ਕੋਰੋਨਵਾਇਰਸ: ਪਤਨੀ ਨੂੰ ਸਾਈਕਲ 'ਤੇ ਬਿਠਾ ਕੇ 750 ਕਿਲੋਮੀਟਰ ਸਫ਼ਰ ਕਰਨ ਵਾਲਾ ਮਜ਼ਦੂਰ

    • ਲੇਖਕ, ਸਮੀਰਾਤਮਜ ਮਿਸ਼ਰ
    • ਰੋਲ, ਬੀਬੀਸੀ ਪੱਤਰਕਾਰ

"ਡਰ ਤੇ ਭੁੱਖ ਭਲਾ ਕਿਸ ਨੂੰ ਹਿੰਮਤ ਨਹੀਂ ਦਿੰਦੀ?"

ਇਹ ਸ਼ਬਦ ਨਾ ਤਾਂ ਕਿਸੇ ਮਹਾਨ ਵਿਦਵਾਨ ਦੇ ਹਨ ਤੇ ਨਾ ਹੀ ਕਿਸੇ ਲਾਜਵਾਬ ਨਾਵਲ ਦੇ ਕਿਸੇ ਮਹਾਨ ਪਾਤਰ ਦੇ। ਇਹ ਤਾਂ ਉਹ ਮੂਲ ਮੰਤਰ ਹੈ ਜਿਸ ਨੇ ਬਲਰਾਮਪੁਰ ਦੇ ਰਾਘੋਰਾਮ ਨੂੰ ਰੋਹਤਕ ਤੋਂ ਆਪਣੇ ਪਿੰਡ ਤੱਕ ਪਹੁੰਚਣ ਦਾ ਮੰਤਵ ਦਿੱਤਾ।

ਇਸੇ ਕਰਕੇ ਹੀ ਉਸਨੇ ਆਪਣੀ ਪਤਨੀ ਨਾਲ ਸਾਈਕਲ ਉੱਤੇ 750 ਕਿਲੋਮੀਟਰ ਦੀ ਯਾਤਰਾ ਪੰਜ ਦਿਨਾਂ ਵਿੱਚ ਪੂਰੀ ਕੀਤੀ।

ਰਾਘੋਰਾਮ ਉਨ੍ਹਾਂ ਹਜ਼ਾਰਾਂ ਲੋਕਾਂ ਵਿੱਚੋਂ ਇੱਕ ਹੈ ਜਿਸ ਨੂੰ ਕੋਰੋਨਾਵਾਇਰਸ ਕਰਕੇ ਅਚਾਨਕ ਲੱਗੇ ਲੌਕਡਾਊਨ ਦੇ ਕਾਰਨ ਹਰਿਆਣਾ ਦੇ ਰੋਹਤਕ ਤੋਂ ਉੱਤਰ ਪ੍ਰਦੇਸ਼ ਦੇ ਬਲਰਾਮਪੁਰ ਜਾਣਾ ਪਿਆ।

ਰਾਘੋਰਾਮ ਕਹਿੰਦੇ ਹਨ ਕਿ ਕੋਰੋਨਾਵਾਇਰਸ ਤੇ ਮੁਸੀਬਤ ਵਿੱਚ ਪਏ ਉਨ੍ਹਾਂ ਦੇ ਭਵਿੱਖ ਨੇ ਇੰਨੀ ਤਾਕਤ ਦਿੱਤੀ ਕਿ ਉਹ ਆਪਣੀ ਮੰਜ਼ਿਲ ਤੱਕ ਪਹੁੰਚ ਸਕੇ।

ਰਾਘੋਰਾਮ ਦੱਸਦੇ ਹਨ, "ਅਸੀਂ ਜਿਸ ਕੰਪਨੀ ਵਿੱਚ ਕੰਮ ਕਰਦੇ ਸੀ, ਉਹ ਕੁਝ ਦਿਨ ਪਹਿਲਾਂ ਹੀ ਬੰਦ ਕਰ ਦਿੱਤੀ ਗਈ ਸੀ। ਅਸੀਂ ਠੇਕੇਦਾਰ ਨੂੰ ਫੋਨ ਕੀਤਾ ਤਾਂ ਉਸ ਨੇ ਕਿਹਾ ਕਿ ਉਹ ਸਾਡੀ ਕੋਈ ਮਦਦ ਨਹੀਂ ਕਰ ਸਕਦੇ।"

"ਮਕਾਨ ਮਾਲਕ ਨੇ ਕਿਹਾ ਕਿ ਜੇ ਰੁਕੋਗੇ ਤਾਂ ਕਰਾਇਆ ਲੱਗੇਗਾ। ਰੋਹਤਕ ਵਿੱਚ ਰਹਿਣ ਵਾਲੇ ਕੁਝ ਹੋਰ ਜਾਣਕਾਰ ਆਪਣੇ ਘਰਾਂ ਨੂੰ ਨਿਕਲ ਰਹੇ ਸੀ, ਤਾਂ ਅਸੀਂ ਵੀ ਸੋਚਿਆ ਕਿ ਇੱਥੋਂ ਜਾਣ ਵਿੱਚ ਹੀ ਭਲਾਈ ਹੈ।"

ਉਨ੍ਹਾਂ ਕਿਹਾ, "ਘਰ, ਆਪਣੇ ਪਿੰਡ ਪਹੁੰਚ ਜਾਵਾਂਗੇ ਤਾਂ ਘੱਟੋ-ਘੱਟ ਭੁੱਖ ਨਾਲ ਤਾਂ ਨਹੀਂ ਮਰਾਂਗੇ। ਉੱਥੇ ਕੁਝ ਨਾ ਕੁਝ ਇੰਤਜ਼ਾਮ ਹੋ ਹੀ ਜਾਵੇਗਾ।"

ਰਾਘੋਰਾਮ ਪੰਜ ਮਹੀਨੇ ਪਹਿਲਾਂ ਹੀ ਰੋਹਤਕ ਗਏ ਸੀ। ਇੱਕ ਨਿੱਜੀ ਕੰਪਨੀ ਵਿੱਚ ਠੇਕੇਦਾਰ ਰਾਹੀਂ, ਉਨ੍ਹਾਂ ਨੂੰ ਥੋੜ੍ਹੇ ਦਿਨ ਪਹਿਲਾਂ ਹੀ ਨੌਕਰੀ ਮਿਲੀ ਸੀ।

ਮਹੀਨੇ ਦੀ ਨੌ ਹਜ਼ਾਰ ਰੁਪਏ ਤਨਖਾਹ ਸੀ। 27 ਮਾਰਚ ਦੀ ਸਵੇਰ ਆਪਣੀ ਪਤਨੀ ਨਾਲ ਸਾਈਕਲ 'ਤੇ ਸਵਾਰ ਹੋ ਕੇ ਉਹ ਚਲ ਪਏ ਸੀ।

ਚਾਰ ਦਿਨਾਂ ਬਾਅਦ, ਯਾਨਿ 31 ਮਾਰਚ ਦੀ ਸ਼ਾਮ ਨੂੰ ਉਹ ਗੋਂਡਾ ਪਹੁੰਚੇ। ਜਿਸ ਵੇਲੇ ਅਸੀਂ ਉਨ੍ਹਾਂ ਨੂੰ ਪਹਿਲੀ ਵਾਰ ਮਿਲੇ, ਉਹ ਗੋਂਡਾ ਪਹੁੰਚ ਚੁੱਕੇ ਸੀ ਤੇ ਜ਼ਿਲ੍ਹਾ ਹਸਪਤਾਲ ਵਿੱਚ ਆਪਣੀ ਪਤਨੀ ਨਾਲ ਚੈੱਕ-ਅਪ ਲਈ ਜਾ ਰਹੇ ਸੀ।

ਜੇਬ ਵਿੱਚ ਸਿਰਫ਼ 120 ਰੁਪਏ ਤੇ 700 ਕਿਲੋਮੀਟਰ ਦਾ ਸਫ਼ਰ

ਰਾਘੋਰਾਮ ਦੱਸਦੇ ਹਨ, "ਰੋਹਤਕ ਤੋਂ ਜਦੋਂ ਅਸੀਂ ਨਿਕਲੇ ਤਾਂ ਜੇਬ ਵਿੱਚ ਸਿਰਫ਼ 120 ਰੁਪਏ, ਦੋ ਥੈਲਿਆਂ ਵਿੱਚ ਥੋੜ੍ਹੇ-ਬਹੁਤ ਕੱਪੜੇ ਤੇ ਸਮਾਨ ਤੋਂ ਇਲਾਵਾ ਸਾਡੇ ਕੋਲ ਹੋਰ ਕੁਝ ਵੀ ਨਹੀਂ ਸੀ। ਅਸੀਂ ਪਹਿਲੀ ਵਾਰ ਸਾਈਕਲ 'ਤੇ ਆ ਰਹੇ ਸੀ।"

"ਇਸ ਕਰਕੇ ਸਾਨੂੰ ਰਸਤੇ ਬਾਰੇ ਵੀ ਬਹੁਤਾ ਨਹੀਂ ਸੀ ਪਤਾ। ਸੋਨੀਪਤ ਤੱਕ ਅਸੀਂ ਬਹੁਤ ਭਟਕੇ, ਥਾਂ-ਥਾਂ 'ਤੇ ਪੁਲਿਸ ਵਾਲੇ ਰੋਕ ਵੀ ਰਹੇ ਸਨ।"

"ਪਰ ਸਾਡੀ ਮਜਬੂਰੀ ਸਮਝ ਕੇ ਸਾਨੂੰ ਅੱਗੇ ਜਾਣ ਦਿੱਤਾ। ਸੋਨੀਪਤ ਤੋਂ ਬਾਅਦ ਜਦੋਂ ਅਸੀਂ ਹਾਈਵੇ 'ਤੇ ਆਏ, ਅਸੀਂ ਬਿਨਾਂ ਰਸਤੇ ਵਿੱਚ ਭਟਕਿਆ ਗ਼ਾਜ਼ੀਆਬਾਦ, ਬਰੇਲੀ, ਸੀਤਾਪੁਰ, ਬੇਹਰਿਚ ਹੁੰਦੇ ਹੋਏ ਗੋਂਡਾ ਪਹੁੰਚ ਗਏ।"

31 ਮਾਰਚ ਨੂੰ ਜ਼ਿਲ੍ਹਾ ਹਸਪਤਾਲ ਵਿੱਚ ਸਿਹਤ ਦੀ ਜਾਂਚ ਦੇ ਬਾਅਦ ਰਾਘੋਰਾਮ ਨੂੰ ਘਰ ਜਾਣ ਦੀ ਇਜ਼ਾਜ਼ਤ ਮਿਲੀ। ਉਨ੍ਹਾਂ ਦਾ ਪਿੰਡ ਬਲਰਾਮਪੁਰ ਦੇ ਰੇਹਰਾ ਥਾਣੇ ਹੇਠ ਪੈਂਦਾ ਹੈ ਪਰ ਉਨ੍ਹਾਂ ਦਾ ਸਹੁਰਾ ਪਿੰਡ ਗੋਂਡਾ ਜ਼ਿਲ੍ਹੇ ਵਿੱਚ ਹੈ।

ਰਾਘੋਰਾਮ ਦੱਸਦੇ ਹਨ ਕਿ ਉਸ ਦਿਨ, ਰਾਤ ਹੋ ਜਾਣ ਕਰਕੇ ਉਹ ਗੋਂਡਾ ਆਪਣੇ ਸਹੁਰਿਆ ਦੇ ਘਰ ਚਲੇ ਗਏ। ਉਸ ਦੇ ਅਗਲੇ ਦਿਨ ਉਹ ਪਤਨੀ ਨਾਲ ਆਪਣੇ ਪਿੰਡ ਪਹੁੰਚੇ।

ਸੜਕ ਰਾਹੀਂ ਰੋਹਤਕ ਤੋਂ ਬਲਰਾਮਪੁਰ ਕਰੀਬ ਸਾਢੇ ਸੱਤ ਸੌ ਕਿਲੋਮੀਟਰ ਦੂਰ ਹੈ।

ਰਾਘੋਰਾਮ ਦੱਸਦੇ ਹਨ ਕਿ ਉਹ ਸਾਈਕਲ 'ਤੇ ਇੰਨੀ ਦੂਰ ਤਾਂ ਕੀ, ਬਸ ਪਿੰਡ ਤੋਂ ਬਲਮਰਾਮਪੁਰ ਤੱਕ ਕਦੇ ਜਾਂਦੇ ਸੀ ਪਰ ਕੋਰੋਨਾਵਾਇਰਸ ਨੇ ਦਿਲ ਵਿੱਚ ਇੰਨਾ ਡਰ ਪੈਦਾ ਕਰ ਦਿੱਤਾ ਕਿ ਉਸੇ ਡਰ ਨਾਲ ਉਨ੍ਹਾਂ ਨੂੰ ਇੰਨੀ ਦੂਰ ਤੱਕ ਪਹੁੰਚਣ ਦੀ ਤਾਕਤ ਮਿਲੀ।

ਇਨ੍ਹਾਂ ਪੰਜ ਦਿਨਾਂ ਦੌਰਾਨ, ਰਾਘੋਰਾਮ ਲਗਾਤਾਰ ਸਾਈਕਲ ਚਲਾਉਂਦੇ ਰਹੇ, ਹਰ ਘੰਟੇ ਵਿੱਚ ਸਿਰਫ਼ ਪੰਜ ਤੋਂ ਸੱਤ ਮਿੰਟ ਲਈ ਆਰਾਮ ਕਰਨ ਲਈ ਰੁਕਦੇ ਸੀ।

ਉਹ ਕਹਿੰਦੇ ਹਨ, "ਮੇਰੀ ਪਤਨੀ ਨਾਲ ਹੋਣ ਕਰਕੇ ਬਹੁਤੇ ਲੰਬੇ ਸਮੇਂ ਲਈ ਸਾਈਕਲ ਚਲਾਉਣਾ ਸੰਭਵ ਨਹੀਂ ਸੀ। ਰਾਤ ਨੂੰ ਦੋ ਘੰਟੇ ਆਰਾਮ ਕਰਦੇ ਸੀ। ਕਈ ਵਾਰ ਕਿਸੇ ਪੈਟਰੋਲ ਪੰਪ ਜਾਂ ਜੋ ਦੁਕਾਨਾਂ ਬੰਦ ਹਨ, ਉਨ੍ਹਾਂ ਅੱਗੇ ਰੁੱਕ ਕੇ ਆਰਾਮ ਕਰ ਲੈਂਦੇ ਸੀ।"

ਸਾਈਕਲ ਨੇ ਦਿੱਤਾ ਸਹਾਰਾ

ਰਾਘੋਰਮ ਰੋਹਤਕ ਤੋਂ ਤਾਂ ਆਪਣੀ ਪਤਨੀ ਨਾਲ ਹੀ ਚਲੇ ਸੀ, ਪਰ ਉਨ੍ਹਾਂ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ ਕਿ ਰਾਹ ਵਿੱਚ ਉਨ੍ਹਾਂ ਵਰਗੇ ਹਜ਼ਾਰਾਂ ਲੋਕ ਮਿਲਣਗੇ।

ਉਨ੍ਹਾਂ ਦੀ ਪਤਨੀ ਸੀਮਾ ਕਹਿੰਦੀ ਹੈ, "ਹਾਈਵੇ 'ਤੇ ਤਾਂ ਜਿੱਥੇ ਵੇਖੋ, ਸਿਰਫ਼ ਆਦਮੀ ਹੀ ਦਿਖਾਈ ਦਿੰਦੇ ਸੀ। ਕੁਝ ਆਪਣੇ ਸਿਰ' ਤੇ ਬੋਰਾ ਲੈ ਕੇ ਜਾ ਰਹੇ ਹਨ ਤੇ ਕੁਝ ਬੈਗ ਲੱਦ ਕੇ ਜਾ ਰਹੇ ਹਨ।"

"ਕੁਝ ਲੋਕ ਇਕੱਲੇ ਜਾ ਰਹੇ ਸਨ ਅਤੇ ਕੁਝ ਲੋਕ ਸਮੂਹਾਂ ਵਿੱਚ ਸਨ। ਉਨ੍ਹਾਂ ਨੂੰ ਦੇਖ ਕੇ ਸਾਨੂੰ ਆਪਣਾ ਦਰਦ ਘੱਟ ਮਹਿਸੂਸ ਹੋਇਆ ਕਿਉਂਕਿ ਸਾਡੇ ਕੋਲ ਜਾਣ ਦਾ ਸਾਧਨ ਸੀ, ਉਨ੍ਹਾਂ ਕੋਲ ਇਹ ਵੀ ਨਹੀਂ ਸੀ। ਜੇ ਸਾਡੇ ਕੋਲ ਸਾਈਕਲ ਨਾ ਹੁੰਦਾ, ਤਾਂ ਸਾਨੂੰ ਪੈਦਲ ਆਉਣਾ ਪੈਂਦਾ। ਸਾਰਿਆਂ ਦੀ ਪਰੇਸ਼ਾਨੀ ਲਗਭਗ ਸਾਡੇ ਵਰਗੀ ਹੀ ਸੀ।”

ਰਾਘੋਰਾਮ ਕੋਲ ਪੈਸੇ ਨਹੀਂ ਸਨ, ਪਰ ਕੋਲ ਕੁਝ ਖਾਣ-ਪੀਣ ਦਾ ਸਮਾਨ ਜ਼ਰੂਰ ਸੀ। ਹਾਲਾਂਕਿ, ਰਸਤੇ ਵਿੱਚ ਉਨ੍ਹਾਂ ਨੂੰ ਇਸ ਦੀ ਪਰੇਸ਼ਾਨੀ ਨਹੀਂ ਹੋਈ।

ਉਹ ਦੱਸਦੇ ਹਨ, "ਲੋਕ ਥਾਂ-ਥਾਂ 'ਤੇ ਖਾਣ ਪੀਣ ਦੀਆਂ ਚੀਜ਼ਾਂ ਨੂੰ ਵੰਡ ਰਹੇ ਸਨ, ਇਸ ਲਈ ਖਾਣ ਦੀ ਕੋਈ ਦਿੱਕਤ ਨਹੀਂ ਹੋਈ। ਹਾਲਾਂਕਿ ਸੜਕ 'ਤੇ ਬਹੁਤ ਸਾਰੇ ਲੋਕ ਸਨ, ਫਿਰ ਵੀ ਮਦਦ ਲਈ ਇੰਨੇ ਹੱਥ ਅੱਗੇ ਆਏ ਕਿ ਕਿਸੇ ਨੂੰ ਕੋਈ ਤਕਲੀਫ਼ ਨਹੀਂ ਹੋਈ।”

"ਪਰ ਰਾਹ ਵਿੱਚ ਚੱਲ ਰਹੇ ਕੁਝ ਅਜਿਹੇ ਲੋਕ ਮਿਲੇ ਜਿਨ੍ਹਾਂ ਨੂੰ ਰੋਕਿਆ ਜਾ ਰਿਹਾ ਸੀ ਜਾਂ ਪੁਲਿਸ ਵਾਲਿਆਂ ਵਲੋਂ ਮਾਰਿਆ ਜਾ ਰਿਹਾ ਸੀ। ਸਾਨੂੰ ਅਜਿਹੀ ਕੋਈ ਪਰੇਸ਼ਾਨੀ ਨਹੀਂ ਹੋਈ।"

ਰਾਘੋਰਾਮ ਪੜ੍ਹੇ-ਲਿਖੇ ਨਹੀਂ ਹਨ। ਉਨ੍ਹਾਂ ਦਾ ਵਿਆਹ ਕੁਝ ਸਾਲ ਪਹਿਲਾਂ ਹੋਇਆ ਸੀ।

ਪਿੰਡ ਤੋਂ ਰੋਹਤਕ ਇਹ ਸੋਚ ਕੇ ਆਏ ਸੀ ਕਿ ਉਹ ਉੱਥੇ ਕੁਝ ਕਮਾਉਣਗੇ ਤੇ ਖ਼ੁਸ਼ ਰਹਿਣਗੇ ਅਤੇ ਪਰਿਵਾਰ ਦੀ ਮਦਦ ਵੀ ਕਰਨਗੇ। ਪਰ ਇੱਕ ਵਾਰ ਫਿਰ, ਉਨ੍ਹਾਂ ਦਾ ਠਿਕਾਣਾ ਉਹ ਪਿੰਡ ਬਣ ਗਿਆ ਹੈ ਜਿੱਥੋਂ ਉਹ ਕੁਝ ਮਹੀਨੇ ਪਹਿਲਾਂ ਇੱਕ ਨਵੀਂ ਅਤੇ ਬਿਹਤਰ ਜਗ੍ਹਾ ਦੀ ਭਾਲ ਲਈ ਨਿਕਲੇ ਸੀ।

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)