You’re viewing a text-only version of this website that uses less data. View the main version of the website including all images and videos.
ਅਨੁਰਾਗ ਠਾਕੁਰ ਨੇ ਜਦੋਂ 'ਗੋਲੀ ਮਾਰਨ ਵਾਲਾ' ਨਾਅਰਾ ਲਗਵਾਇਆ - 5 ਅਹਿਮ ਖ਼ਬਰਾਂ
ਭਾਜਪਾ ਦੇ ਸਟਾਰ ਪ੍ਰਚਾਰਕ ਇਸ ਸਮੇਂ ਦਿੱਲੀ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਕਰ ਰਹੇ ਹਨ।
ਕੇਂਦਰੀ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਵੀ ਅਜਿਹੀ ਹੀ ਇੱਕ ਪ੍ਰਚਾਰ ਮੀਟਿੰਗ ਦੌਰਾਨ ਕਹੀ ਗਈ ਗੱਲ ਕਾਰਨ ਚਰਚਾ ਵਿੱਚ ਹਨ।
ਅਨੁਰਾਗ ਠਾਕੁਰ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਦਿੱਲੀ ਦੇ ਰਿਠਾਲਾ ਵਿਖੇ ਹੋਈ ਇੱਕ ਮੀਟਿੰਗ ਦੌਰਾਨ ਸਟੇਜ ਤੋਂ ਨਾਅਰੇਬਾਜ਼ੀ ਕਰਦੇ ਹੋਏ ਦਿਖਾਈ ਦੇ ਰਹੇ ਹਨ, "ਦੇਸ਼ ਕੇ ਗੱਦਾਰੋਂ ਕੋ ..."
ਉਨ੍ਹਾਂ ਦੇ ਇਸ ਨਾਅਰੇ ਦੇ ਪਿੱਛੇ-ਪਿੱਛੇ ਉੱਥੇ ਇਕੱਠੇ ਲੋਕਾਂ ਨੇ ਨਾਅਰਾ ਲਗਾਇਆ "ਗੋਲੀ ਮਾਰੋ **** ਕੋ"।
ਇਸ ਤੋਂ ਬਾਅਦ, ਅਨੁਰਾਗ ਠਾਕੁਰ ਨੂੰ ਸਟੇਜ ਤੋਂ ਇਹ ਕਹਿੰਦੇ ਹੋਏ ਵੇਖਿਆ ਗਿਆ, "ਪਿੱਛੇ ਤੱਕ ਆਵਾਜ਼ ਆਉਣੀ ਚਾਹੀਦੀ ਹੈ, ਗਿਰੀਰਾਜ ਜੀ ਨੂੰ ਸੁਣਾਈ ਦੇਵੇਂ"
ਇਸ ਭਾਸ਼ਣ ਦੀ ਵੀਡੀਓ ਕਲਿੱਪ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ.
ਜ਼ਿਆਦਾਤਰ ਲੋਕ ਅਨੁਰਾਗ ਠਾਕੁਰ ਦੇ ਇਸ ਤਰ੍ਹਾਂ ਦੇ ਚੋਣ ਪ੍ਰਚਾਰ ਨੂੰ ਲੈ ਕੇ ਸਵਾਲ ਕਰ ਰਹੇ ਹਨ।
ਦਿ ਇੰਡੀਅਨ ਐਕਸਪ੍ਰੈਸ ਅਖ਼ਬਾਰ ਨਾਲ ਗੱਲ ਕਰਦਿਆਂ ਅਨੁਰਾਗ ਠਾਕੁਰ ਨੇ ਕਿਹਾ ਕਿ ਉਨ੍ਹਾਂ ਨੇ ਸਿਰਫ ਲੋਕਾਂ ਨੂੰ ਪੁੱਛਿਆ ਕਿ ਦੇਸ਼ ਦੇ ਗੱਦਾਰਾਂ ਨਾਲ ਕੀ ਕੀਤਾ ਜਾਣਾ ਚਾਹੀਦਾ ਹੈ।
ਉਨ੍ਹਾਂ ਕਿਹਾ, "ਮੈਂ ਬੱਸ ਚਾਹੁੰਦਾ ਸੀ ਕਿ ਲੋਕ ਇਹ ਦੱਸਣ ਕਿ ਦੇਸ਼ ਦੇ ਗੱਦਾਰਾਂ ਨਾਲ ਕੀ ਕੀਤਾ ਜਾਣਾ ਹੈ। ਇਸ ਦਾ ਜਵਾਬ ਹੋ ਸਕਦਾ ਸੀ ਕਿ 'ਉਨ੍ਹਾਂ ਨੂੰ ਬਾਹਰ ਕੱਢੋ' ਜਾਂ 'ਉਨ੍ਹਾਂ ਨੂੰ ਬਾਹਰ ਸੁੱਟ ਦਿਓ'। ਪਰ ਇਹ ਲੋਕ ਹੀ ਸਨ, ਜਿਨ੍ਹਾਂ ਨੇ ਇਸ ਤਰ੍ਹਾਂ ਦਾ ਪ੍ਰਤੀਕਰਮ ਦਿੱਤਾ।”
ਇਹ ਵੀ ਪੜ੍ਹੋ
ਹੈਰੀਟੇਜ ਸਟਰੀਟ 'ਚ ਗਿੱਧੇ-ਭੰਗੜੇ ਲੱਗੇ ਬੁੱਤ ਬਦਲੇ ਜਾਣੇ ਚਾਹੀਦੇ ਹਨ: ਜਥੇਦਾਰ
ਦਰਬਾਰ ਸਾਹਿਬ ਦੀ ਹੈਰੀਟੇਜ ਸਟਰੀਟ 'ਚ ਗਿੱਧੇ-ਭੰਗੜੇ ਦੇ ਬੁੱਤਾਂ ਦੇ ਮਾਮਲੇ ਬਾਰੇ ਅਕਾਲ ਤਖ਼ਤ ਦੇ ਜਥੇਦਾਰ ਨੇ ਕਿਹਾ ਗਿਆ ਕਿ ਅਸੀਂ ਪੰਜਾਬੀ ਸੱਭਿਆਚਾਰ ਦੇ ਖ਼ਿਲਾਫ਼ ਨਹੀਂ ਹਾਂ ਪਰ ਇਹ ਬੁੱਤ ਇੱਥੋਂ ਬਦਲੇ ਜਾਣਦੇ ਚਾਹੀਦੇ ਹਨ।
Coronavirus : ਚੀਨ 'ਚ 81 ਜਾਨਾਂ ਲੈਣ ਵਾਲੇ ਕੋਰੋਨਾਵਾਇਰਸ ਦੇ ਭਾਰਤ 'ਚ ਸ਼ੱਕੀ ਮਰੀਜ਼ ਦੀ ਪਛਾਣ
ਚੀਨ 'ਚ 81 ਲੋਕਾਂ ਦੀ ਜਾਨ ਲੈਣ ਵਾਲੇ ਕੋਰੋਨਾਵਾਇਰਸ ਦਾ ਭਾਰਤ 'ਚ ਦਸਤਕ ਦੇਣ ਦਾ ਖ਼ਦਸ਼ਾ ਹੈ। ਕੋਰੋਨਾਵਾਇਰਸ ਦੇ ਸ਼ੱਕੀ ਮਰੀਜ਼ ਦੀ ਪਛਾਣ ਰਾਜਸਥਾਨ ਦੀ ਰਾਜਧਾਨੀ ਜੈਪੁਰ 'ਚ ਹੋਈ ਹੈ।
ਇੱਕ ਡਾਕਟਰ ਜੋ ਚੀਨ ਤੋਂ ਐਮਬੀਬੀਐਸ ਕਰ ਕੇ ਵਾਪਸ ਆਇਆ ਸੀ, ਨੂੰ ਕੋਰੋਨਾ ਵਾਇਰਸ ਦੀ ਲਾਗ ਹੋਣ ਦਾ ਸ਼ੱਕ ਹੈ।
ਖ਼ਬਰ ਏਜੰਸੀ ਪੀਟੀਆਈ ਮੁਤਾਬਕ, ਰਾਜਸਥਾਨ ਦੇ ਸਿਹਤ ਮੰਤਰੀ ਰਘੂ ਸ਼ਰਮਾ ਨੇ ਇਸ ਦੀ ਪੁਸ਼ਟੀ ਕੀਤੀ ਹੈ। ਇਸਦੇ ਨਾਲ ਹੀ ਉਸਦੇ ਪੂਰੇ ਪਰਿਵਾਰ ਦੀ ਸਕ੍ਰੀਨਿੰਗ ਲਈ ਨਿਰਦੇਸ਼ ਦਿੱਤੇ ਗਏ ਹਨ।
ਕੀ ਏਅਰ ਇੰਡੀਆ ਨੂੰ ਮਿਲੇਗਾ ਖ਼ਰੀਦਦਾਰ, ਜਾਣੋ ਇਸ ਬਾਰੇ ਕੁਝ ਦਿਲਚਸਪ ਗੱਲਾਂ
ਕੇਂਦਰ ਸਰਕਾਰ ਨੇ ਏਅਰ ਇੰਡੀਆ ਨੂੰ ਖਰੀਦਣ ਦੀ ਚਾਹਤ ਰੱਖਣ ਵਾਲਿਆਂ ਲਈ ਇੱਕ ਚੰਗੀ ਖ਼ਬਰ ਸੁਣਾਈ ਹੈ। ਹੁਣ ਸਰਕਾਰ ਏਅਰ ਇੰਡੀਆ ਦੀ 100 ਫੀਸਦ ਹਿੱਸੇਦਾਰੀ ਵੇਚੇਗੀ। ਏਅਰ ਇੰਡੀਆ ਕੋਲ 146 ਆਪਣੇ ਏਅਰ ਕ੍ਰਾਫਟ ਹਨ।
ਏਅਰ ਇੰਡੀਆ ਨੂੰ ਖਰੀਦਣ ਲਈ ਪ੍ਰਸਤਾਵ ਭੇਜਣ ਦੀ ਆਖ਼ਰੀ ਤਰੀਕ 17 ਮਾਰਚ ਤੈਅ ਕੀਤੀ ਗਈ ਹੈ। ਸਰਕਾਰ 31 ਮਾਰਚ ਤੱਕ ਇਸ ਦੇ ਖ਼ਰੀਦਾਰ ਦਾ ਨਾਮ ਐਲਾਨ ਵੀ ਕਰ ਦੇਵੇਗੀ।
ਸਰਕਾਰ ਦੇ ਇਸ ਐਲਾਨ ਦੇ ਨਾਲ ਹੀ ਭਾਜਪਾ ਦੇ ਰਾਜ ਸਭਾ ਸੰਸਦ ਮੈਂਬਰ ਸੁਬਰਾਮਣੀਅਮ ਸਵਾਮੀ ਨੇ ਟਵੀਟ ਕੀਤਾ, "ਇਹ ਡੀਲ ਪੂਰੀ ਤਰ੍ਹਾਂ ਦੇਸ ਦੇ ਹਿੱਤ ਵਿੱਚ ਨਹੀਂ ਹੈ। ਅਜਿਹਾ ਕਰਕੇ ਮੈਨੂੰ ਅਦਾਲਤ ਵਿੱਚ ਜਾਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਅਸੀਂ ਆਪਣੇ ਪਰਿਵਾਰ ਦੇ ਇੱਕ ਮੈਂਬਰ ਨੂੰ ਇਸ ਤਰ੍ਹਾਂ ਵੇਚ ਨਹੀਂ ਸਕਦੇ।"
ਇੱਕ ਘੰਟੇ ਦੇ ਵਕਫ਼ੇ ਵਿੱਚ ਕੀਤੇ ਗਏ ਦੂਜੇ ਹੀ ਟਵੀਟ ਵਿੱਚ ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਗੁਹਾਰ ਲਗਾਈ , "ਏਅਰ ਇੰਡੀਆ ਰਿਕਵਰੀ ਮੋਡ ਵਿੱਚ ਆ ਗਿਆ ਹੈ। ਅਪ੍ਰੈਲ ਤੋਂ ਦਸੰਬਰ ਮਹੀਨੇ ਦੌਰਾਨ ਘਾਟਾ ਘੱਟ ਹੋਇਆ ਹੈ। ਪ੍ਰਧਾਨ ਮੰਤਰੀ ਜੀ, ਅਸੀਂ ਇਸ ਨੂੰ ਮਜ਼ਬੂਤ ਕਰਨ ਦੀ ਬਜਾਇ ਕਿਉਂ ਵੇਚ ਰਹੇ ਹਾਂ।"
ਅਫ਼ਗਾਨਿਸਤਾਨ: ਜਹਾਜ਼ ਦੇ ਕ੍ਰੈਸ਼ ਹੋਣ ਬਾਰੇ ਰਹੱਸ ਬਰਕਰਾਰ, ਹਰ ਕੋਈ ਕਹਿ ਰਿਹਾ ਪਤਾ ਨਹੀਂ
ਅਮੀਰੀਕੀ ਫੌਜ ਵੀ ਪੂਰਬੀ ਅਫ਼ਗਾਨਿਸਤਾਨ ਵਿੱਚ ਇੱਕ ਯਾਤਰੀ ਜਹਾਜ਼ ਦੇ ਕ੍ਰੈਸ਼ ਹੋਣ ਦੀ ਜਾਂਚ ਵਿੱਚ ਜੁੱਟ ਗਈ।
ਸਥਾਨਕ ਅਧਿਕਾਰੀਆਂ ਮੁਤਾਬਕ ਜਹਾਜ਼ ਗਜ਼ਨੀ ਸੂਬੇ ਦੇ ਡੇਹ ਯਾਕ ਜ਼ਿਲ੍ਹੇ ਵਿੱਚ ਹਾਦਸੇ ਦਾ ਸ਼ਿਕਾਰ ਹੋਇਆ। ਉਨ੍ਹਾਂ ਮੁਤਾਬਕ ਇਹ ਜਹਾਜ਼ ਮੁਲਕ ਦੀ ਏਰੀਆਨਾ ਏਅਰਲਾਈਨਜ਼ ਦਾ ਸੀ।
ਪਰ ਇਸ ਏਅਰਲਾਈਨਜ਼ ਦਾ ਕਹਿਣਾ ਹੈ ਕਿ ਅਜਿਹਾ ਕੋਈ ਹਾਦਸਾ ਹੋਇਆ ਹੀ ਨਹੀਂ।
ਦੂਜੇ ਪਾਸੇ ਈਰਾਨ ਦੀ ਨਿਊਜ਼ ਏਜੰਸੀ ਫਾਰਸ ਨੇ ਇੱਕ ਵੀਡੀਓ ਜਾਰੀ ਕਰਦਿਆਂ ਕਿਹਾ ਹੈ ਕਿ ਜੋ ਜਹਾਜ਼ ਕ੍ਰੈਸ਼ ਹੋਇਆ ਹੈ ਉਸ ਉੱਤੇ ਅਮਰੀਕੀ ਏਅਰ ਫੋਰਸ ਦਾ ਨਿਸ਼ਾਨ ਹੈ।
ਫਾਰਸ ਨਿਊਜ਼ ਏਜੰਸੀ ਦੇ ਸੋਸ਼ਲ ਮੀਡੀਆ ਉੱਤੇ ਜੋ ਵੀਡੀਓ ਅਤੇ ਤਸਵੀਰਾਂ ਪੋਸਟ ਕੀਤੀਆਂ ਗਈਆਂ ਹਨ ਉਨ੍ਹਾਂ ਮੁਤਾਬਕ ਇਹ ਅਮਰੀਕੀ ਹਵਾਈ ਫੌਜ ਦਾ Bombardier E-11A ਜਹਾਜ ਹੈ।
ਅਮਰੀਕੀ ਫੌਜ ਅਜਿਹੇ ਜਹਾਜ਼ ਅਫਗਾਨਿਸਤਾਨ ਵਿੱਚ ਨਿਗਰਾਨੀ ਲਈ ਵਰਤਦੀ ਹੈ।
ਜਿੱਥੇ ਇਹ ਜਹਾਜ਼ ਡਿੱਗਿਆ ਹੈ ਉਸ ਇਲਾਕੇ ਵਿੱਚ ਤਾਲਿਬਾਨ ਬੇਹੱਦ ਸਰਗਰਮ ਹੈ।