ਦਿੱਲੀ ਦੀ ਹਿੰਸਾ ਵਿੱਚ ਪੁਲਿਸ ਦੀ ਭੂਮਿਕਾ ਦੀ ਜਾਂਚ ਕੌਣ ਕਰੇਗਾ?

ਤਸਵੀਰ ਸਰੋਤ, Getty Images
- ਲੇਖਕ, ਪ੍ਰਸ਼ਾਂਤ ਚਾਹਲ
- ਰੋਲ, ਬੀਬੀਸੀ ਪੱਤਰਕਾਰ
ਦਿੱਲੀ ਦੇ ਉੱਤਰ ਪੂਰਬੀ ਇਲਾਕੇ 'ਚ ਹਿੰਸਾ ਦੀ ਜੋ ਹੋਲੀ ਖੇਡੀ ਗਈ ਉਸ ਨਾਲ ਜਾਨ 'ਤੇ ਮਾਲ ਦਾ ਖਾਸਾ ਨੁਕਸਾਨ ਹੋਇਆ ਹੈ। ਸ਼ੁੱਕਰਵਾਰ ਸ਼ਾਮ ਤੱਕ ਅਧਿਕਾਰਤ ਤੌਰ 'ਤੇ 42 ਲੋਕਾਂ ਦੀ ਮੌਤ ਅਤੇ 100 ਤੋਂ ਵੀ ਵੱਧ ਲੋਕਾਂ ਦੇ ਜ਼ਖਮੀ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ।ਜ਼ਖਮੀ ਲੋਕ ਜ਼ੇਰੇ ਇਲਾਜ਼ ਹਨ।
ਪਿਛਲੇ ਹਫ਼ਤੇ ਹੋਏ ਇੰਨ੍ਹਾਂ ਦੰਗਿਆਂ 'ਚ ਮ੍ਰਿਤਕਾਂ ਦੀ ਗਿਣਤੀ ਤੋਂ ਸਪੱਸ਼ਟ ਹੁੰਦਾ ਹੈ ਕਿ ਪਿਛਲੇ ਸੱਤ ਦਹਾਕਿਆਂ 'ਚ ਇਹ ਦਿੱਲੀ 'ਚ ਸਭ ਤੋਂ ਵੱਡਾ ਹਿੰਦੂ-ਮੁਸਲਿਮ ਦੰਗਾ ਰਿਹਾ ਹੈ।ਹਾਲਾਂਕਿ 1984 'ਚ ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਸਿੱਖ ਵਿਰੋਧੀ ਦੰਗਿਆਂ ਨੂੰ ਅੰਜਾਮ ਦਿੱਤਾ ਗਿਆ, ਜੋ ਕਿ ਇੱਕ ਵਿਨਾਸ਼ਕਾਰੀ ਦੰਗੇ ਸਨ।ਇੰਨ੍ਹਾਂ ਦੰਗਿਆਂ 'ਚ ਤਕਰੀਬਨ ਤਿੰਨ ਹਜ਼ਾਰ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ।ਇੰਨ੍ਹਾਂ ਸਮਾਂ ਬੀਤਣ ਤੋਂ ਬਾਅਦ ਵੀ 1984 ਦੇ ਦੰਗਿਆਂ ਦੇ ਜ਼ਖਮ ਅੱਜ ਵੀ ਅੱਲੇ ਹਨ।
23 ਫਰਵਰੀ, ਐਤਵਾਰ ਦਾ ਦਿਨ ਕਈ ਪਰਿਵਾਰਾਂ ਲਈ ਦੁੱਖ ਦੀ ਪਰਲੋ ਲੈ ਕੇ ਆਇਆ।ਦਿੱਲੀ ਦੇ ਉੱਤਰ-ਪੂਰਬੀ ਖੇਤਰ 'ਚ ਹਿੰਦੂ-ਮੁਸਲਿਮ ਦੰਗਿਆਂ ਦਾ ਆਗਾਜ਼ ਹੋਇਆ।ਇੰਨ੍ਹਾਂ ਦੰਗਿਆਂ ਦੇ ਜੋ ਵੀਡੀਓ ਹੁਣ ਤੱਕ ਜਨਤਕ ਹੋਏ ਹਨ ,ਉਨ੍ਹਾਂ 'ਚ ਸਾਫ਼ ਤੌਰ 'ਤੇ ਵਿਖਾਈ ਪੈ ਰਿਹਾ ਹੈ ਕਿ ਦੋਵਾਂ ਧਰਮਾਂ ਦੇ ਲੋਕ ਡੰਡੇ , ਪੱਥਰ, ਦੇਸੀ ਕੱਟੇ ਅਤੇ ਪੈਟਰੋਲ ਬੰਬਾਂ ਦੀ ਵਰਤੋਂ ਖੁੱਲ੍ਹੇ ਆਮ ਕਰ ਰਹੇ ਹਨ।
ਉੱਤਰ ਪ੍ਰਦੇਸ਼ ਦੀ ਸਰਹੱਦ ਨਾਲ ਲੱਗਦੇ ਦਿੱਲੀ ਦੇ ਇਸ ਖੇਤਰ 'ਚ ਹੋਏ ਹਿੰਦੂ-ਮੁਸਲਿਮ ਦੰਗਿਆਂ 'ਚ ਜੋ ਹਥਿਆਰ ਵਰਤੇ ਗਏ ਹਨ, ਉਸ ਦੇ ਮੱਦੇਨਜ਼ਰ ਜਿੱਥੇ ਦਿੱਲੀ ਦੀ ਖੁਫ਼ੀਆ ਪ੍ਰਣਾਲੀ ਸਵਾਲਾਂ ਦੇ ਘੇਰੇ 'ਚ ਆ ਗਈ ਹੈ।
ਉੱਥੇ ਹੀ ਇਸ ਦੇ ਨਾਲ ਹੀ ਅਦਾਲਤ 'ਚ ਦਿੱਲੀ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਆਪਣੀ ਕਥਿਤ ਤੌਰ 'ਤੇ ਨਾਕਾਮਯਾਬੀ 'ਤੇ ਅਪਮਾਣਿਤ ਹੋਣਾ ਪਿਆ ਹੈ।
ਇਹ ਵੀ ਪੜ੍ਹੋ:

ਤਸਵੀਰ ਸਰੋਤ, Getty Images
ਦਿੱਲੀ ਹਾਈ ਕੋਰਟ 'ਚ ਜਸਟਿਸ ਐਸ ਮੁਰਲੀਧਰ ਨੇ ਦਿੱਲੀ ਪੁਲਿਸ ਦੇ ਸਪੈਸ਼ਲ ਕਮਿਸ਼ਨਰ ਨੂੰ ਕਿਹਾ, "ਜਦੋਂ ਤੁਹਾਡੇ ਕੋਲ ਭੜਕਾਊ ਭਾਸ਼ਣ ਦੇ ਵੀਡੀਓ ਮੌਜੂਦ ਹਨ ਤਾਂ ਫਿਰ ਐਫਆਈਆਰ ਦਰਜ ਕਰਨ ਲਈ ਕਿਸ ਸਬੂਤ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ?"
ਮਾਣਯੋਗ ਅਦਾਲਤ ਨੇ ਇਹ ਵੀ ਕਿਹਾ ਕਿ 'ਸ਼ਹਿਰ ਹਿੰਸਾ ਦੀ ਅੱਗ 'ਚ ਭੱਖ ਰਿਹਾ ਹੈ, ਅਜਿਹੇ 'ਚ ਕਾਰਵਾਈ ਦਾ ਉੱਚਿਤ ਸਮਾਂ ਕਦੋਂ ਆਵੇਗਾ?'
ਦੂਜੇ ਪਾਸੇ ਦਿੱਲੀ ਪੁਲਿਸ ਦੇ ਕਮਿਸ਼ਨਰ ਅਮੁੱਲ ਪਟਨਾਇਕ ਆਪਣੇ ਦਾਅਵੇ 'ਤੇ ਕਾਇਮ ਹਨ।ਉਨ੍ਹਾਂ ਦਾਅਵਾ ਕੀਤਾ ਸੀ ਕਿ ਹਿੰਸਾ 'ਤੇ ਕਾਬੂ ਪਾਉਣ ਲਈ ਲੋੜ ਅਨੁਸਾਰ ਪੁਲਿਸ ਬਲ ਤੈਨਾਤ ਕੀਤੇ ਗਏ ਸਨ ਅਤੇ ਹਿੰਸਾ ਨਾਲ ਜੁੜੇ ਮਾਮਲਿਆਂ 'ਚ ਹੁਣ ਤੱਕ 100 ਤੋਂ ਵੀ ਵੱਧ ਐਫਆਈਆਰ ਦਰਜ ਕੀਤੀਆਂ ਜਾ ਚੁੱਕੀਆਂ ਹਨ।

ਤਸਵੀਰ ਸਰੋਤ, Getty Images
ਇਸ ਤੋਂ ਇਲਾਵਾ ਦਿੱਲੀ ਪੁਲਿਸ ਨੇ ਹਿੰਸਾ ਨਾਲ ਜੁੜੇ ਮਾਮਲਿਆਂ ਦੀ ਜਾਂਚ ਲਈ ਦੋ ਵਿਸ਼ੇਸ ਜਾਂਚ ਟੀਮਾਂ (ਐਸਆਈਟੀ) ਦਾ ਗਠਨ ਕੀਤਾ ਹੈ।ਇੰਨ੍ਹਾਂ ਟੀਮਾਂ ਦੀ ਅਗਵਾਈ ਦਿੱਲੀ ਦੇ ਡਿਪਟੀ ਕਮਿਸ਼ਨਰ ਜੋਏ ਟਿਰਕੀ ਅਤੇ ਰਾਜੇਸ਼ ਦੇਵ ਕਰਨਗੇ।ਦੋਵਾਂ ਹੀ ਟੀਮਾਂ 'ਚ ਚਾਰ ਸਹਾਇਕ ਕਮਸ਼ਿਨਰ ਦਰਜੇ ਦੇ ਅਫ਼ਸਰ ਸ਼ਾਮਲ ਹੋਣਗੇ ਅਤੇ ਨਾਲ ਹੀ ਜਾਂਚ ਦੀ ਨਿਗਰਾਨੀ ਲਈ ਵਧੀਕ ਪੁਲਿਸ ਕਮਿਸ਼ਨਰ ਬੀ.ਕੇ. ਸਿੰਘ ਨਿਯੁੱਕਤ ਕੀਤੇ ਗਏ ਹਨ।
ਰਾਜੇਸ਼ ਦੇਵ ਉਹੀ ਪੁਲਿਸ ਅਧਿਕਾਰੀ ਹਨ ਜਿੰਨ੍ਹਾਂ ਨੂੰ ਚੋਣਾਂ ਦੌਰਾਨ ਚੋਣ ਕਮਿਸ਼ਨ ਨੇ ਉਨਾਂ ਦੇ 'ਵਧੇਰੇ ਉਤਸ਼ਾਹ' ਦੇ ਕਾਰਨ ਫਟਕਾਰ ਲਗਾਈ ਸੀ।
ਇਹ ਵੀ ਪੜ੍ਹੋ:
ਚੋਣ ਕਮਿਸ਼ਨ ਨੇ ਕਿਹਾ ਸੀ ਕਿ 'ਦਿੱਲੀ 'ਚ ਵਿਧਾਨ ਸਭਾ ਚੋਣਾਂ ਦੌਰਾਨ ਸ਼ਾਹੀਨ ਬਾਗ਼ ਨਜ਼ਦੀਕ ਗੋਲੀ ਚਲਾਉਣ ਵਾਲੇ ਕਪਿਲ ਬੈਂਸਲਾ ਸੰਬੰਧੀ ਰਾਜੇਸ਼ ਦੇਵ ਨੇ ਪ੍ਰੈਸ ਨੂੰ ਜੋ ਬੇਲੋੜਾ ਬਿਆਨ ਦਿੱਤਾ ਸੀ, ਉਸ ਦੀ ਕੋਈ ਜ਼ਰੂਰਤ ਨਹੀਂ ਸੀ।ਅਜਿਹੇ ਗੈਰ ਜ਼ਰੂਰੀ ਬਿਆਨਾਂ ਤੋਂ ਗੁਰੇਜ਼ ਕਰਨਾ ਸਹੀ ਫ਼ੈਸਲਾ ਹੋ ਸਕਦਾ ਸੀ।ਇਸ ਤੋਂ ਬਾਅਦ ਚੋਣ ਕਮਿਸ਼ਨ ਨੇ ਹੁਕਮ ਜਾਰੀ ਕੀਤੇ ਸਨ ਕਿ ਰਾਜੇਸ਼ ਦੇਵ ਨੂੰ ਚੋਣ ਡਿਊਟੀ 'ਤੇ ਨਹੀਂ ਲਗਾਇਆ ਜਾਵੇਗਾ।'
ਪਰ ਇੱਥੇ ਸਵਾਲ ਇਹ ਉੱਠ ਰਿਹਾ ਹੈ ਕਿ ਕੀ ਦਿੱਲੀ ਪੁਲਿਸ ਦੀ ਵਿਸ਼ੇਸ਼ ਟੀਮ ਆਪਣੇ ਹੀ ਮਹਿਕਮੇ ਦੇ ਅਫ਼ਸਰਾਂ ਅਤੇ ਹਿੰਸਾ ਦੌਰਾਨ ਉਨ੍ਹਾਂ ਦੀ ਭੂਮਿਕਾ ਨੂੰ ਵੀ ਜਾਂਚ ਦੇ ਦਾਇਰੇ 'ਚ ਲਵੇਗੀ ਜਾਂ ਫਿਰ ਨਹੀਂ?

ਤਸਵੀਰ ਸਰੋਤ, AFP
ਪੁਲਿਸ ਦੀ ਭੂਮਿਕਾ 'ਤੇ ਸਵਾਲ
ਦਿੱਲੀ ਦੇ ਭਜਨਪੁਰਾ ਇਲਾਕੇ 'ਚ ਸੋਮਵਾਰ ਦੁਪਹਿਰ ਨੂੰ ਇਕ ਮਸਜਿਦ ਅਤੇ ਉਸ ਨੇੜੇ ਪੈਂਦੇ ਪੁਲਿਸ ਸਹਾਇਤਾ ਕੇਂਦਰ ਨੂੰ ਵੀ ਅੱਗ ਦੇ ਹਵਾਲੇ ਕੀਤਾ ਗਿਆ ਸੀ।
ਉੱਥੇ ਮੌਜੂਦ ਚਸ਼ਮਦੀਦਾਂ ਨੇ ਬੀਬੀਸੀ ਨਾਲ ਕੀਤੀ ਗੱਲਬਾਤ ਦੌਰਾਨ ਦਾਅਵਾ ਕੀਤਾ ਸੀ ਕਿ ਜਿੱਥੇ ਦੰਗਾਕਾਰੀ ਲੋਕਾਂ 'ਤੇ ਜ਼ੁਲਮ ਢਾਅ ਰਹੇ ਸਨ, ਉੱਥੇ ਹੀ ਪੁਲਿਸ ਵਾਲੇ ਵੀ ਕਈ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਸਨ।
ਇੰਨ੍ਹਾਂ ਦੰਗਿਆਂ ਦੌਰਾਨ ਚਾਂਦਬਾਗ ਖੇਤਰ ਦੇ ਇੱਕ ਛੋਟੇ ਦੁਕਾਨਦਾਰ ਸਗੀਰ ਨੂੰ ਵੀ ਗੋਲੀ ਲੱਗੀ।ਜੀਟੀਬੀ ਹਸਪਤਾਲ 'ਚ ਮੌਜੂਦ ਉਸ ਦੇ ਸਕੇ ਭਰਾ ਨੇ ਬੀਬੀਸੀ ਨੂੰ ਦੱਸਿਆ ਕਿ ਜੇਕਰ ਪੁਲਿਸ ਨੇ ਸਮਾਂ ਰਹਿੰਦਿਆਂ ਕਾਰਵਾਈ ਕੀਤੀ ਹੁੰਦੀ ਤਾਂ ਉਸ ਦੇ ਭਰਾ ਨੂੰ ਹਿੰਸਕ ਭੀੜ੍ਹ ਦੇ ਕਹਿਰ ਤੋਂ ਬਚਾਇਆ ਜਾ ਸਕਦਾ ਸੀ।
ਇਸੇ ਤਰ੍ਹਾਂ ਹੀ ਦਿੱਲੀ ਦੇ ਭਜਨਪੁਰਾ ਚੌਂਕ, ਵਿਜੇ ਪਾਰਕ ਅਤੇ ਮੁਸਤਫਾਬਾਦ ਖੇਤਰ ਦੇ ਕੁੱਝ ਵੀਡੀਓ ਸੋਸ਼ਲ ਮੀਡੀਆ 'ਤੇ ਵਿਖਾਈ ਪੈ ਰਹੇ ਹਨ, ਜਿਸ 'ਚ ਹਮਲਾਵਰ ਭੀੜ੍ਹ ਡੰਡਿਆਂ ਨਾਲ ਹਮਲੇ ਕਰ ਰਹੀ ਹੈ, ਪੱਥਰਾਵ ਕੀਤਾ ਜਾ ਰਿਹਾ ਹੈ…. ਕੁਝ ਹੀ ਦੂਰੀ 'ਤੇ ਖੜ੍ਹੇ ਪੁਲਿਸ ਵਾਲੇ ਇਸ ਪੂਰੇ ਹਿੰਸਕ ਮੰਜਰ ਨੂੰ ਵੇਖ ਰਹੇ ਸਨ।
ਇਹ ਵੀ ਦੇਖੋ:
ਦਿੱਲੀ ਪੁਲਿਸ ਦੇ ਸਾਬਕਾ ਕਮਿਸ਼ਨਰ ਨੀਰਜ ਕੁਮਾਰ ਨੇ ਲਿਖਿਆ ਹੈ ਕਿ " ਸ਼ਹਿਰ 'ਚ ਹੋਏ ਇੰਨ੍ਹਾਂ ਦੰਗਿਆਂ 'ਚ ਦਿੱਲੀ ਪੁਲਿਸ ਦਿਸ਼ਾਹੀਣ ਵਿਖਾਈ ਪਈ। ਇਸ ਲਈ ਇੰਨ੍ਹਾਂ ਦੰਗਿਆਂ ਲਈ ਕਿਸੇ ਹੱਦ ਤੱਕ ਦਿੱਲੀ ਪੁਲਿਸ ਵੀ ਜ਼ਿੰਮੇਵਾਰ ਹੈ।"
ਦਿੱਲੀ ਪੁਲਿਸ ਦੇ ਸਾਬਕਾ ਸੰਯੁਕਤ ਕਮਿਸ਼ਨਰ ਮੈਕਸਲੇਵ ਪਰੇਰਾ ਨੇ ਲਿਖਿਆ, "ਸੱਤਾਧਾਰੀ ਪਾਰਟੀ ਅਤੇ ਉਨ੍ਹਾਂ ਦੇ ਕੰਟਰੋਲ ਹੇਠ ਦਿੱਲੀ ਪੁਲਿਸ ਨੇ ਕਾਨੂੰਨ ਵਿਵਸਥਾ ਨੂੰ ਮਜ਼ਾਕ ਬਣਾ ਦਿੱਤਾ ਹੈ, ਜੋ ਕਿ ਹੈਰਾਨੀ ਵਾਲੀ ਸਥਿਤੀ ਹੈ।"
ਅਮਰੀਕੀ ਅਖ਼ਬਾਰ 'ਦ ਨਿਊਯਾਰਕ ਟਾਈਮਜ਼' ਨੇ ਵੀ ਸ਼ੁੱਕਰਵਾਰ ਨੂੰ ਲਿਖਿਆ ਕਿ ਇਕ ਪਾਸੇ ਜਿੱਥੇ ਨਵੀਂ ਦਿੱਲੀ 'ਚ ਮ੍ਰਿਤਕਾਂ ਦੀ ਗਿਣਤੀ ਜਾਰੀ ਹੈ, ਉੱਥੇ ਹੀ ਕੁਝ ਸਵਾਲ ਹਨ ਜੋ ਕਿ ਦਿੱਲੀ ਪੁਲਿਸ ਦੀ ਜਵਾਬੀ ਕਾਰਵਾਈ ਦੇ ਦੁਆਲੇ ਚੱਕਰ ਕੱਟ ਰਹੇ ਹਨ।

ਤਸਵੀਰ ਸਰੋਤ, AFP
ਜਾਂਚ ਦਾ ਤਰੀਕਾ ਸਹੀ?
ਕੌਮੀ ਰਾਜਧਾਨੀ ਖੇਤਰ 'ਚ ਵਾਪਰੀ ਇਸ ਹਿੰਸਾ ਵਿਚਾਲੇ ਦਿੱਲੀ ਪੁਲਿਸ ਦੀ ਭੂਮਿਕਾ 'ਤੇ ਜੋ ਸਵਾਲ ਕੀਤੇ ਜਾ ਰਹੇ ਹਨ, ਕੀ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕਰਕੇ ਉਨ੍ਹਾਂ ਸਵਾਲਾਂ ਦੇ ਜਵਾਬ ਲੱਭਣ ਦਾ ਇਹ ਸਹੀ ਤਰੀਕਾ ਹੈ?
ਇਸ ਪੂਰੇ ਮਾਮਲੇ ਨੂੰ ਸਮਝਣ ਲਈ ਬੀਬੀਸੀ ਨੇ ਸਾਬਕਾ ਆਈਪੀਐਸ ਅਧਿਕਾਰੀ ਅਤੇ ਕੇਂਦਰੀ ਰਿਜ਼ਰਵ ਪੁਲਿਸ ਬਲ ਦੇ ਸਾਬਕਾ ਡਾਇਰੈਕਟਰ ਪ੍ਰਕਾਸ਼ ਸਿੰਘ ਨਾਲ ਗੱਲਬਾਤ ਕੀਤੀ।
ਪ੍ਰਕਾਸ਼ ਸਿੰਘ ਨੇ ਦਿੱਲੀ ਪੁਲਿਸ ਦੇ ਰਵੱਈਏ 'ਤੇ ਸਵਾਲੀਆ ਚਿੰਨ੍ਹ ਲਗਾਉਂਦਿਆਂ ਕਿਹਾ, "ਇਸ ਹਿੰਸਾ 'ਚ ਕਿੰਨੀਆਂ ਹੀ ਜਾਨਾਂ ਗਈਆਂ ਹਨ, ਇਸ ਲਈ ਸਵਾਲ ਉੱਠਣੇ ਤਾਂ ਲਾਜ਼ਮੀ ਹਨ।ਇਸ ਦੇ ਨਾਲ ਹੀ ਇਸ ਦੀ ਜਾਂਚ ਹੋਣਾ ਵੀ ਉਨ੍ਹਾਂ ਹੀ ਜ਼ਰੂਰੀ ਹੈ।
ਇਹ ਵੀ ਦੇਖੋ:
ਸਮੱਗਰੀ ਉਪਲਬਧ ਨਹੀਂ ਹੈ
ਹੋਰ ਦੇਖਣ ਲਈ Facebookਬਾਹਰੀ ਸਾਈਟਾਂ ਦੀ ਸਮਗਰੀ ਲਈ ਬੀਬੀਸੀ ਜ਼ਿੰਮੇਵਾਰ ਨਹੀਂ ਹੈEnd of Facebook post, 1
ਪ੍ਰਕਾਸ਼ ਸਿੰਘ ਨੇ ਦੱਸਿਆ ਕਿ "ਅਜਿਹੇ ਮਾਮਲਿਆਂ ਦੀ ਜਾਂਚ ਲਈ ਕੋਈ ਵੀ ਤੈਅ ਨਿਯਮ ਨਹੀਂ ਹਨ।ਇਹ ਕਾਫੀ ਹੱਦ ਤੱਕ ਸਰਕਾਰ ਦੀ ਇੱਛਾ 'ਤੇ ਨਿਰਭਰ ਕਰਦਾ ਹੈ।ਪਰ ਸਭ ਤੋਂ ਪਹਿਲਾਂ ਵਿਭਾਗੀ ਜਾਂਚ ਹੀ ਹੁੰਦੀ ਹੈ।ਜੇਕਰ ਮਹਿਕਮੇ 'ਚ ਮਾਮਲੇ ਨੂੰ ਲੈ ਕੇ ਢੁਕਵਾਂ ਵਿਸ਼ਵਾਸ ਕਾਇਮ ਨਾ ਹੋਵੇ ਤਾਂ ਪ੍ਰਸ਼ਾਸਕੀ ਜਾਂਚ ਦੇ ਹੁਕਮ ਜਾਰੀ ਕੀਤੇ ਜਾ ਸਕਦੇ ਹਨ। ਇਸ ਤੋਂ ਬਾਅਦ ਨਿਆਂਇਕ ਜਾਂਚ ਦੀ ਵਾਰੀ ਆਉਂਦੀ ਹੈ।"
" ਫਿਲਹਾਲ ਇਹ ਅਜੇ ਸਪੱਸ਼ਟ ਨਹੀਂ ਹੈ ਕਿ ਹਿੰਸਾ ਨਾਲ ਜੁੜੇ ਮਾਮਲਿਆਂ ਦੀ ਜਾਂਚ ਲਈ ਦਿੱਲੀ ਪੁਲਿਸ ਕਮਿਸ਼ਨਰ ਨੇ ਗ੍ਰਹਿ ਮੰਤਰਾਲੇ ਨਾਲ ਰਸਮੀ ਸਲਾਹ ਮਸ਼ਵਰੇ ਤੋਂ ਬਾਅਦ ਐਸਆਈਟੀ ਦਾ ਗਠਨ ਕੀਤਾ ਹੈ ਜਾਂ ਫਿਰ ਇਹ ਉਨ੍ਹਾਂ ਦਾ ਪੁਲਿਸ ਮੁੱਖੀ ਵੱਜੋਂ ਆਪਣਾ ਫ਼ੈਸਲਾ ਹੈ।ਪਰ ਜੇਕਰ ਗ੍ਰਹਿ ਮੰਤਰਾਲੇ ਚਾਹੇ ਤਾਂ ਉਹ ਉੱਚ ਪੱਧਰੀ ਜਾਂਚ ਜਾਂ ਫਿਰ ਕਿਸੇ ਬਾਹਰੀ ਅਫ਼ਸਰ ਵੱਲੋਂ ਜਾਂਚ ਦੇ ਹੁਕਮ ਜਾਰੀ ਕਰ ਸਕਦਾ ਹੈ।"

ਤਸਵੀਰ ਸਰੋਤ, Getty Images
ਕੀ ਦਿੱਲੀ ਸਰਕਾਰ ਵੀ ਇਸ ਸਬੰਧੀ ਕੋਈ ਕਾਰਵਾਈ ਕਰ ਸਕਦੀ ਹੈ?
ਇਸ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ, "ਦਿੱਲੀ ਸਰਕਾਰ ਹੀ ਨਹੀਂ ਇੱਥੋਂ ਤੱਕ ਕਿ ਕੋਈ ਵੀ ਗੈਰ ਸਰਕਾਰੀ ਸੰਗਠਨ ਵੀ ਇੰਨ੍ਹਾਂ ਮਾਮਲਿਆਂ ਦੀ ਸੁਤੰਤਰ ਜਾਂਚ ਕਰ ਸਕਦਾ ਹੈ।ਲੋਕਤੰਤਰ ਪ੍ਰਣਾਲੀ 'ਚ ਇਸ ਦੀ ਕੋਈ ਮਨਾਹੀ ਨਹੀਂ ਹੈ।ਅਜਿਹਾ ਕਈ ਵਾਰ ਹੋਇਆ ਹੈ ਕਿ ਜਿੱਥੇ ਇਕ ਪਾਸੇ ਸਰਕਾਰੀ ਜਾਂਚ ਚੱਲੀ ਹੈ ਉੱਥੇ ਹੀ ਕੁਝ ਸਮਾਜਿਕ ਸਮੂਹਾਂ ਵੱਲੋਂ ਵੀ ਆਪਣੀ ਜਾਂਚ ਪੜਤਾਲ ਕੀਤੀ ਗਈ ਹੈ ਅਤੇ ਜਾਂਚ ਦੇ ਨਤੀਜੇ ਜਨਤਕ ਵੀ ਕੀਤੇ ਗਏ ਹਨ।"
ਪਰ ਉੱਤਰ ਪ੍ਰਦੇਸ਼ ਦੇ ਸਾਬਕਾ ਡੀਜੀ ਬ੍ਰਿਜ ਲਾਲ ਦਾ ਮੰਨਣਾ ਹੈ ਕਿ ਇੰਨ੍ਹਾਂ ਰਿਪੋਰਟਾਂ ਨੂੰ ਅਦਾਲਤ 'ਚ ਸਹੀ ਸਾਬਤ ਕਰਨਾ ਆਪਣੇ ਆਪ 'ਚ ਹੀ ਇੱਕ ਬਹੁਤ ਮੁਸ਼ਕਲ ਵਾਲਾ ਕੰਮ ਰਿਹਾ ਹੈ।
ਇਹ ਵੀ ਦੇਖੋ:
ਸਮੱਗਰੀ ਉਪਲਬਧ ਨਹੀਂ ਹੈ
ਹੋਰ ਦੇਖਣ ਲਈ Facebookਬਾਹਰੀ ਸਾਈਟਾਂ ਦੀ ਸਮਗਰੀ ਲਈ ਬੀਬੀਸੀ ਜ਼ਿੰਮੇਵਾਰ ਨਹੀਂ ਹੈEnd of Facebook post, 2
ਉਨ੍ਹਾਂ ਦਾ ਕਹਿਣਾ ਹੈ ਕਿ , " ਦਿੱਲੀ ਪੁਲਿਸ ਆਪਣੀ ਕਾਰਵਾਈ 'ਚ ਢਿੱਲੀ ਰਹੀ ਹੈ, ਇਸੇ ਕਰਕੇ ਹੀ ਦੰਗਿਆਂ ਦਾ ਪ੍ਰਭਾਵ ਵੱਡੇ ਪੱਧਰ 'ਤੇ ਪਿਆ।"
ਉਹ ਅੱਗੇ ਕਹਿੰਦੇ ਹਨ , " ਜਦੋਂ ਅੱਗ ਲਗਾਉਣ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੋਵੇ, ਭੀੜ੍ਹ ਵੱਲੋਂ ਘਰਾਂ ਨੂੰ ਅੱਗ ਦੇ ਹਵਾਲੇ ਕੀਤਾ ਜਾ ਰਿਹਾ ਹੋਵੇ, ਉਸ ਸਮੇਂ ਪੁਲਿਸ ਨੂੰ ਗੋਲੀ ਚਲਾਉਣ ਦਾ ਪੂਰਾ ਅਧਿਕਾਰ ਪ੍ਰਾਪਤ ਹੈ।ਦੰਗੇ ਦੇ ਸ਼ੁਰੂਆਤੀ 24 ਘੰਟਿਆਂ 'ਚ ਜੇਕਰ ਪੁਲਿਸ ਨੇ ਸਖ਼ਤੀ ਨਾਲ ਕਾਰਵਾਈ ਕੀਤੀ ਹੁੰਦੀ ਅਤੇ ਦੰਗਾਕਾਰੀਆਂ 'ਤੇ ਰਬੜ ਬੁਲੇਟ ਅਤੇ ਪੈਲੇਟ ਗਨ ਦੀ ਵਰਤੋਂ ਕੀਤੀ ਹੁੰਦੀ ਤਾਂ ਭੀੜ੍ਹ ਦਾ ਸ਼ਿਕਾਰ ਹੋਏ 40 ਤੋਂ ਵੱਧ ਲੋਕਾਂ ਦੀ ਜਾਨ ਬਚ ਸਕਦੀ ਸੀ।ਇਹ ਸਪਸ਼ੱਟ ਹੈ ਕਿ ਪੁਲਿਸ ਨੇ ਆਪਣੇ ਅਧਿਕਾਰਾਂ ਦੀ ਉੱਚਿਤ ਸਮੇਂ ਵਰਤੋਂ ਨਹੀਂ ਕੀਤੀ ਹੈ।ਪਰ ਹੁਣ ਵੇਖਣਾ ਹੋਵੇਗਾ ਕਿ ਸਾਰੀ ਘਟਨਾ ਤੋਂ ਬਾਅਦ ਜਾਂਚ ਦੌਰਾਨ ਇਸ ਪਹਿਲੂ 'ਤੇ ਕਿੰਨ੍ਹਾਂ ਕੁ ਚਾਨਣਾ ਪੈਂਦਾ ਹੈ"।

ਤਸਵੀਰ ਸਰੋਤ, PTI
ਬ੍ਰਿਜ ਲਾਲ ਕਹਿੰਦੇ ਹਨ, " ਲਾਲ ਕਮੀਜ਼ ਵਾਲੇ ਜਿਸ ਵਿਅਕਤੀ ਨੂੰ ਲੋਕਾਂ ਨੇ ਟੀਵੀ ਜਾਂ ਸੋਸ਼ਲ ਮੀਡੀਆ 'ਤੇ ਅਪਲੋਡ ਹੋਈਆਂ ਵੀਡੀਓ 'ਚ ਪਿਸਤੌਲ ਹੱਥ 'ਚ ਫੜ੍ਹੀ ਵੇਖਿਆ ਹੈ, ਜੇਕਰ ਉਸ ਖਿਲਾਫ ਮੌਕੇ 'ਤੇ ਹੀ ਉੱਚਿਤ ਕਾਰਵਾਈ ਕੀਤੀ ਜਾਂਦੀ ਤਾਂ ਦੂਜੇ ਦੰਗਾਕਾਰੀਆਂ ਨੂੰ ਪਤਾ ਚੱਲ ਜਾਂਦਾ ਕਿ ਖੁੱਲ੍ਹੇਆਮ ਸੜਕ 'ਤੇ ਅਜਿਹਾ ਹੰਗਾਮਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।"
ਬ੍ਰਿਜ ਲਾਲ ਮੰਨਦੇ ਹਨ ਕਿ ਪ੍ਰਸ਼ਾਸਨਿਕ ਜਾਂਚ ਜਾਂ ਫਿਰ ਨਿਆਇਕ ਜਾਂਚ ਦੀ ਬਜਾਏ ਐਸਆਈਟੀ ਦਾ ਗਠਨ ਕਰਕੇ ਜਾਂਚ ਕੀਤੀ ਜਾਣੀ ਇਕ ਵਧੀਆ ਵਿਕਲਪ ਹੈ।
ਉਹ ਅੱਗੇ ਕਹਿੰਦੇ ਹਨ ਕਿ ਪ੍ਰਸ਼ਾਸਨਿਕ ਜਾਂਚ ਜਾਂ ਨਿਆਂਇਕ ਜਾਂਚ ਨੂੰ ਕੇਸ ਡਾਇਰੀ ਦਾ ਹਿੱਸਾ ਨਹੀਂ ਮੰਨਿਆ ਜਾ ਸਕਦਾ।ਇਸ ਲਈ ਇੰਨ੍ਹਾਂ ਦੀ ਰਿਪੋਰਟ ਦੇ ਅਧਾਰ 'ਤੇ ਕਿਸੇ ਦੇ ਵੀ ਵਿਰੁੱਧ ਮੁਕੱਦਮਾ ਨਹੀਂ ਚਲਾਇਆ ਜਾ ਸਕਦਾ। ਇਸ ਲਈ ਐਫਆਈਆਰ ਦਰਜ ਕਰਕੇ ਐਸਆਈਟੀ ਤੋਂ ਜਾਂਚ ਕਰਵਾਨਾ ਵਧੇਰੇ ਸਹੀ ਹੈ, ਕਿਉਂਕਿ ਐਸਆਈਟੀ ਜੋ ਵੀ ਸਬੂਤ ਇੱਕਠੇ ਕਰੇਗੀ, ਉਨ੍ਹਾਂ ਨੂੰ ਹੀ ਕੋਰਟ 'ਚ ਮਾਨਤਾ ਮਿਲੇਗੀ।
ਬੀਬੀਸੀ ਨਾਲ ਕੀਤੀ ਗੱਲਬਾਤ 'ਚ ਬ੍ਰਿਜ ਲਾਲ ਨੇ ਕਿਹਾ ਕਿ " ਪੁਲਿਸ ਦੇ ਕੁਝ ਚੋਣਵੇਂ ਅਫ਼ਸਰਾਂ ਤੋਂ ਹੀ ਹਿੰਸਾ ਦੇ ਮਾਮਲਿਆਂ ਦੀ ਜਾਂਚ ਕਰਵਾ ਕੇ ਹੀ ਦੰਗਾਕਾਰੀਆਂ ਨੂੰ ਦੋਸ਼ੀ ਠਹਿਰਾਇਆ ਜਾ ਸਕਦਾ ਹੈ।ਇਸ ਦੇ ਨਾਲ ਹੀ ਆਪਣੀ ਡਿਊਟੀ ਦੌਰਾਨ ਲਾਪਰਵਾਹੀ ਵਰਤਣ ਵਾਲੇ ਅਧਿਕਾਰੀਆਂ ਨੂੰ ਵੀ ਜਵਾਬਦੇਹ ਹੋਣ ਲਈ ਕਿਹਾ ਜਾ ਸਕਦਾ ਹੈ।"
ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ 'ਤੇ
ਵੀਡਿਓ: Delhi Violence: ਲੰਗਰ ਵਰਤਾ ਕੇ ਦਿੱਲੀ ਦੇ ਸ਼ਿਵ ਵਿਹਾਰ ਇਲਾਕੇ ਵਿੱਚ ਪੀੜਤਾਂ ਦੀ ਮਦਦ ਕਰਨ ਵਾਲਿਆਂ ਨੂੰ ਮਿਲੋ
ਸਮੱਗਰੀ ਉਪਲਬਧ ਨਹੀਂ ਹੈ
ਹੋਰ ਦੇਖਣ ਲਈ Facebookਬਾਹਰੀ ਸਾਈਟਾਂ ਦੀ ਸਮਗਰੀ ਲਈ ਬੀਬੀਸੀ ਜ਼ਿੰਮੇਵਾਰ ਨਹੀਂ ਹੈEnd of Facebook post, 3
ਵੀਡਿਓ: Delhi Violence: ਦੰਗਿਆਂ ਦੌਰਾਨ ਕੁੜੀਆਂ ਦੇ ਨਾਲ ਦੰਗਾਈਆਂ ਨੇ ਕੀ ਕੀਤਾ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post













