ਕੋਰੋਨਾਵਾਇਰਸ: ਪੰਜਾਬ 'ਚ ਸ਼ਨੀਵਾਰ ਦਾ ਲੌਕਡਾਊਨ ਹਟਾਉਣ ਸਣੇ ਤੇ ਕਰਫਿਊ ਬਾਰੇ ਕੈਪਟਨ ਦੇ 9 ਅਹਿਮ ਐਲਾਨ-ਅੱਜ ਦੀਆਂ ਅਹਿਮ ਖ਼ਬਰਾਂ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿਚ ਲੌਕਡਾਊਮ ਵਿਚ ਢਿੱਲ ਦੇਣ ਨਾਲ ਕਈ ਪਾਬੰਦੀਆਂ ਹਟਾ ਲਈਆਂ ਹਨ। ਇਸ ਤੋਂ ਇਲਾਵਾ ਦਿੱਲੀ ਵਿਚ ਬੱਬਰ ਖਾਲਸਾ ਦੇ ਦੋ ਕਾਰਕੁਨਾਂ ਦੀ ਗ੍ਰਿਫ਼ਤਾਰੀ , ਮੋਦੀ ਦਾ ਸਿੱਖਿਆ ਨੀਤੀ ਉੱਤੇ ਭਾਸ਼ਣ ਅਤੇ ਕੋਰੋਨਾ ਦੀ ਬਾਰਤ ਵਿਚ ਲਾਗ ਸੁਰਖੀਆਂ ਵਿਚ ਬਣੀਆਂ ਰਹਿਣ ਵਾਲੀਆਂ ਅੱਜ ਦੀਆਂ ਅਹਿਮ ਖ਼ਬਰਾਂ ਹਨ।

ਮੁੱਖ ਮੰਤਰੀ ਨੇ ਕੋਵਿਡ-19 ਦੇ ਹਾਲਾਤ ਬਾਰੇ ਪੰਜਾਬ ਕਾਂਗਰਸ ਦੇ ਵਿਧਾਇਕਾਂ ਨਾਲ ਵਿਚਾਰ-ਵਟਾਂਦਰੇ ਦੇ ਦੂਜੇ ਗੇੜ ਦੀ ਵਰਚੂਅਲ ਮੀਟਿੰਗ ਦੌਰਾਨ ਲਏ। ਮੁੱਖ ਮੰਤਰੀ ਵਲੋਂ ਕੀਤੇ ਐਲਾਨ ਇਸ ਤਰ੍ਹਾਂ ਹਨ।

ਕੈਪਟਨ ਨੇ ਕੀਤੇ ਇਹ 9 ਐਲਾਨ

  • ਸ਼ਹਿਰੀ ਖੇਤਰਾਂ ਵੀਐਂਡ ਲੌਕਡਾਊਨ ਵਿੱਚ ਰਾਹਤ ਦਾ ਐਲਾਨ ਕੀਤਾ ਗਿਆ ਹੈ ਕਿ ਹੁਣ ਸੂਬੇ ਵਿੱਚ ਸ਼ਨਿੱਚਰਵਾਰ ਨੂੰ ਲੌਕਡਾਊਨ ਨਹੀਂ ਲੱਗੇਗਾ।
  • ਸ਼ਨਿੱਚਰਵਾਰ ਨੂੰ ਗ਼ੈਰ-ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਖੋਲ੍ਹਣਾ ਅਤੇ ਸੋਮਵਾਰ ਤੋਂ ਲੈ ਕੇ ਸ਼ਨਿੱਚਰਵਾਰ ਤੱਕ ਰਾਤ 9 ਵਜੇ ਤੱਕ ਉਨ੍ਹਾਂ ਨੂੰ ਸਮੇਂ ਵਿੱਚ ਛੋਟ ਦੇਣਾ ਵੀ ਸ਼ਾਮਲ ਹੈ।ਹਾਲਾਂਕਿ, ਐਤਵਾਰ ਨੂੰ ਗ਼ੈਰ-ਜ਼ਰੂਰੀ ਸਾਮਾਨ ਦੀਆਂ ਦੁਕਾਨਾਂ ਬੰਦ ਰਹਿਣਗੀਆਂ।
  • ਹੋਟਲ ਤੇ ਰੈਸਟੋਰੈਂਟ ਹਫ਼ਤੇ ਦੇ 7 ਦਿਨ ਖੁੱਲ੍ਹੇ ਰਹਿਣਗੇ ਤੇ ਇਨ੍ਹਾਂ ਦਾ ਸਮਾਂ ਰਾਤ 9 ਵਜੇ ਤੱਕ ਕਰ ਦਿੱਤਾ ਗਿਆ ਹੈ, ਹਾਲਾਂਕਿ ਖਾਣੇ ਦੋ ਹੋਮ ਡਿਲੀਵਰੀ 9 ਵਜੇ ਤੋਂ ਬਾਅਦ ਕੀਤੀ ਜਾ ਸਕੇਗੀ।

ਇਹੀ ਵੀ ਪੜ੍ਹੋ

  • ਨਵੀਆਂ ਹਦਾਇਤਾਂ ਮੁਤਾਬਕ ਸੂਬੇ ਦੇ ਸਾਰੇ ਸ਼ਹਿਰਾਂ ਵਿੱਚ ਰਾਤ ਦਾ ਕਰਫਿਊ 9.30 ਵਜੇ ਤੋਂ ਸਵੇਰੇ 5 ਵਜੇ ਤੱਕ ਜਾਰੀ ਰਹੇਗਾ।
  • ਲੰਬੇ ਸਮੇਂ ਤੋਂ ਬੰਦ ਪਈਆਂ ਦੁਕਾਨਾਂ ਦੇ ਮਾਲਕਾਂ ਵੱਲੋਂ ਭਾਰੀ ਬਿਜਲੀ ਬਿੱਲਾਂ ਦੀਆਂ ਸ਼ਿਕਾਇਤਾਂ 'ਤੇ ਮੁੱਖ ਮੰਤਰੀ ਨੇ ਬਿਜਲੀ ਵਿਭਾਗ ਨੂੰ ਕਿਹਾ ਹੈ ਕਿ ਉਹ ਸਿਰਫ਼ ਅਸਲ ਬਿੱਲ ਹੀ ਭੇਜਣ ਨਾ ਕਿ ਔਸਤਨ ਬਿੱਲ।
  • ਉਸਾਰੀ ਖੇਤਰ ਦੇ ਕਾਮੇ ਜਾਂ ਉਨ੍ਹਾਂ ਪਰਿਵਾਰ ਮੈਂਬਰ ਕੋਵਿਡ-19 ਪੌਜ਼ੀਟਿਵ ਆਉਣ ਅਤੇ ਕੁਆਰੰਟੀਨ ਦੀ ਸਥਿਤੀ ਵਿੱਚ 1500 ਰੁਪਏ ਦਾ ਨਗਦੀ ਮੁਆਵਜ਼ਾ ਦੇਣ ਦਾ ਵੀ ਐਲਾਨ ਕੀਤਾ ਹੈ।
  • ਕੋਵਿਡ-19 ਦਾ ਸ਼ਿਕਾਰ ਹੋਏ ਗਰੀਬ ਮਰੀਜ਼ਾਂ ਨੂੰ ਖਾਣੇ ਦੇ ਮੁਫ਼ਤ ਪੈਕਟ ਵੰਡਣ ਤਾਂ ਘਰ ਵਿੱਚ ਇਕਾਂਤਵਾਸ ਦੇ ਸਮੇਂ ਦੌਰਾਨ ਘੱਟੋ-ਘੱਟ 7-10 ਦਿਨਾਂ ਲਈ ਲੋੜੀਂਦਾ ਰਾਸ਼ਨ ਹੋਵੇ।

2. ਬੱਬਰ ਖਾਲਸਾ ਕਾਰਕੁਨ ਗ੍ਰਿਫ਼ਤਾਰ ਕਰਨ ਦਾ ਦਾਅਵਾ

ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਬੱਬਰ ਖ਼ਾਲਸਾ ਨਾਲ ਜੁੜੇ ਦੋ ਕਥਿਤ ਕਾਰਕੁਨਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ।

ਪੁਲਿਸ ਦਾ ਦਾਅਵਾ ਹੈ ਕਿ ਸੰਖੇਪ ਜਿਹੇ ਪੁਲਿਸ ਮੁਕਾਬਲੇ ਮਗਰੋਂ ਦੋਵਾਂ ਨੂੰ ਉੱਤਰ-ਪੱਛਮੀ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਦੋਵਾਂ ਦੀ ਪਛਾਣ, ਪੰਜਾਬ ਦੇ ਲੁਧਿਆਣਾ ਵਾਸੀ ਭੁਪਿੰਦਰ ਸਿੰਘ ਉਰਫ਼ ਦਿਲਾਵਰ ਸਿੰਘ ਅਤੇ ਕੁਲਵੰਤ ਸਿੰਘ ਵਜੋਂ ਕੀਤੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਕੁਝ ਕੇਸਾਂ 'ਚ ਇਨ੍ਹਾਂ ਦੀ ਭਾਲ ਸੀ।

ਏਜੰਸੀ ਨੇ ਡਿਪਟੀ ਕਮਿਸ਼ਨਰ (ਸਪੈਸ਼ਲ ਸੈੱਲ) ਸੰਦੀਵ ਕੁਮਾਰ ਯਾਦਵ ਦੇ ਹਵਾਲੇ ਨਾਲ ਲਿਖਿਆ ਹੈ ਕਿ ਇਨ੍ਹਾਂ ਕੋਲ 6 ਪਿਸਤੌਲ ਅਤੇ 40 ਕਾਰਤੂਸ ਬਰਾਮਦ ਹੋਏ ਹਨ।

ਇਹ ਵੀ ਪੜ੍ਹੋ

ਕੀ ਹੈ ਬੱਬਰ ਖਾਲਸਾ ਜਥੇਬੰਦੀ

  • ਬੱਬਰ ਖਾਲਸਾ ਦਾ ਪੂਰਾ ਨਾਂ 'ਬੱਬਰ ਖਾਲਸਾ ਇੰਟਰਨੈਸ਼ਲਨ' ਹੈ। ਜਿਹੜੀ ਭਾਰਤ ਤੋਂ ਇਲਾਵਾ ਕੈਨੇਡਾ, ਜਰਮਨੀ, ਯੂਕੇ ਅਤੇ ਅਮਰੀਕਾ ਵਿਚ ਸਰਗਰਮ ਹੈ।
  • ਇਸ ਜਥੇਬੰਦੀ ਨੂੰ ਭਾਰਤ, ਅਮਰੀਕਾ ਅਤੇ ਯੂਰਪ ਸਣੇ ਕਈ ਦੇਸਾਂ ਵਿਚ 'ਕੌਮਾਂਤਰੀ ਅੱਤਵਾਦੀ ਸੰਗਠਨ' ਮੰਨਦੇ ਹੋਏ ਪਾਬੰਦੀ ਲਾਈ ਗਈ ਹੈ।
  • ਬੱਬਰ ਖਾਲਸਾ ਦੀ ਸਥਾਪਨਾ 1978 ਵਿਚ ਅੰਮ੍ਰਿਤਸਰ ਦੇ ਸਿੱਖ- ਨਿਰੰਕਾਰੀ ਕਾਂਡ ਤੋਂ ਬਾਅਦ ਸੁਖਦੇਵ ਸਿੰਘ ਬੱਬਰ ਅਤੇ ਤਲਵਿੰਦਰ ਸਿੰਘ ਪਰਮਾਰ ਦੀ ਅਗਵਾਈ ਵਿਚ ਕੀਤੀ ਗਈ ਸੀ।
  • ਇਸ ਸੰਗਠਨ ਦੀ ਕੌਮਾਂਤਰੀ ਪੱਧਰ ਉੱਤੇ ਚਰਚਾ 329 ਲੋਕਾਂ ਦੀ ਜਾਨ ਲੈਣ ਵਾਲੇ 1985 ਦੇ ਏਅਰ ਇੰਡੀਆ ਬੰਬ ਧਮਾਕੇ ਤੋਂ ਬਾਅਦ ਹੋਈ ਹੈ।
  • ਇਹ ਸੰਗਠਨ ਵੱਖਰੇ ਸਿੱਖ ਰਾਜ ਦੀ ਕਾਇਮੀ ਲਈ ਹਥਿਆਰਬੰਦ ਗਤੀਵਿਧੀਆਂ ਕਾਰਨ ਸਮੇਂ ਸਮੇਂ ਉੱਤੇ ਸੁਰਖੀਆਂ ਵਿਚ ਆਉਂਦਾ ਰਿਹਾ ਹੈ।

3. ਨਵੀਂ ਸਿੱਖਿਆ ਨੀਤੀ ਬਾਰੇ ਮੋਦੀ ਦਾ ਭਾਸ਼ਣ

ਨਵੀਂ ਕੌਮੀ ਸਿੱਖਿਆ ਨੀਤੀ 'ਤੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜਪਾਲਾਂ ਦੀ ਵੀਡੀਓ ਕਾਨਫਰੰਸ ਦੌਰਾਨ ਕਈ ਗੱਲਾਂ ਕਹੀਆਂ ਹਨ। ਪੀਐੱਮ ਮੋਦੀ ਦੀਆਂ ਸਿੱਖਿਆ ਨੀਤੀ 'ਤੇ ਪੰਜ ਅਹਿਮ ਗੱਲਾਂ ਕੀ ਹਨ, ਆਓ ਜਾਣਦੇ ਹਾਂ...

  • ਨਵੀਂ ਸਿੱਖਿਆ ਨੀਤੀ ਪੜ੍ਹਨ ਦੀ ਬਜਾਏ ਸਿੱਖਣ 'ਤੇ ਕੇਂਦ੍ਰਤ ਹੈ ਅਤੇ ਪਾਠਕ੍ਰਮ ਤੋਂ ਪਰੇ 'ਆਲੋਚਨਾਤਮਕ ਸੋਚ' ਤੇ ਜ਼ੋਰ ਦਿੰਦੀ ਹੈ। ਇਸ ਨੀਤੀ ਵਿਚ, ਪ੍ਰਕਿਰਿਆ ਨਾਲੋਂ ਜ਼ਿਆਦਾ ਜਜ਼ਬਾ, ਵਿਹਾਰਕਤਾ ਅਤੇ ਪ੍ਰਦਰਸ਼ਨ 'ਤੇ ਜ਼ੋਰ ਦਿੱਤਾ ਜਾਂਦਾ ਹੈ।
  • ਇਸ ਵਿਚ ਫਾਉਂਡੇਸ਼ਨ ਲਰਨਿੰਗ (ਬੁਨਿਆਦੀ ਸਿਖਲਾਈ) ਅਤੇ ਭਾਸ਼ਾਵਾਂ 'ਤੇ ਵੀ ਫੋਕਸ ਕੀਤਾ ਗਿਆ ਹੈ। ਸਿੱਖਣ ਦੇ ਨਤੀਜਿਆਂ ਅਤੇ ਅਧਿਆਪਕ ਦੀ ਸਿਖਲਾਈ 'ਤੇ ਵੀ ਫੋਕਸ ਕੀਤਾ ਗਿਆ ਹੈ। ਇਸ ਵਿਚ ਮੁਲਾਂਕਣ ਦੇ ਸੰਬੰਧ ਵਿਚ ਵਿਆਪਕ ਸੁਧਾਰ ਵੀ ਕੀਤੇ ਗਏ ਹਨ।
  • ਸਿੱਖਿਆ ਮੰਤਰਾਲੇ ਵੱਲੋਂ ਲਗਾਤਾਰ ਗੱਲਬਾਤ ਵੀ ਜਾਰੀ ਹੈ। ਸੂਬਿਆਂ ਦੇ ਹਰ ਸਟੇਕਹੋਲਡਰ (ਹਿੱਸੇਦਾਰ) ਦੀ ਪੂਰੀ ਸਲਾਹ, ਹਰ ਰਾਇ ਖੁੱਲੇ ਮਨ ਨਾਲ ਸੁਣੀ ਜਾ ਰਹੀ ਹੈ।
  • ਇਹ ਸਿੱਖਿਆ ਨੀਤੀ ਸਰਕਾਰ ਦੀ ਸਿੱਖਿਆ ਨੀਤੀ ਨਹੀਂ ਹੈ। ਇਹ ਦੇਸ਼ ਦੀ ਸਿੱਖਿਆ ਨੀਤੀ ਹੈ। ਜਿਸ ਤਰ੍ਹਾਂ ਵਿਦੇਸ਼ ਨੀਤੀ ਦੇਸ਼ ਦੀ ਨੀਤੀ ਹੈ, ਰੱਖਿਆ ਨੀਤੀ ਦੇਸ਼ ਦੀ ਨੀਤੀ ਹੈ, ਇਸੇ ਤਰ੍ਹਾਂ ਸਿੱਖਿਆ ਨੀਤੀ ਵੀ ਦੇਸ਼ ਦੀ ਨੀਤੀ ਹੈ।
  • ਕੋਈ ਵੀ ਸਿਸਟਮ, ਉਨ੍ਹਾਂ ਹੀ ਪ੍ਰਭਾਵਸ਼ਾਲੀ ਅਤੇ ਸੰਪੂਰਨ ਹੋ ਸਕਦਾ ਹੈ ਜਿਨ੍ਹਾਂ ਅਸਰਦਾਰ ਉਸ ਦਾ ਗਵਰਨੇਂਸ ਮਾਡਲ ਹੋਵੇਗਾ। ਇਹੀ ਸੋਚ ਸਿੱਖਿਆ ਨਾਲ ਸਬੰਧਤ ਗਵਰਨੇਂਸ ਬਾਰੇ ਵੀ ਇਸ ਨੀਤੀ ਨੂੰ ਦਰਸਾਉਂਦੀ ਹੈ।

4. ਲਾਗ ਦੇ ਮਾਮਲਿਆਂ ਵਿਚ ਬ੍ਰਾਜ਼ੀਲ ਨੂੰ ਪਛਾੜ ਕੇ ਭਾਰਤ ਦੂਜੇ ਨੰਬਰ 'ਤੇ

ਪਿਛਲੇ 24 ਘੰਟਿਆਂ ਵਿੱਚ ਭਾਰਤ ਵਿੱਚ ਕੋਰੋਨਾ ਦੀ ਲਾਗ ਦੇ 90,802 ਨਵੇਂ ਕੇਸ ਸਾਹਮਣੇ ਆਏ ਹਨ। ਇਸ ਨਾਲ ਦੇਸ਼ ਵਿਚ ਲਾਗ ਦੇ ਮਾਮਲਿਆਂ ਦੀ ਕੁਲ ਗਿਣਤੀ 42 ਲੱਖ ਤੋਂ ਪਾਰ ਹੋ ਗਈ ਹੈ।

ਇਸ ਤਰ੍ਹਾਂ ਭਾਰਤ ਬ੍ਰਾਜ਼ੀਲ ਨੂੰ ਪਿੱਛੇ ਛੱਡਦਿਆਂ ਕੋਰੋਨਾ ਦੀ ਲਾਗ ਦੇ ਮਾਮਲਿਆਂ ਵਿਚ ਦੁਨੀਆਂ ਦਾ ਦੂਜਾ ਸਭ ਤੋਂ ਪ੍ਰਭਾਵਿਤ ਦੇਸ਼ ਬਣ ਗਿਆ ਹੈ।

ਪਿਛਲੇ ਸੱਤ ਦਿਨਾਂ ਤੋਂ ਭਾਰਤ ਵਿੱਚ ਹਰ ਦਿਨ ਕੋਰੋਨਾ ਸੰਕਰਮਣ ਦੇ 75 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ।

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਸੋਮਵਾਰ ਨੂੰ ਕਿਹਾ, "ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਕਾਰਨ 1016 ਲੋਕਾਂ ਦੀ ਮੌਤ ਹੋਈ ਹੈ। ਕੋਰੋਨਾ ਲਾਗ ਦੀ ਕੁੱਲ ਗਿਣਤੀ 42,04,614 ਹੋ ਗਈ ਹੈ, ਜਿਨ੍ਹਾਂ ਵਿੱਚੋਂ 882,542 ਕੇਸ ਐਕਟਿਵ ਹਨ।"

ਭਾਰਤ ਵਿਚ 32,50,429 ਲੋਕ ਕੋਰੋਨਾ ਦੀ ਲਾਗ ਤੋਂ ਠੀਕ ਹੋ ਚੁੱਕੇ ਹਨ। ਮਹਾਂਮਾਰੀ ਨੇ ਹੁਣ ਤੱਕ 71,642 ਲੋਕਾਂ ਦੀ ਜਾਨ ਲੈ ਲਈ ਹੈ।

ਇਹ ਵੀ ਪੜ੍ਹੋ

ਇਹ ਵੀ ਵੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)