨਾਲ ਜੁੜਿਆ ਮੁੱਦਾ ਏਨਾਂ ਅਹਿਮ ਨਹੀਂ ਹੈ। ਉਹ ਮਹਾਂਮਾਰੀ, ਸਿਹਤ ਸੰਭਾਲ ਅਤੇ ਨਸਲਵਾਦ ਨੂੰ ਲੈ ਕੇ ਵੱਧ ਚਿੰਤਿਤ ਹਨ। ਉਹ ਕਹਿੰਦੇ ਹਨ, "ਮੇਰੇ ਬੱਚੇ ਅਫ਼ਰੀਕੀ ਅਮਰੀਕੀ ਹਨ ਅਤੇ ਮੈਂ ਨਹੀਂ ਚਾਹੁੰਦੀ ਕਿ ਉਹ ਇੱਕ ਅਜਿਹੀ ਦੁਨੀਆਂ ਵਿੱਚ ਰਹਿਣ।"
ਟਰੰਪ ਨੂੰ ਲੈ ਕੇ ਹਾਲ ਹੀ ਦੇ ਮਹੀਨਿਆਂ ਵਿੱਚ ਉਨ੍ਹਾਂ ਦੇ ਵਿਚਾਰਾਂ ਵਿੱਚ ਜ਼ਿਆਦਾ ਤਲਖ਼ੀ ਆਈ ਹੈ। ਇਸ ਸਾਲ ਦੇ ਸ਼ੁਰੂ ਵਿੱਚ ਉਨ੍ਹਾਂ ਨੂੰ ਕੋਰੋਨਾ ਵਾਇਰਸ ਦੀ ਲਾਗ਼ ਲੱਗੀ ਸੀ। ਉਨ੍ਹਾਂ ਦਾ ਪਤੀ ਅਤੇ ਬੇਟੀ ਵੀ ਲਾਗ਼ ਤੋਂ ਪ੍ਰਭਾਵਿਤ ਹੋਏ। ਹੁਣ ਉਹ ਸਾਰੇ ਠੀਕ ਹਨ ਪਰ ਉਹ ਜਾਣਦੀ ਹੈ ਕਿ ਮਹਾਂਮਾਰੀ ਦੌਰਾਨ ਜਿਊਣਾ ਕਿਹੋ ਜਿਹਾ ਹੁੰਦਾ ਹੈ। ਉਹ ਕਹਿੰਦੀ ਹੈ ਕਿ ਰਾਸ਼ਟਰਪਤੀ ਦਾ ਇਹ ਕਹਿਣਾ ਕਿ ਲੋਕਾਂ ਨੂੰ ਇਸ ਤੋਂ ਡਰਨਾ ਨਹੀਂ ਚਾਹੀਦਾ ਗ਼ਲਤ ਹੈ ਅਤੇ ਇਸ ਮਾਮਲੇ 'ਤੇ ਉਨ੍ਹਾਂ ਦਾ ਕਿਰਦਾਰ ਠੀਕ ਨਹੀਂ ਹੈ।

ਤਸਵੀਰ ਸਰੋਤ, JOSE MORENO
ਡੈਲੇ ਪਾਰਕਰ ਕਹਿੰਦੀ ਹੈ, "ਗੱਲ ਭਾਵੇਂ ਕੋਵਿਡ ਦੀ ਹੋਵੇ ਜਾਂ ਬਹਿਸ ਦੀ। ਇਹ ਬਹੁਤ ਗ਼ਲਤ ਹੈ। ਉਨ੍ਹਾਂ ਵਿੱਚ ਅਗਵਾਈ ਦੀ ਘਾਟ ਹੈ। ਜਿੰਨਾਂ ਬਾਰੇ ਉਨ੍ਹਾਂ ਨੂੰ ਲਗਦਾ ਹੈ ਉਹ ਉਨ੍ਹਾਂ ਨਾਲ ਬਹਿਸ ਕਰ ਸਕਦੇ ਹਨ, ਉਨ੍ਹਾਂ ਪ੍ਰਤੀ ਉਹ ਬੇਇੱਜਤੀ ਭਰਿਆ ਰਵੱਈਆ ਰੱਖਦੇ ਹਨ।"
ਡੇਨਿਏਲ ਕਵੋਕ ਫ਼ਿਲੀਪਸ ਕਹਿੰਦੀ ਹੈ ਕਿ ਬਹਿਸ ਦੌਰਾਨ ਰਾਸ਼ਟਰਪਤੀ ਵਲੋਂ ਮੁੱਦੇ ਬਦਲਣ ਦੇ ਰਵੱਈਏ ਨੂੰ ਦੇਖ ਕੇ ਦੰਗ ਰਹਿ ਗਈ।
ਉਹ ਕਹਿੰਦੀ ਹੈ ਕਿ ਰਾਸ਼ਟਰਪਤੀ ਟਰੰਪ ਗੋਰਿਆਂ ਦੀ ਸਰਬਉੱਚਤਾ ਸੰਬੰਧੀ ਪ੍ਰਸ਼ਨਾਂ ਤੋਂ ਬਚਣਾ ਚਾਹੁੰਦੇ ਹਨ ਜਿੰਨਾਂ ਦੇ ਮੇਰੇ ਲਈ ਅਰਥ ਹਨ। ਮੇਰੇ ਲਈ ਇਸ ਗੱਲ ਦਾ ਕੋਈ ਮਤਲਬ ਹੈ ਕਿ ਉਹ ਰਾਸ਼ਟਰਪਤੀ ਵਜੋਂ ਨਸਲਵਾਦ ਦੇ ਮੁੱਦੇ ਨੂੰ ਕਿਵੇਂ ਦੇਖਦੇ ਹਨ।
ਇਸਦੇ ਉਲਟ ਬਾਇਡਨ ਦਾ ਦੂਸਰਿਆਂ ਪ੍ਰਤੀ ਸਤਿਕਾਰ ਅਤੇ ਮਾਣ ਭਰਿਆ ਰਵੱਈਆ ਰੱਖਣਾ ਉਨ੍ਹਾਂ ਲਈ ਅਤੇ ਉਨ੍ਹਾਂ ਵਰਗੀਆਂ ਹੋਰ ਕਸਬਾਈ ਖੇਤਰ ਦੀਆਂ ਔਰਤਾਂ ਲਈ ਮਾਇਨੇ ਰੱਖਦਾ ਹੈ।
ਡੈਲੇ ਪਾਰਕਰ ਕਹਿੰਦੀ ਹੈ, "ਜੋ ਬਾਇਡਨ ਜਿਸ ਤਰੀਕੇ ਨਾਲ ਲੋਕਾਂ ਨਾਲ ਗੱਲ ਕਰਦੇ ਹਨ ਉਹ ਮੈਨੂੰ ਪਸੰਦ ਹੈ। ਉਹ ਸਿੱਧੇ ਉਨ੍ਹਾਂ ਨਾਲ ਗੱਲ ਕਰਦੇ ਹਨ ਅਤੇ ਇਹ ਲੋਕਾਂ ਨੂੰ ਯਾਦ ਰਹਿੰਦਾ ਹੈ। ਉਹ ਸੱਚੀਂ ਲੋਕਾਂ ਨੂੰ ਸਮਝਦੇ ਹਨ।"
ਜਿਨ੍ਹਾਂ ਔਰਤਾਂ ਨੂੰ ਮੈਂ ਇਨਾਂ ਉਪਨਗਰੀ ਇਲਾਕਿਆਂ ਵਿੱਚ ਮਿਲੀ ਉਹ ਸਾਰੀਆਂ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਰਾਜਨੀਤਿਕ ਤੌਰ 'ਤੇ ਸਰਗਰਮ ਨਹੀਂ ਸਨ।
ਟਰੰਪ ਨੇ ਲੋਕਾਂ ਲਈ ਮੁੱਦਿਆਂ ਮੁਲਾਂਕਣ ਕਰਨਾ ਨਿੱਜੀ ਬਣਾ ਦਿੱਤਾ। ਕਈ ਲੋਕ ਉਨ੍ਹਾਂ ਨੂੰ ਇੱਕ ਨਾਇਕ ਵਜੋਂ ਦੇਖਦੇ ਹਨ ਤਾਂ ਕਈ ਉਨ੍ਹਾਂ ਨੂੰ ਮਾੜੀ ਤਾਕਤ ਵਜੋਂ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












