'ਨਫ਼ਰਤ, ਸਦਮੇ, ਗੁੱਸੇ ਤੇ ਉਦਾਸ ਹਾਂ' ਕਥਿਤ ਗੈਂਗਰੇਪ ਅਤੇ ਕਤਲ 'ਤੇ ਫਿਲਮੀ ਸਿਤਾਰੇ ਭਖੇ

"ਮੈਨੂੰ ਸਮਝ ਨਹੀਂ ਆ ਰਿਹਾ ਮੈਂ ਕੀ ਕਹਾਂ... ਨਫ਼ਰਤ, ਸਦਮੇ, ਗੁੱਸੇ ਤੇ ਉਦਾਸ ਹਾਂ.. ਖੂਬਸੂਰਤ ਕੁੜੀ ਤੂੰ ਸਾਡੀਆਂ ਯਾਦਾਂ ਵਿੱਚ ਹੈਂ।"

ਕੁਝ ਇਸ ਤਰ੍ਹਾਂ ਪੰਜਾਬੀ ਅਦਾਕਾਰਾ ਨੀਰੂ ਬਾਜਵਾ ਨੇ ਟਵੀਟ ਕਰਕੇ ਹਾਥਰਸ 'ਗੈਂਗਰੇਪ' ਪੀੜਤਾ ਦੇ ਦੇਹਾਂਤ 'ਤੇ ਦੁੱਖ ਜਤਾਇਆ।

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹਾਥਰਸ ਵਿੱਚ ਦਲਿਤ ਕੁੜੀ ਨਾਲ ਕਥਿਤ ਸਮੂਹਿਕ ਬਲਾਤਕਾਰ ਅਤੇ ਕਤਲ ਮਾਮਲੇ ਬਾਰੇ ਗੱਲਬਾਤ ਕੀਤੀ ਹੈ।

ਯੋਗੀ ਆਦਿੱਤਿਆਨਾਥ ਨੇ ਇਸ ਮਾਮਲੇ ਦੀ ਜਾਂਚ ਲਈ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਵੀ ਬਣਾਈ ਹੈ।

ਹਾਥਰਸ ਗੈਂਗਰੇਪ ਮਾਮਲੇ ਵਿੱਚ ਜਿਸ ਤਰ੍ਹਾਂ ਕਾਰਵਾਈ ਹੋਈ ਉਸ ਨੂੰ ਲੈ ਕੇ ਉੱਤਰ ਪ੍ਰਦੇਸ਼ ਸਰਕਾਰ ਅਤੇ ਯੂਪੀ ਪੁਲਿਸ ਦੀ ਕਾਫ਼ੀ ਆਲੋਚਨਾ ਹੋ ਰਹੀ ਹੈ।

ਪੁਲਿਸ ਅਤੇ ਪ੍ਰਸ਼ਾਸਨ ਉੱਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਪੀੜਤ ਪਰਿਵਾਰ ਦੀ ਸਹਿਮਤੀ ਤੋਂ ਬਿਨਾਂ ਅੰਤਮ ਸੰਸਕਾਰ ਕਰ ਦਿੱਤਾ।

ਇਸ ਸਬੰਧ ਕਈ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਵੀ ਹਨ।

ਇਹ ਵੀ ਪੜ੍ਹੋ:

ਹਰਭਜਨ ਮਾਨ ਨੇ ਕੀ ਕਿਹਾ

ਇਸ ਵਿਚਾਲੇ ਪੰਜਾਬੀ ਅਤੇ ਬਾਲੀਵੁੱਡ ਦੇ ਕਈ ਸਿਤਾਰੇ ਇਸ ਘਟਨਾ 'ਤੇ ਦੁਖ ਜਤਾ ਰਹੇ ਹਨ ਤੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਸਖ਼ਤ ਸਜ਼ਾ ਦੇਣ ਦੀ ਮੰਗ ਕਰ ਰਹੇ ਹਨ।

ਹਰਭਜਨ ਮਾਨ ਨੇ ਇੰਸਟਾਗਰਾਮ 'ਤੇ ਲਿਖਿਆ, "ਇੱਕ 19 ਸਾਲਾ ਕੁੜੀ ਨਾਲ ਹਾਥਰਸ ਵਿੱਚ ਨਿਰਭਿਆ ਵਾਂਗ 4 ਲੋਕਾਂ ਨੇ ਬੇਰਹਿਮੀ ਨਾਲ ਜਬਰ ਜਨਾਹ ਕੀਤਾ। ਉਸਦੀ ਜੀਭ ਕੱਟ ਦਿੱਤੀ ਗਈ ਸੀ। ਉਸ ਦੀ ਰੀੜ੍ਹ ਦੀ ਹੱਡੀ ਅਤੇ ਗਰਦਨ ਤੇ ਸੱਟਾਂ ਸਨ। ਇਸ ਦੇਸ ਲਈ ਕਿੰਨਾ ਦੁਖਦਾਈ ਅਤੇ ਸ਼ਰਮਨਾਕ ਦਿਨ ਹੈ। ਸਾਨੂੰ ਸ਼ਰਮ ਆਊਣੀ ਚਾਹੀਦੀ ਹੈ ਅਸੀਂ ਆਪਣੀਆਂ ਧੀਆਂ ਨੂੰ ਅਸਫ਼ਲ ਕਰ ਦਿੱਤਾ।

ਬੀਬੀਸੀ ਪੰਜਾਬੀ ਨੂੰ ਆਪਣੇ ਹੋਮ ਸਕ੍ਰੀ'ਤੇ ਇੰਝ ਦੇਖੋ:

ਖਿਡਾਰੀਆਂ ਨੇ ਕੀ ਕਿਹਾ

ਕ੍ਰਿਕਟ ਖਿਡਾਰੀ ਯੁਵਰਾਜ ਸਿੰਘ ਨੇ ਕੀ ਕਿਹਾ, "ਇੱਕ ਵਾਰ ਫਿਰ ਭਾਰਤ ਦੀ ਧੀ ਨੇ ਬਹੁਤ ਦੁੱਖ ਝੱਲਿਆ ਹੈ। ਹਾਥਰਸ ਘਟਨਾ ਬਾਰੇ ਆਪਣਾ ਗੁੱਸਾ ਅਤੇ ਦੁੱਖ ਜ਼ਾਹਿਰ ਕਰਨ ਲਈ ਮੇਰੇ ਕੋਲ ਸ਼ਬਦਾਂ ਦੀ ਘਾਟ ਹੈ। ਮੈਂ ਉਸ ਪਰਿਵਾਰ ਦੇ ਨਾਲ ਖੜ੍ਹਾ ਹਾਂ ਜਿਸ ਨੇ ਆਪਣੇ ਪਿਆਰੇ ਨੂੰ ਇਸ ਭਿਆਨਕ ਅਪਰਾਧ ਵਿੱਚ ਗੁਆ ਦਿੱਤਾ। ਇਸ ਅਣਮਨੁੱਖੀ ਵਤੀਰੇ ਖਿਲਾਫ਼ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।"

ਬੈਡਮਿੰਟਨ ਖਿਡਾਰਨ ਜਵਾਲਾ ਗੁੱਟਾ ਨੇ ਟਵੀਟ ਕਰਕੇ ਪੁੱਛਿਆ ਕਿ ਪੀੜਤਾ ਦਾ ਪਰਿਵਾਰ ਦੀ ਗੈਰ-ਹਾਜ਼ਰੀ ਵਿੱਚ ਕਿਵੇਂ ਅੰਤਮ ਸਸਕਾਰ ਕਰ ਦਿੱਤਾ?

ਬਾਲੀਵੁੱਡ ਸਿਤਾਰਿਆਂ ਨੇ ਕੀ ਕਿਹਾ

ਬਾਲੀਵੁੱਡ ਅਦਾਕਾਰਾ ਪ੍ਰੀਟੀ ਜ਼ਿੰਟਾ ਨੇ ਟਵੀਟ ਕੀਤਾ, "ਹਾਥਰਸ ਦੇ ਦੋਸ਼ੀਆਂ ਨਾਲ ਉਹੀ ਸਲੂਕ ਕੀਤਾ ਜਾਣਾ ਚਾਹੀਦਾ ਹੈ ਜਿਸ ਤਰ੍ਹਾਂ ਉਨ੍ਹਾਂ ਨੇ ਉਸ ਗਰੀਬ ਕੁੜੀ ਨਾਲ ਕੀਤਾ ਸੀ। ਇਨ੍ਹਾਂ ਦੁਸ਼ਟ ਲੋਕਾਂ ਨਾਲ ਇਨਸਾਨਾਂ ਵਾਂਗ ਸਲੂਕ ਨਹੀਂ ਕੀਤਾ ਜਾ ਸਕਦਾ। ਇਨਸਾਫ਼ ਵਿੱਚ ਦੇਰੀ ਦਾ ਮਤਲਬ ਹੈ ਇਨਸਾਫ਼ ਤੋਂ ਇਨਕਾਰ। ਮੇਰੀਆਂ ਭਾਵਨਾਵਾਂ ਉਸ ਦੇ ਪਰਿਵਾਰ ਨਾਲ ਹਨ। ਉਨ੍ਹਾਂ ਦੇ ਦਰਦ ਬਾਰੇ ਸੋਚੋ, ਅਲਵਿਦਾ ਵੀ ਨਹੀਂ ਕਹਿ ਸਕੇ"

ਫਰਹਾਨ ਅਖ਼ਤਰ ਨੇ ਟਵੀਟ ਕੀਤਾ, "ਹਾਥਰਸ ਇਸ ਕੌਮ ਦੇ ਤਾਣੇ-ਬਾਣੇ 'ਤੇ ਸਦਾ ਲਈ ਦਾਗ ਬਣਿਆ ਰਹੇਗਾ। ਉਨ੍ਹਾਂ ਸਾਰਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਜੋ ਅਜਿਹਾ ਅਪਰਾਧ ਕਰਨ ਵਾਲੇ ਲੋਕਾਂ ਨੂੰ ਬਚਾਉਂਦੇ ਹਨ। ਪਹਿਲਾਂ ਹੀ ਟੁੱਟੇ ਅਤੇ ਦੁਖੀ ਪਰਿਵਾਰ ਨੂੰ ਉਨ੍ਹਾਂ ਦੀਆਂ ਧੀ ਦਾ ਅੰਤਮ ਸਸਕਾਰ ਨਾ ਕਰਨ ਦੇਣਾ ਬਹੁਤ ਹੀ ਬੇਰਹਿਮੀ ਹੈ। ਮਨੁੱਖਤਾ ਮਰ ਚੁੱਕੀ ਹੈ।

ਇਹ ਵੀ ਪੜ੍ਹੋ:

ਸਵਰਾ ਭਾਸਕਰ ਨੇ ਟਵੀਟ ਕਰਕੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ਅਸਤੀਫ਼ੇ ਦੀ ਮੰਗ ਕੀਤੀ।

"ਹੁਣ ਸਮਾਂ ਆ ਗਿਆ ਹੈ ਕਿ ਯੋਗੀ ਆਦਿਤਿਆਨਾਥ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਉਨ੍ਹਾਂ ਦੇ ਅਧੀਨ ਯੂਪੀ ਵਿੱਚ ਕਾਨੂੰਨ ਵਿਵਸਥਾ ਦੀ ਪੂਰੀ ਤਰ੍ਹਾਂ ਭੰਨਤੋੜ ਕੀਤੀ ਗਈ ਹੈ। ਉਨ੍ਹਾਂ ਦੀਆਂ ਨੀਤੀਆਂ ਕਾਰਨ ਯੂਪੀ ਵਿੱਚ ਜਾਤੀਵਾਦ, ਝੂਠੇ ਮੁਕਾਬਲੇ, ਗੈਂਗ ਵਾਰਾਂ ਅਤੇ ਰੇਪ ਮਹਾਂਮਾਰੀ ਪੈਦਾ ਕੀਤੀ ਹੈ। ਹਾਥਰਸ ਕੇਸ ਸਿਰਫ਼ ਇੱਕ ਉਦਾਹਰਣ ਹੈ।"

ਕਰੀਨਾ ਕਪੂਰ ਖਾਨ ਅਤੇ ਅਨੁਸ਼ਕਾ ਸ਼ਰਮਾ ਨੇ ਵੀ ਆਪਣੀ ਇੰਸਟਾਗਰਾਮ ਸਟੋਰੀ ਰਾਹੀਂ ਹਾਥਰਸ ਦੀ ਮ੍ਰਿਤਕਾ ਦੇ ਇਨਸਾਫ਼ ਦੀ ਮੰਗ ਕੀਤੀ ਹੈ।

ਕਰੀਨਾ ਕਪੂਰ ਨੇ ਪੀੜਤਾ ਤੋਂ ਮੁਆਫ਼ੀ ਮੰਗੀ ਹੈ।

ਅਨੁਸ਼ਕਾ ਸ਼ਰਮਾ ਨੇ ਲਿਖਿਆ, "ਹਾਥਰਸ ਮਾਮਲੇ ਨੇ ਮੈਨੂੰ ਤੋੜ ਕੇ ਰੱਖ ਦਿੱਤਾ ਹੈ। ਮੈਂ ਚਾਹੁੰਦੀ ਹਾਂ ਕਿ ਮੁਲਜ਼ਮਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।"

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)