ਹਾਥਰਸ ਮਾਮਲਾ: ਉਹ 6 ਸਵਾਲ ਜਿਨ੍ਹਾਂ ਦਾ ਜਵਾਬ ਮਿਲਣ 'ਤੇ ਹੀ ਸੁਲਝ ਸਕਦੀ ਹੈ ਗੁੱਥੀ

    • ਲੇਖਕ, ਦਿਲਨਵਾਜ਼ ਪਾਸ਼ਾ
    • ਰੋਲ, ਬੀਬੀਸੀ ਪੱਤਰਕਾਰ, ਹਾਥਰਸ ਤੋਂ

ਉੱਤਰ ਪ੍ਰਦੇਸ਼ ਦੇ ਹਾਥਰਸ ਵਿੱਚ 14 ਸਤੰਬਰ ਨੂੰ ਹੋਏ ਅਨੁਸੂਚਿਤ ਜਾਤੀ ਦੀ ਕੁੜੀ ਨਾਲ ਕਥਿਤ ਗੈਂਗ ਰੇਪ ਅਤੇ ਕਤਲ ਦੀ ਗੁੱਥੀ ਹੋਰ ਉਲਝਦੀ ਜਾ ਰਹੀ ਹੈ।

ਇੱਕ ਪਾਸੇ ਜਿੱਥੇ ਹੁਣ ਪੀੜਤ ਪਰਿਵਾਰ 'ਤੇ ਹੀ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ, ਉੱਥੇ ਇਸ ਘਟਨਾ 'ਤੇ ਰਾਜਨੀਤੀ ਵੀ ਤੇਜ਼ ਹੋ ਗਈ ਹੈ।

ਘਟਨਾ ਨਾਲ ਜੁੜੇ ਕਈ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਆਏ ਹਨ, ਜਿਨ੍ਹਾਂ ਨੂੰ ਲੈ ਕੇ ਵੱਖ-ਵੱਖ ਦਾਅਵੇ ਕੀਤੇ ਜਾ ਰਹੇ ਹਨ। ਇੱਕ ਨਜ਼ਰ ਉਨ੍ਹਾਂ ਸਵਾਲਾਂ 'ਤੇ ਜਿਨ੍ਹਾਂ ਦੇ ਪੂਰੇ ਜਵਾਬ ਅਜੇ ਨਹੀਂ ਮਿਲ ਸਕੇ ਹਨ।

ਇਹ ਵੀ ਪੜ੍ਹੋ-

1. ਘਟਨਾ ਵੇਲੇ ਮ੍ਰਿਤਕਾ ਦਾ ਛੋਟਾ ਭਰਾ ਕਿੱਥੇ ਸੀ?

ਮੁੱਖ ਮੁਲਜ਼ਮ ਦਾ ਨਾਮ ਸੰਦੀਪ ਹੈ, ਮ੍ਰਿਤਕ ਕੁੜੀ ਦੇ ਛੋਟੇ ਭਰਾ ਦਾ ਨਾਮ ਵੀ ਸੰਦੀਪ ਹੀ ਹੈ। ਸੋਸ਼ਲ ਮੀਡੀਆ ਅਤੇ ਮੁੱਖ ਧਾਰਾ ਦੀ ਮੀਡੀਆ ਵਿੱਚ ਮ੍ਰਿਤਕ ਕੁੜੀ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ।

ਇਹ ਉਦੋਂ ਰਿਕਾਰਡ ਕੀਤਾ ਗਿਆ ਸੀ ਜਦੋਂ ਪੀੜਤਾ ਦੇ ਪਰਿਵਾਰ ਵਾਲੇ ਉਸ ਨੂੰ ਘਟਨਾ ਤੋਂ ਬਾਅਦ ਥਾਣੇ ਲੈ ਕੇ ਪਹੁੰਚੇ ਸਨ।

ਇਸ ਵੀਡੀਓ ਵਿੱਚ ਪੀੜਤਾ ਕਹਿ ਰਹੀ ਹੈ, 'ਸੰਦੀਪ ਨੇ ਮੇਰਾ ਗਲਾ ਘੁੱਟ ਦਿੱਤਾ। ਹੱਥਾਂ ਨਾਲ ਗਲਾ ਘੁੱਟਿਆ।'

ਜਦੋਂ ਪੀੜਤਾ ਕੋਲੋਂ ਪੁੱਛਿਆ ਜਾਂਦਾ ਹੈ ਕਿ ਗਲਾ ਕਿਉਂ ਦਬਾਇਆ ਤਾਂ ਉਹ ਜਵਾਬ ਦਿੰਦੀ ਹੈ, 'ਜ਼ਬਰਦਸਤੀ ਨਹੀਂ ਕਰਨ ਦਿੱਤੀ ਮੈਂ।'

ਹੁਣ ਇਸੇ ਵੀਡੀਓ ਦੇ ਆਧਾਰ 'ਤੇ ਸਵਾਲ ਚੁੱਕਿਆ ਜਾ ਰਿਹਾ ਹੈ ਕਿ ਜਿਸ ਸੰਦੀਪ ਦਾ ਨਾਮ ਪੀੜਤਾ ਲੈ ਰਹੀ ਹੈ, ਉਹ ਉਸ ਦਾ ਛੋਟਾ ਭਰਾ ਹੈ।

ਹਾਲਾਂਕਿ, ਭਰਾ ਸੰਦੀਪ ਨੇ ਬੀਬੀਸੀ ਨੂੰ ਕਿਹਾ ਕਿ ਘਟਨਾ ਵੇਲੇ ਉਹ ਨੋਇਡਾ ਵਿੱਚ ਸੀ ਅਤੇ ਦੋ ਹਫ਼ਤੇ ਤੱਕ ਹਸਪਤਾਲ ਵਿੱਚ ਭੈਣ ਦੇ ਨਾਲ ਹੀ ਰਿਹਾ। ਪੀੜਤਾ ਦੀ ਲਾਸ਼ ਦੇ ਨਾਲ ਹੀ ਉਹ ਪਿੰਡ ਵਾਪਸ ਆਇਆ ਸੀ।

ਪਿੰਡ ਦੇ ਕਈ ਲੋਕ ਮੀਡੀਆ ਵਿੱਚ ਬਿਆਨ ਦਿੰਦੇ ਹੋਏ ਇਹ ਗੱਲ ਕਹਿੰਦੇ ਹਨ ਕਿ ਪੀੜਤਾਂ ਵੀਡੀਓ ਵਿੱਚ ਜਿਸ ਸੰਦੀਪ ਦਾ ਨਾਮ ਲੈ ਰਹੀ ਹੈ, ਉਹ ਛੋਟਾ ਭਰਾ ਹੀ ਹੈ।

ਹਾਲਾਂਕਿ, ਕੋਈ ਵੀ ਇਹ ਨਹੀਂ ਦੱਸ ਸਕਦਾ ਕਿ ਉਨ੍ਹਾਂ ਨੇ ਉਸਨੂੰ ਉਸ ਦਿਨ ਪਿੰਡ ਵਿੱਚ ਦੇਖਿਆ ਸੀ ਜਾਂ ਨਹੀਂ।

ਇਸ ਕਹਾਣੀ ਵਿੱਚ ਇੱਕ ਦੂਜਾ ਸੰਦੀਪ ਹੈ, ਜਿਸ ਨੂੰ ਪੁਲਿਸ ਪੀੜਤਾਂ ਦੇ ਪਰਿਵਾਰ ਵਾਲਿਆਂ ਦੀ ਸ਼ਿਕਾਇਤ 'ਤੇ ਗ੍ਰਿਫ਼ਤਾਰ ਕੀਤਾ ਹੈ।

---------------------------------------------------------------------------------------------------------

ਸੁਪਰੀਮ ਕੋਰਟ ਦੇ ਚੀਫ ਜਸਟਿਸ ਸ਼ਰਦ ਅਰਵਿੰਦ ਬੌਬਡੇ ਦੀ ਅਗਵਾਈ ਵਾਲੀ ਬੈਂਚ ਦੇ ਸਾਹਮਣੇ ਪੇਸ਼ ਹੋਈ ਪਟੀਸ਼ਨ ਵਿੱਚ ਇਸ ਪੂਰੇ ਮਾਮਲੇ ਦੀ ਜਾਂਚ ਸੀਬੀਆਈ ਜਾਂ ਐੱਸਆਈਟੀ ਤੋਂ ਕਰਵਾਉਣ ਦੀ ਮੰਗ ਕੀਤੀ ਗਈ।

ਇਸ ਦੇ ਨਾਲ ਹੀ ਪਟੀਸ਼ਨ ਵਿੱਚ ਇਹ ਵੀ ਕਿਹਾ ਗਿਆ ਕਿ ਜਾਂਚ ਦੀ ਨਿਗਰਾਨੀ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਸੇਵਾ ਮੁਕਤ ਜੱਜ ਦੀ ਨਿਗਰਾਨੀ ਵਿੱਚ ਕੀਤੀ ਜਾਵੇ।

ਪਟੀਸ਼ਨ ਵਿੱਚ ਮਾਮਲੇ ਨੂੰ ਉੱਤਰ ਪ੍ਰਦੇਸ਼ ਤੋਂ ਦਿੱਲੀ ਸ਼ਿਫਟ ਕੀਤੇ ਜਾਣ ਦੀ ਵੀ ਮੰਗ ਕੀਤੀ ਹੈ।

ਉੱਤਰ ਪ੍ਰਦੇਸ਼ ਸਰਕਾਰ ਲਈ ਪੇਸ਼ ਹੋਏ ਵਕੀਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਸਰਕਾਰ ਸੀਬੀਆਈ ਦੀ ਜਾਂਚ ਦੀ ਮੰਗ ਦਾ ਵਿਰੋਧ ਨਹੀਂ ਕਰ ਰਹੀ ਹੈ।

ਉਨ੍ਹਾਂ ਕਿਹਾ, "ਇਸ ਮਾਮਲੇ ਨੂੰ ਹੁਣ ਹੋਰ ਸਨਸਨੀਖੇਜ਼ ਨਹੀਂ ਬਣਾਉਣਾ ਚਾਹੀਦਾ ਹੈ। ਮੈਂ ਅਦਾਲਤ ਨੂੰ ਬੇਨਤੀ ਕਰਦਾ ਹਾਂ ਕਿ ਜਾਂਚ ਦੀ ਨਿਗਰਾਨੀ ਸੁਪਰੀਮ ਕੋਰਟ ਜਾਂ ਹਾਈ ਕੋਰਟ ਵੱਲੋਂ ਕੀਤੀ ਜਾਵੇ।"

ਸੁਪਰੀਮ ਕੋਰਟ ਨੇ ਇਸ ਮਾਮਲੇ ਵਿੱਚ ਇੱਕ ਹਲਫ਼ਨਾਮਾ ਦਾਇਰ ਕੀਤਾ ਹੈ। ਇਸ ਹਲਫਨਾਮੇ ਵਿੱਚ ਸਰਕਾਰ ਨੇ ਕਿਹਾ, “ਜਦੋਂ ਪੀੜਤਾ ਦੀ ਲਾਸ਼ ਨੂੰ ਸਾੜਿਆ ਗਿਆ, ਉਸ ਵੇਲੇ ਉਸ ਦੇ ਪਰਿਵਾਰ ਦੇ ਮੈਂਬਰ ਉੱਥੇ ਮੌਜੂਦ ਸਨ। ਹਿੰਸਾ ਨਾ ਭੜਕੇ ਇਸ ਦੇ ਪਰਿਵਾਰ ਨੇ ਸਸਕਾਰ ਕਰਨ ਦੀ ਹਾਮੀ ਭਰੀ ਸੀ।”

“ਜੋ ਵੀ ਕੁਝ ਕੀਤਾ ਗਿਆ ਉਹ ਕਾਨੂੰਨ ਵਿਵਸਥਾ ਕਾਇਮ ਰੱਖਣ ਵਾਸਤੇ ਕੀਤਾ ਗਿਆ।”

ਤੁਸ਼ਾਰ ਮਹਿਤਾ ਨੇ ਕਿਹਾ ਕਿ ਪਰਿਵਾਰ ਨੂੰ ਪੁਲਿਸ ਸੁਰੱਖਿਆ ਦੇ ਰਹੀ ਹੈ ਅਤੇ ਕੁਝ ਰਿਪੋਰਟਰ ਪਰਿਵਾਰ ਨੂੰ ਭੜਕਾ ਰਹੇ ਹਨ।

ਦਲੀਲਾਂ ਸੁਣਨ ਮਗਰੋਂ ਅਦਾਲਤ ਨੇ ਉੱਤਰ ਪ੍ਰਦੇਸ਼ ਸਰਕਾਰ ਨੂੰ ਪਰਿਵਾਰ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਸਬੰਧੀ ਐਫੀਡੇਵਿਟ ਦਾਇਰ ਕਰਨ ਲਈ ਕਿਹਾ ਹੈ।

ਕੋਰਟ ਨੇ ਇਹ ਵੀ ਕਿਹਾ ਹੈ ਕਿ ਅਦਾਲਤ ਨੂੰ ਦੱਸਿਆ ਜਾਵੇ ਕਿ ਪੀੜਤ ਪਰਿਵਾਰ ਵੱਲੋਂ ਕਿਹੜਾ ਵਕੀਲ ਕੇਸ ਲੜੇਗਾ।

ਸੁਪਰੀਮ ਕੋਰਟ ਨੇ ਮਾਮਲੇ ਦੀ ਸੁਣਵਾਈ ਅਗਲੇ ਹਫ਼ਤੇ ਲਈ ਮੁਲਤਵੀ ਕਰ ਦਿੱਤੀ ਹੈ।ਹਾਥਰਸ ਕਥਿਤ ਗੈਂਗਰੇਪ ਮਾਮਲੇ ਵਿੱਚ ਅੱਜ ਸੁਪਰੀਮ ਕੋਰਟ ਵਿੱਚ ਇੱਕ ਪਟੀਸ਼ਨ 'ਤੇ ਸੁਣਵਾਈ ਹੋਈ।

--------------------------------------------------------------------------------------------------------------

2. ਪਹਿਲੀ ਐੱਫਆਈਆਰ ਵਿੱਚ ਰੇਪ ਦੀ ਧਾਰਾ ਕਿਉਂ ਨਹੀਂ ਹੈ?

ਮ੍ਰਿਤਕ ਕੁੜੀ ਦੇ ਵੱਡੇ ਭਰਾ ਵੱਲੋਂ ਥਾਣੇ ਵਿੱਚ ਦਿੱਤੀ ਗਈ ਪਹਿਲੀ ਤਹਿਰੀਰ ਵਿੱਚ ਰੇਪ ਦਾ ਜ਼ਿਕਰ ਨਹੀਂ ਹੈ।

ਬਲਕਿ ਮੁੱਖ ਮੁਲਜ਼ਮ ਸੰਦੀਪ ਵੱਲੋਂ ਉਸ ਦਾ ਗਲਾ ਦਬਾ ਕੇ ਮਾਰਨ ਦੀ ਕੋਸ਼ਿਸ਼ ਕਰਨ ਦਾ ਇਲਜ਼ਾਮ ਲਗਾਇਆ ਗਿਆ ਹੈ ਅਤੇ ਇਸੇ ਆਧਾਰ 'ਤੇ ਐੱਫਆਈਆਰ ਵੀ ਦਰਜ ਕੀਤੀ ਗਈ ਹੈ।

ਹੁਣ ਇਹ ਸਵਾਲ ਉੱਠ ਰਿਹਾ ਹੈ ਕਿ ਪਰਿਵਾਰ ਨੇ ਪਹਿਲੀ ਐੱਫਆਈਆਰ ਵਿੱਚ ਰੇਪ ਦੀ ਗੱਲ ਕਿਉਂ ਨਹੀਂ ਕਹੀ ਸੀ।

ਬੀਬੀਸੀ ਨੇ ਇਹੀ ਸਵਾਲ ਜਦੋਂ ਮ੍ਰਿਤਕ ਕੁੜੀ ਦੀ ਮਾਂ ਨੂੰ ਕੀਤਾ ਤਾਂ ਉਨ੍ਹਾਂ ਦਾ ਕਹਿਣਾ ਸੀ, "ਬੇਟੀ ਉਸ ਵੇਲੇ ਸੁਧ ਵਿੱਚ ਨਹੀਂ ਸੀ, ਪੂਰੀ ਗੱਲ ਨਹੀਂ ਦੱਸੀ। ਜਦੋਂ ਬਾਅਦ ਵਿੱਚ ਉਸ ਨੂੰ ਸੁਧ ਆਈ ਤਾਂ ਗੱਲ ਦੱਸੀ।"

ਇਹ ਵੀ ਪੜ੍ਹੋ-

ਹਾਲਾਂਕਿ, ਜਦੋਂ ਅਸੀਂ ਉਨ੍ਹਾਂ ਕੋਲੋਂ ਗੈਰ-ਰਸਮੀ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਲੋਕ-ਲਾਜ ਦਾ ਡਰ ਸੀ।

ਮ੍ਰਿਤਕ ਦੀ ਮਾਂ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਜਦੋਂ ਬਾਜਰੇ ਦੇ ਖੇਤ ਵਿੱਚ ਉਨ੍ਹਾਂ ਨੂੰ ਉਹ ਮਿਲੀ ਤਾਂ ਅੱਧ-ਨੰਗੀ ਅਤੇ ਬੇਹੋਸ਼ ਸੀ।

3. ਪੁਲਿਸ ਨੇ ਤੁਰੰਤ ਰੇਪ ਟੈਸਟ ਕਿਉਂ ਨਹੀਂ ਕਰਵਾਇਆ?

ਜਿਣਸੀ ਹਮਲੇ ਦੀ ਜਾਂਚ ਲਈ ਪੀੜਤਾ ਦੇ ਨਮੂਨੇ ਪਹਿਲੀ ਵਾਰ 22 ਸਤੰਬਰ ਨੂੰ ਉਦੋਂ ਲਏ ਗਏ ਜਦੋਂ ਉਸ ਨੇ ਪੁਲਿਸ ਪੁੱਛਗਿੱਛ ਵਿੱਚ ਆਪਣੇ ਨਾਲ ਹੋਈ ਘਟਨਾ ਨੂੰ ਵਿਸਥਾਰ ਨਾਲ ਦੱਸਿਆ ਅਤੇ ਚਾਰ ਮੁਲਜ਼ਮਾਂ ਦੇ ਇਸ ਵਿੱਚ ਸ਼ਾਮਲ ਹੋਣ ਦੇ ਇਲਜ਼ਾਮ ਲਗਾਏ ਹਨ।

ਆਗਰਾ ਦੀ ਫੌਰੈਂਸਿਕ ਲੈਬ ਨੂੰ ਇਹ ਨਮੂਨੇ 25 ਸਤੰਬਰ ਨੂੰ ਹਾਸਲ ਹੋਏ।

ਜਦੋਂ ਪੀੜਤਾ ਪਹਿਲੀ ਵਾਰ ਥਾਣੇ ਪਹੁੰਚੀ ਸੀ ਤਾਂ ਪੁਲਿਸ ਨੇ ਜਿਣਸੀ ਹਮਲੇ ਦੀ ਦ੍ਰਿਸ਼ਟੀ ਤੋਂ ਜਾਂਚ ਕਿਉਂ ਨਹੀਂ ਕੀਤੀ?

ਇਸ ਸਵਾਲ 'ਤੇ ਤਤਕਾਲੀ ਐੱਸਪੀ ਅਤੇ ਹੁਣ ਮੁਅੱਤਲ ਵਿਕਰਾਂਤ ਵੀਰ ਨੇ ਬੀਬੀਸੀ ਨੂੰ ਕਿਹਾ ਸੀ, 'ਪੀੜਤਾ ਦੇ ਪਰਿਵਾਰ ਨੇ ਜੋ ਸ਼ਿਕਾਇਤ ਦਿੱਤੀ ਸੀ ਉਸੇ ਆਧਾਰ 'ਤੇ ਐੱਫਆਈਆਰ ਦਰਜ ਕਰਵਾਈ ਗਈ।"

"ਬਾਅਦ ਵਿੱਚ ਜਦੋਂ ਉਸ ਨੂੰ ਹੋਸ਼ ਆਇਆ ਤੇ ਉਸ ਨੇ ਗੈਂਗਰੇਪ ਦੀ ਗੱਲ ਕਹੀ ਤਾਂ 22 ਸਤੰਬਰ ਨੂੰ ਗੈਂਗਰੇਪ ਦੀਆਂ ਧਾਰਾਵਾਂ ਜੋੜ ਦਿੱਤੀਆਂ ਗਈਆਂ ਅਤੇ ਮੁਲਜ਼ਮਾਂ ਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ ਗਿਆ।'

ਹਾਲਾਂਕਿ, ਜਦੋਂ ਬੀਬੀਸੀ ਨੇ ਉਨ੍ਹਾਂ ਕੋਲੋਂ ਪੁੱਛਿਆ ਕਿ ਪਹਿਲੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਿਉਂ ਨਹੀਂ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਪੁਲਿਸ ਨੇ ਸਹੀ ਕੰਮ ਕੀਤਾ ਹੈ ਅਤੇ ਸਬੂਤ ਇਕੱਠੇ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਹੈ।

ਪੀੜਤਾ ਜਦੋਂ ਥਾਣੇ ਪਹੁੰਚੀ ਸੀ ਤਾਂ ਉਸ ਦੀ ਹਾਲਤ ਖ਼ਰਾਬ ਸੀ, ਉਸ ਨੇ ਆਪਣੇ ਬਿਆਨ ਵਿੱਚ ਜ਼ਬਰਦਸਤੀ ਦੀ ਕੋਸ਼ਿਸ਼ ਦਾ ਜ਼ਿਕਰ ਵੀ ਕੀਤਾ ਸੀ ਪਰ ਫਿਰ ਵੀ ਪੁਲਿਸ ਨੇ ਸ਼ੁਰੂਆਤ ਵਿੱਚ ਜਿਣਸੀ ਹਮਲੇ ਦੀ ਦ੍ਰਿਸ਼ਟੀ ਨਾਲ ਮਾਮਲੇ ਨੂੰ ਕਿਉਂ ਨਹੀਂ ਦੇਖਿਆ, ਇਸ ਦਾ ਜਵਾਬ ਯੂਪੀ ਪੁਲਿਸ ਨੂੰ ਦੇਣਾ ਹੈ।

4. ਪੁਲਿਸ ਨੇ ਪਰਿਵਾਰ ਨੂੰ ਮੈਡੀਕਲ ਰਿਪੋਰਟ ਅਤੇ ਪੋਸਟਮਾਰਟਮ ਰਿਪੋਰਟ ਕਿਉਂ ਨਹੀਂ ਦਿੱਤੀ?

ਪੀੜਤਾ ਦੇ ਪਰਿਵਾਰ ਦਾ ਇਲਜ਼ਾਮ ਹੈ ਕਿ ਪੁਲਿਸ ਨੇ ਪੀੜਤਾ ਦੀ ਮੈਡੀਕਲ ਰਿਪੋਰਟ ਜਾਂ ਪੋਸਟ ਮਾਰਟਮ ਰਿਪੋਰਟ ਉਨ੍ਹਾਂ ਨੂੰ ਨਹੀਂ ਸੌਂਪੀ।

ਬੀਬੀਸੀ ਨੇ ਜਦੋਂ ਇਸ ਬਾਰੇ ਤਤਕਾਲੀ ਐੱਸਪੀ ਵਿਕਰਾਂਤ ਵੀਰ ਤੋਂ ਸਵਾਲ ਕੀਤਾ ਸੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਰਿਪੋਰਟ ਅਜੇ ਗੁਪਤ ਹੈ ਅਤੇ ਇਸ ਨੂੰ ਜਾਂਚ ਵਿੱਚ ਸ਼ਾਮਲ ਕਰ ਲਿਆ ਗਿਆ ਹੈ।

ਪੀੜਤ ਪਰਿਵਾਰ ਦਾ ਇਹ ਅਧਿਕਾਰ ਹੈ ਕਿ ਉਸ ਨੂੰ ਸਾਰੇ ਮੈਡੀਕਲ ਦਸਤਾਵੇਜ਼ਾਂ ਅਤੇ ਪੋਸਟਮਾਰਟਮ ਰਿਪੋਰਟ ਮਿਲੇ।

ਪੁਲਿਸ ਨੇ ਪਰਿਵਾਰ ਨੂੰ ਰਿਪੋਰਟ ਕਿਉਂ ਨਹੀਂ ਦਿੱਤੀ ਇਸ ਦਾ ਜਵਾਬ ਪੁਲਿਸ ਨੇ ਨਹੀਂ ਦਿੱਤਾ ਹੈ।

ਇਸੇ ਮੈਡੀਕਲ ਰਿਪੋਰਟ ਦੇ ਆਧਾਰ 'ਤੇ ਪੁਲਿਸ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਫੌਰੈਂਸਿਕ ਸਬੂਤਾਂ ਦੇ ਆਧਾਰ 'ਤੇ ਰੇਪ ਦੀ ਪੁਸ਼ਟੀ ਨਹੀਂ ਹੋਈ ਹੈ।

ਹਾਲਾਂਕਿ, ਰਿਪੋਰਟ ਵਿੱਚ ਜ਼ਬਰਦਸਤੀ ਪੈਨੀਟ੍ਰੇਸ਼ਨ ਦੀ ਕੋਸ਼ਿਸ਼ ਦਾ ਜ਼ਿਕਰ ਹੈ। ਪੁਲਿਸ ਨੇ ਰਿਪੋਰਟ ਦੇ ਇੱਕ ਬਿੰਦੂ ਨੂੰ ਆਪਣੇ ਬਿਆਨ ਵਿੱਚ ਸ਼ਾਮਲ ਨਹੀਂ ਕੀਤਾ ਸੀ।

ਜਦੋਂ ਬੀਬੀਸੀ ਨੇ ਐੱਸਪੀ ਨੂੰ ਇਸ ਬਾਰੇ ਸਵਾਲ ਕੀਤਾ ਤਾਂ ਉਨ੍ਹਾਂ ਦਾ ਕਹਿਣਾ ਸੀ, 'ਜਾਂਚ ਦੇ ਇਸ ਪੱਧਰ 'ਤੇ ਇਹ ਨਹੀਂ ਕਿਹਾ ਜਾ ਸਕਦਾ ਹੈ ਪੂਰਾ ਘਟਨਾਕ੍ਰਮ ਕੀ ਹੈ, ਅਜੇ ਜਾਂਚ ਚੱਲ ਹੀ ਰਹੀ ਹੈ।'

5. ਪੀੜਤਾ ਦੀ ਲਾਸ਼ ਨੂੰ ਰਾਤ ਵੇਲੇ ਕਿਉਂ ਸਾੜਿਆ ਗਿਆ?

ਪੁਲਿਸ ਅਤੇ ਪ੍ਰਸ਼ਾਸਨ ਦਾ ਤਰਕ ਹੈ ਕਿ ਲਾਸ਼ ਖ਼ਰਾਬ ਹੋ ਰਹੀ ਸੀ ਅਤੇ ਮਾਮਲਾ ਸੰਵੇਦਨਸ਼ੀਲ ਹੋਣ ਕਾਰਨ ਮਾਹੌਲ ਖ਼ਰਾਬ ਹੋਣ ਦਾ ਡਰ ਸੀ।

ਹਾਲਾਂਕਿ, ਪਰਿਵਾਰ ਦਾ ਇਲਜ਼ਾਮ ਹੈ ਕਿ ਪੁਲਿਸ ਮਾਮਲੇ ਦੀ ਲੀਪਾਪੋਤੀ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਅਤੇ ਜਲਦਬਾਜ਼ੀ ਵਿੱਚ 'ਲਾਸ਼ ਨੂੰ ਨਸ਼ਟ' ਕਰਨਾ ਇਸ ਕੋਸ਼ਿਸ਼ ਦਾ ਹਿੱਸਾ ਹੋ ਸਕਦਾ ਹੈ।

ਪੀੜਤਾ ਦੀ ਭਾਬੀ ਨੇ ਬੀਬੀਸੀ ਨਾਲ ਗੱਲ ਕਰਦਿਆਂ ਹੋਇਆਂ ਪੁਲਿਸ 'ਤੇ 'ਲਾਸ਼ ਸਾੜ ਕੇ ਸਬੂਤ ਮਿਟਾਉਣ ਦੇ ਇਲਜ਼ਾਮ ਲਗਾਏ ਸਨ।'

ਪੀੜਤਾ ਦੇ ਅੰਤਿਮ ਸੰਸਕਾਰ ਤੋਂ ਬਾਅਦ ਹੁਣ ਦੁਬਾਰਾ ਕਿਸੇ ਵੀ ਮੈਡੀਕਲ ਜਾਂਚ ਦੀ ਸੰਭਾਵਨਾ ਖ਼ਤਮ ਹੋ ਗਈ ਹੈ।

6. ਰਾਮੂ ਉਸ ਦਿਨ ਕਿੱਥੇ ਸੀ?

ਮੁਲਜ਼ਮ ਰਾਮੂ ਦੇ ਪਰਿਵਾਰ ਅਤੇ ਉਨ੍ਹਾਂ ਦੇ ਸਮਰਥਨ ਵਿੱਚ ਪੰਚਾਇਤ ਕਰਨ ਵਾਲੇ ਠਾਕੁਰ ਅਤੇ ਸਵਰਨ ਸਮਾਜ ਦੇ ਲੋਕ ਇਹ ਤਰਕ ਦਿੰਦੇ ਹਨ ਕਿ ਘਟਨਾ ਵੇਲੇ ਰਾਮੂ ਡੇਅਰੀ 'ਤੇ ਡਿਊਟੀ ਕਰ ਰਿਹਾ ਸੀ।

ਉਹ ਕਹਿੰਦੇ ਹਨ ਕਿ ਇਸ ਦੇ ਬਾਵਜੂਦ ਸਬੂਤ ਮੌਜੂਦ ਹੋਣਗੇ ਪਰ ਉਹ ਕਿਸੇ ਤਰ੍ਹਾਂ ਦਾ ਸੀਸੀਟੀਵੀ ਫੁਟੇਜ ਮੁਹੱਈਆ ਨਹੀਂ ਕਰਵਾ ਸਕਦੇ।

ਪੁਲਿਸ ਨਾਲ ਜਦੋਂ ਗ੍ਰਿਫ਼ਤਾਰੀ ਨੂੰ ਲੈ ਕੇ ਸਵਾਲ ਕੀਤਾ ਗਿਆ ਤਾਂ ਐੱਸਪੀ ਦਾ ਕਹਿਣਾ ਸੀ ਕਿ ਅਜੇ ਪੀੜਤਾ ਦੇ ਬਿਆਨ ਦੇ ਆਧਾਰ 'ਤੇ ਗ੍ਰਿਫ਼ਤਾਰੀ ਕੀਤੀ ਗਈ ਹੈ।

ਤਕਨੀਕੀ ਅਤੇ ਫੌਰੈਂਸਿਕ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਕਿਸੇ ਵੀ ਬੇਗੁਨਾਹ ਨੂੰ ਸਜ਼ਾ ਨਹੀਂ ਮਿਲੇਗੀ।

ਉੱਥੇ ਪੀੜਤਾ ਦਾ ਪਰਿਵਾਰ ਜ਼ੋਰ ਦੇ ਕੇ ਇਹ ਗੱਲ ਕਹਿੰਦਾ ਹੈ ਕਿ ਪੀੜਤਾ ਨੇ ਰਾਮੂ ਦਾ ਨਾਮ ਲਿਆ ਹੈ, ਉਹ ਉਸ ਲਈ ਫਾਂਸੀ ਤੋਂ ਘੱਟ ਕੁਝ ਵੀ ਨਹੀਂ ਚਾਹੁੰਦੇ ਹਨ।

ਜਿਸ ਡੇਅਰੀ 'ਤੇ ਰਾਮੂ ਕੰਮ ਕਰਦਾ ਸੀ, ਉਸ ਦੇ ਮਾਲਕ ਨੇ ਵੀ ਉਸ ਨੂੰ ਨਿਰਦੋਸ਼ ਦੱਸਿਆ ਹੈ ਪਰ ਸੀਸੀਟੀਵੀ ਫੁਟੇਜ ਅਜੇ ਤੱਕ ਜਾਰੀ ਨਹੀਂ ਕੀਤੀ ਹੈ।

ਇਹ ਵੀ ਪੜ੍ਹੋ-

ਇਹ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)