You’re viewing a text-only version of this website that uses less data. View the main version of the website including all images and videos.
ਮੈਂ ਮੁਸਲਮਾਨ ਹਾਂ, ਮੇਰੀ ਪਤਨੀ ਹਿੰਦੂ ਹੈ ਅਤੇ ਮੇਰੇ ਬੱਚੇ ਹਿੰਦੁਸਤਾਨ: ਸ਼ਾਹਰੁਖ ਖਾਨ - 5 ਅਹਿਮ ਖ਼ਬਰਾਂ
ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਨੇ ਹਾਲ ਹੀ ਵਿੱਚ ਇਕ ਟੈਲੀਵਿਜ਼ਨ ਸ਼ੋਅ 'ਚ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਵਿੱਚ ਧਰਮ ਬਾਰੇ ਕਦੇ ਚਰਚਾ ਨਹੀਂ ਹੁੰਦੀ।
ਸਟਾਰ ਪਲੱਸ 'ਤੇ ਪ੍ਰਸਾਰਿਤ ਇੱਕ ਡਾਂਸ ਰਿਐਲਿਟੀ ਸ਼ੋਅ ਡਾਂਸ ਪਲੱਸ ਵਿੱਚ, ਉਨ੍ਹਾਂ ਕਿਹਾ, "ਸਾਡੇ ਪਰਿਵਾਰ ਵਿੱਚ, ਅਸੀਂ ਕਦੇ ਵੀ ਹਿੰਦੂ-ਮੁਸਲਮਾਨ ਦੀ ਗੱਲ ਨਹੀਂ ਕੀਤੀ। ਮੇਰੀ ਪਤਨੀ ਇੱਕ ਹਿੰਦੂ ਹੈ, ਮੈਂ ਇੱਕ ਮੁਸਲਮਾਨ ਹਾਂ ਅਤੇ ਮੇਰੇ ਬੱਚੇ ਹਿੰਦੁਸਤਾਨ ਹਨ।"
ਸ਼ਾਹਰੁਖ ਪਿਛਲੇ ਸ਼ਨੀਵਾਰ ਰਾਤ ਨੂੰ ਪ੍ਰਸਾਰਿਤ ਸ਼ੋਅ ਵਿੱਚ ਮਹਿਮਾਨ ਵਜੋਂ ਸ਼ਾਮਲ ਹੋਏ ਸਨ। ਸ਼ੋਅ ਦੌਰਾਨ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ, "ਕਈ ਵਾਰ ਜਦੋਂ ਮੈਂ ਸਕੂਲ ਜਾਂਦਾ ਤਾਂ ਮੈਨੂੰ ਸਕੂਲ ਵਿੱਚ ਲਿਖਣਾ ਪੈਂਦਾ ਸੀ ਕਿ ਧਰਮ ਕੀ ਹੈ। ਜਦੋਂ ਮੇਰੀ ਧੀ ਛੋਟੀ ਸੀ, ਤਾਂ ਉਸ ਨੇ ਆ ਕੇ ਇਕ ਵਾਰ ਮੈਨੂੰ ਪੁੱਛਿਆ ਕਿ ਅਸੀਂ ਕਿਸ ਧਰਮ ਨਾਲ ਸਬੰਧਤ ਹਾਂ। ਇਸ ਲਈ ਮੈਂ ਇਸ ਵਿੱਚ ਲਿਖਿਆ ਕਿ ਅਸੀਂ ਭਾਰਤੀ ਹਾਂ। ਇਥੇ ਕੋਈ ਧਰਮ ਨਹੀਂ ਹੈ ਅਤੇ ਇਹ ਨਹੀਂ ਹੋਣਾ ਚਾਹੀਦਾ। "
ਸ਼ਾਹਰੁਖ਼ ਦੇ ਇਸ ਬਿਆਨ ਦੀ ਸੋਸ਼ਲ ਮੀਡੀਆ 'ਤੇ ਕਾਫ਼ੀ ਪ੍ਰਸ਼ੰਸਾ ਹੋ ਰਹੀ ਹੈ।
ਕਈ ਲੋਕ ਉਨ੍ਹਾਂ ਦੇ ਬਿਆਨ ਨੂੰ ਦੇਸ਼ ਲਈ ਮਾਣ ਵਾਲੀ ਗੱਲ ਕਹਿ ਰਹੇ ਹਨ, ਜਦਕਿ ਕਈ ਲੋਕ ਨਾਗਰਿਕਤਾ ਸੋਧ ਐਕਟ (ਸੀ.ਏ.ਏ.) ਅਤੇ ਐਨ.ਆਰ.ਸੀ. 'ਤੇ ਚੁੱਪੀ ਧਾਰਨ ਕਰਨ ਲਈ ਉਨ੍ਹਾਂ ਦੀ ਨਿੰਦਾ ਵੀ ਕਰ ਰਹੇ ਹਨ।
ਇਹ ਵੀ ਪੜ੍ਹੋ
71ਵਾਂ ਗਣਤੰਤਰ ਦਿਵਸ : ਰਾਜਪਥ 'ਤੇ ਭਾਰਤ ਦੀ ਫੌਜੀ ਤਾਕਤ ਦਾ ਮੁਜ਼ਾਹਰਾ
ਭਾਰਤ ਆਪਣਾ 71ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ। ਪੂਰੇ ਦੇਸ ਵਿਚ ਵੱਖ-ਵੱਖ ਸੂਬਿਆਂ ਸਣੇ ਕੌਮੀ ਰਾਜਧਾਨੀ ਦਿੱਲੀ ਵਿਚ ਕੌਮੀ ਝੰਡਾ ਤਿਰੰਗਾ ਲਹਿਰਾਇਆ ਗਿਆ।
ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਝੰਡਾ ਲਹਿਰਾਉਣ ਪਿੱਛੋਂ ਤਿੰਨੇ ਸੈਨਾਵਾਂ ਤੋਂ ਸਲਾਮੀ ਲਈ। ਬ੍ਰਾਜ਼ੀਲ ਦੇ ਰਾਸ਼ਟਰਪਤੀ ਜਾਇਰ ਬੋਲਸੋਨਾਰੋ ਸਮਾਗਮ ਦੇ ਮੁੱਖ ਮਹਿਮਾਨ ਸਨ।
90 ਮਿੰਟਾਂ ਦੀ ਪਰੇਡ ਵਿੱਚ ਦੇਸ਼ ਦੀ ਫੌਜੀ ਤਾਕਤ ਦੇ ਨਾਲ-ਨਾਲ ਸੱਭਿਆਚਾਰਕ, ਸਮਾਜਿਕ ਤੇ ਆਰਥਿਕਤਾ ਦੀ ਝਲਕ ਵੀ ਦਿਖਾਈ ਦਿੱਤੀ।
ਰਾਜਪਥ ਉੱਤੇ ਹੋਏ ਵਿਸ਼ਾਲ ਸਮਾਗਮ ਦੌਰਾਨ ਸਿੱਖ ਰੈਜੀਮੈਂਟ ਦੀ ਪਰੇਡ, ਸਿਗਨਲ ਕੋਰ ਦੀ ਅਗਵਾਈ ਕਰਨ ਵਾਲੀ ਕੈਪਟਨ ਤਾਨੀਆ ਸ਼ੇਰਗਿੱਲ ਅਤੇ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਫਲੋਟ ਵਿੱਚ ਪੰਜਾਬੀ ਤਾਕਤ, ਸੱਭਿਆਚਾਰ ਤੇ ਸਰਬੱਤ ਦੇ ਭਲੇ ਦੇ ਰੁਹਾਨੀ ਫ਼ਲਸਫ਼ੇ ਦੀ ਝਲਕ ਦਿਖਾਈ ਦਿੱਤੀ।
ਟੁੱਟੀ ਸੜਕ ਕਾਰਨ 'ਹਿੱਲੀ ਰੀੜ ਦੀ ਹੱਡੀ', ਅਦਾਲਤੀ ਜਾਂਚ ਦੇ ਹੁਕਮ
"ਟੁੱਟੀ ਸੜਕ 'ਤੇ ਲਗਾਤਾਰ ਸਫ਼ਰ ਕਰਦਿਆਂ ਬੁੱਢੇਵਾਰੇ ਮੇਰੀ ਰੀੜ੍ਹ ਦੀ ਹੱਡੀ ਹਿੱਲ ਗਈ। ਮੈਂ ਚੰਗੀ ਨੌਕਰੀ ਕਰਦਾ ਹਾਂ, ਤਾਂ ਹੀ ਮੈਂ ਮਹਿੰਗੇ ਭਾਅ ਦਾ ਆਪ੍ਰੇਸ਼ਨ ਕਰਵਾ ਕੇ ਤੁਰਨ-ਫਿਰਨ ਜੋਗਾ ਹੋ ਗਿਆ।"
ਇਹ ਸ਼ਬਦ ਡਾ. ਸੁਧੀਰ ਖਿੱਚੀ ਦੇ ਹਨ ਅਤੇ ਉਨ੍ਹਾਂ ਨੇ ਆਮ ਲੋਕਾਂ ਨੂੰ ਸੜਕ ਵਰਗੀ ਬੁਨਿਆਦੀ ਸਹੂਲਤ ਦਿਵਾਉਣ ਦੇ ਮੁੱਦੇ ਨੂੰ ਲੈ ਕੇ ਝੰਡਾ ਚੁੱਕਿਆ ਹੈ।
ਡਾ. ਸੁਧੀਰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ (ਸਰਕਾਰੀ) ਫਰੀਦਕੋਟ 'ਚ ਸਰਜਰੀ ਵਿਭਾਗ ਦੇ ਪ੍ਰੋਫੈਸਰ ਤੇ ਹੈਡ ਆਫ਼ ਦਿ ਡਿਪਾਰਟਮੈਂਟ ਵਜੋਂ ਡਿਊਟੀ ਨਿਭਾ ਰਹੇ ਹਨ।
ਉਨ੍ਹਾਂ ਦੱਸਿਆ, "ਮੈਂ ਸੋਚਦਾ ਹਾਂ ਕਿ ਆਪਣੇ ਇਲਾਜ ਲਈ ਦੂਰ-ਦੁਰਾਡੇ ਤੋਂ ਸਾਡੇ ਹਸਪਤਾਲ 'ਚ ਆਉਣ ਵਾਲੇ ਬਿਰਧ ਮਰੀਜ਼ਾਂ 'ਤੇ ਟੁੱਟੀਆਂ ਸੜਕਾਂ 'ਤੇ ਸਫ਼ਰ ਕਰਦਿਆਂ ਕੀ ਬੀਤਦੀ ਹੋਵੇਗੀ। ਇਸੇ ਲਈ ਮੈਂ ਆਪਣੀ ਆਵਾਜ਼ ਬੁਲੰਦ ਕੀਤੀ ਹੈ ਤੇ ਨਿਆਂ ਦੀ ਉਡੀਕ ਹੈ।"
ਅਸਲ ਵਿੱਚ ਡਾ. ਸੁਧੀਰ ਖਿੱਚੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਨੂੰ ਜਾਂਦੀ ਖਸਤਾ ਹਾਲ ਸੜਕ 'ਤੇ ਸਫ਼ਰ ਕਰਦਿਆਂ ਪਿਛਲੇ ਸਾਲ ਸਤੰਬਰ ਵਿੱਚ ਰੀੜ੍ਹ ਦੀ ਹੱਡੀ ਦੇ ਮਣਕੇ ਹਿੱਲ ਗਏ ਹਨ ਅਤੇ ਇੱਕ ਲੱਤ ਵੀ ਖਲ੍ਹੋ ਗਈ ਸੀ।
CID ਮਹਿਕਮਾ ਕਿਉਂ ਬਣਿਆ ਸੀਐੱਮ ਤੇ ਮੰਤਰੀ ਵਿਚਾਲੇ ਖਿੱਚੋਤਾਣ ਦਾ ਮੁੱਦਾ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੇ ਗ੍ਰਹਿ ਮੰਤਰੀ ਅਨਿਲ ਵਿੱਜ ਵਿਚਾਲੇ ਸੀਆਈਡੀ ਵਿਭਾਗ ਨੂੰ ਲੈ ਕੇ ਤਲਖ਼ੀ ਪੈਦੀ ਹੋ ਗਈ ਸੀ, ਫੇਰ ਭਾਜਪਾ ਹਾਈ ਕਮਾਂਡ ਦੇ ਦਖ਼ਲ ਤੋਂ ਬਾਅਦ ਸੀਆਈਡੀ ਵਿਭਾਗ ਹੁਣ ਮੁੱਖ ਮੰਤਰੀ ਕੋਲ ਰਹੇਗਾ।
ਇਸ ਕੁੜੀ ਦੀ ਚਮੜੀ ਕਿਸੇ ਦੇ ਛੋਹਣ ਨਾਲ ਛਾਲੇ ਵਾਂਗ ਫੁੱਟ ਸਕਦੀ ਹੈ
"ਮੈਨੂੰ ਅਕਸਰ ਕਿਹਾ ਜਾਂਦਾ ਹੈ ਕੀ ਮੇਰੇ ਕੋਲ ਉਧਾਰੀ ਦਾ ਸਮਾਂ ਹੈ ਪਰ ਮੈਂ ਕਹਿੰਦੀ ਹਾਂ ਨਹੀਂ, ਇਹ ਮੇਰਾ ਆਪਣਾ ਹੈ ਅਤੇ ਇਸ ਦੀ ਵਰਤੋਂ ਆਪਣੀ ਸਮਰਥਾ ਦੇ ਲਿਹਾਜ਼ ਨਾਲ ਬਿਹਤਰੀਨ ਢੰਗ ਨਾਲ ਕਰ ਰਹੀ ਹਾਂ।"
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ 20 ਸਾਲਾ ਲੂਸੀ ਬੀਲ ਲੋਟ ਨੇ ਕੀਤਾ, ਜੋ ਐਪੀਡਰਮੋਲਿਸਸ ਬੁਲੋਸਾ (ਈਬੀ) ਨਾਮ ਦੀ ਬਿਮਾਰੀ ਨਾਲ ਪੀੜਤ ਹੈ।
ਇਸ ਦਾ ਮਤਲਬ ਹੈ ਕਿ ਉਸ ਦੀ ਚਮੜੀ ਨੂੰ ਥੋੜ੍ਹਾ ਜਿਹਾ ਛੋਹਣ 'ਤੇ ਉਸ 'ਚ ਚੀਰ ਆ ਸਕਦਾ ਹੈ ਅਤੇ ਛਾਲੇ ਵਾਂਗ ਫੁੱਟ ਸਕਦੀ ਹੈ। ਲੂਸੀ ਨੂੰ ਅਕਸਰ ਇਨ੍ਹਾਂ ਦਰਦਨਾਕ ਜ਼ਖ਼ਮਾਂ 'ਤੇ ਪੱਟੀ ਕਰਨੀ ਪੈਂਦੀ ਹੈ।
ਈਬੀ ਨਾਲ ਪੀੜਤ ਨੌਜਵਾਨਾਂ ਨੂੰ 'ਬਟਰਫਲਾਈ ਚਿਲਡਰਨ" ਵੀ ਕਿਹਾ ਜਾਂਦਾ ਹੈ ਕਿਉਂਕਿ ਉਨ੍ਹਾਂ ਦੀ ਚਮੜੀ ਤਿਤਲੀ ਦੇ ਪਰ੍ਹਾਂ ਵਾਂਗ ਕਮਜ਼ੋਰ ਹੁੰਦੀ ਹੈ।
ਲੂਸੀ ਕਹਿੰਦੀ ਹੈ, "ਅਕਸਰ ਮੈਨੂੰ ਆਨਲਾਈਨ ਇਹ ਸਵਾਲ ਪੁੱਛਿਆ ਜਾਂਦਾ ਹੈ ਕਿ ਕੀ ਇਹ ਦੁਖਦੇ ਹਨ? ਮੈਂ ਕਹਿੰਦੀ ਹਾਂ, ਖੁੱਲ੍ਹੇ ਜਖ਼ਮ ਬੇਹੱਦ ਦਰਦ ਭਰੇ ਹੁੰਦੇ ਹਨ। ਇਸ ਵੇਲੇ ਵੀ ਮੇਰੇ ਕੋਹਨੀ 'ਤੇ ਵੱਡਾ ਜਖ਼ਮ ਹੈ, ਜਿਸ ਦਾ ਦਰਦ ਮੈਂ ਮਹਿਸੂਸ ਕਰ ਰਹੀ ਹਾਂ।"
ਇਸ ਨਾਲ ਲੂਸੀ ਅੰਦਰੂਨੀ ਤੌਰ 'ਤੇ ਵੀ ਪ੍ਰਭਾਵਿਤ ਹੋਈ ਹੈ ਕਿਉਂਕਿ ਉਸ ਦੇ ਗਲੇ ਦਾ ਟੀਸ਼ੂਆਂ ਦੇ ਇਲਾਜ ਲਈ ਕਈ ਵਾਰ ਆਪਰੇਸ਼ਨ ਹੋਇਆ ਹੈ।