ਅਫ਼ਗਾਨਿਸਤਾਨ: ਜਹਾਜ਼ ਦੇ ਕ੍ਰੈਸ਼ ਹੋਣ ਬਾਰੇ ਰਹੱਸ ਬਰਕਰਾਰ, ਹਰ ਕੋਈ ਕਹਿ ਰਿਹਾ ਪਤਾ ਨਹੀਂ

ਅਮੀਰੀਕੀ ਫੌਜ ਵੀ ਪੂਰਬੀ ਅਫ਼ਗਾਨਿਸਤਾਨ ਵਿੱਚ ਇੱਕ ਯਾਤਰੀ ਜਹਾਜ਼ ਦੇ ਕ੍ਰੈਸ਼ ਹੋਣ ਦੀ ਜਾਂਚ ਵਿੱਚ ਜੁੱਟ ਗਈ।

ਸਥਾਨਕ ਅਧਿਕਾਰੀਆਂ ਮੁਤਾਬਕ ਜਹਾਜ਼ ਗਜ਼ਨੀ ਸੂਬੇ ਦੇ ਡੇਹ ਯਾਕ ਜ਼ਿਲ੍ਹੇ ਵਿੱਚ ਹਾਦਸੇ ਦਾ ਸ਼ਿਕਾਰ ਹੋਇਆ। ਉਨ੍ਹਾਂ ਮੁਤਾਬਕ ਇਹ ਜਹਾਜ਼ ਮੁਲਕ ਦੀ ਏਰੀਆਨਾ ਏਅਰਲਾਈਨਜ਼ ਦਾ ਸੀ।

ਪਰ ਇਸ ਏਅਰਲਾਈਨਜ਼ ਦਾ ਕਹਿਣਾ ਹੈ ਕਿ ਅਜਿਹਾ ਕੋਈ ਹਾਦਸਾ ਹੋਇਆ ਹੀ ਨਹੀਂ।

ਦੂਜੇ ਪਾਸੇ ਈਰਾਨ ਦੀ ਨਿਊਜ਼ ਏਜੰਸੀ ਫਾਰਸ ਨੇ ਇੱਕ ਵੀਡੀਓ ਜਾਰੀ ਕਰਦਿਆਂ ਕਿਹਾ ਹੈ ਕਿ ਜੋ ਜਹਾਜ਼ ਕ੍ਰੈਸ਼ ਹੋਇਆ ਹੈ ਉਸ ਉੱਤੇ ਅਮਰੀਕੀ ਏਅਰ ਫੋਰਸ ਦਾ ਨਿਸ਼ਾਨ ਹੈ।

ਫਾਰਸ ਨਿਊਜ਼ ਏਜੰਸੀ ਦੇ ਸੋਸ਼ਲ ਮੀਡੀਆ ਉੱਤੇ ਜੋ ਵੀਡੀਓ ਅਤੇ ਤਸਵੀਰਾਂ ਪੋਸਟ ਕੀਤੀਆਂ ਗਈਆਂ ਹਨ ਉਨ੍ਹਾਂ ਮੁਤਾਬਕ ਇਹ ਅਮਰੀਕੀ ਹਵਾਈ ਫੌਜ ਦਾ Bombardier E-11A ਜਹਾਜ ਹੈ।

ਅਮਰੀਕੀ ਫੌਜ ਅਜਿਹੇ ਜਹਾਜ਼ ਅਫਗਾਨਿਸਤਾਨ ਵਿੱਚ ਨਿਗਰਾਨੀ ਲਈ ਵਰਤਦੀ ਹੈ।

ਜਿੱਥੇ ਇਹ ਜਹਾਜ਼ ਡਿੱਗਿਆ ਹੈ ਉਸ ਇਲਾਕੇ ਵਿੱਚ ਤਾਲਿਬਾਨ ਬੇਹੱਦ ਸਰਗਰਮ ਹਨ।

ਅਮਰੀਕੀ ਸੈਂਟਰਲ ਕਮਾਂਡ ਦੇ ਬੁਲਾਰੇ ਮੇਜਰ ਬੇਥ ਰਿਓਰਡਨ ਨੇ ਖ਼ਬਰ ਏਜੰਸੀ ਐਸੋਸੀਏਟਡ ਪ੍ਰੈੱਸ ਨੂੰ ਦੱਸਿਆ ਕਿ ਇਹ ਨਹੀਂ ਪਤਾ ਕਿ ਆਖਿਰ ਕਿਸ ਦਾ ਏਅਰ ਕਰਾਫਟ ਕ੍ਰੈਸ਼ ਹੋਇਆ ਹੈ।

ਅਮਰੀਕੀ ਫੌਜ ਦੇ ਇੱਕ ਹੋਰ ਅਧਿਕਾਰੀ ਨੇ ਮਿਲੀਟਰੀ ਟਾਈਮਜ਼ ਨੂੰ ਦੱਸਿਆ, ''ਅਸੀਂ ਸਾਰੇ ਮਾਮਲੇ ਤੋਂ ਜਾਣੂ ਹਾਂ ਅਤੇ ਜਾਂਚ ਵੀ ਜਾਰੀ ਹੈ। ਫਿਲਹਾਲ ਅਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਸਾਡਾ ਜਹਾਜ਼ ਸੀ।''

ਸ਼ੁਰੂਆਤ ਵਿੱਚ ਕਿਹਾ ਗਿਆ ਸੀ ਕਿ ਏਰੀਆਨਾ ਏਅਰਲਾਈਨਜ਼ ਦਾ ਜਹਾਜ਼ ਸੀ ਪਰ ਕੰਪਨੀ ਨੇ ਇਸ ਤੋਂ ਸਾਫ ਇਨਕਾਰ ਕੀਤਾ ਹੈ।''

ਕੰਪਨੀ ਨੇ ਕਿਹਾ, ''ਸਾਡੇ ਦੋ ਜਹਾਜ਼ਾਂ ਨੇ ਉਡਾਨਾਂ ਭਰੀਆਂ ਹਨ ਉਹ ਆਪੋ-ਆਪਣੀਆਂ ਥਾਵਾਂ 'ਤੇ ਪਹੁੰਚ ਚੁੱਕੇ ਹਨ ਅਤੇ ਸੁਰੱਖਿਅਤ ਹਨ।''

ਇਹ ਵੀ ਪੜ੍ਹੋ-

ਰੌਇਟਰਜ਼ ਖ਼ਬਰ ਏਜੰਸੀ ਨੂੰ ਕੰਪਨੀ ਦੇ ਅਧਿਕਾਰੀ ਮਿਰਵਾਇਜ਼ ਮਿਰੇਜ਼ਕਵਲ ਨੇ ਦੱਸਿਆ, ਇਸਦਾ ਸਾਡੇ ਨਾਲ ਕੋਈ ਲੈਣਾ ਦੇਣਾ ਨਹੀਂ। ਸਾਡੇ ਦੋ ਜਹਾਜ਼ਾਂ ਨੇ ਉਡਾਨ ਭਰੀ ਹੈ। ਇੱਕ ਹੇਰਾਤ ਤੋਂ ਕਾਬੁਲ ਅਤੇ ਦੂਜਾ ਹੇਰਾਤ ਤੋਂ ਦਿੱਲੀ ਲਈ ਅਤੇ ਦੋਵੇਂ ਸੁਰੱਖਿਅਤ ਹਨ।

ਗਜ਼ਨੀ ਸੂਬੇ ਦੇ ਗਵਰਨਰ ਵਾਹਿਦੁੱਲਾਹ ਕਾਲੀਮਜ਼ਾਈ ਨੇ ਟੋਲੋ ਨਿਊਜ਼ ਨੂੰ ਦੱਸਿਆ, ''ਹਾਲੇ ਤੱਕ ਏਅਰਲਾਈਨ ਅਤੇ ਮੌਤਾਂ ਬਾਰੇ ਕੁਝ ਸਾਫ-ਸਾਫ ਨਹੀਂ ਪਤਾ।''

ਅਫਗਾਨਿਸਤਾਨ ਦੇ ਏਵੀਏਸ਼ਨ ਵਿਭਾਗ ਨੇ ਵੀ ਕਿਹਾ ਹੈ ਕਿ ਕੋਈ ਵੀ ਯਾਤਰੀ ਜਹਾਜ਼ ਕ੍ਰੈਸ਼ ਨਹੀਂ ਹੋਇਆ ਤੇ ਤਾਲਿਬਾਨ ਦੇ ਬੁਲਾਰੇ ਜ਼ਬੀਹਉੱਲਾਹ ਮੁਜਾਹਿਦ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਦਾ ਗੁਟ ਹਾਲੇ ਤੱਕ ਜਹਾਜ਼ ਨੂੰ ਨਹੀਂ ਲੱਭ ਸਕਿਆ ਹੈ।

ਗਜ਼ਨੀ ਦੇ ਪੁਲਿਸ ਮੁਖੀ ਅਹਿਮਦ ਖਾਲਿਦ ਵਾਰਦਕ ਨੇ ਬੀਬੀਸੀ ਨੂੰ ਦੱਸਿਆ ਮੌਤਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ ਅਤੇ ਇਹ ਵੀ ਨਹੀਂ ਪਤਾ ਕੀ ਜਹਾਜ਼ ਕਿਹੜੇ ਕਾਰਨਾਂ ਕਰਕੇ ਡਿੱਗਿਆ। ਉਨ੍ਹਾਂ ਇਹ ਕਿਹਾ ਕਿ ਜਹਾਜ਼ ਵਿੱਚ ਅੱਗ ਲੱਗ ਗਈ ਸੀ।

ਇਹ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)