You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ ਅਤੇ ਕੋਰੋਨਾ ਯੋਧਾ: ਕੈਂਸਰ ਪੀੜਤ ਸਿਹਤ ਮੁਲਾਜ਼ਮ ਜੋ ਆਪਣੀ ਪਰਵਾਹ ਕੀਤੇ ਬਿਨਾਂ ਲੋਕਾਂ ਨੂੰ ਕੋਰੋਨਾਵਾਇਰਸ ਬਾਰੇ ਜਾਗਰੂਕ ਕਰ ਰਹੀ ਹੈ
ਰਮਾ ਸਾਹੁ ਉਹ ਔਰਤ ਹੈ ਜਿਸ ਨੂੰ ਭਾਰਤ ਸਰਕਾਰ ਇੱਕ "ਕੋਰੋਨਾ ਯੋਧਾ" ਕਹਿੰਦੀ ਹੈ। ਰਮਾ ਇੱਕਸਿਹਤ ਕਰਮਚਾਰੀ ਹੈ ਜੋ ਮਹਾਂਮਾਰੀ ਨਾਲ ਲੜਨ ਵਿੱਚ ਸਹਾਇਤਾ ਕਰ ਰਹੀ ਹੈ। ਬੀਬੀਸੀ ਹਿੰਦੀ ਦੀ ਸੁਸ਼ੀਲਾ ਸਿੰਘ ਦੀ ਰਿਪੋਰਟ ਅਨੁਸਾਰ, ਉਹ ਕੈਂਸਰ ਨਾਲ ਵੀ ਜੂਝ ਰਹੀ ਹੈ।
ਹਰ ਸਵੇਰੇ, 46 ਸਾਲਾ ਰਮਾ ਸਾਹੁ ਭਾਰਤੀ ਸੂਬੇ ਓਡੀਸ਼ਾ ਵਿੱਚ ਘਰ-ਘਰ ਜਾ ਕੇ ਸਰਵੇਖਣ ਕਰਨ ਅਤੇ ਰਾਸ਼ਨ ਵੰਡਣ ਲਈ ਆਪਣਾ ਘਰ ਤੋਂ ਆਉਂਦੀ ਹੈ।
ਉਹ ਇਸ ਤੱਪਦੀ ਗਰਮੀ ਵਿੱਚ 201 ਘਰ ਪੂਰੇ ਕਰਨ ਲਈ ਤੇਜ਼ ਰਫ਼ਤਾਰ ਨਾਲ ਚਲਦੀ ਹੈ। ਸੂਬੇ ਵਿੱਚ ਗਰਮੀ ਦਾ ਔਸਤਨ ਤਾਪਮਾਨ 40 ਸੈਲਸਿਅਸ ਨੂੰ ਛੂਹ ਜਾਂਦਾ ਹੈ ।
ਉਹ ਹਰ ਦਿਨ ਇਕੋ ਜਿਹੇ ਚਿਹਰਿਆਂ ਦਾ ਸਾਹਮਣਾ ਕਰਦੀ ਹੈ ਪਰ ਉਨ੍ਹਾਂ ਵਿਚੋਂ ਕਿਸੇ ਨੂੰ ਵੀ ਨਹੀਂ ਪਤਾ ਕਿ ਉਸ ਨੂੰ ਗਰੱਭਾਸ਼ਯ ਕੈਂਸਰ ਹੈ। ਉਸਦੀ ਹਾਲਤ ਇੰਨੀ ਖਰਾਬ ਹੈ ਕਿ ਉਹ ਸਾਰਾ ਦਿਨ ਡਾਇਪਰ ਪਹਿਨਦੀ ਹੈ।
ਉਸ ਨੇ ਦੱਸਿਆ, "ਜਦੋਂ ਮੈਂ ਕੰਮ ਕਰਦੀ ਹਾਂ, ਮੈਂ ਆਪਣੀਆਂ ਸਾਰੀਆਂ ਮੁਸ਼ਕਲਾਂ ਨੂੰ ਭੁੱਲ ਜਾਂਦੀ ਹਾਂ। ਮਨ ਹਮੇਸ਼ਾਂ ਕੰਮ 'ਤੇ ਹੁੰਦਾ ਹੈ।"
ਆਪਣਾ ਫ਼ਰਜ਼ ਨਿਭਾ ਰਹੀ ਹੈ ਸਾਹੂ
ਉਹ ਪਰਿਵਾਰਾਂ ਤੋਂ ਪਤਾ ਲਗਾਉਂਦੀ ਹੈ ਕਿ ਕੀ ਉਨ੍ਹਾਂ ਵਿਚੋਂ ਕਿਸੇ ਨੂੰ ਕੋਵਿਡ -19 ਦੇ ਲੱਛਣ ਤਾਂ ਨਹੀਂ। ਉਨ੍ਹਾਂ ਨੂੰ ਇਕੱਲਤਾ ਅਤੇ ਸਮਾਜਕ ਦੂਰੀ ਦੇ ਨਿਯਮਾਂ ਬਾਰੇ ਸਲਾਹ ਦਿੰਦੀ ਹੈ ਅਤੇ ਭੋਜਨ ਵੰਡਦੀ ਹੈ।
ਉਹ ਠਰੱਮੇ ਨਾਲ ਉਨ੍ਹਾਂ ਦੇ ਪ੍ਰਸ਼ਨਾਂ ਦੇ ਜਵਾਬ ਦਿੰਦੀ ਹੈ ਅਤੇ ਫਿਰ ਆਪਣੇ ਫਾਰਮ ਵਿਚ ਜਾਣਕਾਰੀ ਲਿਖਦੀ ਹੈ।
ਇਸ ਤੋਂ ਬਾਅਦ ਇਹ ਫਾਰਮ ਸਥਾਨਕ ਅਧਿਕਾਰੀਆਂ ਨੂੰ ਜਮ੍ਹਾ ਕਰਾਇਆ ਜਾਂਦਾ ਹੈ, ਜਿਸ ਵਿੱਚ ਹਰ ਰੋਜ਼ ਜ਼ਿਲ੍ਹੇ ਭਰ ਦੇ ਇਹ ਅੰਕੜੇ ਇਕੱਠੇ ਕੀਤੇ ਜਾਂਦੇ ਹਨ।
ਭਾਰਤ ਵਰਗੇ ਵਿਸ਼ਾਲ ਅਤੇ ਸੰਘਣੀ ਆਬਾਦੀ ਵਾਲੇ ਦੇਸ਼ ਵਿੱਚ ਰੁਝਾਨਾਂ ਅਤੇ ਦਸਤਾਵੇਜ਼ਾਂ ਦੀ ਨਿਗਰਾਨੀ ਕਰਨ ਲਈ ਇਹ ਫਾਰਮ ਭਰੇ ਜਾਂਦੇ ਹਨ।
ਭਾਰਤ ਵਿੱਚ ਇਸ ਵੇਲੇ ਲਾਗਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਇਸ ਲਈ, ਸਾਹੂ ਜਿਹੇ ਫਰੰਟਲਾਈਨ ਸਿਹਤ ਕਰਮਚਾਰੀਆਂ ਦੀ ਭੂਮਿਕਾ, ਜੋ ਲਗਾਤਾਰ ਨਵੇਂ ਕੇਸਾਂ ਦੀ ਭਾਲ ਵਿਚ ਰਹਿੰਦੇ ਹਨ, ਹੋਰ ਮਹੱਤਵਪੂਰਨ ਬਣ ਜਾਂਦੀ ਹੈ।
ਪੂਰੇ ਭਾਰਤ ਵਿਚ ਅਜਿਹੇ ਹਜ਼ਾਰਾਂ ਹੀ ਵਰਕਰ ਹਨ। 25 ਮਾਰਚ ਤੋਂ ਸ਼ੁਰੂ ਹੋਏ ਸਖ਼ਤ ਦੇਸ਼ ਵਿਆਪੀ ਲੌਕਡਾਊਨ ਦੇ ਵਿਚਕਾਰ, ਉਹ ਗਰੀਬਾਂ ਨੂੰ ਰਾਸ਼ਨ ਵੀ ਪਹੁੰਚਾ ਰਹੇ ਹਨ ਅਤੇ ਮਹਾਂਮਾਰੀ ਨਾਲ ਨਜਿੱਠਣ ਲਈ ਉਨ੍ਹਾਂ ਨੂੰ ਲੋੜੀਂਦੀ ਸਲਾਹ ਦੇ ਰਹੇ ਹਨ।
ਸਾਹੂ ਕਹਿੰਦੀ ਹੈ, "ਇਨ੍ਹਾਂ ਮੁਸੀਬਤਾਂ ਵਿਚ ਸਾਡੀ ਲੋੜ ਹੈ।"
ਉਹ ਅੱਗੇ ਕਹਿੰਦੀ ਹੈ, ਉਹ ਆਪਣਾ ਕੰਮ ਜਾਰੀ ਰੱਖਦੀ ਹੈ ਭਾਵੇਂ ਉਹ ਇਕ ਦਰਦਨਾਕ ਬਿਮਾਰੀ ਨਾਲ ਜੂਝ ਰਹੀ ਹੈ।
ਰਮਾ ਕਦੇ ਹਾਰ ਨਹੀਂ ਮੰਨਦੀ
ਉਸਦਾ ਪਤੀ ਰਮੇਸ਼ ਕਹਿੰਦਾ ਹੈ, "ਉਹ ਉਦੋਂ ਹੀ ਘਰ ਰਹਿੰਦੀ ਹੈ ਜਦੋਂ ਉਸਨੂੰ ਬਹੁਤ ਦਰਦ ਹੁੰਦਾ ਹੈ।"
ਉਸ ਨੇ ਦੱਸਿਆ, "ਉਹ ਘਰ ਵਿਚ ਬਹੁਤ ਚੀਕਦੀ ਹੈ ਪਰ ਉਹ ਕੰਮ ਕਰਨ ਵੇਲੇ ਇਹ ਸਭ ਭੁੱਲ ਜਾਂਦੀ ਹੈ। ਪਰ ਉਸ ਦੇ ਸੁਪਰਵਾਈਜ਼ਰ ਸਮਝ ਰਹੇ ਹਨ ਅਤੇ ਉਸ ਨੂੰ ਛੁੱਟੀ ਲੈਣ ਅਤੇ ਆਰਾਮ ਕਰਨ ਲਈ ਕਹਿੰਦੇ ਹਨ।"
ਦੋਹਾਂ ਦੇ ਦੋ ਬੇਟੇ ਸਨ, ਪਰ ਦੋਵਾਂ ਦੀ ਮੌਤ ਹੋ ਗਈ। ਇਕ ਚਾਰ ਸਾਲਾਂ ਦਾ ਸੀ ਅਤੇ ਦੂਜਾ ਸਿਰਫ ਛੇ ਮਹੀਨਿਆਂ ਦਾ।
ਰਮੇਸ਼ ਸਾਹੂ ਮੁਤਾਬਕ, "ਸਾਡੀ ਦੁਨੀਆ ਢਹਿ-ਢੇਰੀ ਹੋ ਗਈ ਹੈ। ਦੋਵੇਂ ਬੱਚੇ ਬਿਮਾਰ ਹੋ ਗਏ ਸਨ, ਪਰ ਅਸੀਂ ਨਹੀਂ ਜਾਣਦੇ ਕਿ ਬਿਮਾਰੀ ਕੀ ਸੀ।"
ਉਹ ਕਹਿੰਦਾ ਹੈ ਕਿ ਉਹ ਅਤੇ ਉਸਦੀ ਪਤਨੀ ਦੁਬਾਰਾ ਮਾਂ-ਪਿਓ ਬਣਨਾ ਚਾਹੁੰਦੇ ਸਨ। ਪਰ 2014 ਵਿੱਚ ਉਨ੍ਹਾਂ ਨੂੰ ਪਤਾ ਲੱਗਿਆ ਕਿ ਰਮਾ ਨੂੰ ਕੈਂਸਰ ਹੈ।
ਸਾਹੁ ਕਿਸੇ ਹੋਰ ਰਾਜ ਵਿਚ ਨਿਰਮਾਣ ਸਥਾਨਾਂ 'ਤੇ ਕੰਮ ਕਰਦਾ ਅਤੇ ਉਸ ਤੋਂ ਬਾਅਦ ਵਾਪਸ ਘਰ ਚਲਾ ਜਾਂਦਾ।
ਉਹ ਕਹਿੰਦਾ ਹੈ ਕਿ ਉਹ ਇਲਾਜ ਲਈ ਮੁੰਬਈ ਸ਼ਹਿਰ ਗਏ ਅਤੇ ਕੀਮੋਥੈਰੇਪੀ ਸ਼ੁਰੂ ਕੀਤੀ। ਉਸ ਨੂੰ ਦੱਸਿਆ ਗਿਆ ਕਿ ਉਹ ਠੀਕ ਹੋ ਗਈ ਹੈ ਪਰ ਜਲਦੀ ਹੀ ਬਾਅਦ ਵਿਚ ਕੈਂਸਰ ਵਾਪਸ ਆ ਗਿਆ।
ਉਸ ਨੇ ਦੱਸਿਆ, "ਡਾਕਟਰ ਨੇ ਸਾਨੂੰ ਦੱਸਿਆ ਕਿ ਕੁਝ ਵੀ ਉਸਦੇ ਹੱਥ ਵਿੱਚ ਨਹੀਂ ਹੈ ਕਿਉਂਕਿ ਕੈਂਸਰ ਆਖ਼ਰੀ ਪੜਾਅ ਵਿੱਚ ਹੈ।"
ਰਮਾ ਸਾਹੂ, ਇਸ ਦੌਰਾਨ ਹਾਰ ਨਹੀਂ ਮੰਨਦੀ। ਉਹ ਕਹਿੰਦੀ ਹੈ ਕਿ ਲੋਕਾਂ ਨੂੰ ਮਾਸਕ ਦੀ ਵਰਤੋਂ ਬਾਰੇ ਦੱਸਣਾ ਅਤੇ ਉਨ੍ਹਾਂ ਨੂੰ ਹੱਥ ਧੋਣ ਬਾਰੇ ਜਾਗਰੂਕ ਕਰਨਾ ਉਨ੍ਹਾਂ ਦਾ ਕੰਮ ਹੈ।
ਪਿੰਡ ਦੇ ਸਰਪੰਚ ਲਕਸ਼ਮਣ ਗੌੜਾ ਕਹਿੰਦੇ ਹਨ, "ਭਾਵੇਂ ਉਹ ਬੀਮਾਰ ਹੈ ਪਰ ਉਹ ਪਿੱਛੇ ਨਹੀਂ ਹਟੀ। ਅਸੀਂ ਉਸ ਲਈ ਬਹੁਤ ਸ਼ੁਕਰਗੁਜ਼ਾਰ ਹਾਂ।"