ਕੈਪਟਨ ਅਮਰਿੰਦਰ: ਕੋਰੋਨਾ ਬਾਰੇ ਸੋਸ਼ਲ ਮੀਡੀਆ ’ਤੇ ਪੋਸਟ ਪਾਉਣ ਤੋਂ ਪਹਿਲਾਂ ਦਸ ਵਾਰ ਸੋਚੋ- ਅੱਜ ਦੀਆਂ ਅਹਿਮ ਖ਼ਬਰਾਂ

ਕੈਪਟਨ ਅਮਰਿੰਦਰ ਨੇ ਕਿਹਾ ਹੈ ਕਿ ਪੰਜਾਬ ਵਿੱਚ ਮੌਤ ਦੀ ਦਰ ਇਸ ਲਈ ਵੱਧ ਹੈ ਕਿਉਂਕਿ ਸੂਬੇ ਵਿੱਚ ਲੋਕ ਕੋਰੋਨਾਵਾਇਰਸ ਦੀ ਖ਼ਤਰਨਾਕ ਸਟੇਜ ਉੱਤੇ ਹੀ ਇਲਾਜ ਵਾਸਤੇ ਆਉਂਦੇ ਹਨ।

ਕੈਪਟਨ ਅਮਰਿੰਦਰ ਨੇ ਆਪਣੇ ਹਫ਼ਤਾਵਾਰੀ ਸੰਬੋਧਨ ਵਿੱਚ ਇਹ ਗੱਲ ਆਖੀ ਹੈ।

ਕੈਪਟਨ ਅਮਰਿੰਦਰ ਨੇ ਇੱਕ ਚਾਰਟ ਨੂੰ ਵਿਖਾਉਂਦਿਆਂ ਹੋਇਆ ਕਿਹਾ, "ਪੰਜਾਬ ਵਿੱਚ ਹਰਿਆਣਾ ਤੇ ਦਿੱਲੀ ਦੇ ਮੁਕਾਬਲੇ ਮਾਮਲਿਆਂ ਦੀ ਗਿਣਤੀ ਘੱਟ ਹੈ ਪਰ ਮੌਤਾਂ ਦੀ ਦਰ ਵੱਧ ਹੋਣ ਦਾ ਕਾਰਨ ਹੈ।"

"ਪੰਜਾਬ ਵਿੱਚ ਲੋਕ ਬਿਮਾਰੀ ਦੇ ਪਹਿਲੀ 'ਤੇ ਡਾਕਟਰਾਂ ਜਾਂ ਹਸਪਤਾਲਾਂ ਕੋਲ ਨਹੀਂ ਜਾਂਦੇ ਹਨ। ਸੂਬੇ ਵਿੱਚ ਜ਼ਿਆਦਾਤਰ ਲੋਕ ਦੂਜੀ ਜਾਂ ਤੀਜੀ ਸਟੇਜ 'ਤੇ ਪਹੁੰਚਦੇ ਹਨ। ਉਸ ਵੇਲੇ ਉਨ੍ਹਾਂ ਦੀ ਹਾਲਤ ਗੰਭੀਰ ਹੋ ਜਾਂਦੀ ਹੈ।"

ਇਹ ਵੀ ਪੜ੍ਹੋ:

ਅਫ਼ਵਾਹਾਂ ਫੈਲਾਉਣ ਵਾਲਿਆਂ ਨੂੰ ਕੈਪਟਨ ਅਮਰਿੰਦਰ ਨੇ ਚੇਤਾਇਆ

ਕੈਪਟਨ ਅਮਰਿੰਦਰ ਨੇ ਨੌਜਵਾਨਾਂ ਨੂੰ ਚੇਤਾਇਆ ਹੈ ਕਿ ਨੌਜਵਾਨ ਕੋਰੋਨਾਵਾਇਰਸ ਸਬੰਧੀ ਕੋਈ ਵੀ ਪੋਸਟ ਪਾਉਣ ਤੋਂ ਪਹਿਲਾਂ 10 ਵਾਰ ਸੋਚ ਲੈਣ।

ਕੈਪਟਨ ਨੇ ਕਿਹਾ, "ਤੁਸੀਂ ਜੋ ਵੀ ਸੋਸ਼ਲ ਮੀਡੀਆ ਉੱਤੇ ਪੋਸਟ ਕਰੋਗੇ, ਉਸ ਲਈ ਤੁਹਾਡੀ ਹੀ ਜ਼ਿੰਮੇਵਾਰੀ ਹੋਵੇਗੀ। ਤੁਸੀਂ ਲੋਕਾਂ ਨੂੰ ਗੁੰਮਰਾਹ ਨਹੀਂ ਕਰ ਸਕਦੇ ਹੋ।"

"ਜੇ ਤੁਹਾਡੇ ਖਿਲਾਫ਼ ਕੋਈ ਮਾਮਲਾ ਦਰਜ ਹੁੰਦਾ ਹੈ ਤਾਂ ਤੁਹਾਡਾ ਭਵਿੱਖ ਹੀ ਖ਼ਰਾਬ ਹੋ ਸਕਦਾ ਹੈ। ਅਸੀਂ 121 ਐਕਾਊਂਟਸ ਨੂੰ ਬਲੌਕ ਕਰ ਦਿੱਤਾ ਹੈ। ਪੰਜਾਬ ਪੁਲਿਸ ਨੇ 292 ਹੋਰ ਸੋਸ਼ਲ ਮੀਡੀਆ ਦੇ ਐਕਾਊਂਟਸ ਦੀ ਪਛਾਣ ਕੀਤੀ ਹੈ, ਇਹ ਲੋਕ ਅਫ਼ਵਾਹਾ ਫੈਲਾਉਣ ਦਾ ਕੰਮ ਕਰ ਰਹੇ ਸਨ।"

ਕੰਗਨਾ ਰਨੌਤ ਨੇ ਸੋਨੀਆ ਗਾਂਧੀ ਨੂੰ ਘੇਰਿਆ

ਕੰਗਨਾ ਰਨੌਤ ਤੇ ਮਹਾਰਾਸ਼ਟਰ ਸਰਕਾਰ ਦੇ ਵਿਵਾਦ ਵਿੱਚ ਹੁਣ ਕਾਂਗਰਸ ਨੂੰ ਖਿੱਚ ਲਿਆ ਹੈ।

ਕੰਗਨਾ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਕਿਹਾ ਹੈ ਕਿ ਉਹ ਮਹਾਰਾਸ਼ਟਰ ਸਰਕਾਰ ਨੂੰ ਸੰਵਿਧਾਨ ਦਾ ਪਾਲਣ ਕਰਨ ਲਈ ਕਹੇ।

ਕੰਗਨਾ ਨੇ ਟਵੀਟ ਕੀਤਾ ਕਿ ਸੋਨੀਆ ਗਾਂਧੀ ਸਹਿਯੋਗੀ ਪਾਰਟੀ ਦੇ 'ਇੱਕ ਮਹਿਲਾ ਨੂੰ ਪ੍ਰੇਸ਼ਾਨ ਕਰਨ' 'ਤੇ ਉਨ੍ਹਾਂ ਦੀ ਚੁੱਪੀ ਇਤਿਹਾਸ ਵਿੱਚ ਦਰਜ ਹੋਵੇਗੀ।

ਸਮਾਜਿਕ ਕਾਰਕੁਨ ਅਗਨੀਵੇਸ਼ ਦਾ ਦੇਹਾਂਤ ਹੋਇਆ

ਸਮਾਜਿਕ ਕਾਰਕੁਨ ਸਵਾਮੀ ਅਗਨੀਵੇਸ਼ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੀ ਉਮਰ 81 ਸਾਲ ਸੀ।

ਸਵਾਮੀ ਅਗਨੀਵੇਸ਼ ਨੇ ਦਿੱਲੀ ਦੇ ਇੱਕ ਹਸਤਪਾਲ ਵਿੱਚ ਆਖਰੀ ਸਾਹ ਲਏ ਸਨ।

ਉਨ੍ਹਾਂ ਨੂੰ ਸੋਮਵਾਰ ਨੂੰ ਲੀਵਰ ਦੀ ਇੱਕ ਬਿਮਾਰੀ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।

ਉਨ੍ਹਾਂ ਦਾ ਇਲਾਜ ਕਰ ਰਹੀ ਡਾਕਟਰਾਂ ਦੀ ਟੀਮ ਨੇ ਦੱਸਿਆ, "ਲੀਵਰ ਸਿਰੋਸਿਸ ਨਾਲ ਪੀੜਤ ਸਵਾਮੀ ਅਗਨੀਵੇਸ਼ ਦੇ ਮੁੱਖ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਇਸ ਦੇ ਕਾਰਨ ਉਨ੍ਹਾਂ ਨੂੰ ਅੰਤਿਮ ਵੇਲੇ ਵੈਂਟੀਲੇਟਰ ਉੱਤੇ ਰੱਖਣਾ ਪਿਆ ਸੀ। ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ।"

21 ਸਿਤੰਬਰ 1939 ਨੂੰ ਜੰਮੇ ਸਵਾਮੀ ਅਗਨੀਵੇਸ਼ ਸਮਾਜਿਕ ਮੁੱਦਿਆਂ 'ਤੇ ਆਪਣੀ ਬੇਬਾਕ ਰਾਇ ਰੱਖਣ ਲਈ ਜਾਣੇ ਜਾਂਦੇ ਸਨ।

ਕੋਰੋਨਾਵਾਇਰਸ: ਬਰਤਾਨੀਆ 'ਚ ਮਹਾਵਾਰੀ ਵਧ ਰਹੀ ਹੈ, R ਨੰਬਰ ਪਹੁੰਚਿਆਂ ਇੱਕ ਤੋਂ ਪਾਰ

ਨਵੇਂ ਅਨੁਮਾਨਾਂ ਮੁਤਾਬਕ, ਬਰਤਾਨੀਆ ਵਿੱਚ ਹਾਲ ਦੇ ਹਫ਼ਤਿਆਂ ਵਿੱਚ ਕੋਰੋਵਾਇਰਸ ਦੇ ਕੇਸਾਂ ਵਿੱਚ ਵਾਧਾ ਹੋਇਆ ਹੈ।

ਸਰਕਾਰ ਦਾ ਤਾਜ਼ਾ R ਨੰਬਰ 1 ਅਤੇ 1.2 ਦੇ ਵਿਚਾਲੇ ਹੈ, ਇਸ ਦਾ ਮਤਲਬ ਹੈ ਕਿ ਮਹਾਵਾਰੀ ਵਧ ਰਹੀ ਹੈ।

R ਨੰਬਰ ਦਾ ਮਤਲਬ ਹੁੰਦਾ ਹੈ, ਰੀ-ਪ੍ਰੋਡਕਸ਼ਨ ਨੰਬਰ। ਕੋਰੋਨਾ ਲਾਗ ਉਦੋਂ ਤੱਕ ਫੈਲਦਾ ਰਹਿੰਦਾ ਹੈ ਜਦੋਂ ਤੱਕ ਪੀੜਤ ਵਿਅਕਤੀ ਨਾਲ ਔਸਤਨ ਇੱਕ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹੁੰਦੇ ਰਹਿੰਦੇ ਹਨ।

ਇਸ ਨੂੰ 1 ਤੋਂ ਹੇਠਾਂ ਰੱਖਣਾ ਬਹੁਤ ਜ਼ਰੂਰੀ ਹੈ। ਜ਼ਿਆਦਾ ਸਮੇਂ ਤੱਕ 1 ਤੋਂ ਹੇਠਾਂ ਰਹਿਣ 'ਤੇ ਹੀ ਮਹਾਂਮਾਰੀ ਦਾ ਖ਼ਤਰਾ ਟਾਲਿਆ ਜਾ ਸਕਦਾ ਹੈ।

ਇੰਗਲੈਂਡ 'ਚ ਹਜ਼ਾਰਾਂ ਲੋਕਾਂ ਦੇ ਅਧਿਐਨ 'ਚ ਦੇਖਿਆ ਗਿਆ ਹੈ ਹਰੇਕ ਸਤਵੇਂ ਅਤੇ ਅਠਵੇਂ ਦਿਨਾਂ ਵਿੱਚ ਕੇਸ ਦੂਹਰੇ ਹੋ ਰਹੇ ਹਨ, ਇਹ ਮਾਮਲੇ ਉੱਤਰ ਵਿੱਚ ਅਚੇ ਨੌਜਵਾਨ ਲੋਕਾਂ ਵਿੱਚ ਵਧ ਰਹੇ ਹਨ।

ਇਸ ਬਾਰੇ ਸੋਮਵਾਰ ਨੂੰ ਨਵੇਂ ਨਿਯਮ ਸੁਝਾਏ ਜਾਣਗੇ ਕਿ ਘਰ ਦੇ ਅੰਦਰ ਅਤੇ ਬਾਹਰ ਕਿੰਨੇ ਲੋਕ ਆ ਜਾ ਸਕਦੇ ਹਨ।

ਓਰੇਗਨ ਜੰਗਲ ਨੂੰ ਅੱਗ: 5 ਲੱਖ ਲੋਕਾਂ ਨੂੰ ਛੱਡਣਾ ਪਏ ਸ਼ਹਿਰ

ਅਧਿਕਾਰੀਆਂ ਮੁਤਾਬਕ, ਅਮਰੀਕਾ ਦੇ ਓਰੇਗਨ ਸੂਬੇ ਵਿੱਚ ਨਾਰਥਵੈਸਟ 'ਚ ਜੰਗਲ 'ਚ ਭੜਕਨ ਵਾਲੀ ਭਿਆਨਕ ਅੱਗ ਕਾਰਨ ਲੱਖਾਂ ਲੋਕ ਆਪਣੇ ਘਰਾਂ ਨੂੰ ਛੱਡ ਚੁੱਕੇ ਹਨ।

ਗਰਮ ਅਤੇ ਖੁਸ਼ਕ ਹਵਾਵਾਂ ਕਾਰਨ ਅੱਗ ਸੂਬੇ 'ਚ ਫੈਲ ਰਹੀ ਹੈ। ਹਾਲਾਂਕਿ, ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਹੈ।

ਗਵਰਨਰ ਕੇਟ ਬਰਾਊਨ ਦਾ ਕਹਿਣਾ ਹੈ ਕਿ ਇਸ ਦੌਰਾਨ ਕਿੰਨੀਆਂ ਮੌਤਾਂ ਹੋਈਆਂ ਹਨ, ਇਸ ਬਾਰੇ ਕੋਈ ਪੁਖ਼ਤਾ ਜਾਣਕਾਰੀ ਨਹੀਂ ਹੈ, ਅਜੇ ਤੱਕ ਸਿਰਫ਼ 4 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਸਕੀ ਹੈ।

ਮੌਜੂਦਾ ਦੌਰ ਵਿੱਚ 100 ਵੱਧ ਜੰਗਲਾਂ ਵਿੱਚ ਲੱਗੀ ਅੱਗ ਕਾਰਨ ਪੱਛਮੀ ਅਮਰੀਕਾ ਦੇ 12 ਸੂਬੇ ਝੁਲਸ ਰਹੇ ਹਨ।

ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਸੂਬੇ ਓਰੇਗਨ, ਕੈਲੀਫੋਰਨੀਆ ਤੇ ਵਾਸ਼ਿੰਗਟਨ ਹਨ, ਜਿੱਥੇ ਪੂਰੇ-ਪੂਰੇ ਸ਼ਹਿਰ ਨਸ਼ਟ ਹੋ ਗਏ ਹਨ।

ਸੁਮੇਧ ਸੈਣੀ ਦੀ ਭਾਲ ਵਿੱਚ ਛਾਪੇਮਾਰੀ ਜਾਰੀ

ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਗ੍ਰਿਫ਼ਤਾਰ ਕਰਨ ਲਈ ਪੰਜਾਬ ਪੁਲਿਸ ਨੇ ਚੰਡੀਗੜ੍ਹ, ਮੋਹਾਲੀ ਅਤੇ ਦਿੱਲੀ ਸਣੇ ਹੁਸ਼ਿਆਰਪੁਰ ਵਿੱਚ ਉਨ੍ਹਾਂ ਦੇ ਜੱਦੀ ਪਿੰਡ ਖੁੱਡਾ ਕਰਲਾ ਵਿਚਲੇ ਘਰਾਂ 'ਤੇ ਵੀਰਵਾਰ ਅਤੇ ਸ਼ੁੱਕਰਵਾਰ ਸਵੇਰੇ ਛਾਪੇਮਾਰੀ ਕੀਤੀ।

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਮੰਗਲਵਾਰ ਨੂੰ ਉਨ੍ਹਾਂ ਦੀ ਜ਼ਮਾਨਤ ਅਰਜ਼ੀ ਇਹ ਕਹਿ ਕੇ ਰੱਦ ਕਰ ਦਿੱਤੀ ਸੀ ਕਿ ਉਨ੍ਹਾਂ ਦੀ ਹਿਰਾਸਤ ਵਿਚ ਪੁੱਛਗਿੱਛ ਬਹੁਤ ਜ਼ਰੂਰੀ ਹੈ, ਕਿਉਂਕਿ ਉਹ "ਨਿਰਪੱਖ ਜਾਂਚ ਅਤੇ ਟ੍ਰਾਇਲ ਨੂੰ ਰੋਕਣ" ਦੀ ਕੋਸ਼ਿਸ਼ ਕਰ ਸਕਦੇ ਹਨ।

ਪੰਜਾਬ ਪੁਲਿਸ ਦੇ ਦਾਅਵੇ ਮੁਤਾਬਕ ਸੁਮੇਧ ਸੈਣੀ ਸੁਰੱਖਿਆ ਕਰਮੀਆਂ ਨੂੰ ਛੱਡ ਕੇ ਫਰਾਰ ਹੋ ਗਏ ਹਨ। ਪੰਜਾਬ ਪੁਲਿਸ ਵੱਲੋਂ ਉਨ੍ਹਾਂ ਨੂੰ ਫੜਨ ਲਈ ਕੀਤੀ ਜਾ ਰਹੀ ਕਾਰਵਾਈ ਉੱਪਰ ਪੰਜਾਬ ਦੇ ਦੋ ਕੈਬਨਿਟ ਮੰਤਰੀ ਵੀ ਸਵਾਲ ਚੁੱਕ ਰਹੇ ਹਨ। ਜਿਸ ਕਾਰਨ ਪੁਲਿਸ ਉੱਪਰ ਕਾਰਵਾਈ ਲਈ ਸਿਆਸੀ ਦਬਾਅ ਵੀ ਹੈ।

ਸੁਮੇਧ ਸੈਣੀ ਉੱਤੇ ਚੰਡੀਗੜ੍ਹ ਦੇ ਐੱਸਐੱਸਪੀ ਹੁੰਦੇ ਹੋਏ ਬਲਵੰਤ ਸਿੰਘ ਮੁਲਤਾਨੀ ਨਾਂ ਦੇ ਨੌਜਵਾਨ ਨੂੰ ਘਰੋਂ ਚੱਕ ਕੇ, ਪੁਲਿਸ ਹਿਰਾਸਤ ਦੌਰਾਨ ਤਸ਼ੱਦਦ ਦੇ ਕੇ ਮਾਰਨ ਦੇ ਇਲਜ਼ਾਮ ਹਨ।

ਕੀ ਹੈ ਸੈਣੀ ਖ਼ਿਲਾਫ਼ ਮਾਮਲਾ?

1991 ਵਿੱਚ ਸੁਮੇਧ ਸਿੰਘ ਸੈਣੀ ਚੰਡੀਗੜ੍ਹ ਦੇ ਐੱਸਐੱਸਪੀ ਸਨ। ਸੈਣੀ 'ਤੇ ਉਸ ਵੇਲੇ ਹਮਲਾ ਹੋਇਆ ਸੀ ਜਿਸ ਵਿੱਚ ਸੁਮੇਧ ਸੈਣੀ ਦੇ ਤਿੰਨ ਸੁਰੱਖਿਆ ਮੁਲਾਜ਼ਮਾਂ ਦੀ ਮੌਤ ਹੋ ਗਈ ਸੀ ਪਰ ਸੈਣੀ ਬਚ ਗਏ ਸਨ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਇਲਜ਼ਾਮ ਹੈ ਕੀ ਸੁਮੇਧ ਸਿੰਘ ਸੈਣੀ ਦੇ ਇਸ਼ਾਰੇ 'ਤੇ ਸਾਬਕਾ IAS ਅਫ਼ਸਰ ਦਰਸ਼ਨ ਸਿੰਘ ਮੁਲਤਾਨੀ ਦੇ ਪੁੱਤਰ ਬਲਵੰਤ ਸਿੰਘ ਮੁਲਤਾਨੀ ਨੂੰ ਘਰ ਤੋਂ ਚੁੱਕਿਆ ਗਿਆ ਸੀ।

ਉਨ੍ਹਾਂ ਨੂੰ ਇਸ ਕਰ ਕੇ ਚੁੱਕਿਆ ਗਿਆ ਸੀ ਕਿਉਂਕਿ ਪੁਲਿਸ ਸੁਮੇਧ ਸਿੰਘ ਸੈਣੀ ਦੇ ਹਮਲਾਵਰਾਂ ਦੀ ਤਲਾਸ਼ ਕਰ ਰਹੀ ਸੀ। ਇਸ ਤੋਂ ਬਾਅਦ ਕਿਹਾ ਗਿਆ ਸੀ ਕਿ ਬਲਵੰਤ ਸਿੰਘ ਮੁਲਤਾਨੀ ਪੁਲਿਸ ਹਿਰਾਸਤ 'ਚੋਂ ਭੱਜ ਗਿਆ ਹੈ।

ਇਸ ਸਾਲ ਮਈ ਵਿੱਚ ਮੁਲਤਾਨੀ ਦੇ ਪਰਿਵਾਰ ਵੱਲੋਂ ਸੈਣੀ ਦੇ ਖ਼ਿਲਾਫ਼ ਮੋਹਾਲੀ ਵਿੱਚ ਐੱਫ਼ਆਈਆਰ ਦਰਜ ਕਰਵਾਈ ਗਈ ।

ਇਹ ਵੀ ਪੜ੍ਹੋ:-

ਵੀਡੀਓ: ਜੰਮੂ-ਕਸ਼ਮੀਰ ਵਿੱਚ ਪੰਜਾਬੀ ਹਮਾਇਤੀਆਂ ਦੀਦਲੀਲ

ਵੀਡੀਓ: ਹਰਿਮੰਦਰ ਸਾਹਿਬ ਦੇ ਚੜ੍ਹਾਵੇ ਬਾਰੇ ਸੰਗਤਾਂ ਕੀ ਕਹਿੰਦੀਆਂ ਨੇ?

ਵੀਡੀਓ: ਬੈਰੂਤ ਵਿੱਚ ਇੱਕ ਮਹੀਨੇ ਮਗਰੋਂ ਫਿਰ ਅੱਗ ਦਾ ਖ਼ੌਫ਼

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)