PSEB 12ਵੀਂ ਦੇ ਨਤੀਜੇ: ਝੋਨਾ ਲਾਉਣ ਤੇ ਨਰਮਾ ਚੁਗਣ ਵਾਲੀ ਟੌਪਰ ਕੁੜੀ ਜਿਸ ਨੇ ਉਧਾਰ ਦੇ ਮੋਬਾਈਲ ਫੋਨ 'ਤੇ ਪੜ੍ਹਾਈ ਕੀਤੀ
- ਲੇਖਕ, ਸੁਰਿੰਦਰ ਮਾਨ
- ਰੋਲ, ਬੀਬੀਸੀ ਪੰਜਾਬੀ ਲਈ
ਜ਼ਿਲ੍ਹਾ ਮਾਨਸਾ ਦਾ ਪਿੰਡ ਹੈ ਬਾਜੇਵਾਲਾ। ਪਿੰਡ ਦੇ ਬਾਲਮੀਕੀ ਮੰਦਰ ਦੇ ਨਾਲ ਇੱਕ ਨਿੱਕਾ ਜਿਹਾ ਘਰ ਹੈ।
ਇਸ ਘਰ 'ਚੋਂ ਜਿੱਥੇ ਇੱਕ ਕੁੜੀ ਆਪਣੇ ਮਾਂ-ਬਾਪ ਨਾਲ ਦੋ ਡੰਗ ਦੀ ਰੋਟੀ ਲਈ ਖੇਤਾਂ 'ਚ ਝੋਨਾ ਲਾਉਣ, ਕਣਕ ਵੱਢਣ ਤੇ ਜਾਂ ਫਿਰ ਨਰਮਾ ਚੁਗਣ ਲਈ ਨਿਕਲਦੀ ਸੀ ਤਾਂ ਕੋਈ ਖਾਸ ਤਵੱਜੋ ਨਹੀਂ ਸੀ ਦਿੰਦਾ। ਪਰ ਹੁਣ ਇਸ ਕੁੜੀ ਦੀ ਮਿਹਨਤ ਨੇ ਘਰ ਨੂੰ ਭਾਗ ਲਾ ਦਿੱਤੇ ਹਨ।
ਜਦੋਂ ਮੈਂ ਪਰਿਵਾਰ ਨੂੰ ਮਿਲਣ ਪਹੁੰਚਿਆ, ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਸੀ। ਅਫ਼ਸਰਾਂ ਦੀਆਂ ਹੌਰਨ ਮਾਰਦੀਆਂ ਗੱਡੀਆਂ ਇਸ ਘਰ ਵਿੱਚ ਕੁੱਝ ਖਾਸ ਹੋਣ ਦਾ ਸੰਕੇਤ ਸਹਿਜੇ ਹੀ ਦੇ ਰਹੀਆਂ ਹਨ।
ਗੱਲ ਉਸ ਕੁੜੀ ਜਸਪ੍ਰੀਤ ਕੌਰ ਦੀ ਹੈ, ਜਿਸ ਨੇ ਇਸ ਵਾਰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਏ ਗਏ 12ਵੀਂ ਜਮਾਤ ਦੇ ਇਮਤਿਹਾਨ 'ਚ ਬਾਜ਼ੀ ਮਾਰੀ ਹੈ।

ਤਸਵੀਰ ਸਰੋਤ, Surinder maan/bbc
ਪਿੰਡ 'ਚ ਹੋ ਰਹੀ ਵਾਹ-ਵਾਹ
ਪਿੰਡ ਦੇ ਲੋਕ ਖੁਸ਼ ਹਨ ਕਿ ਪਿੰਡ ਵਿੱਚ ਹੇਅਰ ਡਰੈਸਰ ਦਾ ਕੰਮ ਕਰਨ ਵਾਲੇ ਬਲਦੇਵ ਸਿੰਘ ਦੀ ਧੀ ਨੇ ਅਜਿਹੀ ਮੱਲ ਮਾਰੀ ਹੈ ਕਿ ਪਿੰਡ ਦਾ ਨਾਂ ਉੱਚਾ ਹੋਇਆ ਹੈ।
ਸਰਕਾਰੀ ਅਫ਼ਸਰਾਂ, ਮੀਡੀਆ ਵਾਲਿਆਂ ਤੇ ਜਸਪ੍ਰੀਤ ਕੌਰ ਨੂੰ ਸਨਮਾਨਿਤ ਕਰਨ ਲਈ ਕਾਹਲੇ ਸਮਾਜ ਸੇਵੀਆਂ ਦੀਆਂ ਗੱਡੀਆਂ ਵਰ੍ਹਦੇ ਮੀਂਹ ਤੇ ਪਿੰਡ ਦੀਆਂ ਗਲੀਆਂ 'ਚ ਹੋਏ ਚਿੱਕੜ ਦੀ ਪਰਵਾਹ ਕੀਤੇ ਬਗੈਰ ਇਸ ਕੁੜੀ ਦੇ ਘਰ ਨੂੰ ਆ ਰਹੀਆਂ ਹਨ।
ਜਸਪ੍ਰੀਤ ਕੌਰ ਦੇ ਗੁਆਂਢੀ ਪਿੰਡ ਦੇ ਸਾਬਕਾ ਸਰਪੰਚ ਦਰਸ਼ਨ ਸਿੰਘ ਨੂੰ ਚਾਅ ਹੈ ਕਿ ਪਿੰਡ ਦੀ ਕੁੜੀ ਨੇ ਵਿੱਦਿਅਕ ਖੇਤਰ 'ਚ ਬਾਜ਼ੀ ਮਾਰੀ ਹੈ।
''ਕਦੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕਦੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਵਧਾਈਆਂ ਵਾਲੇ ਫ਼ੋਨ ਆ ਰਹੇ ਹਨ।"
"ਕਈਆਂ ਨੂੰ ਤਾਂ ਅਸੀਂ ਜਾਣਦੇ ਵੀ ਨਹੀਂ, ਉਹ ਵੀ ਵਧਾਈਆਂ ਦੇ ਰਹੇ ਹਨ। ਮਾਣ ਹੈ, ਪਰ ਮਿਹਨਤ ਤਾਂ ਜਸਪ੍ਰੀਤ ਦੀ ਹੀ ਹੈ, ਜਿਸ ਨੇ ਖੇਤਾਂ 'ਚ ਆਪਣੇ ਮਾਪਿਆਂ ਨਾਲ ਦਿਹਾੜੀਆਂ ਕਰਕੇ ਵੀ ਵਿੱਦਿਆ ਵਧੀਆ ਢੰਗ ਨਾਲ ਹਾਸਲ ਕੀਤੀ।''
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਜੇਵਾਲਾ ਦੇ ਅਧਿਆਪਕ ਕੁਲਵਿੰਦਰ ਸਿੰਘ ਦੱਸਦੇ ਹਨ, ''ਅੱਤ ਦੀ ਗਰੀਬੀ ਦੇ ਬਾਵਜੂਦ ਜਸਪ੍ਰੀਤ ਨੇ ਅਣਥੱਕ ਮਿਹਨਤ ਸਦਕਾ 450 ਅੰਕਾਂ ਦੀ ਪ੍ਰੀਖਿਆ 'ਚੋਂ 448 ਅੰਕ ਹਾਸਲ ਕਰਕੇ ਮਾਨਸਾ ਜ਼ਿਲ੍ਹੇ 'ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ, ਜੋ ਮਾਣ ਵਾਲੀ ਗੰਲ ਹੈ।''



ਤਸਵੀਰ ਸਰੋਤ, Surindermaan/bbc
ਘਰ ਦੀਆਂ ਮੁਸ਼ਕਲਾਂ
ਜਸਪ੍ਰੀਤ ਕੌਰ ਦੇ ਪਿਤਾ ਬਲਦੇਵ ਸਿੰਘ ਪਿੰਡ ਦੇ ਬੱਸ ਅੱਡੇ 'ਚ ਹੇਅਰ ਡਰੈਸਰ ਦੀ ਦੁਕਾਨ ਚਲਾਉਂਦੇ ਹਨ।
ਜਦੋਂ ਮੈਂ ਪਿੰਡ ਦੀ ਜੂਹ 'ਚ ਦਾਖ਼ਲ ਹੋਇਆ ਤਾਂ ਮੋਢੇ 'ਤੇ ਕਹੀ ਚੁੱਕੀ ਆਉਂਦੇ ਕਿਸਾਨ ਬਲਵੰਤ ਸਿੰਘ ਨੇ ਦੱਸਿਆ, ''ਬਲਦੇਵ ਤਾਂ ਅੱਜ ਮਾਨਸੇ ਗਿਆ। ਉਹਦੀ ਧੀ ਨੇ ਵੱਧ ਨੰਬਰ ਲਏ ਆ। ਸੁਣਿਆਂ, ਡੀਸੀ ਨੇ ਸਨਮਾਨਿਤ ਕਰਨਾ ਹੈ। ਦੁਕਾਨ ਤਾਂ ਅੱਜ ਉਸ ਦੀ ਬੰਦ ਹੋਊ, ਪਰ ਤੁਸੀਂ ਉਸ ਦੇ ਘਰ ਜਾ ਕੇ ਪਤਾ ਕਰ ਲਉ।''
ਉਸ ਨੇ ਕਿਹਾ, ''ਸਾਨੂੰ ਤਾਂ ਮਾਣ ਐ ਕਿ ਸਾਡੀ ਕੁੜੀ ਫਸਟ ਆਈ ਹੈ। ਨਾਲੇ ਬਲਦੇਵ ਨੇ ਤਾਂ ਖੇਤਾਂ 'ਚ ਦਿਹਾੜੀਆਂ ਕਰਕੇ ਆਪਣੀ ਧੀ ਨੂੰ ਪੜਾਇਆ, ਅਸੀਂ ਬਾਗੋ-ਬਾਗ ਆਂ।''
ਮੇਰਾ ਕੈਮਰਾਮੈਨ ਫ਼ੋਟੋ ਖਿੱਚਣ ਲਈ ਜਿਵੇਂ ਹੀ ਉਤਾਵਲਾ ਹੋਇਆ ਤਾਂ ਇਸ ਕਿਸਾਨ ਦੇ ਸ਼ਬਦ ਸਨ, ''ਯਾਰ ਫ਼ੋਟੋ ਸਾਡੀ ਧੀ ਜਸਪ੍ਰੀਤ ਕੌਰ ਤੇ ਬਲਦੇਵ ਸਿੰਘ ਦੀ ਖਿੱਚੋਂ, ਜਿਨਾਂ ਕਰਕੇ ਅੱਜ ਸਾਡੇ ਪਿੰਡ ਬਾਜੇਵਾਲਾ ਦਾ ਨਾਂ ਚਮਕਿਆ।''
ਅਸਲ ਵਿੱਚ ਕਹਾਣੀ ਇਹ ਸੀ ਕਿ ਜਸਪ੍ਰੀਤ ਕੌਰ ਤੇ ਉਸ ਦੇ ਪਿਤਾ ਬਲਦੇਵ ਸਿੰਘ ਨੂੰ ਜ਼ਿਲ੍ਹਾ ਮਾਨਸਾ ਦੇ ਸਿੱਖਿਆ ਅਫ਼ਸਰ ਅੱਜ ਤੜਕੇ ਹੀ ਇਹ ਕਹਿ ਕੇ ਗੱਡੀ 'ਚ ਬੈਠਾ ਕੇ ਮਾਨਸਾ ਲੈ ਗਏ ਸਨ ਕਿ ਉੱਚ ਅਧਿਕਾਰੀਆਂ ਨੇ ਸਨਮਾਨ ਕਰਨਾ ਹੈ।
ਢਲੀਆਂ ਤਰਕਾਲਾਂ ਨੂੰ ਜਿਵੇਂ ਹੀ ਬਲਦੇਵ ਸਿੰਘ ਆਪਣੀ ਧੀ ਜਸਪ੍ਰੀਤ ਕੌਰ ਤੇ ਉਸ ਦੇ ਸਕੂਲ ਦੇ ਅਧਿਆਪਕ ਕੁਲਵਿੰਦਰ ਸਿੰਘ ਨਾਲ ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਦਹਿਲੀਜ਼ 'ਤੇ ਪੈਰ ਧਰਦਾ ਹੈ ਤਾਂ ਉਸ ਦੀਆਂ ਅੱਖਾਂ ਨਮ ਹੋ ਜਾਂਦੀਆਂ ਹਨ।
ਬਲਦੇਵ ਸਿੰਘ ਕਹਿੰਦੇ ਹਨ, ''ਮੇਰੇ ਕਲੇਜਾ ਫਟਦਾ ਹੈ ਜਦੋਂ ਮੈਂ ਅੱਜ ਆਪਣੀ ਧੀ ਦੀ ਵੱਡੀ ਪ੍ਰਾਪਤੀ ਤੋਂ ਬਾਅਦ ਇਹ ਸੋਚਦਾ ਹਾਂ ਕਿ ਜਸਪ੍ਰੀਤ ਨੇ ਮੇਰੇ ਨਾਲ ਝੋਨਾ ਵੀ ਲਾਇਆ, ਕਣਕ ਵੀ ਵੱਢੀ ਤੇ ਨਰਮਾ ਵੀ ਚੁਗਿਆ। ਪਰ ਖੁਸ਼ ਹਾਂ ਕਿ ਮੇਰੀ ਧੀ ਨੇ ਲਗਨ ਨਾਲ ਪੜ੍ਹਾਈ ਕੀਤੀ ਤੇ ਅੱਜ ਇੱਕ ਮੁਕਾਮ 'ਤੇ ਹੈ।''
ਉਸ ਨੇ ਕਿਹਾ, ''ਮੇਰੀ ਰੋਜ਼ ਦੀ ਕਮਾਈ ਦੋ-ਢਾਈ ਸੌ ਹੈ ਪਰ ਜਦੋਂ ਦੁਕਾਨ ਨਹੀਂ ਚਲਦੀ ਤਾਂ ਮੈਂ ਆਪਣੀ ਪਤਨੀ ਤੇ ਧੀ ਨਾਲ ਖੇਤਾਂ 'ਚ ਦਿਹਾੜੀ ਲਈ ਜਾਂਦਾ ਹਾਂ। ਜੋ ਪੂੰਜੀ ਸੀ, ਖ਼ਰਚ ਦਿੱਤੀ। ਹੁਣ ਤਾਂ ਪਰਿਵਾਰ ਪਾਲਣਾ ਹੈ। ਜੇ ਸਰਕਾਰ ਮਦਦ ਕਰੇ ਤਾਂ ਜਸਪ੍ਰੀਤ ਹੋਰ ਪੜ ਸਕਦੀ ਹੈ ਤੇ ਚੰਗੀ ਨੌਕਰੀ ਹਾਸਲ ਕਰ ਸਕਦੀ ਹੈ। ਮੈਂ ਹੋਰ ਖ਼ਰਚ ਜਸਪ੍ਰੀਤ ਦੀ ਪੜ੍ਹਾਈ 'ਤੇ ਕਰਨ ਤੋਂ ਅਸਮਰੱਥ ਹਾਂ।''

ਤਸਵੀਰ ਸਰੋਤ, Surinder maan/bbc
ਜਸਪ੍ਰੀਤ ਕੌਰ ਦੀ ਮਾਂ ਮਨਦੀਪ ਸਿੰਘ ਕੁੱਝ ਨਹੀਂ ਬੋਲਦੀ। ਬੱਸ, ਇਨਾਂ ਹੀ ਕਹਿੰਦੀ ਹੈ ਕਿ ਉਸ ਦੀ ਧੀ ਦਾ ਨਾਂ ਇਸ ਪ੍ਰਕਾਰ ਚਮਕੇਗਾ, ਇਸ ਦਾ ਇਲਮ ਉਸ ਨੂੰ ਨਹੀਂ ਸੀ।
ਉਸ ਨੇ ਕਿਹਾ, ''ਅਸੀਂ ਦਿਹਾੜੀ ਜਾਂਦੇ ਤੇ ਜਦੋਂ ਰੋਟੀ-ਟੁੱਕ ਖਾ ਕੇ ਰਾਤ ਨੂੰ ਵਿਹਲੇ ਹੁੰਦੇ ਤਾਂ ਜਸਪ੍ਰੀਤ ਕਿਤਾਬਾਂ ਦੇ ਵਰਕੇ ਫਰੋਲਦੀ। ਆਪਣੇ ਪਾਪਾ ਨੂੰ ਕਹਿੰਦੀ ਕਿ ਸਕੂਲ ਬੰਦ ਹਨ। ਪੜ੍ਹਾਈ ਮੋਬਾਇਲ 'ਤੇ ਹੁੰਦੀ ਹੈ।"
"ਅਸੀਂ ਗਰੀਬ ਹਾਂ, ਮਹਿੰਗਾ ਟੈਲੀਫ਼ੋਨ ਲੈ ਨਹੀਂ ਸਕਦੇ ਸੀ ਪਰ ਮੇਰੇ ਘਰ ਵਾਲੇ ਨੇ ਕਿਸੇ ਤੋਂ ਉਧਾਰਾ ਫ਼ੋਨ ਲਿਆ ਕੇ ਕੁੜੀ ਨੂੰ ਦੇ ਦਿੱਤਾ ਤੇ ਇਹ ਪੜ੍ਹ ਗਈ।''

ਤਸਵੀਰ ਸਰੋਤ, Surinder maan/bbc
ਜਸਪ੍ਰੀਤ ਨੇ ਹੌਂਸਲਾ ਨਾ ਹਾਰਿਆ
ਦੱਸਣਾ ਬਣਦਾ ਹੈ ਕਿ ਭਾਰਤ ਵਿੱਚ ਲੌਕਡਾਊਨ ਦੌਰਾਨ ਸਮੁੱਚੇ ਸਿਖਿਆ ਸੰਸਥਾਨ ਬੰਦ ਕਰ ਦਿੱਤੇ ਗਏ ਤੇ ਜਮਾਤਾਂ ਇੰਟਰਨੈੱਟ ਰਾਹੀਂ ਆਨਲਾਈਨ ਲੱਗਣ ਲੱਗੀਆਂ। ਜਸਪ੍ਰੀਤ ਕਹਿੰਦੀ ਹੈ ਕਿ ਇਹ ਉਸ ਲਈ ਮੁਸ਼ਕਿਲ ਦੀ ਘੜੀ ਸੀ।
''ਮੈਂ ਸੋਚਦੀ ਕਿ ਆਖ਼ਰ ਮੇਰੇ ਮਾਪੇ ਕਿਵੇਂ ਸਮਾਰਟ ਫ਼ੋਨ ਲੈ ਕੇ ਦੇ ਦੇਣਗੇ। ਪਰ ਮੈਂ ਸਾਢੇ ਗੁਆਂਢ 'ਚੋਂ ਹੀ ਇੱਕ ਮੋਬਾਇਲ ਫ਼ੋਨ ਹਰ ਰੋਜ਼ ਲਈ ਸਿਰਫ਼ ਅੱਧੇ ਘੰਟੇ ਲਈ ਉਧਾਰ ਲੈ ਲਿਆ। ਬੱਸ, ਫਿਰ ਕੀ ਸੀ। ਮੈਂ ਅੱਧੇ ਘੰਟੇ 'ਚ ਹੀ ਸਾਰਾ ਕੰਮ ਨਿਬੇੜ ਲੈਂਦੀ। ਪਰ ਅੱਜ ਬਹੁਤ ਖੁਸ਼ ਹਾਂ।''




ਇਹ ਵੀਡੀਓ ਵੀ ਦੇਖੋ













