ਖੇਤੀ ਬਿੱਲਾਂ ਖਿਲਾਫ਼ ਸੰਸਦ ਘੇਰਨ ਤੁਰੇ ਬੈਂਸ ਭਰਾ ਕੀ ਬੋਲੇ- ਅਹਿਮ ਖ਼ਬਰਾਂ

ਖੇਤੀ ਬਿੱਲਾਂ ਵਿਰੁੱਧ ਬੈਂਸ ਭਰਾ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਦਿੱਲੀ ਵੱਲ ਨੂੰ ਨਿਕਲੇ ਹਨ। ਫਤਿਹਗੜ੍ਹ ਸਾਹਿਬ ਤੋਂ ਵੱਡੀ ਗਿਣਤੀ ’ਚ ਮੋਟਰਸਾਈਕਲ ਤੁਰੇ ਹਨ। ਜਿਨ੍ਹਾਂ ਦੀ ਦਿੱਲੀ ਪਹੁੰਚ ਕੇ ਸੰਸਦ ਨੂੰ ਘੇਰਨ ਦੀ ਤਿਆਰੀ ਹੈ।

ਇਸ ਤੋਂ ਇਲਾਵਾ ਲੁਧਿਆਣਾ ਵਿੱਚ ਕਾਂਗਰਸ ਵਰਕਰਾਂ ਅਤੇ ਕਿਸਾਨਾਂ ਨੇ ਮਿਲ ਕੇ ਟਰੈਕਟਰ ਮਾਰਚ ਕੱਢਿਆ।

ਗੁਰਦਾਸਪੁਰ ਵਿੱਚ ਅਕਾਲੀ ਦਲ ਡੈਮੋਕ੍ਰੇਟਿਕ ਵੱਲੋਂ ਰੋਸ ਮਾਰਚ ਕੱਢਿਆ ਗਿਆ ਅਤੇ ਅਕਾਲੀ ਲੀਡਰ ਸੇਵਾ ਸਿੰਘ ਸੇਖਵਾਂ ਦੀ ਅਗਵਾਈ ’ਚ ਪਿੰਡ-ਪਿੰਡ ਜਾ ਕੇ ਖੇਤੀ ਬਿੱਲ ਦਾ ਵਿਰੋਧ ਕੀਤਾ ਗਿਆ।

ਨਵਜੋਤ ਸਿੱਧੂ - 'ਕਿਸਾਨ ਸਾਡੀ ਪੱਗ ਨੇ, ਜੇ ਪੱਗ ਲਈ ਨਾ ਲੜੇ ਤਾਂ ਕਿਸੇ ਲਈ ਨਹੀਂ ਲੜ ਸਕਦੇ'

ਨਵਜੋਤ ਸਿੰਘ ਸਿੱਧੂ ਨੇ ਖੇਤੀ ਬਿੱਲਾਂ ਦੇ ਵਿਰੋਧ ਕਰ ਰਹੇ ਕਿਸਾਨਾਂ ਨਾਲ ਇਕਜੁਟਤਾ ਦਿਖਾਉਣ ਲਈ ਅੰਮ੍ਰਿਤਸਰ ਵਿੱਚ ਰੈਲੀ ਕੀਤੀ।

ਉਨ੍ਹਾਂ ਨੇ ਕਿਹਾ ਕਿ ਜਿਹੜੇ ਸੂਬਿਆਂ ਵਿੱਚ ਮੰਡੀਆਂ ਖ਼ਤਮ ਕੀਤੀਆਂ ਗਈਆਂ ਕੀ ਉੱਥੋਂ ਦੇ ਕਿਸਾਨ ਦਿਹਾੜੀਆਂ ਕਰਨ ਨੂੰ ਮਜਬੂਰ ਨਹੀਂ ਹੋਏ?

ਉਨ੍ਹਾਂ ਨੇ ਕਿਹਾ ਕਿ ਉਹ ਹੱਲ ਦੀ ਸਿਆਸਤ ਕਰਦੇ ਹਨ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਪੰਜਾਬ ਦੇ ਲੋਕ ਉਨ੍ਹਾਂ ਦੇ ਹੱਲਾਂ ਨੂੰ ਨੇਪਰੇ ਚਾੜ੍ਹਨਗੇ।

ਉਨ੍ਹਾਂ ਨੇ ਕਿਹਾ ਕਿ ਅਨਾਜ ਨੂੰ ਜ਼ਰੂਰੀ ਵਸਤਾਂ ਦੀ ਸੂਚੀ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਹੈ। ਕੀ ਗ਼ਰੀਬ ਦੀ ਰੋਟੀ ਜ਼ਰੂਰੀ ਵਸਤੂ ਨਹੀਂ ਹੈ?

ਸਿੱਧੂ ਨੇ ਕਿਹਾ ਕਿ ਹਰੇ ਇਨਕਲਾਬ ਦੀ ਲੋੜ ਪੰਜਾਬ ਨੂੰ ਨਹੀਂ ਸਗੋਂ ਭਾਰਤ ਨੂੰ ਸੀ। ਦੇਸ਼ ਦਾ ਢਿੱਡ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੇ ਭਰਿਆ।

ਇਹ ਵੀ ਪੜ੍ਹੋ:

ਉਨ੍ਹਾਂ ਨੇ ਕਿਹਾ ਕਿ ਕਿਸਾਨ ਸਾਡੀ ਪੱਗ ਹਨ ਅਤੇ ਜੇ ਅਸੀਂ ਆਪਣੀ ਪੱਗ ਲਈ ਨਹੀਂ ਲੜ ਸਕਦੇ ਤਾਂ ਅਸੀਂ ਕਿਸੇ ਮਕਸਦ ਲਈ ਵੀ ਨਹੀਂ ਲੜ ਸਕਦੇ।

ਸਿੱਧੂ ਨੇ ਆਪਣੇ ਸੰਖੇਪ ਸੰਬੋਧਨ ਵਿੱਚ ਮੰਗਲਵਾਰ ਨੂੰ ਫੇਸਬੁੱਕ ਸਫ਼ੇ ਤੋਂ ਲਾਈਵ ਰਾਹੀਂ ਕੀਤੀਆਂ ਗੱਲਾਂ ਵੀ ਦੁਹਰਾਈਆਂ।

ਰੈਲੀ ਵਿੱਚ ਸ਼ਾਮਲ ਲੋਕ "ਕਿਸਾਨ ਏਕਤਾ ਜਿੰਦਾਬਾਦ", "ਸਿੱਧੂ ਤੇਰੀ ਬੱਲੇ-ਬੱਲੇ ਬਾਕੀ ਸਾਰੇ ਥੱਲੇ-ਥੱਲੇ" ਅਤੇ "ਸਿੱਧੂ ਤੇਰੀ ਸੋਚ ֹ'ਤੇ ਪਹਿਰਾ ਦਿਆਂਗੇ ਠੋਕ ਕੇ' ਵਰਗੇ ਨਾਅਰੇ ਲਗਾ ਰਹੇ ਸਨ।

ਦੀਪਿਕਾ ਪਾਦੂਕੋਨ, ਸ਼ਰਧਾ ਕਪੂਰ ਨੂੰ NCB ਦਾ ਸੰਮਨ

ਬੌਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਨ, ਸ਼ਰਧਾ ਕਪੂਰ, ਸਾਰਾ ਅਲੀ ਖ਼ਾਨ ਅਤੇ ਰਕੁਲ ਪ੍ਰੀਤ ਸਿੰਘ ਨੂੰ ਨਾਰਕੋਟਿਕਸ ਕੰਟਰੋਲ ਬਿਓਰੋ (ਐੱਨਸੀਬੀ) ਨੇ ਸੰਮਨ ਜਾਰੀ ਕੀਤੇ ਹਨ।

ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਦੀ ਜਾਂਚ ਨਾਲ ਜੁੜੀ ਡਰੱਗ ਜਾਂਚ ਨੇ ਵਾਂ ਮੋੜ ਲੈ ਲਿਆ ਹੈ।

ਇਨ੍ਹਾਂ ਨੂੰ ਅਗਲੇ ਤਿੰਨਾਂ ਅੰਦਰ ਪੇਸ਼ ਹੋਣ ਲਈ ਕਿਹਾ ਹੈ।

ਡਰੱਗਜ ਅਤੇ ਫਿਲਮ ਉਦਯੋਗ ਵਿਚਾਲੇ ਵਿਆਪਕ ਜਾਂਚ ਵਿੱਚ ਆਉਣ ਵਾਲੇ ਇਹ ਸਭ ਤੋਂ ਹਾਈ-ਪ੍ਰੋਫਾਇਲ ਨਾਮ ਹਨ, ਜੋ 14 ਜੂਨ ਨੂੰ ਹੋਈ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੀ ਜਾਂਚ ਦੌਰਾਨ ਸਾਹਮਣੇ ਆਏ ਹਨ।

ਅਧਿਕਾਰੀਆਂ ਮੁਤਾਬਕ, ਦੀਪਿਕਾ ਪਾਦੁਕੋਨ ਨੂੰ ਸ਼ੁੱਕਰਵਾਰ ਅਤੇ ਰਕੁਲ ਪ੍ਰੀਤ ਸਿੰਘ ਨੂੰ ਕੱਲ੍ਹ ਯਾਨਿ ਵੀਰਵਾਰ ਨੂੰ ਤਲਬ ਹੋਣ ਲਈ ਆਖਿਆ ਹੈ।

ਸਾਰਾ ਅਲੀ ਖ਼ਾਨ ਅਤੇ ਸ਼ਰਧਾ ਕਪੂਰ ਕੋਲੋਂ ਸ਼ਨੀਵਾਰ ਨੂੰ ਪੁੱਛਗਿੱਛ ਹੋਵੇਗੀ। ਫੈਸ਼ਨ ਡਿਜਾਈਨਰ ਸਾਈਮੋਨ ਖੰਭਬੱਤਾ ਕੋਲੋਂ ਵੀ ਵੀਰਵਾਰ ਨੂੰ ਪੁੱਛਗਿੱਛ ਹੋਵੇਗੀ।

ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਮਿਲੀ ਜ਼ਮਾਨਤ

ਖ਼ਬਰ ਏਜੰਸੀ ਏਐੱਨਆਈ ਮੁਤਾਬਕ ਪੰਜਾਬ ਪੁਲਿਸ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਪੰਜਾਬ-ਹਰਿਆਣਾ ਹਾਈ ਕੋਰਟ ਨੇ ਅਗਾਊਂ ਜ਼ਮਾਨਤ ਦੇ ਦਿੱਤੀ ਹੈ।

ਇਹ ਕੇਸ 1991 ਵਿੱਚ ਬਲਵੰਤ ਸਿੰਘ ਮੁਲਤਾਨੀ ਦੇ ਲਾਪਤਾ ਹੋ ਜਾਣ ਦੀ ਘਟਨਾ ਮੁਤੱਲਕ ਦਰਜ ਕੀਤਾ ਗਿਆ ਹੈ।

ਬਲਵੰਤ ਸਿੰਘ ਮੁਲਤਾਨੀ ਦੇ ਭਰਾ ਪਲਵਿੰਦਰ ਸਿੰਘ ਮੁਲਤਾਨੀ ਦੀ ਸ਼ਿਕਾਇਤ 'ਤੇ 7 ਮਈ 2020 ਨੂੰ ਮੁੜ ਤੋਂ ਸੁਮੇਧ ਸਿੰਘ ਸੈਣੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ।

ਜਿਸ ਵੇਲੇ ਮੁਲਤਾਨੀ ਲਾਪਤਾ ਹੋਏ ਸਨ, ਉਸ ਸਮੇਂ ਸੁਮੇਧ ਸੈਣੀ ਹੀ ਚੰਡੀਗੜ੍ਹ ਦੇ ਐੱਸਐੱਸਪੀ ਹੋਇਆ ਕਰਦੇ ਸਨ।

1991 ਵਿੱਚ ਸੁਮੇਧ ਸਿੰਘ ਸੈਣੀ ਚੰਡੀਗੜ੍ਹ ਦੇ ਐੱਸਐੱਸਪੀ ਸਨ। ਸੈਣੀ 'ਤੇ ਉਸ ਵੇਲੇ ਹਮਲਾ ਹੋਇਆ ਸੀ ਜਿਸ ਵਿੱਚ ਸੁਮੇਧ ਸੈਣੀ ਦੇ ਤਿੰਨ ਸੁਰੱਖਿਆ ਮੁਲਾਜ਼ਮਾਂ ਦੀ ਮੌਤ ਹੋ ਗਈ ਸੀ ਪਰ ਸੈਣੀ ਬਚ ਗਏ ਸਨ।

ਇਲਜ਼ਾਮ ਹੈ ਕੀ ਸੁਮੇਧ ਸਿੰਘ ਸੈਣੀ ਦੇ ਇਸ਼ਾਰੇ 'ਤੇ ਸਾਬਕਾ IAS ਅਫ਼ਸਰ ਦਰਸ਼ਨ ਸਿੰਘ ਮੁਲਤਾਨੀ ਦੇ ਪੁੱਤਰ ਬਲਵੰਤ ਸਿੰਘ ਮੁਲਤਾਨੀ ਨੂੰ ਘਰ ਤੋਂ ਚੁੱਕਿਆ ਗਿਆ ਸੀ।

ਇਹ ਵੀ ਪੜ੍ਹੋ:-

ਵੀਡੀਓ: Kanwar Grewal ਤੇ Gippy Grewal ਦੀਆਂ ਸਰਕਾਰ ਨੂੰ ਖ਼ਰੀਆਂ-ਖ਼ਰੀਆਂ

ਵੀਡੀਓ: ਜਦੋਂ ਖੇਤੀ ਬਿਲਾਂ 'ਤੇ ਸਫ਼ਾਈ ਦੇਣ ਗਏ BJP ਆਗੂਆਂ ਨੂੰ ਝੱਲਣਾ ਪਿਆ ਕਿਸਾਨਾਂ ਦਾ ਗੁੱਸਾ

ਵੀਡੀਓ: ਕਿਸਾਨਾਂ ਦੇ ਹੱਕ ਵਿੱਚ ਬੱਬੂ ਮਾਨ ਨੇ ਕੀ ਕਿਹਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)