Coronavirus : ਚੀਨ 'ਚ 81 ਜਾਨਾਂ ਲੈਣ ਵਾਲੇ ਕੋਰੋਨਾਵਾਇਰਸ ਦੇ ਭਾਰਤ 'ਚ ਸ਼ੱਕੀ ਮਰੀਜ਼ ਦੀ ਪਛਾਣ

ਚੀਨ 'ਚ 81 ਲੋਕਾਂ ਦੀ ਜਾਨ ਲੈਣ ਵਾਲੇ ਕੋਰੋਨਾਵਾਇਰਸ ਦਾ ਭਾਰਤ 'ਚ ਦਸਤਕ ਦੇਣ ਦਾ ਖ਼ਦਸ਼ਾ ਹੈ। ਕੋਰੋਨਾਵਾਇਰਸ ਦੇ ਸ਼ੱਕੀ ਮਰੀਜ਼ ਦੀ ਪਛਾਣ ਰਾਜਸਥਾਨ ਦੀ ਰਾਜਧਾਨੀ ਜੈਪੁਰ 'ਚ ਹੋਈ ਹੈ।

ਇਕ ਡਾਕਟਰ ਜੋ ਚੀਨ ਤੋਂ ਐਮਬੀਬੀਐਸ ਕਰ ਕੇ ਵਾਪਸ ਆਇਆ ਸੀ, ਨੂੰ ਕੋਰੋਨਾ ਵਾਇਰਸ ਦੀ ਲਾਗ ਹੋਣ ਦਾ ਸ਼ੱਕ ਹੈ।

ਖ਼ਬਰ ਏਜੰਸੀ ਪੀਟੀਆਈ ਮੁਤਾਬਕ, ਰਾਜਸਥਾਨ ਦੇ ਸਿਹਤ ਮੰਤਰੀ ਰਘੂ ਸ਼ਰਮਾ ਨੇ ਇਸ ਦੀ ਪੁਸ਼ਟੀ ਕੀਤੀ ਹੈ। ਇਸਦੇ ਨਾਲ ਹੀ ਉਸਦੇ ਪੂਰੇ ਪਰਿਵਾਰ ਦੀ ਸਕ੍ਰੀਨਿੰਗ ਲਈ ਨਿਰਦੇਸ਼ ਦਿੱਤੇ ਗਏ ਹਨ।

ਇਹ ਵੀ ਪੜ੍ਹੋ

ਚੀਨ 'ਚ 81 ਲੋਕਾਂ ਦੀ ਮੌਤ ਦੀ ਪੁਸ਼ਟੀ, ਸਰਕਾਰੀ ਛੁੱਟੀਆਂ 'ਚ ਕੀਤਾ ਵਾਧਾ

ਕੋਰੋਨਾਵਾਇਰਸ ਨਾਲ ਚੀਨ ਵਿੱਚ ਮ੍ਰਿਤਕਾਂ ਦੀ ਗਿਣਤੀ 81 ਹੋ ਗਈ ਹੈ ਅਤੇ 3,000 ਦੇ ਕਰੀਬ਼ ਲੋਕਾਂ ਦੇ ਬੀਮਾਰ ਹੋਣ ਦੀ ਪੁਸ਼ਟੀ ਹੋਈ ਹੈ। ਨਵੇਂ ਸਾਲ ਦੀ ਛੁੱਟੀਆਂ 'ਚ ਵੀ ਤਿੰਨ ਦਿਨਾਂ ਦਾ ਵਾਧਾ ਕੀਤਾ ਗਿਆ ਹੈ।

ਹੁਬੇਈ ਸੂਬੇ ਦਾ ਵੁਹਾਨ ਸ਼ਹਿਰ ਜਿੱਥੋਂ ਇਸ ਵਾਇਰਸ ਦਾ ਪ੍ਰਸਾਰ ਹੋਣਾ ਮੰਨਿਆ ਜਾ ਰਿਹਾ ਹੈ, ਵਿੱਚ ਯਾਤਰਾ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ।

ਸਿਹਤ ਕਮਿਸ਼ਨ ਦੇ ਅਧਿਕਾਰੀਆਂ ਨੇ ਸੋਮਵਾਰ ਨੂੰ ਕਿਹਾ ਕਿ ਹੁਬੇਈ ਸੂਬੇ ਵਿੱਚ ਮਰਨ ਵਾਲਿਆਂ ਦੀ ਗਿਣਤੀ 56 ਤੋਂ ਵਧ ਕੇ 76 ਹੋ ਗਈ ਹੈ ਅਤੇ ਹੋਰ ਥਾਵਾਂ 'ਤੇ ਚਾਰ ਹੋਰ ਮੌਤਾਂ ਹੋਈਆਂ ਹਨ।

ਚੀਨ ਵਿਚ ਪੁਸ਼ਟੀ ਕੀਤੇ ਕੇਸਾਂ ਦੀ ਕੁਲ ਗਿਣਤੀ 2,744 ਹੈ। ਸਰਕਾਰੀ ਮੀਡੀਆ ਦਾ ਕਹਿਣਾ ਹੈ ਕਿ 300 ਤੋਂ ਵੱਧ ਗੰਭੀਰ ਰੂਪ ਨਾਲ ਬਿਮਾਰ ਹਨ।

ਘੱਟੋ-ਘੱਟ ਦੋ ਹਜ਼ਾਰ ਬੈੱਡਾਂ ਵਾਲੇ ਦੋ ਨਵੇਂ ਅਸਥਾਈ ਹਸਪਤਾਲ ਬਣਾਏ ਜਾ ਰਹੇ ਹਨ। ਮਾਸਕ ਅਤੇ ਸੁਰੱਖਿਆ ਵਾਲੇ ਕੱਪੜੇ ਤਿਆਰ ਕਰਨ ਲਈ ਵੀ ਜੱਦੋਂਜਹਿਦ ਕੀਤੀ ਜਾ ਰਹੀ ਹੈ।

ਹਫ਼ਤੇ ਦੇ ਅਖੀਰ ਵਿਚ ਚੀਨੀ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਕਿ ਵਾਇਰਸ ਕਾਫ਼ੀ ਪ੍ਰਫੁੱਲਤ ਹੋ ਰਿਹਾ ਸੀ, ਜਿਸ ਨਾਲ ਬਿਮਾਰੀ ਨੂੰ ਰੋਕਣਾ ਮੁਸ਼ਕਲ ਹੋ ਗਿਆ ਸੀ।

ਕੀ ਹੈ ਕੋਰੋਨਾਵਾਇਰਸ?

ਇਸ ਵਾਇਰਸ ਦੀ ਪਛਾਣ ਕੋਰੋਨਾਵਾਇਰਸ ਦੀ ਇੱਕ ਕਿਸਮ ਵਜੋਂ ਹੋਈ ਹੈ, ਜਿਹੜਾ ਇੱਕ ਆਮ ਵਾਇਰਸ ਹੈ ਜੋ ਨੱਕ, ਸਾਈਨਸ ਜਾਂ ਗਲੇ ਦੇ ਉੱਪਰਲੇ ਹਿੱਸੇ ਨੂੰ ਪ੍ਰਭਾਵਿਤ ਕਰਦਾ ਹੈ।

ਇਹ ਇਨਫੈਕਸ਼ਨ ਕਿੰਨਾ ਚਿੰਤਾਜਨਕ ਹੈ ਅਤੇ ਕਿੰਨੀ ਤੇਜ਼ੀ ਨਾਲ ਫੈਲਦਾ ਹੈ? ਇੱਥੇ ਅਸੀਂ ਇਸ ਸਬੰਧੀ ਜਾਣਦੇ ਹਾਂ।

ਇਹ ਕਿੱਥੋਂ ਆਉਂਦਾ ਹੈ?

ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਅਨੁਸਾਰ ਇਸ ਨਵੇਂ ਪ੍ਰਕੋਪ ਦਾ ਸਰੋਤ ਕਿਸੇ ਜਾਨਵਰ ਦੇ ਸਰੋਤ ਨਾਲ ਜੁੜਿਆ ਹੋਇਆ ਹੈ।

ਹੁਣ ਤੱਕ ਇਸਦੀ ਲਪੇਟ ਵਿਚ ਆਏ ਜਿੰਨੇ ਵੀ ਮਨੁੱਖੀ ਕੇਸ ਹਨ, ਉਹ ਹੂਆਨ ਸ਼ਹਿਰ ਦੇ ਹੁਆਨਾਨ ਸਮੁੰਦਰੀ ਭੋਜਨ ਦੀ ਹੋਲਸੇਲ ਮਾਰਕੀਟ ਤੋਂ ਆਏ ਹੋ ਸਕਦੇ ਹਨ।

ਕੋਰੋਨਾਵਾਇਰਸ, ਵਾਇਰਸਾਂ ਦਾ ਇੱਕ ਵੱਡਾ ਪਰਿਵਾਰ ਹੈ, ਪਰ ਸਿਰਫ਼ ਛੇ (ਨਵੇਂ ਨਾਲ ਇਹ ਸੱਤ ਬਣ ਜਾਣਗੇ) ਨਾਲ ਮਨੁੱਖ ਨੂੰ ਇਨਫੈਕਸ਼ਨ ਹੁੰਦੀ ਹੈ।

ਜ਼ਿਆਦਾਤਰ ਕੋਰੋਨਾਵਾਇਰਸ ਖਤਰਨਾਕ ਨਹੀਂ ਹਨ, ਪਰ ਇਸ ਨਵੇਂ ਵਾਇਰਸ ਨਾਲ ਨਮੂਨੀਆ ਦਾ ਪ੍ਰਕੋਪ ਵਧਿਆ ਹੈ।

ਇਸ ਦੇ ਲੱਛਣ ਕੀ ਹਨ?

ਇਸ ਦੀ ਇਨਫੈਕਸ਼ਨ ਨਾਲ ਸਾਹ ਸਬੰਧੀ ਬਿਮਾਰੀਆਂ ਦੇ ਲੱਛਣ, ਬੁਖ਼ਾਰ, ਖਾਂਸੀ, ਦਮ ਉੱਖੜਨਾ ਅਤੇ ਸਾਹ ਲੈਣ ਵਿੱਚ ਤਕਲੀਫ਼ ਸ਼ਾਮਲ ਹਨ।

ਇਸ ਪ੍ਰਕੋਪ ਨੇ ਸਾਰਸ ਵਾਇਰਸ ਦੀ ਯਾਦ ਦਿਵਾ ਦਿੱਤੀ, ਜਿਹੜਾ ਕਿ ਇੱਕ ਕੋਰੋਨਾਵਾਇਰਸ ਹੈ। ਉਸ ਨੇ ਸਾਲ 2000 ਦੀ ਸ਼ੁਰੂਆਤ ਵਿੱਚ ਏਸ਼ੀਆ ਦੇ ਦਰਜਨਾਂ ਦੇਸ਼ਾਂ ਵਿੱਚ 774 ਲੋਕਾਂ ਨੂੰ ਮਾਰ ਦਿੱਤਾ ਸੀ।

ਨਵੇਂ ਵਾਇਰਸ ਦੇ ਜੈਨੇਟਿਕ ਕੋਡ ਦਾ ਵਿਸ਼ਲੇਸ਼ਣ ਇਹ ਦਰਸਾਉਂਦਾ ਹੈ ਕਿ ਇਹ ਕਿਸੇ ਵੀ ਹੋਰ ਮਨੁੱਖੀ ਕੋਰੋਨਾਵਾਇਰਸ ਦੀ ਤੁਲਨਾ ਵਿੱਚ ਸਾਰਸ ਦੇ ਜ਼ਿਆਦਾ ਨਜ਼ਦੀਕ ਹੈ।

ਈਡਨਬਰਗ ਯੂਨੀਵਰਸਿਟੀ ਦੇ ਪ੍ਰੋਫੈਸਰ ਮਾਰਕ ਵੂਲਹਾਊਸ ਕਹਿੰਦੇ ਹਨ, ''ਜਦੋਂ ਅਸੀਂ ਨਵੇਂ ਕੋਰੋਨਾਵਾਇਰਸ ਨੂੰ ਦੇਖਦੇ ਹਾਂ ਤਾਂ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਇਸ ਦੇ ਲੱਛਣ ਕਿੰਨੇ ਗੰਭੀਰ ਹਨ। ਇਸ ਦੇ ਜ਼ੁਕਾਮ ਵਰਗੇ ਲੱਛਣ ਚਿੰਤਾ ਦਾ ਵਿਸ਼ਾ ਹਨ, ਪਰ ਇਹ ਸਾਰਸ ਜਿੰਨਾ ਗੰਭੀਰ ਨਹੀਂ ਹੈ।"

ਇਹ ਕਿੰਨੀ ਤੇਜ਼ੀ ਨਾਲ ਫੈਲਦਾ ਹੈ?

ਇਹ ਵਾਇਰਸ ਚੀਨ ਦੇ ਸ਼ਹਿਰ ਹੂਆਨ ਵਿੱਚ ਦਸੰਬਰ ਵਿੱਚ ਸਾਹਮਣੇ ਆਇਆ ਅਤੇ ਇਸ ਨਾਲ ਚੀਨ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ।

ਪਰ ਅਧਿਕਾਰੀਆਂ ਦੀ ਚਿੰਤਾ ਹੈ ਕਿ ਚੀਨ ਦਾ ਨਵਾਂ ਸਾਲ ਹੋਣ ਕਾਰਨ, ਦੇਸ਼ ਵਿੱਚ ਲੱਖਾਂ ਦੀ ਸੰਖਿਆ ਵਿੱਚ ਯਾਤਰੀ ਆਉਣਗੇ, ਜਿਸ ਨਾਲ ਇਸਦੀ ਇਨਫੈਕਸ਼ਨ ਵਧਣ ਦਾ ਖ਼ਤਰਾ ਹੈ।

ਦੱਖਣੀ ਕੋਰੀਆ, ਥਾਈਲੈਂਡ ਅਤੇ ਜਪਾਨ ਨੇ ਵੀ ਇਸ ਸਬੰਧੀ ਕੇਸ ਸਾਹਮਣੇ ਆਉਣ ਦੀ ਪੁਸ਼ਟੀ ਕੀਤੀ ਹੈ।

ਇੰਪੀਰੀਅਲ ਕਾਲਜ ਲੰਡਨ ਵਿੱਚ ਐੱਮਆਰਸੀ ਸੈਂਟਰ ਫਾਰ ਗਲੋਬਲ ਇਨਫੈਕਸ਼ੀਅਸ ਡਡੀਜਿਜ਼ ਐਨਾਲਿਸਿਸ ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਨਫੈਕਸ਼ਨ ਦੇ 1700 ਤੋਂ ਜ਼ਿਆਦਾ ਮਾਮਲੇ ਹੋ ਸਕਦੇ ਹਨ।

ਕੀ ਇਹ ਮਨੁੱਖ ਤੋਂ ਮਨੁੱਖ ਰਾਹੀਂ ਫੈਲਦਾ ਹੈ?

ਹੁਣ ਤੱਕ ਵਿਗਿਆਨੀਆਂ ਦਾ ਮੰਨਣਾ ਹੈ ਕਿ ਕਈ ਮਾਮਲਿਆਂ ਵਿੱਚ ਇਹ ਵਾਇਰਸ ਮਨੁੱਖ ਤੋਂ ਮਨੁੱਖ ਤੱਕ ਫੈਲਿਆ ਹੈ।

ਡਿਊਕ-ਐੱਨਯੂਐੱਸ ਮੈਡੀਕਲ ਸਕੂਲ, ਸਿੰਗਾਪੁਰ ਦੇ ਵਾਂਗ ਲਿਨ-ਫਾ ਜਿਹੜੇ ਕੇ ਹੂਆਨ ਗਏ ਸਨ, ਜਿਨ੍ਹਾਂ ਦਾ ਕਹਿਣਾ ਹੈ ਕਿ ਅਧਿਕਾਰੀ ਇਸ ਦੇ ਮਨੁੱਖ ਤੋਂ ਮਨੁੱਖ ਤੱਕ ਫੈਲਣ ਦੀ ਸਥਿਤੀ ਦੀ ਬਾਰੀਕੀ ਨਾਲ ਨਿਗਰਾਨੀ ਕਰਨਗੇ।

''ਨਵੇਂ ਚੀਨੀ ਸਾਲ ਦੇ ਆਉਣ ਕਾਰਨ, ਉੱਥੇ 400 ਮਿਲੀਅਨ ਲੋਕ ਆ ਜਾ ਸਕਦੇ ਹਨ। ਇਸ ਕਾਰਨ ਹਰ ਕੋਈ ਘਬਰਾਇਆ ਹੋਇਆ ਹੈ। ਖ਼ਾਸ ਤੌਰ 'ਤੇ ਸਾਨੂੰ ਇਸ ਸਥਾਨ ਨੂੰ ਦੇਖਣ ਦੀ ਲੋੜ ਹੈ।''

ਅੰਤਰਰਾਸ਼ਟਰੀ ਪੱਧਰ 'ਤੇ ਸਥਿਤੀ ਕੀ ਹੈ?

ਵਿਸ਼ਵ ਸਿਹਤ ਸੰਗਠਨ ਅਤੇ ਰਾਸ਼ਟਰੀ ਅਧਿਕਾਰੀਆਂ ਦੇ ਅਨੁਸਾਰ, ਚੀਨ ਤੋਂ ਬਾਹਰ ਕੋਰੋਨਾਵਾਇਰਸ ਦੇ ਘੱਟੋ ਘੱਟ 42 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਦੀ ਪੁਸ਼ਟੀ ਹੋਈ ਹੈ।

ਅੱਠ ਮਾਮਲੇ: ਥਾਈਲੈਂਡ

ਪੰਜ: ਯੂਐਸਏ, ਆਸਟਰੇਲੀਆ

ਚਾਰ: ਸਿੰਗਾਪੁਰ, ਤਾਈਵਾਨ, ਮਲੇਸ਼ੀਆ

ਤਿੰਨ: ਫਰਾਂਸ, ਜਪਾਨ

ਦੋ: ਦੱਖਣੀ ਕੋਰੀਆ, ਵੀਅਤਨਾਮ

ਇਕ: ਨੇਪਾਲ, ਕਨੇਡਾ

ਲਗਭਗ ਸਾਰੇ ਹਾਲ ਹੀ ਵਿੱਚ ਵੁਹਾਨ ਤੋਂ ਆਏ ਸਨ।

ਇਹ ਵੀ ਪੜ੍ਹੋ

ਇਹ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)