ਦਿੱਲੀ ਹਿੰਸਾ: ਭਾਜਪਾ ਆਗੂਆਂ ਦੇ ਉਹ 'ਭਾਸ਼ਣ' ਜਿੰਨਾਂ ਨੂੰ ਦਿੱਲੀ ਪੁਲਿਸ ਨੇ ਕਲੀਨ ਚਿੱਟ ਦਿੱਤੀ

ਦਿੱਲੀ ਪੁਲਿਸ ਨੇ ਦਿੱਲੀ ਹਾਈਕੋਰਟ 'ਚ ਪੇਸ਼ ਕੀਤੇ ਗਏ ਇੱਕ ਹਲਫ਼ਨਾਮੇ 'ਚ ਕਿਹਾ ਹੈ ਕਿ ਹੁਣ ਤੱਕ ਉਨ੍ਹਾਂ ਨੂੰ ਅਜਿਹੇ ਕਈ ਸਬੂਤ ਨਹੀਂ ਮਿਲੇ ਜਿਨ੍ਹਾਂ ਦੇ ਆਧਾਰ ਉੱਤੇ ਇਹ ਕਿਹਾ ਜਾ ਸਕੇ ਕਿ ਭਾਜਪਾ ਆਗੂ ਕਪਿਲ ਮਿਸ਼ਰਾ, ਪਰਵੇਸ਼ ਵਰਮਾ ਅਤੇ ਅਨੁਰਾਗ ਠਾਕੁਰ ਨੇ ਕਿਸੇ ਵੀ ਤਰ੍ਹਾਂ ਲੋਕਾਂ ਨੂੰ 'ਭੜਕਾਇਆ ਹੋਵੇ ਜਾਂ ਦਿੱਲੀ 'ਚ ਦੰਗੇ ਕਰਨ ਲਈ ਉਕਸਾਇਆ ਹੋਵੇ।'

ਦਿੱਲੀ ਪੁਲਿਸ ਨੇ ਇਹ ਹਲਫ਼ਨਾਮਾ ਇੱਕ ਪਟੀਸ਼ਨ ਦੇ ਜਵਾਬ ਵਿੱਚ ਪੇਸ਼ ਕੀਤਾ। ਇਸ ਪਟੀਸ਼ਨ 'ਚ ਉਨ੍ਹਾਂ ਆਗੂਆਂ ਦੇ ਖ਼ਿਲਾਫ਼ ਐੱਫਆਈਆਰ ਦਰਜ ਕਰਨ ਦੀ ਗੱਲ ਕਹੀ ਗਈ ਹੈ, ਜਿਨ੍ਹਾਂ ਨੇ ਜਨਵਰੀ-ਫ਼ਰਵਰੀ ਵਿੱਚ ਵਿਵਾਦਤ ਭਾਸ਼ਣ ਦਿੱਤੇ ਸੀ।

ਹਲਫ਼ਨਾਮੇ ਨੂੰ ਪੇਸ਼ ਕਰਦਿਆਂ ਡਿਪਟੀ ਕਮਿਸ਼ਨਰ (ਕਾਨੂੰਨ ਵਿਭਾਗ) ਰਾਜੇਸ਼ ਦੇਵ ਨੇ ਇਹ ਵੀ ਕਿਹਾ ਕਿ ਜੇ ਇਨ੍ਹਾਂ ਕਥਿਤ ਭੜਕਾਊ ਭਾਸ਼ਣਾਂ ਅਤੇ ਦੰਗਿਆਂ ਵਿਚਾਲੇ ਕੋਈ ਲਿੰਕ ਅੱਗੇ ਮਿਲੇਗਾ ਤਾਂ ਐੱਫ਼ਆਈਆਰ ਦਰਜ ਕੀਤੀ ਜਾਵੇਗੀ।

ਉੱਤਰੀ ਪੂਰਬੀ ਦਿੱਲੀ ਵਿੱਚ 23-26 ਫ਼ਰਵਰੀ ਨੂੰ ਦੰਗੇ ਹੋਏ ਸਨ, ਜਿਸ 'ਚ 53 ਲੋਕਾਂ ਦੀ ਮੌਤ ਹੋਈ ਅਤੇ ਸੈਕੜੇ ਲੋਕ ਜ਼ਖ਼ਮੀਂ ਅਤੇ ਬੇਘਰ ਹੋ ਗਏ ਸਨ।

ਦਿੱਲੀ ਪੁਲਿਸ ਵੱਲੋਂ ਦੰਗਿਆਂ ਨੂੰ ਲੈ ਕੇ ਦਰਜ ਕੁੱਲ 751 ਅਪਰਾਧਿਕ ਮਾਮਲਿਆਂ ਦਾ ਜ਼ਿਕਰ ਕਰਦੇ ਹੋਏ ਕੋਰਟ 'ਚ ਕਿਹਾ ਗਿਆ ਕਿ ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਿਆ ਹੈ ਕਿ ਇਹ ਦੰਗੇ 'ਤੇਜ਼ੀ ਨਾਲ ਹੋਣ ਵਾਲੀ ਹਿੰਸਾ' ਨਹੀਂ ਸਨ ਸਗੋਂ ਬੇਹੱਦ ਯੋਜਨਾਬੱਧ ਤਰੀਕੇ ਨਾਲ ਸੋਚ ਸਮਝ ਕੇ 'ਸਮਾਜਿਕ ਤਾਣਾ-ਬਾਣਾ ਵਿਗਾੜਿਆ' ਗਿਆ।

ਇਹ ਵੀ ਪੜ੍ਹੋ:-

ਦਿੱਲੀ ਪੁਲਿਸ ਨੇ ਜੂਨ 'ਚ ਦੰਗਿਆਂ ਨੂੰ ਲੈ ਕੇ ਇੱਕ ਕ੍ਰੋਨੋਲੌਜੀ ਪੇਸ਼ ਕੀਤੀ ਸੀ।

ਇਸ 'ਚ ਸਮਾਜਿਕ ਕਾਰਕੁਨ ਹਰਸ਼ ਮੰਦਰ, ਭੀਮ ਆਰਮੀ ਦੇ ਮੁਖੀ ਚੰਦਰਸ਼ੇਖ਼ਰ ਆਜ਼ਾਦ ਦੇ 16 ਦਸੰਬਰ ਅਤੇ 22 ਜਨਵਰੀ ਨੂੰ ਦਿੱਤੇ ਗਏ ਭਾਸ਼ਣਾਂ ਦਾ ਜ਼ਿਕਰ ਕੀਤਾ ਗਿਆ ਹੈ, ਪਰ ਇਸ 'ਚ 27, 28 ਜਨਵਰੀ ਨੂੰ ਦਿੱਤੇ ਗਏ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਅਤੇ ਭਾਜਪਾ ਸੰਸਦ ਮੈਂਬਰ ਪਰਵੇਸ਼ ਵਰਮਾ ਦੇ ਵਿਵਾਦਤ ਭਾਸ਼ਣਾਂ ਦਾ ਜ਼ਿਕਰ ਨਹੀਂ ਹੈ।

ਇੱਥੋਂ ਤੱਕ ਕਿ 23 ਫ਼ਰਵਰੀ ਨੂੰ ਦਿੱਤੇ ਗਏ ਕਪਿਲ ਮਿਸ਼ਰਾ ਦੇ 'ਅਲਟੀਮੇਟਮ.... ' ਵਾਲੇ ਭਾਸ਼ਣ ਨੂੰ ਵੀ ਦਿੱਲੀ ਪੁਲਿਸ ਨੇ 'ਕ੍ਰੋਨੋਲੌਜੀ' 'ਚ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿੱਤਾ ਸੀ।

ਕੀ ਸੀ ਇਨ੍ਹਾਂ ਤਿੰਨ ਆਗੂਆਂ ਦੇ ਵਿਵਾਦਤ ਬਿਆਨ

'ਦੇਸ਼ ਕੇ ਗੱਦਾਰੋਂ ਕੋ.... '

ਮਿਤੀ 27 ਜਨਵਰੀ, ਕੇਂਦਰੀ ਵਿੱਤ ਰਾਜ ਮੰਤਰੀ ਅਤੇ ਦਿੱਲੀ ਚੋਣਾਂ 'ਚ ਭਾਜਪਾ ਦੇ ਸਟਾਰ ਪ੍ਰਚਾਰਕ ਰਹੇ ਅਨੁਰਾਗ ਠਾਕੁਰ ਨੇ ਰਿਠਾਲਾ 'ਚ ਇੱਕ ਰੈਲੀ ਦੌਰਾਨ ਲੋਕਾਂ ਤੋਂ ਨਾਅਰੇ ਲਗਵਾਏ - 'ਦੇਸ਼ ਕੇ ਗੱਦਾਰੋਂ ਕੋ, ਗੋਲੀ ਮਾਰੋ....।'

ਰੈਲੀ ਦਾ ਵੀਡੀਓ ਸੋਸ਼ਲ ਮੀਡੀਆ ਤੋਂ ਲੈ ਕੇ ਤਮਾਮ ਟੀਵੀ ਚੈਨਲਾਂ ਉੱਤੇ ਦਿਖਾਇਆ ਗਿਆ। ਵੀਡੀਓ ਵਿੱਚ ਸਾਫ਼ ਸੁਣਿਆ ਜਾ ਸਕਦਾ ਹੈ ਕਿ ਇਸ ਨਾਅਰੇ ਦੇ ਸ਼ੁਰੂਆਤੀ ਬੋਲ ਅਨੁਰਾਗ ਠਾਕੁਰ ਨੇ ਬੋਲੇ, ਅਤੇ ਅੱਧੇ ਬੋਲ ਜਨਤਾ ਵੱਲੋਂ ਪੂਰੇ ਕੀਤੇ ਗਏ।

ਉਨ੍ਹਾਂ ਨੇ ਲੋਕਾਂ ਤੋਂ ਤੇਜ਼ ਆਵਾਜ਼ ਵਿੱਚ ਆਪਣੇ ਨਾਲ ਇਹ ਨਾਅਰਾ ਲਗਾਉਣ ਨੂੰ ਕਿਹਾ ਸੀ। ਇਸ ਉੱਤੇ ਚੋਣ ਕਮਿਸ਼ਨ ਨੇ ਅਨੁਰਾਗ ਠਾਕੁਰ ਉੱਤੇ ਤਿੰਨ ਦਿਨਾਂ ਦਾ ਬੈਨ ਵੀ ਲਗਾਇਆ ਸੀ ਅਤੇ ਭਾਜਪਾ ਨੇ ਉਨ੍ਹਾਂ ਨੂੰ ਆਪਣੀ ਸਟਾਰ ਪ੍ਰਚਾਰਕ ਲਿਸਟ ਤੋਂ ਬਾਹਰ ਕਰ ਦਿੱਤਾ ਸੀ।

ਉਨ੍ਹਾਂ ਦਿਨਾਂ ਵਿੱਚ ਦਿੱਲੀ 'ਚ ਸੀਏਏ ਅਤੇ ਐੱਨਆਰਸੀ ਨੂੰ ਲੈਕੇ ਵਿਰੋਧ ਪ੍ਰਦਰਸ਼ਨ ਹੋ ਰਹੇ ਸਨ। ਤਮਾਮ ਪ੍ਰਦਰਸ਼ਨਾਂ ਵਿੱਚੋਂ ਸਭ ਤੋਂ ਵੱਡਾ ਪ੍ਰਦਰਸ਼ਨ ਸ਼ਾਹੀਨ ਬਾਗ਼ ਵਿੱਚ ਹੋ ਰਿਹਾ ਸੀ, ਜੋ ਸਭ ਤੋਂ ਲੰਬੇ ਵਕਤ ਤੱਕ ਵੀ ਚੱਲਿਆ। ਇਸ ਲਈ ਸ਼ਾਹੀਨ ਬਾਗ਼ ਪ੍ਰਦਰਸ਼ਨ ਦਿੱਲੀ ਚੋਣਾਂ ਵਿੱਚ ਅਹਿਮ ਮੁੱਦਾ ਵੀ ਬਣਿਆ।

'ਸ਼ਾਹੀਨ ਬਾਗ਼ ਦੇ ਲੋਕ ਮਾਂ-ਭੈਣਾਂ ਦਾ ਰੇਪ ਕਰਨਗੇ... '

28 ਜਨਵਰੀ ਨੂੰ ਦਿੱਲੀ 'ਚ ਚੋਣ ਪ੍ਰਚਾਰ ਦੌਰਾਨ ਪੱਛਮੀ ਦਿੱਲੀ ਤੋਂ ਭਾਜਪਾ ਦੇ ਸੰਸਦ ਮੈਂਬਰ ਪਰਵੇਸ਼ ਵਰਮਾ ਨੇ ਵੀ ਇੱਕ ਵਿਵਾਦਤ ਬਿਆਨ ਦਿੱਤਾ।

ਖ਼ਬਰ ਏਜੰਸੀ ਨੂੰ ਦਿੱਤੇ ਬਿਆਨ ਵਿੱਚ ਉਨ੍ਹਾਂ ਨੇ ਕਿਹਾ, ''ਸ਼ਾਹੀਨ ਬਾਗ਼ ਵਿੱਚ ਲੱਖਾਂ ਲੋਕ ਇਕੱਠੇ ਹਨ। ਦਿੱਲੀ ਦੀ ਜਨਤਾ ਨੂੰ ਸੋਚ-ਵਿਚਾਰ ਕੇ ਹੀ ਫ਼ੈਸਲਾ ਲੈਣਾ ਚਾਹੀਦਾ ਹੈ। ਉਹ ਤੁਹਾਡੇ ਘਰਾਂ ਵਿੱਚ ਵੜ ਜਾਣਗੇ, ਤੁਹਾਡੀ ਮਾਂ-ਭੈਣਾਂ ਨਾਲ ਰੇਪ ਕਰਨਗੇ ਅਤੇ ਉਨ੍ਹਾਂ ਨੂੰ ਮਾਰ ਦੇਣਗੇ। ਜੇ ਭਾਜਪਾ ਸਰਕਾਰ ਬਣੀ ਤਾਂ ਸਾਰੀਆਂ ਮਸਜਿਦਾਂ ਹਟਵਾ ਦੇਵਾਂਗੇ, ਸ਼ਾਹੀਨ ਬਾਗ਼ ਵੀ ਇੱਕ ਘੰਟੇ ਵਿੱਚ ਖਾਲ੍ਹੀ ਹੋਵੇਗਾ।''

ਚੋਣ ਕਮਿਸ਼ਨ ਨੇ ਉਨ੍ਹਾਂ ਦੇ ਇਸ ਇੰਟਰਵਿਊ ਕਾਰਨ ਉਨ੍ਹਾਂ ਉੱਤੇ 4 ਦਿਨਾਂ ਤੱਕ ਚੋਣ ਪ੍ਰਚਾਰ ਕਰਨ 'ਤੇ ਪਾਬੰਦੀ ਲਗਾ ਦਿੱਤੀ ਸੀ।

''.....ਟਰੰਪ ਦੇ ਜਾਣ ਤੋਂ ਬਾਅਦ ਅਸੀਂ ਪੁਲਿਸ ਦੀ ਵੀ ਨਹੀਂ ਸੁਣਾਂਗੇ''

23 ਫ਼ਰਵਰੀ, ਉਹ ਦਿਨ ਸੀ ਜਦੋਂ ਦਿੱਲੀ ਦੇ ਉੱਤਰ ਪੂਰਬੀ ਇਲਾਕੇ ਵਿੱਚ ਦੇਰ ਸ਼ਾਮ ਤੋਂ ਹਿੰਸਾ ਸ਼ੁਰੂ ਹੋਈ ਸੀ।

ਇਸੇ ਦਿਨ ਮੌਜਪੂਰ 'ਚ ਕਪਿਲ ਮਿਸ਼ਰਾ ਨੇ ਸੀਏਏ ਦੇ ਹੱਕ ਵਿੱਚ ਇੱਕ ਰੈਲੀ 'ਚ ਕਿਹਾ ਸੀ, ''ਡੀਸੀਪੀ ਸਾਹਬ ਸਾਡੇ ਸਾਹਮਣੇ ਖੜੇ ਹਨ। ਮੈਂ ਤੁਹਾਡੇ ਸਭ ਦੇ ਵੱਲੋਂ ਕਹਿ ਰਿਹਾਂ ਹਾਂ, ਟਰੰਪ ਦੇ ਜਾਣ ਤੱਕ ਤਾਂ ਅਸੀਂ ਸ਼ਾਂਤੀ ਨਾਲ ਜਾ ਰਹੇ ਹਾਂ, ਪਰ ਉਸ ਤੋਂ ਬਾਅਦ ਅਸੀਂ ਤੁਹਾਡੀ ਵੀ ਨਹੀਂ ਸੁਣਾਂਗੇ ਜੇ ਰਾਹ ਖਾਲ੍ਹੀ ਨਾ ਹੋਏ ਤਾਂ....ਟਰੰਪ ਦੇ ਜਾਣ ਤੱਕ ਤੁਸੀਂ (ਪੁਲਿਸ) ਜਾਫ਼ਰਾਬਾਦ ਅਤੇ ਚਾਂਦਬਾਗ਼ ਖਾਲ੍ਹੀ ਕਰਵਾ ਲਓ ਅਜਿਹੀ ਤੁਹਾਨੂੰ ਬੇਨਤੀ ਹੈ, ਨਹੀਂ ਤਾਂ ਉਸ ਤੋਂ ਬਾਅਦ ਸਾਨੂੰ ਸੜਕ ਉੱਤੇ ਆਉਣਾ ਪਵੇਗਾ।''

ਇਸੇ ਦਿਨ ਸ਼ਾਮ ਨੂੰ ਸੀਏਏ ਸਮਰਥਕਾਂ ਅਤੇ ਐਂਟੀ ਸੀਏਏ ਮੁਜ਼ਾਹਰਾਕਾਰੀਆਂ ਵਿਚਾਲੇ ਪੱਥਰਬਾਜ਼ੀ ਹੋਈ ਅਤੇ ਇੱਥੋਂ ਹੀ ਦਿੱਲੀ ਦੰਗਿਆਂ ਦੀ ਸ਼ੁਰੂਆਤ ਹੋਈ।

ਦੇਖਦੇ ਹੀ ਦੇਖਦੇ ਇਹ ਹਿੰਸਾ ਚਾਂਦਬਾਗ਼, ਕਰਾਵਲ ਨਗਰ, ਸ਼ਿਵਪੁਰੀ, ਭਜਨਪੁਰਾ, ਗੋਕੁਲਪੁਰੀ ਸਣੇ ਉੱਤਰ ਪੂਰਬੀ ਦਿੱਲੀ ਦੇ ਕਈ ਇਲਾਕਿਆਂ ਵਿੱਚ ਅੱਗ ਵਾਂਗ ਫ਼ੈਲ ਗਈ।

ਪਰ ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਹੁਣ ਤੱਕ ਇਨ੍ਹਾਂ ਭਾਸ਼ਣਾਂ ਦਾ ਦਿੱਲੀ ਵਿੱਚ ਹੋਈ ਹਿੰਸਾ ਨਾਲ ਕੋਈ ਲਿੰਕ ਸਾਹਮਣੇ ਨਹੀਂ ਆਇਆ।

ਪੁਲਿਸ ਨੇ ਇਨ੍ਹਾਂ ਆਗੂਆਂ ਉੱਤੇ ਐੱਫ਼ਆਈਆਰ ਦੀ ਮੰਗ ਕਰਨ ਵਾਲੀ ਪਟੀਸ਼ਨ ਨੂੰ ਖ਼ਾਰਜ ਕਰਨ ਦੀ ਮੰਗ ਕਰਦੇ ਹੋਏ ਅਦਾਲਤ ਵਿੱਚ ਕਿਹਾ, ''ਪਟੀਸ਼ਨ ਪਾਉਣ ਵਾਲਿਆਂ ਨੇ ਆਪਣੇ ਲੁਕੇ ਹੋਏ ਏਜੰਡੇ ਤਹਿਤ ਚੁਣ ਕੇ ਕੁਝ ਖ਼ਾਸ ਭਾਸ਼ਣਾਂ ਅਤੇ ਘਟਨਾਵਾਂ ਦਾ ਜ਼ਿਕਰ ਕੀਤਾ ਹੈ।"

"ਇਹ ਲੋਕ ਕੁਝ ਖ਼ਾਸ ਘਟਨਾਵਾਂ 'ਤੇ ਇਤਰਾਜ਼ ਜਤਾ ਰਹੇ ਹਨ ਪਰ ਇਨ੍ਹਾਂ ਲੋਕਾਂ ਨੇ ਹੋਰ ਕਈ ਹਿੰਸਾ ਦੀਆਂ ਘਟਨਾਵਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਹੈ। ਇਹ ਦਿਖਾਉਂਦਾ ਹੈ ਕਿ ਇਹ ਪਟੀਸ਼ਨ ਸਹੀ ਅਤੇ ਨਿਰਪੱਖ ਨਹੀਂ ਸਗੋਂ ਖ਼ਾਸ ਸੋਚ ਤੋਂ ਪ੍ਰੇਰਿਤ ਹੈ।''

ਬੀਬੀਸੀ ਨੇ ਜਦੋਂ ਦਿੱਲੀ ਪੁਲਿਸ ਦੇ ਹਾਈਕੋਰਟ ਵਿੱਚ ਦਿੱਤੇ ਹਲਫ਼ਨਾਮੇ 'ਤੇ ਗੱਲ ਕਰਨ ਲਈ ਦਿੱਲੀ ਪੁਲਿਸ ਦੇ ਬੁਲਾਰੇ ਮਨਦੀਪ ਸਿੰਘ ਰੰਧਾਵਾ ਨੂੰ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਸਵਾਲ ਸੁਣਨ ਤੋਂ ਬਾਅਦ ਕਿਹਾ ਕਿ ਉਹ ਇੱਕ ਅਹਿਮ ਮੀਟਿੰਗ ਵਿੱਚ ਹਨ ਅਤੇ ਉਨ੍ਹਾਂ ਨੂੰ ਸਵਾਲ ਮੇਲ ਰਾਹੀਂ ਭੇਜ ਦਿੱਤੇ ਜਾਣ।

ਬੀਬੀਸੀ ਨੇ ਸਵਾਲਾਂ ਦੀ ਲਿਸਟ ਦਿੱਲੀ ਪੁਲਿਸ ਨੂੰ ਭੇਜੀ ਹੈ, ਜਿਸ ਦਾ ਜਵਾਬ ਖ਼ਬਰ ਲਿਖੇ ਜਾਣ ਤੱਕ ਨਹੀਂ ਮਿਲਿਆ ਹੈ।

26 ਫ਼ਰਵਰੀ ਨੂੰ ਹਾਈਕੋਰਟ ਦੇ ਜਸਟਿਸ ਐੱਸ ਮੁਰਲੀਧਰਨ ਦੀ ਬੈਂਚ ਨੇ ਕੋਰਟ 'ਚ ਕਪਿਲ ਮਿਸ਼ਰਾ ਦੇ ਮੌਜਪੁਰ ਵਿੱਚ ਦਿੱਤੇ ਗਏ ਭਾਸ਼ਣ ਨੂੰ ਦੇਖਿਆ ਸੀ ਅਤੇ ਦਿੱਲੀ ਪੁਲਿਸ ਨੂੰ 24 ਘੰਟਿਆਂ ਅੰਦਰ ਐੱਫ਼ਆਈਆਰ ਦਰਜ ਕਰਨ 'ਤੇ ਫ਼ੈਸਲਾ ਲੈਣ ਨੂੰ ਕਿਹਾ ਸੀ।

ਹਾਲਾਂਕਿ ਇਸ ਤੋਂ ਇੱਕ ਦਿਨ ਬਾਅਦ 27 ਫ਼ਰਵਰੀ ਨੂੰ ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਇਸ ਹੁਕਮ ਤੋਂ ਅਸਹਿਮਤ ਹੁੰਦੇ ਹੋਏ ਕਿਹਾ ਸੀ, ''ਅਜੇ ਐੱਫ਼ਆਈਆਰ ਲਈ ਹਾਲਾਤ 'ਠੀਕ' ਨਹੀਂ ਹਨ। ਹੁਣ ਤੱਕ ਹਿੰਸਾ ਨਾਲ ਜੁੜੇ 48 ਐੱਫ਼ਆਈਆਰ ਦਰਜ ਹੋਏ ਹਨ ਅਤੇ ਜਦੋਂ ਦਿੱਲੀ ਦੇ ਹਾਲਾਤ ਆਮ ਨਹੀਂ ਹੋ ਜਾਂਦੇ, ਉਦੋਂ ਤੱਕ ਦਾ ਸਮਾਂ ਮਿਲਣਾ ਚਾਹੀਦਾ ਹੈ।''

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)