ਨਿਸਰਗ ਤੂਫ਼ਾਨ: ਮੁੰਬਈ ਨੂੰ ਟਕਰਾਏ ਤੂਫਾਨ ਦਾ ਇਹ ਨਾਂ ਕਿਵੇਂ ਪਿਆ ਤੇ ਇਸ ਨੇ ਕਿੰਝ ਮਚਾਈ ਤਬਾਹੀ

ਕੋਰੋਨਾਵਾਇਰਸ ਮਹਾਂਮਾਰੀ ਨਾਲ ਲੜ ਰਹੇ ਮਹਾਰਾਸ਼ਟਰ ਅਤੇ ਗੁਜਰਾਤ ਵਿੱਚ ਚੱਕਰਵਾਤੀ ਤੂਫ਼ਾਨ ਦਾ ਖ਼ਤਰਾ ਮੰਡਰਾ ਰਿਹਾ ਹੈ।

ਤਾਜ਼ਾ ਜਾਣਕਾਰੀ ਮੁਤਾਬਕ ਇਹ ਤੂਫ਼ਾਨ ਅਲੀਬਾਗ਼ ਪਹੁੰਚ ਗਿਆ ਹੈ ਅਤੇ ਛੇਤੀ ਹੀ ਮੁੰਬਈ ਪਹੁੰਚਣ ਵਾਲਾ ਹੈ।

ਅਰਬ ਸਾਗਰ ਵਿੱਚ ਘੱਟ ਦਬਾਅ ਵਾਲੀ ਇੱਕ ਬੈਲਟ ਬਣਨ ਕਾਰਨ ਇਸ ਚੱਕਰਵਾਤ ਦੇ ਮੁੰਬਈ ਨੂੰ ਪ੍ਰਭਾਵਿਤ ਕਰਨ ਦੀ ਸੰਭਾਵਾਨਾ ਜ਼ਾਹਰ ਕੀਤੀ ਜਾ ਰਹੀ ਹੈ। ਹਾਲਾਂਕਿ ਹੁਣ ਤੱਕ ਇਹ ਤੈਅ ਨਹੀਂ ਹੈ ਕਿ ਇਹ ਮੁੰਬਈ ਪਹੁੰਚੇਗਾ ਜਾਂ ਆਪਣਾ ਰਾਹ ਬਦਲ ਲਵੇਗਾ।

ਇਹ ਮੁੰਬਈ ਤੋਂ 100 ਕਿਲੋਮੀਟਰ ਦੂਰ ਅਲੀਬਾਗ਼ ਨਾਲ ਇੱਕ ਵਜੇ ਟਕਰਾਇਆ।

ਰਾਇਗੜ੍ਹ ਵਿੱਚ ਇੰਨੀ ਤੇਜ਼ ਹਨੇਰੀ ਆਈ ਹੈ ਕਿ ਟਿਨ ਦੀ ਪਾਈ ਛੱਤ ਵੀ ਉੱਡ ਗਈ।

ਨਿਸਰਗ ਤੂਫ਼ਾਨ ਕਾਰਨ ਢਿੱਗਾਂ ਡਿੱਗ ਰਹੀਆਂ ਹਨ। ਮਹਾਰਾਸ਼ਟਰ ਦੇ ਕੰਢੇ 'ਤੇ ਲਗਾਤਾਰ ਮੀਂਹ ਪੈ ਰਿਹਾ ਹੈ।

ਮੌਸਮ ਵਿਭਾਗ ਮੁਤਾਬਕ ਇਹ ਸਾਰੀ ਪ੍ਰਕਿਰਿਆ ਅਗਲੇ ਤਿੰਨ ਘੰਟਿਆਂ ਵਿੱਚ ਪੂਰੀ ਹੋ ਜਾਵੇਗੀ।

ਰਾਇਗੜ੍ਹ ਜ਼ਿਲ੍ਹੇ ਦੇ ਅਗਰ-ਸ਼੍ਰੀਵਰਧਨ ਨਾਲ ਤੂਫ਼ਾਨ ਟਕਰਾ ਗਿਆ ਹੈ। ਜ਼ਿਲ੍ਹੇ ਦੀ ਡੀਸੀ ਨਿਧੀ ਚੌਧਰੀ ਨੇ ਇਹ ਜਾਣਕਾਰੀ ਦਿੱਤੀ ਹੈ।

ਤੂਫ਼ਾਨ ਦੇ ਦੌਰਾਨ 100 ਤੋਂ 120 ਕਿਲੋਮੀਟਰ ਦੀ ਰਫ਼ਤਾਰ ਵਾਲੇ ਝੱਖੜ ਦੇ ਨਾਲ ਭਾਰੀ ਜਾਨੀ-ਮਾਲੀ ਨੁਕਸਾਨ ਦੀ ਸੰਭਾਵਨਾ ਜਤਾਈ ਗਈ ਹੈ।

ਮੁੰਬਈ ਦੇ ਦੱਖਣੀ ਕੰਢੇ ਤੋਂ ਤਕਰਬੀਨ 120 ਕਿਲੋਮੀਟਰ ਦੂਰ ਦੀਵ ਅਗਰ ਨਾਲ ਤਕਰੀਬਨ ਇੱਕ ਵਜੇ ਨਿਸਰਗ ਤੂਫ਼ਾਨ ਕਾਰਨ ਢਿੱਗਾਂ ਡਿੱਗੀਆਂ।

ਰਾਇਗੜ੍ਹ ਦੀ ਜ਼ਿਲ੍ਹਾ ਕਲੈਕਟਰ ਨਿਧੀ ਚੌਧਰੀ ਨੇ ਇੱਕ ਨਿਊਜ਼ ਚੈਨਲ ਨੂੰ ਦੱਸਿਆ, "ਹਨੇਰੀ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲ ਰਹੀਆਂ ਹਨ। ਕੁਝ ਦੇਰ ਬਾਅਦ ਸਭ ਸ਼ਾਂਤ ਹੋ ਜਾਏਗਾ ਪਰ ਘਰੋਂ ਬਾਹਰ ਨਾ ਨਿਕਲੋ। ਤੇਜ਼ ਹਵਾਵਾਂ ਫਿਰ ਚੱਲਣਗੀਆਂ ਪਰ ਸਵੇਰੇ 9 ਵਜੇ ਤੱਕ ਬਾਹਰ ਨਾ ਨਿਕਲੋ। ਅਸੀਂ ਬਿਜਲੀ ਦੀਆਂ ਤਾਰਾਂ ਅਤੇ ਟੁੱਟੇ ਦਰਖਤ ਹਟਾਵਾਂਗੇ।"

ਉੱਥੇ ਹੀ ਮੁੰਬਈ ਪੁਲਿਸ ਨੇ ਬਾਂਦਰਾ-ਵਰਲੀ ਸਮੁੰਦਰੀ ਲਿੰਕ 'ਤੇ ਗੱਡੀਆਂ ਦੀ ਆਵਾਜਾਈ 'ਤੇ ਰੋਕ ਲਾ ਦਿੱਤੀ ਹੈ।

ਮੁੰਬਈ ਦੇ ਮਿਉਂਸੀਪਲ ਕਮਿਸ਼ਨਰ ਇਕਬਾਲ ਚਾਹਲ ਅਤੇ ਮੁੱਖ ਫਾਇਰ ਬ੍ਰਿਗੇਡ ਦੇ ਮੁਖੀ ਨੇ ਦਾਦਰ ਅਤੇ ਗਿਰਗੌਮ ਚੌਪਾਟੀ ਦਾ ਜਾਇਜ਼ਾ ਲਿਆ।

ਉੱਧਰ ਗੁਜਰਾਤ ਦੇ ਦਵਾਰਕਾ ਕੰਢੇ ਨਾਲ ਤੂਫ਼ਾਨ ਟਕਰਾਇਆ। ਖ਼ਬਰ ਏਜੰਸੀ ਏਐੱਨਆਈ ਵੱਲੋਂ ਸਾਂਝਾ ਕੀਤੀ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਲਹਿਰਾਂ ਕਿੰਨੀਆਂ ਉੱਚੀਆਂ ਉੱਠ ਰਹੀਆਂ ਹਨ।

ਮਹਾਰਾਸ਼ਟਰ ਦੇ ਮੁੱਖ ਮੰਤਰੀ ਵੱਲੋਂ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਅਪੀਲ

ਮਹਾਰਾਸ਼ਟਰ ਦੇ CM ਉੱਧਵ ਠਾਕਰੇ ਨੇ ਲੋਕਾਂ ਨੂੰ ਦੋ ਦਿਨਾਂ ਤੱਕ ਘਰਾਂ ਦੇ ਅੰਦਰ ਹੀ ਰਹਿਣ ਦੀ ਅਪੀਲ ਕੀਤੀ ਹੈ।

ਮੌਸਮ ਵਿਭਾਗ ਦੇ ਮੁਤਾਬਕ ਚੱਕਰਵਾਤੀ ਤੂਫ਼ਾਨ ਨਿਸਰਗ ਬੁੱਧਵਾਰ ਨੂੰ ਮਹਾਰਾਸ਼ਟਰ ਪਹੁੰਚੇਗਾ। ਲੰਘੇ 100 ਸਾਲਾਂ ਤੋਂ ਵੀ ਵਧੇਰੇ ਸਮੇਂ ਦੌਰਾਨ ਇਹ ਪਹਿਲੀ ਵਾਰ ਹੈ ਜਦੋਂ ਕੋਈ ਤੂਫ਼ਾਨ ਮੁੰਬਈ ਨਾਲ ਟਕਰਾ ਸਕਦਾ ਹੈ।

ਸ਼ਹਿਰ ਪਹਿਲਾਂ ਹੀ ਕੋਰੋਨਾਵਾਇਰਸ ਦੀ ਮਾਰ ਝੱਲ ਰਿਹਾ ਹੈ। ਅਜਿਹੇ ਵਿੱਚ ਤੂਫ਼ਾਨ ਸ਼ਹਿਰ ਦੀਆਂ ਦਿੱਕਤਾਂ ਵਿੱਚ ਵਾਧਾ ਕਰ ਸਕਦਾ ਹੈ।

ਮੁੱਖ ਮੰਤਰੀ ਉੱਧਵ ਠਾਕਰੇ ਨੇ ਕਿਹਾ, “ਸੂਬੇ ਨੇ ਹੁਣ ਤੱਕ ਜਿਹੜੇ ਤੂਫ਼ਾਨਾਂ ਦਾ ਸਾਹਮਣਾ ਕੀਤਾ ਹੈ, ਇਹ ਤੂਫ਼ਾਨ ਉਨ੍ਹਾਂ ਤੋਂ ਤੇਜ਼ ਹੋ ਸਕਦਾ ਹੈ। ਕੱਲ ਅਤੇ ਪਰਸੋਂ ਤਟੀ ਇਲਾਕਿਆਂ ਲਈ ਅਹਿਮ ਹਨ। ਜੋ ਗਤੀਵਿਧੀਆਂ ਖੋਲ੍ਹੀਆਂ ਗਈਆਂ ਹਨ। ਉਨ੍ਹਾਂ ਨੂੰ ਅਗਲੇ ਦੋ ਦਿਨਾਂ ਲਈ ਬੰਦ ਕੀਤਾ ਜਾ ਰਿਹਾ ਹੈ।”

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਉੱਧਵ ਠਾਕਰੇ ਅਤੇ ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੂਪਾਣੀ ਨਾਲ ਤੂਫ਼ਾਨ ਬਾਰੇ ਗੱਲਬਾਤ ਕੀਤੀ। ਉਨ੍ਹਾਂ ਨੇ ਸੂਬਿਆਂ ਨੂੰ ਕੇਂਦਰੀ ਸਹਾਇਤਾ ਦਾ ਭਰੋਸਾ ਦਵਾਇਆ।

ਮੌਸਮ ਵਿਭਾਗ ਨੇ ਤੂਫ਼ਾਨ ਬਾਰੇ ਕੁਝ ਹਿਫ਼ਾਜ਼ਤੀ ਸੁਝਾਅ ਦਿੱਤੇ ਹਨ।

ਨਿਸਰਗ ਤੂਫਾਨ ਨਾਂ ਕਿਵੇਂ ਪਿਆ

  • ਤੂਫ਼ਾਨ ਦਾ ਨਾਂ ਤੈਅ ਕਰਨ ਦੀ ਇੱਕ ਪ੍ਰਕਿਰਿਆ ਹੁੰਦੀ ਹੈ ਅਤੇ ਭਾਰਤੀ ਮੌਸਮ ਵਿਭਾਗ ਵਿਚ ਰਿਜਨਲ ਸਪੈਸ਼ਲਾਇਜ਼ਡ ਮੈਟਰੋਲੌਜੀਕਲ ਕੇਂਦਰ ਤੂਫ਼ਾਨਾਂ ਦਾ ਨਾਕਰਨ ਕਰਦਾ ਹੈ। ਇਹ ਕੇਂਦਰ ਤੂਫ਼ਾਨਾਂ ਅਤੇ ਚੱਕਰਵਾਤਾਂ ਦੇ ਨਾਂ ਰੱਖਣ ਵਾਲੀ ਯੂਐਨਓ ਦੀ ਏਜੰਸੀ ਮੈਟਰੋਲੌਜੀਕਲ ਆਰਗੇਨਾਈਜੇਸ਼ਨ ਮਾਨਤਾ ਪ੍ਰਾਪਤ ਹੈ।
  • ਪਰ ਉੱਤਰੀ ਹਿੰਦ ਮਹਾਸਾਗਰ ਵਿਚ ਉੱਠਣ ਵਾਲੇ ਚੱਕਰਵਾਤ , ਜੋ ਦੇਸ਼ ਤੂਫਾਨ ਨਾਲ ਪ੍ਰਭਾਵਿਤ ਹੁੰਦੇ ਹਨ , ਉਹ ਤੂਫਾਨਾਂ ਦੇ ਨਾਂ ਸੁਝਾਉਂਦੇ ਹਨ।
  • ਜਦੋਂ ਡਬਲਿਯੂਐਮਓ ਨੇ ਸਿਤੰਬਰ 2004 ਵਿਚ ਸਬੰਧਤ ਦੇਸ਼ਾਂ ਤੋਂ ਆਪਣੇ ਆਪਣੇ ਖੇਤਰਾਂ ਵਿਚ ਆਉਣ ਵਾਲੇ ਚੱਕਰਵਾਤਾਂ ਦਾ ਨਾਂ ਖੁਦ ਰੱਖਣ ਲਈ ਕਿਹਾ ਤਾਂ ਭਾਰਤ, ਪਕਿਸਤਾਨ, ਬੰਗਲਾਦੇਸ, ਮਾਲਦੀਵ, ਮਿਆਮਾਰ, ਓਮਾਨ, ਸ੍ਰੀਲੰਕਾ ਅਤੇ ਥਾਈਲੈਂਡ ਨੂੰ ਮਿਲਾਕੇ ਕੁੱਲ ਅੱਠ ਦੇਸਾਂ ਨੇ ਇੱਕ ਅਹਿਮ ਬੈਠਕ ਕੀਤੀ ਅਤੇ ਤੂਫਾਨਾਂ ਦੇ ਨਾਂ ਰੱਖਣ ਦੀ ਪ੍ਰਕਿਰਿਆ ਸ਼ੁਰੂ ਕੀਤੀ।
  • ਉਦੋਂ ਦੇਸ ਵਿਚ ਆਉਣ ਵਾਲੇ 8 ਚੱਕਰਵਾਤਾਂ ਅਤੇ 64 ਨਾਵਾਂ ਵਾਲੇ ਤੂਫ਼ਾਨਾਂ ਦੀ ਸੂਚੀ ਤਿਆਰ ਕੀਤੀ ਗਈ।
  • ਹੁਣ ਇਸ ਗਰੁੱਪ ਵਿਚ ਹੋਰ ਦੇਸ਼ ਸ਼ਾਮਲ ਹੋ ਗਏ ਤੇ ਦੇਸਾਂ ਦੀ ਗਿਣਤੀ 13 ਹੋ ਗਈ ਅਤੇ ਕਈ ਹੋਰ ਸੰਭਾਵਿਤ ਤੂਫਾਨਾਂ ਦੇ ਨਾਂ ਵੀ ਜੁੜਦੇ ਗਏ।
  • ਸੂਚੀ ਮੁਤਾਬਕ ਅੰਫਨ ਨਾਲ ਸੂਚੀ ਦੇ ਸਾਰੇ 64 ਨਾਂ ਖ਼ਤਮ ਹੋ ਗਏ. ਤੂਫ਼ਾਨ ਨਿਸਰਗ 65 ਵਾਂ ਨਾਂ ਹੈ। ਜਾਣੀ ਜੋ ਨਵੀਂ ਸੂਚੀ ਬਣੀ ਉਸ ਵਿਚ ਇਹ ਪਹਿਲਾ ਤੂਫ਼ਾਨ ਹੈ।
  • ਤੁਫਾਨ ਨਿਸਰਗ ਬੰਗਲਾਦੇਸ ਨੇ ਸੁਝਾਇਆ ਹੈ ਜੋ ਇੱਕ ਕਮੇਟੀ ਦੇ ਫ਼ੈਸਲੇ ਤੋਂ ਬਾਅਦ ਰੱਖਿਆ ਗਿਆ
  • ਨਿਸਰਗ ਤੂਫਾਨ ਦਾ ਘੇਰਾ ਕਰੀਬ 400-500 ਕਿਲੋਮੀਟਰ ਦਾ ਹੁੰਦਾ ਹੈ ਅਤੇ ਕਰੀਬ 100 ਕਿਲੋਮੀਟਰ ਰੇਡੀਅਸ ਵਿਚ ਤੁਫਾਨ ਦੀ ਸਪੀਡ 100 ਕਿਲੋਮੀਟਰ ਪ੍ਰਤੀ ਘੰਟਾ ਰਹਿਣ ਦਾ ਖਦਸ਼ਾ ਹੁੰਦਾ ਹੈ। ਜਾਣੀ ਅਲੀਬਾਗ ਪਾਰ ਕਰਦੇ ਸਮੇਂ ਇਸ ਦੀ ਸਪੀਡ 100-145 ਕਿਲੋਮੀਟਰ ਪ੍ਰਤੀ ਘੰਟਾ ਹੋ ਸਕਦੀ ਹੈ ਇਸ ਲਈ ਸਭ ਤੋਂ ਵੱਧ ਇਲਾਕੇ ਥਾਣੇ, ਮੁੰਬਈ ਤੇ ਰਾਏਗੜ ਹੋ ਸਕਦੇ ਹਨ।
  • ਇਸ ਨਾਲ ਹੀ ਰਤਨਾਗਿਰੀ, ਪਾਲਘਰ, ਅਤੇ ਸਿੰਧੂਦੁਰਗ ਵਿਚ ਸਪੀਡ 80 ਕਿਲੋਮੀਟਰ ਪ੍ਰਤੀ ਘੰਟਾ ਹੋ ਸਕਦੀ ਹੈ। ਇਹ ਗੁਰਾਤ ਦੇ ਕੁਝ ਖੇਤਰਾਂ ਨੂੰ ਵੀ ਪ੍ਰਭਾਵਿਤ ਕਰੇਗਾ
  • ਹਵਾ ਦੀ ਇਹ ਸਪੀਡ 6 ਘੰਟੇ ਤੱਕ ਰਹੇਗੀ ,ਜਾਣੀ ਸ਼ਾਮ ਕਰੀਬ 7-8 ਵਜੇ ਤੱਕ ਹਾਲਾਤ ਅਜਿਹੇ ਹੀ ਰਹਿਣਗੇ।

ਆਮ ਲੋਕਾਂ ਨੂੰ ਕੀ ਕਰਨਾ ਚਾਹੀਦਾ ਹੈ?

  • ਆਮ ਲੋਕ ਆਪਣੇ ਘਰਾਂ ਦੇ ਬੂਹੇ-ਬਾਰੀਆਂ ਅਤੇ ਫ਼ਰਸ਼ ਦੀ ਜਾਂਚ ਕਰਨ। ਜੇ ਖ਼ਰਾਬ ਹੋਣ ਤਾਂ ਤੁਰੰਤ ਠੀਕ ਕਰਵਾਉਣ ਦਾ ਉਪਾਅ ਕਰਨ।
  • ਘਰ ਦੇ ਆਲੇ-ਦੁਆਲੇ ਦੀ ਸਥਿਤੀ ਉੱਪਰ ਨਜ਼ਰ ਰੱਖੀ ਜਾਵੇ। ਸੁੱਕੇ ਅਤੇ ਮਰੇ ਹੋਏ ਰੁੱਖ ਕੱਟ ਦਿੱਤੇ ਜਾਣ।
  • ਘਰੇ ਲੱਕੜ ਦਾ ਫੱਟਾ ਰੱਖੋ। ਜਿਸ ਦੀ ਵਰਤੋਂ ਬਾਰੀ ਨੂੰ ਮਜ਼ਬੂਤੀ ਨਾਲ ਬੰਦ ਕਰਨ ਜਾਂ ਢਕਣ ਲਈ ਕੀਤੀ ਜਾ ਸਕੇ। ਜੇ ਫੱਟਾ ਨਾ ਹੋਵੇ ਤਾਂ ਖਿੜਕੀਆਂ ਉੱਪਰ ਅਖ਼ਬਾਰ ਲਾ ਕੇ ਰੱਖੋ ਤਾਂ ਕਿ ਜੇ ਕੱਚ ਟੁੱਟੇ ਤਾਂ ਘਰ ਦੇ ਅੰਦਰ ਫੈਲ ਨਾ ਜਾਵੇ।
  • ਟਾਰਚ ਦੀਆਂ ਵਾਧੂ ਬੈਟਰੀਆਂ ਦਾ ਬੰਦੋਬਸਤ ਕਰ ਕੇ ਰੱਖੋ।
  • ਪੁਰਾਣੀਆਂ ਇਮਾਰਤਾਂ ਤੋਂ ਦੂਰ ਰਹੋ।
  • ਰੇਡੀਓ ਤੋਂ ਮਿਲਣ ਵਾਲੀ ਮੌਸਮ ਦੀ ਜਾਣਕਾਰੀ ਲਗਾਤਾਰ ਸੁਣਦੇ ਰਹੇ। ਆਪਣੇ ਆਲੇ-ਦੁਆਲੇ ਵੀ ਇਹ ਜਾਣਕਾਰੀ ਸਾਂਝੀ ਕਰਦੇ ਰਹੋ। ਸਿਰਫ਼ ਸਰਕਾਰੀ ਜਾਣਕਾਰੀ ਹੀ ਲੋਕਾਂ ਨਾਲ ਸਾਂਝੀ ਕਰੋ।
  • ਸਮੁੰਦਰ ਕੋਲ ਨਾ ਜਾਓ ਅਤੇ ਜਿੰਨੀ ਜਲਦੀ ਹੋ ਸਕੇ ਉੱਚੀਆਂ ਥਾਵਾਂ ਉੱਪਰ ਪਹੁੰਚੋ।
  • ਜੇ ਤੁਹਾਡਾ ਘਰ ਉਚਾਈ ਉੱਤੇ ਹੈ ਤਾਂ ਤੁਸੀਂ ਸਭ ਤੋਂ ਵਧੇਰੇ ਮਹਿਫ਼ੂਜ਼ ਹੋ। ਫਿਰ ਵੀ ਜੇ ਇਲਾਕਾ ਛੱਡਣ ਲਈ ਕਿਹਾ ਜਾਵੇ ਤਾਂ ਹਦਾਇਤਾਂ ਦੀ ਪਾਲਣਾ ਕਰੋ।
  • ਪੀਣ ਵਾਲਾ ਪਾਣੀ ਅਤੇ ਖਾਣ ਦਾ ਸਮਾਨ ਆਪਣੇ ਕੋਲ ਰੱਖੋ।
  • ਜਿਸ ਨਦੀ ਵਿੱਚ ਹੜ੍ਹ ਆਉਂਦਾ ਹੈ, ਉਸ ਤੋਂ ਦੂਰ ਰਹੋ।
  • ਜੇ ਤੁਹਾਡਾ ਘਰ ਖ਼ਤਰੇ ਵਾਲੇ ਇਲਾਕੇ ਵਿੱਚ ਹੈ ਤਾਂ ਨੁਕਸਾਨ ਘਟਾਉਣ ਲਈ ਕੀਮਤੀ ਚੀਜ਼ਾਂ ਸੰਭਾਲ ਲਓ।
  • ਖੇਤੀ ਦੇ ਸੰਦ ਆਦਿ ਤੂਫ਼ਾਨ ਵਿੱਚ ਖ਼ਤਰਨਾਕ ਸਾਬਤ ਹੋ ਸਕਦੇ ਹਨ, ਉਨ੍ਹਾਂ ਨੂੰ ਸੁਰੱਖਿਅਤ ਥਾਂ ਉੱਪਰ ਸੰਭਲ ਕੇ ਰੱਖੋ।
  • ਤੂਫ਼ਾਨ ਦੌਰਾਨ ਹੌੰਸਲਾ ਬਣਾ ਕੇ ਰੱਖੋ ਤੇ ਅਫ਼ਵਾਹਾਂ ਨਾ ਫੈਲਾਓ। ਸ਼ਰਾਰਤੀ ਅਨਸਰਾਂ ਬਾਰੇ ਪੁਲਿਸ ਨੂੰ ਦੱਸੋ।
  • ਗੱਡੀ ਚਲਾਉਂਦੇ ਸਮੇਂ ਸਾਵਧਾਨੀ ਵਰਤੋ।
  • ਆਪਣੇ ਨੁਕਸਾਨ ਦੀ ਇਤਲਾਹ ਪ੍ਰਸ਼ਾਸਨ ਨੂੰ ਦਿਓ।
  • ਕੋਰੋਨਾ ਸੰਕਟ ਵੀ ਚੱਲ ਰਿਹਾ ਹੈ, ਇਸ ਲਈ ਸੋਸ਼ਲ ਡਿਸਟੈਂਸਿੰਗ ਬਰਕਰਾਰ ਰੱਖੋ।
  • ਤੂਫ਼ਾਨ ਵਿੱਚ ਫ਼ਸੇ ਲੋਕਾਂ ਦੀ ਜਾਣਕਾਰੀ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਪਹੁੰਚਾਓ।
  • ਜੇ ਪ੍ਰਸ਼ਾਸਨ ਵੱਲੋਂ ਤੁਹਾਨੂੰ ਕਿਤੇ ਰੱਖਿਆ ਗਿਆ ਹੈ ਤਾਂ ਉੱਥੇ ਭੀੜ ਨਾ ਕਰੋ। ਲੋਕਾਂ ਤੋਂ ਸੁਰੱਖਿਅਤ ਦੂਰੀ ਬਣਾ ਕੇ ਰੱਖੋ। ਜਦੋਂ ਤੱਕ ਕਿਹਾ ਨਾ ਜਾਵੇ ਉਸ ਥਾਂ ਨੂੰ ਛੱਡ ਕੇ ਨਾ ਜਾਓ।
  • ਅਫ਼ਵਾਹਾਂ ’ਤੇ ਕੰਨ ਨਾ ਧਰੋ।
  • ਤੂਫ਼ਾਨ ਸ਼ਾਂਤ ਹੋਣ ਤੋਂ ਬਾਅਦ ਵੀ ਸੁਰੱਖਿਅਤ ਥਾਂ ਨਾ ਛੱਡੋ।
  • ਤੂਫ਼ਾਨ ਰੁਕਣ ਤੋਂ ਬਾਅਦ ਰਸਤਿਆਂ ਵਿੱਚ ਲਮਕਦੀਆਂ ਤਾਰਾਂ ਆਦਿ ਨੂੰ ਨਾ ਛੂਹੋ।

ਇਹ ਵੀਡੀਓਜ਼ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)