You’re viewing a text-only version of this website that uses less data. View the main version of the website including all images and videos.
ਕਸ਼ਮੀਰ: ਇੱਥੇ ਪੱਤਰਕਾਰ ਦਿਹਾੜੀ ਕਰਨ ਲਈ ਮਜਬੂਰ
- ਲੇਖਕ, ਪ੍ਰਿਅੰਕਾ ਦੁਬੇ
- ਰੋਲ, ਬੀਬੀਸੀ ਪੱਤਰਕਾਰ, ਕਸ਼ਮੀਰ ਘਾਟੀ ਤੋਂ ਵਾਪਸ ਆ ਕੇ
ਭਾਰਤ ਸ਼ਾਸਿਤ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿੱਚ ਇਹ ਬਰਫ਼ਬਾਰੀ ਨਾਲ ਭਰਿਆ ਹੋਇਆ ਇੱਕ ਦਿਨ ਹੈ। ਰਾਜਧਾਨੀ ਸ਼੍ਰੀਨਗਰ ਤੋਂ ਲਗਭਗ 60 ਕਿਲੋਮੀਟਰ ਦੂਰ ਅਨੰਤਨਾਗ ਸ਼ਹਿਰ ਦੇ ਲਾਲ ਚੌਕ 'ਤੇ ਸਾਡੀ ਮੁਲਾਕਾਤ ਹੁੰਦੀ ਹੈ 29 ਸਾਲਾ ਮੁਨੀਬ-ਉਲ-ਇਸਲਾਮ ਨਾਲ।
ਫਿਰਨ ਦੇ ਆਮ ਕਸ਼ਮੀਰੀ ਪਹਿਰਾਵੇ ਦੀ ਬਜਾਇ ਮੋਟੇ ਕਾਰਗੋ ਪੈਂਟਸ ਅਤੇ ਊਨੀ ਟੋਪੀ ਪਹਿਨ ਕੇ ਮੁਸ਼ਤੈਦ ਹੋ ਕੇ ਖੜ੍ਹੇ ਮੁਨੀਬ ਪਿਛਲੇ 7 ਸਾਲਾਂ ਤੋਂ ਦੱਖਣ ਕਸ਼ਮੀਰ ਵਿੱਚ ਬਤੌਰ ਫੋਟੋ ਜਰਨਲਿਸਟ ਕੰਮ ਰਹੇ ਸਨ, ਪਰ ਧਾਰਾ 370 ਹਟਣ ਦੇ ਬਾਅਦ ਪਿਛਲੇ 6 ਮਹੀਨਿਆਂ ਤੋਂ ਉਨ੍ਹਾਂ ਦਾ ਕੰਮ ਲਗਭਗ ਬੰਦ ਹੋ ਗਿਆ ਹੈ।
ਪਰ ਇੱਕ ਫੋਟੋ ਜਰਨਲਿਸਟ ਵਾਂਗ ਮਜ਼ਬੂਤ ਗਰਿੱਪ ਵਾਲੇ ਜੁੱਤੇ ਅਤੇ ਫੀਲਡ ਦੇ ਕੱਪੜਿਆਂ ਵਿੱਚ ਮੁਸ਼ਤੈਦੀ ਨਾਲ ਤਿਆਰ ਰਹਿਣ ਦੀ ਉਨ੍ਹਾਂ ਦੀ ਪੁਰਾਣੀ ਆਦਤ ਅੱਜ ਵੀ ਕਾਇਮ ਹੈ।
ਕਿਨਾਰਿਆਂ 'ਤੇ ਬਰਫ਼ ਨਾਲ ਢਕੀਆਂ ਚਿੱਕੜ ਨਾਲ ਭਰੀਆਂ ਗਲੀਆਂ ਤੋਂ ਹੁੰਦਿਆ ਹੋਇਆ ਮੁਨੀਬ ਸਾਨੂੰ ਬਾਜ਼ਾਰ ਦੇ ਅੰਤ ਵਿੱਚ ਬਣੇ ਇੱਕ ਦੁਕਾਨ ਨੁਮਾ ਦਫ਼ਤਰ ਵਿੱਚ ਲੈ ਜਾਂਦੇ ਹਨ।
ਦਫ਼ਤਰ ਵਿੱਚ ਉਰਦੂ ਭਾਸ਼ਾ ਦੇ ਇੱਕ ਦੈਨਿਕ ਅਖ਼ਬਾਰ ਵਿੱਚ ਲਿਖਣ ਵਾਲੇ ਉਨ੍ਹਾਂ ਦੇ ਦੋਸਤ ਆਪਣੇ ਲੈਪਟਾਪ 'ਤੇ ਕੁਝ ਲਿਖ ਰਹੇ ਹਨ।
ਸਾਨੂੰ ਦੇਖਦੇ ਹੀ ਉਹ ਬੋਲੇ, "ਲਿਖਣ ਦਾ ਵੀ ਕੀ ਫਾਇਦਾ? ਭੇਜ ਕਿੱਥੇ ਸਕਾਂਗਾ? ਇਹ ਕੰਪਿਊਟਰ ਵੀ ਸਾਰੇ ਸਿਰਫ਼ ਬੰਦ ਮਸ਼ੀਨਾਂ ਜਿਹੇ ਲੱਗਦੇ ਹਨ ਬਿਨਾਂ ਇੰਟਰਨੈੱਟ ਦੇ।"
ਗੱਲਬਾਤ ਸ਼ੁਰੂ ਹੋਣ ਤੋਂ ਪਹਿਲਾਂ ਹੀ ਕਮਰੇ ਵਿੱਚ ਉਦਾਸੀ ਪਸਰ ਜਾਂਦੀ ਹੈ। ਕਸ਼ਮੀਰ ਘਾਟੀ ਵਿੱਚ ਕੰਮ ਕਰ ਰਹੇ ਪੱਤਰਕਾਰਾਂ ਦੀ ਸਥਿਤੀ 'ਤੇ ਅੱਗੇ ਗੱਲਬਾਤ ਦੌਰਾਨ ਇਹ ਤਣਾਅ ਡੂੰਘਾ ਹੀ ਹੁੰਦਾ ਗਿਆ।
300 ਪੱਤਰਕਾਰਾਂ ਦੀ ਹਾਲਤ ਇਕੋ-ਜਿਹੀ
ਇੱਕ ਸਰਗਰਮ ਪੇਸ਼ੇਵਰ ਫੋਟੋ ਜਰਨਲਿਸਟ ਤੋਂ ਦਿਹਾੜੀ ਮਜ਼ਦੂਰੀ ਕਰਨ 'ਤੇ ਮਜਬੂਰ ਹੋ ਜਾਣ ਤੱਕ ਦੀ ਆਪਣੀ ਯਾਤਰਾ ਬਾਰੇ ਦੱਸਦੇ ਹੋਏ ਮੁਨੀਬ ਉਦਾਸੀ ਵਿੱਚ ਡੁੱਬ ਜਾਂਦੇ ਹਨ।
ਹਾਲਾਂਕਿ ਪੇਸ਼ੇ ਵਿੱਚ ਆਪਣੇ ਸ਼ੁਰੂਆਤੀ ਦਿਨਾਂ ਨੂੰ ਯਾਦ ਕਰਕੇ ਅੱਜ ਵੀ ਉਨ੍ਹਾਂ ਦੀਆਂ ਅੱਖਾਂ ਵਿੱਚ ਚਮਕ ਆ ਜਾਂਦੀ ਹੈ।
ਇਹ ਵੀ ਪੜ੍ਹੋ-
ਉਹ ਦੱਸਦੇ ਹਨ, "ਮੈਂ ਆਪਣੇ ਲੋਕਾਂ ਲਈ ਕੁਝ ਕਰਨ ਦੇ ਜਜ਼ਬੇ ਅਤੇ ਇਸ ਪੇਸ਼ੇ ਲਈ ਆਪਣੇ ਜਨੂੰਨ ਦੀ ਵਜ੍ਹਾ ਨਾਲ ਪੱਤਰਕਾਰੀ ਵਿੱਚ ਆਇਆ ਸੀ। 2012 ਵਿੱਚ ਮੈਂ ਅਨੰਤਨਾਗ ਵਿੱਚ ਬਤੌਰ ਫ੍ਰੀਲਾਂਸਰ ਆਪਣੀ ਸ਼ੁਰੂਆਤ ਕੀਤੀ।"
"ਫਿਰ 2013 ਵਿੱਚ 'ਡੇਲੀ ਰੌਸ਼ਨੀ' ਅਤੇ 'ਕਸ਼ਮੀਰ ਇਮੇਜਿਸ' ਵਿੱਚ ਕੰਮ ਕੀਤਾ ਅਤੇ ਇਸ ਦੇ ਬਾਅਦ 'ਕਸ਼ਮੀਰ ਰੀਡਰ' ਲਈ ਵੀ ਤਸਵੀਰਾਂ ਖਿੱਚੀਆਂ। 2015 ਤੋਂ ਮੈਂ ਦੁਬਾਰਾ ਫ੍ਰੀਲਾਂਸ ਕੰਮ ਕਰਨਾ ਸ਼ੁਰੂ ਕੀਤਾ।"
"ਇਸ ਵਾਰ 'ਕਵਿੰਟ', 'ਟੈਲੀਗ੍ਰਾਫ', 'ਦਿ ਗਾਰਡਿਅਨ', 'ਥੋਮਸੇਨ ਰਾਈਟਸ ਟਰਸੱਟ' ਅਤੇ 'ਵਾਸ਼ਿੰਗਟਨ ਪੋਸਟ' ਤੱਕ ਵਿੱਚ ਮੇਰੀਆਂ ਤਸਵੀਰਾਂ ਪ੍ਰਕਾਸ਼ਿਤ ਹੋਈਆਂ ਹਨ। 2012 ਤੋਂ ਲੈ ਕੇ ਅਗਸਤ 2019 ਤੱਕ ਮੈਂ ਅਨੰਤਨਾਗ ਅਤੇ ਆਸ-ਪਾਸ ਦੇ ਦੱਖਣ ਕਸ਼ਮੀਰ ਦੇ ਇਲਾਕੇ ਨੂੰ ਖ਼ੂਬ ਕਵਰ ਕੀਤਾ...ਤਸਵੀਰਾਂ ਵੀ ਬਹੁਤ ਛਪੀਆਂ...ਪਰ ਧਾਰਾ 370 ਦੇ ਖ਼ਤਮ ਹੋਣ ਦੇ ਬਾਅਦ ਤੋਂ ਸਭ ਕੁਝ ਬੰਦ ਹੈ।"
5 ਅਗਸਤ ਨੂੰ ਘਾਟੀ ਵਿੱਚ ਇੰਟਰਨੈੱਟ 'ਤੇ ਪਾਬੰਦੀ ਲੱਗ ਜਾਣ ਤੋਂ ਬਾਅਤਦ ਕਰੀਬ ਇਹੀ ਹਾਲਤ ਕਸ਼ਮੀਰ ਘਾਟੀ ਵਿੱਚ ਮੌਜੂਦ ਤਕਰੀਬਨ 300 ਪੱਤਰਕਾਰਾਂ ਦੀ ਹੈ।
370 ਹਟਣ ਦੇ ਬਾਅਦ ਦਾ ਵਕਤ ਯਾਦ ਕਰਦੇ ਹੋਏ ਮੁਨੀਬ ਦੱਸਦੇ ਹਨ, "4 ਅਗਸਤ ਨੂੰ ਪੂਰਾ ਅਨੰਤਨਾਗ ਬੰਦ ਸੀ। ਫਿਰ 5 ਨੂੰ ਕਿਸੇ ਤਰ੍ਹਾਂ ਕੋਸ਼ਿਸ਼ ਕਰਕੇ ਮੈਂ ਕਲੈਕਟਰੇਟ ਤੱਕ ਪਹੁੰਚਿਆ...ਤਾਂ ਦੇਖਦਾ ਹਾਂ ਕਿ ਦੁੱਧ ਵੇਚਣ ਵਾਲਿਆਂ ਤੱਕ ਨੂੰ ਕਰਫਿਊ ਪਾਸ ਵੰਡੇ ਜਾ ਰਹੇ ਸਨ, ਪਰ ਸਾਨੂੰ ਨਹੀਂ ਦਿੱਤੇ ਗਏ।"
"ਪ੍ਰਸ਼ਾਸਨ ਨੇ ਸਾਨੂੰ ਕਰਫਿਊ ਪਾਸ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ...ਫਿਰ ਕੀ ਕਰਦੇ, ਕਈ ਦਿਨਾਂ ਤੱਕ ਇਸ ਤਰ੍ਹਾਂ ਹੀ ਬੈਠੇ ਰਹੇ।"
ਧਾਰਾ 370 ਦਾ ਹਟਣਾ ਭਾਰਤ ਦੇ ਨਾਲ-ਨਾਲ ਕੌਮਾਂਤਰੀ ਪੱਤਰਕਾਰਾਂ ਲਈ ਵੀ ਰਾਜਨੀਤਕ ਅਤੇ ਰਣਨੀਤਕ ਤੌਰ 'ਤੇ ਮਹੱਤਵਪੂਰਨ ਘਟਨਾ ਸੀ।
ਅਜਿਹੇ ਵਿੱਚ ਗ੍ਰਹਿ ਰਾਜ ਹੋਣ ਦੇ ਬਾਵਜੂਦ ਰਿਪੋਰਟ ਨਾ ਕਰ ਸਕਣ ਦਾ ਰੰਜ ਅੱਜ ਵੀ ਮੁਨੀਬ ਦੇ ਚਿਹਰੇ 'ਤੇ ਸਾਫ਼ ਦੇਖਿਆ ਜਾ ਸਕਦਾ ਹੈ।
ਸਤੰਬਰ ਵਿੱਚ ਫੋਨ ਲਾਈਨਾਂ ਸ਼ੁਰੂ ਹੋਣ ਦੇ ਬਾਅਦ ਉਨ੍ਹਾਂ ਨੇ ਫਿਰ ਤੋਂ ਇੱਕ ਸਟੋਰੀ ਕਰਨ ਦੀ ਕੋਸ਼ਿਸ਼ ਤਾਂ ਕੀਤੀ, ਪਰ ਉਸ ਵਿੱਚ ਕਮਾਈ ਤੋਂ ਜ਼ਿਆਦਾ ਨਿਵੇਸ਼ ਕਰਨਾ ਪਿਆ।
"ਮੈਂ ਦਿੱਲੀ ਦੀ ਇੱਕ ਨਿਊਜ਼ ਵੈੱਬਸਾਈਟ ਲਈ ਅਖਰੋਟ ਉਗਾਉਣ ਵਾਲੇ ਕਿਸਾਨਾਂ 'ਤੇ 370 ਦੇ ਹਟਣ ਦੇ ਪ੍ਰਭਾਵ 'ਤੇ ਸਟੋਰੀ ਕਰਨ ਦਾ ਪ੍ਰਸਤਾਵ ਭੇਜਿਆ। ਉਨ੍ਹਾਂ ਨੂੰ ਪਸੰਦ ਆਇਆ ਅਤੇ ਸਟੋਰੀ ਲੱਗ ਵੀ ਗਈ, ਪਰ ਇਸ ਪੂਰੀ ਪ੍ਰਕਿਰਿਆ ਵਿੱਚ ਮੈਨੂੰ ਉਨ੍ਹਾਂ ਨੂੰ ਮੇਲ ਕਰਨ ਲਈ ਦੋ ਵਾਰ ਸ਼੍ਰੀਨਗਰ ਜਾਣਾ ਪਿਆ।"
"ਆਪਣੀ ਗੱਡੀ ਵਿੱਚ ਤੇਲ ਪਾਉਣਾ, ਸ਼੍ਰੀਨਗਰ ਆਉਣਾ ਜਾਣਾ ...ਸਭ ਮਿਲਾ ਕੇ 5-6 ਹਜ਼ਾਰ ਦਾ ਖ਼ਰਚ ਪੈ ਗਿਆ। ਇੰਨਾ ਪੈਸਾ ਤਾਂ ਸਟੋਰੀ ਛਪਣ ਦੇ ਬਾਅਦ ਮਿਲਣਾ ਹੀ ਨਹੀਂ ਸੀ। ਇੰਨਾ ਨੁਕਸਾਨ ਹੋਣ ਦੇ ਬਾਅਦ ਮੈਂ ਚੁੱਪ ਬੈਠ ਗਿਆ।"
ਮਜਬੂਰੀ ਵਿੱਚ ਕਰਨੀ ਪਈ ਮਜ਼ਦੂਰੀ
ਚਾਰ ਮਹੀਨੇ ਦੇ ਫਾਕੇ ਕੱਟਣ ਤੋਂ ਬਾਅਦ ਦਸੰਬਰ ਮਹੀਨੇ ਤੋਂ ਮੁਨੀਬ ਨੇ ਹੌਲੀ-ਹੌਲੀ ਦੁਬਾਰਾ ਕੰਮ ਸ਼ੁਰੂ ਕੀਤਾ, ਪਰ ਇਨ੍ਹਾਂ ਚਾਰ ਮਹੀਨਿਆਂ ਵਿੱਚ ਕੰਮ ਅਤੇ ਆਮਦਨ ਦੀ ਅਣਹੋਂਦ ਨੇ ਉਸ ਦੀ ਆਰਥਿਕ ਰੀੜ੍ਹ ਨੂੰ ਤੋੜ ਦਿੱਤਾ।
ਇੱਥੋਂ ਤੱਕ ਕਿ ਕੈਮਰਾ ਚੁੱਕਣ ਵਾਲੇ ਆਪਣੇ ਹੱਥਾਂ ਨਾਲ ਮੁਨੀਬ ਨੂੰ ਗਾਰਾ-ਮਿੱਟੀ ਚੁੱਕ ਕੇ ਮਜ਼ਦੂਰੀ ਕਰਨੀ ਪਈ।
ਇਹ ਵੀ ਪੜ੍ਹੋ-
ਸੰਘਰਸ਼ ਦੇ ਉਨ੍ਹਾਂ ਦਿਨਾਂ ਬਾਰੇ ਗੱਲ ਕਰਦੇ ਹੋਏ ਉਹ ਕਹਿੰਦੇ ਹਨ, "ਅਜੇ ਪਿਛਲੇ ਸਾਲ ਹੀ ਮੇਰਾ ਵਿਆਹ ਹੋਇਆ ਹੈ। ਘਰ ਦਾ ਖ਼ਰਚ ਦਾ ਉਂਜ ਵੀ ਮੇਰਾ ਛੋਟਾ ਭਰਾ ਹੀ ਚਲਾ ਰਿਹਾ ਹੈ...ਪਰ ਬਿਮਾਰ ਪਤਨੀ ਦੇ ਇਲਾਜ ਲਈ ਤਾਂ ਉਸ ਤੋਂ ਪੈਸੇ ਨਹੀਂ ਮੰਗ ਸਕਦਾ।"
"ਕੁਝ ਸਮਝ ਨਹੀਂ ਆ ਰਿਹਾ ਸੀ ਅਤੇ ਪੈਸਿਆਂ ਦੀ ਤੰਗੀ ਵਧਦੀ ਹੀ ਜਾ ਰਹੀ ਸੀ ਤਾਂ ਫਿਰ ਮੈਂ ਮਜ਼ਦੂਰੀ ਸ਼ੁਰੂ ਕਰ ਦਿੱਤੀ। ਕੈਮਰਾ ਘਰ ਵਿੱਚ ਪਿਆ ਰਹਿੰਦਾ ਸੀ...ਅਤੇ ਮੈਂ ਕੋਲ ਬਣ ਰਹੀ ਇੱਕ ਇਮਾਰਤ ਵਿੱਚ ਇੱਕ ਕੰਸਟਰੱਕਸ਼ਨ ਲੇਬਰ ਵਾਂਗ ਕੰਮ ਕਰਨ ਲੱਗਿਆ। ਪੂਰਾ ਦਿਨ ਮਜ਼ਦੂਰੀ ਕਰਨ ਤੋਂ ਬਾਅਦ 500 ਰੁਪਏ ਮਿਲਦੇ ਹਨ।"
"ਉਸ ਵਕਤ ਮੇਰੇ ਦਿਮਾਗ਼ ਵਿੱਚ ਸਿਰਫ਼ ਇੱਕ ਗੱਲ ਆਉਂਦੀ ਸੀ-ਕਿਸੇ ਵੀ ਤਰ੍ਹਾਂ ਪੈਸੇ ਕਮਾ ਕੇ ਪਤਨੀ ਦੀ ਦਵਾਈ ਦਾ ਇੰਤਜ਼ਾਮ ਕਰਨਾ ਹੈ।"
ਮੁਨੀਬ ਵਾਂਗ ਹੀ ਅਨੰਤਨਾਗ ਵਿੱਚ ਕੰਮ ਕਰਨ ਵਾਲੇ ਪੱਤਰਕਾਰ ਰੁਬਾਯਤ ਖ਼ਾਨ ਨੇ ਪੱਤਰਕਾਰੀ ਛੱਡ ਦਿੱਤੀ ਹੈ। ਹੁਣ ਰਾਜ ਦੇ 'ਉੱਦਮਤਾ ਵਿਕਾਸ ਸੰਸਥਾਨ' ਵਿੱਚ ਡੇਅਰੀ ਫਾਰਮ ਸ਼ੁਰੂ ਕਰਨ ਦੀ ਸਿਖਲਾਈ ਲੈ ਰਹੇ ਰੁਬਾਯਤ ਘਾਟੀ ਵਿੱਚ ਪੱਤਰਕਾਰਾਂ ਦੀ ਸਥਿਤੀ ਤੋਂ ਬਹੁਤ ਦੁਖੀ ਹਨ।
ਸ਼ਹਿਰ ਤੋਂ ਕੁਝ ਦੂਰੀ 'ਤੇ ਮੌਜੂਦ ਇੱਕ ਭਵਨ ਨਿਰਮਾਣ ਸਥਾਨ 'ਤੇ ਹੋਈ ਗੱਲਬਾਤ ਵਿੱਚ ਉਹ ਕਹਿੰਦੇ ਹਨ, "ਇੱਥੇ ਕੰਮ ਕਰਨ ਦਾ ਮਤਲਬ ਸਿਰਫ਼ ਗੁਆਉਣਾ ਹੀ ਗੁਆਉਣਾ ਹੈ। ਪਹਿਲਾਂ ਹੀ ਮੁਸੀਬਤਾਂ ਕੁਝ ਘੱਟ ਨਹੀਂ ਸਨ ਜੋ ਹੁਣ ਇੰਟਰਨੈੱਟ ਵੀ ਬੰਦ ਹੋ ਗਿਆ।"
"ਕਸ਼ਮੀਰ ਇੱਕ ਵਿਵਾਦਤ ਖੇਤਰ ਹੈ। ਇੱਥੇ ਰਿਪੋਰਟਿੰਗ ਕਰਦੇ ਵਕਤ ਹਰ ਪਲ ਮੌਤ ਦਾ ਖ਼ਤਰਾ ਰਹਿੰਦਾ ਹੈ। ਮੈਂ 4 ਸਾਲ ਤੱਕ ਕੁਲਗਮ ਅਤੇ ਅਨੰਤਨਾਗ ਤੋਂ ਜਿੰਨੀ ਵੀ ਰਿਪੋਰਟਿੰਗ ਕੀਤੀ, ਉਸ ਦੌਰਾਨ ਆਪਣੀਆਂ ਅੱਖਾਂ ਦੇ ਸਾਹਮਣੇ ਕਿੰਨੇ ਹੀ ਲੋਕਾਂ ਨੂੰ ਮਰਦੇ ਦੇਖਿਆ।"
"ਤਨਖ਼ਾਹ ਵੀ ਇੰਨੀ ਘੱਟ ਮਿਲਦੀ ਸੀ ਅਤੇ ਇੰਨਾ ਕੁਝ ਹੋਣਾ ਤੇ ਸਹਿਣ ਕਰਨ 'ਤੇ ਵੀ ਕਈ ਵਾਰ ਆਮ ਲੋਕ ਸਾਨੂੰ ਸਰਕਾਰ ਦਾ ਏਜੰਟ ਸਮਝ ਲੈਂਦੇ ਸਨ। ਕੋਈ ਇੱਜ਼ਤ ਨਹੀਂ ਹੈ ਇੱਥੇ ਪੱਤਰਕਾਰਾਂ ਦੀ...ਇਸ ਲਈ ਮੈਂ ਛੱਡ ਦਿੱਤਾ ਰਿਪੋਰਟਿੰਗ ਦਾ ਕੰਮ। ਹਾਲਾਂਕਿ ਪੱਤਰਕਾਰੀ ਨੂੰ ਲੈ ਕੇ ਜਨੂੰਨ ਅੱਜ ਵੀ ਬਹੁਤ ਹੈ ਮੇਰੇ ਅੰਦਰ...ਪਰ ਹੁਣ ਹੋਰ ਨਹੀਂ ਹੁੰਦਾ।"
ਇੰਟਨਰਨੈੱਟ ਇਸਤੇਮਾਲ ਕਰਨ ਦਾ ਕਾਰਨ ਦੱਸਣਾ ਪੈਂਦਾ ਹੈ
ਦਸੰਬਰ 2019 ਤੋਂ ਜ਼ਿਲ੍ਹੇ ਦੇ ਰਾਸ਼ਟਰੀ ਸੂਚਨਾ ਕੇਂਦਰ ਜਾਂ ਐੱਨਆਈਸੀ 'ਤੇ ਕੁਝ ਕੰਪਿਊਟਰਾਂ ਨਾਲ ਸੀਮਤ ਇੰਟਰਨੈੱਟ ਦੀ ਵਿਵਸਥਾ ਤਾਂ ਕੀਤੀ ਗਈ ਹੈ, ਪਰ ਉਸ ਨਾਲ ਵੀ ਮੁਨੀਬ ਅਤੇ ਰੁਬਾਯਤ ਵਰਗੇ ਸਥਾਨਕ ਪੱਤਰਕਾਰਾਂ ਦੀਆਂ ਤਕਲੀਫ਼ਾਂ ਵਿੱਚ ਕੋਈ ਕਮੀ ਨਹੀਂ ਆਈ।
ਐੱਨਆਈਸੀ ਦੀਆਂ ਦਿੱਕਤਾਂ ਬਾਰੇ ਦੱਸਦੇ ਹੋਏ ਮੁਨੀਬ ਕਹਿੰਦੇ ਹਨ, "ਪਹਿਲਾਂ ਤਾਂ ਇਹ ਸਮਝਣਾ ਹੋਵੇਗਾ ਕਿ ਸ਼੍ਰੀਨਗਰ ਦੇ ਮੀਡੀਆ ਸੈਂਟਰ ਵਾਂਗ ਇਹ ਸੈਂਟਰ ਸਿਰਫ਼ ਪੱਤਰਕਾਰਾਂ ਲਈ ਨਹੀਂ ਹੈ, ਸਿਰਫ਼ 4 ਕੰਪਿਊਟਰ ਹਨ ਅਤੇ ਉਸ ਦੇ ਨਾਲ ਹੀ ਜ਼ਿਲ੍ਹੇ ਦਾ ਸਾਰਾ ਸਰਕਾਰੀ ਕੰਮ ਹੁੰਦਾ ਹੈ।"
"ਲੋਕ ਆਪਣੀਆਂ ਨੌਕਰੀਆਂ ਦੀਆਂ ਅਰਜ਼ੀਆਂ ਅਤੇ ਵਿਦਿਆਰਥੀ ਆਪਣੇ ਦਾਖ਼ਲੇ ਦੇ ਫਾਰਮ ਵੀ ਇੱਥੇ ਭਰਦੇ ਹਨ। ਇਸ ਲਈ ਇੱਥੇ ਹਮੇਸ਼ਾ ਬਹੁਤ ਭੀੜ ਹੁੰਦੀ ਹੈ। ਸਪੀਡ ਇੰਨੀ ਘੱਟ ਹੈ ਕਿ ਅਸੀਂ ਜੀ-ਮੇਲ ਦੇ ਇਲਾਵਾ ਕੁਝ ਵੀ ਨਹੀਂ ਖੋਲ੍ਹ ਸਕਦੇ...ਇੱਥੋਂ ਤੱਕ ਕਿ ਆਪਣਾ ਛਪਿਆ ਹੋਇਆ ਕੰਮ ਤੱਕ ਨਹੀਂ ਦੇਖ ਸਕਦੇ।"
ਇਨ੍ਹਾਂ ਸਭ ਗੱਲਾਂ ਦੇ ਇਲਾਵਾ ਐੱਨਆਈਸੀ ਤੋਂ ਆਪਣੀ ਸਟੋਰੀ ਜਾਂ ਤਸਵੀਰਾਂ ਭੇਜਣਾ ਪੱਤਰਕਾਰਾਂ ਲਈ ਇਸ ਲਈ ਵੀ ਮੁਸ਼ਕਿਲ ਹੈ ਕਿਉਂਕਿ ਇੱਥੇ ਉਨ੍ਹਾਂ ਦੀ ਸੰਪਾਦਕੀ ਆਜ਼ਾਦੀ ਪ੍ਰਭਾਵਿਤ ਹੋਣ ਦਾ ਵੀ ਖ਼ਤਰਾ ਹੈ।
ਰੁਬਾਯਤ ਅੱਗੇ ਦੱਸਦੇ ਹਨ, "ਉੱਥੇ ਸਾਨੂੰ ਇਹ ਦਿਖਾਉਣਾ ਅਤੇ ਦੱਸਣਾ ਪੈਂਦਾ ਹੈ ਕਿ ਅਸੀਂ ਕਿਹੜੀਆਂ ਤਸਵੀਰਾਂ ਅਖ਼ਬਾਰਾਂ ਨੂੰ ਭੇਜ ਰਹੇ ਹਾਂ ਅਤੇ ਕਿਉਂ। ਇਸ ਤੋਂ ਬਾਅਦ ਵੀ ਕਈ ਵਾਰ ਇੰਟਰਨੈੱਟ ਮਿਲਣ ਵਿੱਚ ਮੁਸ਼ਕਿਲ ਆਉਂਦੀ ਹੈ।"
ਕਹਾਣੀ ਲਿਖਣ ਵਾਲਾ ਖ਼ੁਦ ਬਣ ਗਿਆ ਹੈ ਕਹਾਣੀ
ਬਰਫ਼ ਨਾਲ ਢਕਿਆ ਅਨੰਤਨਾਗ ਦਾ ਮਹਿੰਦੀ ਪੁਲ ਅਤੇ ਉਸ ਤੋਂ ਅੱਗੇ ਪੈਣ ਵਾਲੇ ਬਰਫ਼ੀਲੇ ਖੇਤ ਪਾਰ ਕਰਦੇ ਹੋਏ ਅਸੀਂ ਸ਼ਹਿਰ ਤੋਂ 20 ਕਿਲੋਮੀਟਰ ਦੂਰ ਸਥਿਤ ਕੁਲਗਾਮ ਜ਼ਿਲ੍ਹੇ ਵਿੱਚ ਆ ਪਹੁੰਚੇ।
ਇੱਥੇ ਮੁੱਖ ਬਾਜ਼ਾਰ ਤੋਂ ਕੱਟ ਕੇ ਨਿਕਲਦੀ ਇੱਕ ਪਤਲੀ ਗਲੀ ਵਿੱਚ ਮੌਜੂਦ ਇੱਕ ਬਦਰੰਗ ਮਕਾਨ ਵਿੱਚ ਸਾਡੀ ਮੁਲਾਕਾਤ ਕਾਸਿਮ ਅਤੇ ਰਫ਼ੀਕ ਨਾਲ ਹੋਈ।
ਕੁਲਗਾਮ ਵਿੱਚ ਕੰਮ ਕਰ ਰਹੇ ਸਥਾਨਕ ਪੱਤਰਕਾਰਾਂ ਦੀ ਸਥਿਤੀ ਵੀ ਘਾਟੀ ਦੇ ਬਾਕੀ ਜ਼ਿਲ੍ਹਿਆਂ ਤੋਂ ਅਲੱਗ ਨਹੀਂ ਹੈ।
ਲੰਘੇ ਪੰਜ ਸਾਲਾਂ ਦੌਰਾਨ ਕਈ ਅਖ਼ਬਾਰਾਂ ਅਤੇ ਟੀਵੀ ਚੈਨਲਾਂ ਲਈ ਕੁਲਗਮ ਤੋਂ ਰਿਪੋਰਟਿੰਗ ਕਰ ਚੁੱਕੇ ਕਾਸਿਮ ਕੋਲ ਅੱਜ ਆਪਣੀ ਮੋਟਰਸਾਈਕਲ ਵਿੱਚ ਪੈਟਰੋਲ ਪਵਾਉਣ ਤੱਕ ਦੇ ਪੈਸੇ ਨਹੀਂ ਹਨ।
ਬੀਬੀਸੀ ਨਾਲ ਗੱਲਬਾਤ ਵਿੱਚ ਉਹ ਕਹਿੰਦੇ ਹਨ, "ਪਿਛਲੇ 6 ਮਹੀਨਿਆਂ ਤੋਂ ਕੰਮ ਪੂਰੀ ਤਰ੍ਹਾਂ ਬੰਦ ਹੈ। ਹਾਲਾਂਕਿ ਫੋਨ ਲਾਈਨਾਂ ਖੁੱਲ੍ਹਣ ਦੇ ਬਾਅਦ ਮੈਂ ਇੱਕ-ਦੋ ਵਾਰ ਖ਼ਬਰਾਂ ਫੋਨ 'ਤੇ ਦੱਸ ਕੇ ਲਿਖਵਾਉਣ ਦੀ ਕੋਸ਼ਿਸ਼ ਕੀਤੀ...ਪਰ ਕਿਸ ਦਫ਼ਤਰ ਵਿੱਚ ਲੋਕਾਂ ਕੋਲ ਅੱਜ ਇੰਨੀ ਫੁਰਸਤ ਹੁੰਦੀ ਹੈ?"
"ਆਪਣੀ ਖ਼ਬਰ ਤਾਂ ਖ਼ੁਦ ਹੀ ਲਿਖ ਕੇ ਭੇਜਣੀ ਪੈਂਦੀ ਹੈ...ਪਰ ਭੇਜੀਏ ਕਿਵੇਂ? ਇੰਟਰਨੈੱਟ ਦੇ ਨਾ ਹੋਣ ਨਾਲ ਸਾਡੇ ਹੱਥ ਬੰਨ੍ਹੇ ਹੋਏ ਹਨ।"
ਨਾਲ ਹੀ ਬੈਠੇ ਰਫ਼ੀਕ ਪੱਤਰਕਾਰਾਂ ਨਾਲ ਆਮ ਲੋਕਾਂ ਦੇ ਟੁੱਟਦੇ ਭਾਈਚਾਰਕ ਰਿਸ਼ਤਿਆਂ ਵੱਲ ਇਸ਼ਾਰਾ ਕਰਦੇ ਹੋਏ ਅੱਗੇ ਕਹਿੰਦੇ ਹਨ, "ਠੀਕ ਹੈ-ਅਸੀਂ 370 'ਤੇ ਕੁਝ ਨਹੀਂ ਲਿਖਾਂਗੇ...ਪਰ ਬਾਕੀ ਖ਼ਬਰਾਂ ਤਾਂ ਘੱਟੋ-ਘੱਟ ਫਾਈਲ ਕਰਨ ਦਿੱਤੀਆਂ ਜਾਣ।"
"ਜਿਵੇਂ ਬਰਫ਼ਬਾਰੀ ਦੀ ਵਜ੍ਹਾ ਨਾਲ ਹਾਈਵੇ ਦਾ ਬੰਦ ਹੋਣਾ, ਸੇਬ ਦੀ ਫ਼ਸਲ ਦਾ ਬਰਬਾਦ ਹੋਣਾ, ਅਖਰੋਟ ਅਤੇ ਬਾਕੀ ਵਪਾਰ ਠੱਪ ਹੋਣਾ...ਕਿੰਨਾ ਕੁਝ ਹੈ ਜੋ ਬਾਹਰ ਲੋਕਾਂ ਤੱਕ ਨਹੀਂ ਪਹੁੰਚ ਰਿਹਾ।"
"ਪਰ ਅਸੀਂ ਕੁਝ ਵੀ ਨਹੀਂ ਲਿਖ ਪਾ ਰਹੇ ਹਾਂ ਕਿਉਂਕਿ ਇੰਟਰਨੈੱਟ ਨਹੀਂ ਹੈ। ਅਜਿਹੇ ਵਿੱਚ ਕਿਹੜਾ ਦਫ਼ਤਰ ਇੰਨੇ ਮਹੀਨੇ ਸਾਨੂੰ ਨੌਕਰੀ 'ਤੇ ਰੱਖੇਗਾ? ਕੰਮ ਨਾ ਕਰਨ ਦਾ ਜੋ ਨੁਕਸਾਨ ਰੁਪਏ-ਪੈਸਿਆਂ ਦਾ ਹੁੰਦਾ ਹੈ ਉਹ ਤਾਂ ਹੈ ਹੀ...ਉਸ ਦੇ ਇਲਾਵਾ ਆਪਣੇ ਲੋਕਾਂ ਵਿਚਕਾਰ ਸਾਡੇ ਸਾਲਾਂ ਦੀ ਮਿਹਨਤ ਨਾਲ ਬਣਾਏ ਗਏ ਸਬੰਧ ਖ਼ਰਾਬ ਹੁੰਦੇ ਹਨ।"
"ਇੱਕ ਪੱਤਰਕਾਰ ਦੀ ਪੂੰਜੀ ਆਮ ਲੋਕਾਂ ਨਾਲ ਉਸ ਦਾ ਸੰਵਾਦ ਹੀ ਹੈ ਅਤੇ ਲੰਬੇ ਸਮੇਂ ਤੋਂ ਫੀਲਡ ਵਿੱਚ ਕੰਮ ਨਾ ਕਰ ਸਕਣ ਦੀ ਵਜ੍ਹਾ ਨਾਲ ਸਾਡਾ ਲੋਕਾਂ ਨਾਲ ਇਹ ਸੰਵਾਦ ਟੁੱਟਣ ਕੰਢੇ ਹੈ।"
'ਨਿਊਯਾਰਕ ਦੀ ਜਾਣਕਾਰੀ ਹੈ, ਸੋਪੋਰ ਦੀ ਨਹੀਂ'
ਕੁਲਗਮ ਤੋਂ ਸੱਤਰ ਕਿਲੋਮੀਟਰ ਦੂਰ ਰਾਜਧਾਨੀ ਸ਼੍ਰੀਨਗਰ ਵਿੱਚ ਅੰਗਰੇਜ਼ੀ ਦੈਨਿਕ 'ਕਸ਼ਮੀਰ ਇਮੇਜਿਸ' ਦੇ ਸੰਸਥਾਪਕ ਸੰਪਾਦਕ ਬਸ਼ੀਰ ਮੰਜਰ ਦੱਸਦੇ ਹਨ ਕਿ ਉਹ ਲੰਘੇ 6 ਮਹੀਨਿਆਂ ਤੋਂ ਸਿਰਫ਼ 'ਨਾਮ' ਲਈ ਅਖ਼ਬਾਰ ਛਾਪ ਰਹੇ ਹਨ।
ਉਹ ਕਹਿੰਦੇ ਹਨ, "ਅਖ਼ਬਾਰ ਦਾ ਲਾਇਸੈਂਸ ਜ਼ਿੰਦਾ ਰੱਖਣ ਲਈ ਹਰ ਮਹੀਨੇ ਤੈਅ ਕਾਪੀਆਂ ਛਾਪਣੀਆਂ ਜ਼ਰੂਰੀ ਹੁੰਦੀਆਂ ਹਨ, ਇਸ ਲਈ ਛਾਪਣਾ ਪੈ ਰਿਹਾ ਹੈ, ਨਹੀਂ ਤਾਂ ਬਾਕੀ ਦੇ ਸਟਾਫ਼ ਦੀਆਂ ਨੌਕਰੀਆਂ ਵੀ ਖ਼ਤਰੇ ਵਿੱਚ ਆ ਜਾਣਗੀਆਂ।"
"ਪਰ ਇੰਟਰਨੈੱਟ ਦੇ ਬੰਦ ਹੋਣ ਦੇ ਤੁਰੰਤ ਬਾਅਦ ਮੈਂ ਇੱਕ ਸੰਪਾਦਕੀ ਲਿਖ ਕੇ ਜਨਤਾ ਨੂੰ ਸੂਚਿਤ ਕੀਤਾ ਸੀ ਕਿ ਅੱਗੇ ਆਉਣ ਵਾਲੇ ਦਿਨਾਂ ਵਿੱਚ ਅਸੀਂ ਘਟਨਾਵਾਂ ਨੂੰ ਲੈ ਕੇ ਓਨੇ ਹੀ ਅਣਜਾਣ ਰਹਿਣ ਵਾਲੇ ਹਾਂ ਜਿੰਨੇ ਕਿ ਉਹ।"
"ਸਾਡੇ ਅਖ਼ਬਾਰ ਲਈ ਲਿਖਣ ਵਾਲੇ ਸਾਰੇ ਲੋਕ- ਜੋ ਰਾਜਨੀਤੀ, ਅਰਥਵਿਵਸਥਾ ਅਤੇ ਵਪਾਰ ਵਰਗੇ ਅਨੇਕ ਵਿਸ਼ਿਆਂ 'ਤੇ ਲਿਖਦੇ ਹਨ- ਉਹ ਆਪਣੇ ਲੇਖ ਭੇਜ ਨਹੀਂ ਪਾ ਰਹੇ।"
"ਪਾਠਕ ਆਨਲਾਈਨ ਅਖ਼ਬਾਰ ਪੜ੍ਹ ਨਹੀਂ ਪਾ ਰਹੇ ਹਨ...ਸਾਡੇ ਰਿਪੋਰਟਰ ਜ਼ਿਲ੍ਹਿਆਂ ਤੋਂ ਆਪਣੀਆਂ ਖ਼ਬਰਾਂ ਨਹੀਂ ਭੇਜ ਪਾ ਰਹੇ ਹਨ...ਟੀਵੀ ਜ਼ਰੀਏ ਅੱਜ ਮੈਨੂੰ ਇਸ ਗੱਲ ਦੀ ਜਾਣਕਾਰੀ ਹੈ ਕਿ ਨਿਊਯਾਰਕ ਵਿੱਚ ਕੀ ਹੋ ਰਿਹਾ ਹੈ, ਪਰ ਮੇਰੇ ਗੁਆਂਢ ਵਿੱਚ ਸੋਪੋਰ ਵਿੱਚ ਕੀ ਹੋ ਰਿਹਾ ਹੈ, ਇਹ ਨਹੀਂ ਪਤਾ। ਹੁਣ ਅਜਿਹੇ ਵਿੱਚ ਅਖ਼ਬਾਰ ਕਿਵੇਂ ਨਿਕਲੇਗਾ?"
ਲੋਕਤੰਤਰ ਦਾ ਨੁਕਸਾਨ
ਘਾਟੀ ਵਿੱਚ ਇੰਟਰਨੈੱਟ 'ਤੇ ਪਾਬੰਦੀ ਨੂੰ ਦੇਸ਼ ਵਿੱਚ ਲੋਕਤੰਤਰ ਲਈ ਹਾਨੀਕਾਰਕ ਦੱਸਦੇ ਹੋਏ ਬਸ਼ੀਰ ਅੱਗੇ ਕਹਿੰਦੇ ਹਨ, "ਸਾਡੇ ਆਲੇ-ਦੁਆਲੇ ਕੀ ਹੋ ਰਿਹਾ ਹੈ, ਇਹ ਜਾਣ ਸਕਣ ਦਾ ਅਧਿਕਾਰ ਜਾਗਰੂਕਤਾ ਲਿਆਉਣ ਦੇ ਨਾਲ-ਨਾਲ ਲੋਕਤੰਤਰ ਨੂੰ ਵੀ ਮਜ਼ਬੂਤ ਕਰਦਾ ਹੈ। 6 ਮਹੀਨੇ ਤੋਂ ਘਾਟੀ ਵਿੱਚ ਇੰਟਰਨੈੱਟ ਬੰਦ ਹੋਣ ਦਾ ਬੁਰਾ ਅਸਰ ਆਖਿਰਕਾਰ ਲੋਕਤੰਤਰ 'ਤੇ ਹੀ ਨਜ਼ਰ ਆਵੇਗਾ।"
ਇੰਟਰਨੈੱਟ ਸੇਵਾਵਾਂ ਬਹਾਲ ਕਰਨ ਦੀਆਂ ਫਰਿਆਦਾਂ ਰਹੀਆਂ ਅਸਫਲ
ਆਪਣੇ ਅਖ਼ਬਾਰ ਲਈ ਬਰਾਡਬੈਂਡ ਸੇਵਾ ਸ਼ੁਰੂ ਕਰਨ ਦੀ ਮੰਗ ਬਾਰੇ ਦੱਸਦੇ ਹੋਏ ਬਸ਼ੀਰ ਕਹਿੰਦੇ ਹਨ, "ਘੱਟੋ-ਘੱਟ ਅਖ਼ਬਾਰ ਦੇ ਦਫ਼ਤਰਾਂ ਵਿੱਚ ਬਰਾਡਬੈਂਡ ਸੇਵਾ ਹੀ ਬਹਾਲ ਕਰ ਦਿੱਤੀ ਜਾਂਦੀ। ਬਰਾਡਬੈਂਡ ਦੀ ਲਾਈਨ 'ਤੇ ਆਸਾਨੀ ਨਾਲ ਨਿਗਰਾਨੀ ਵੀ ਰੱਖੀ ਜਾ ਸਕਦੀ ਹੈ ਜਿਸ ਲਈ ਅਸੀਂ ਤਿਆਰ ਵੀ ਹਾਂ।"
"ਇਸ ਸਬੰਧੀ ਅਸੀਂ ਕਸ਼ਮੀਰ ਵਿੱਚ ਸਰਗਰਮ ਪੱਤਰਕਾਰਾਂ ਦੇ ਸੰਗਠਨ ਨਾਲ ਮਿਲ ਕੇ ਕਿੰਨੀ ਹੀ ਵਾਰ ਸਰਕਾਰ ਨੂੰ ਅਰਜ਼ੀਆਂ ਦਿੱਤੀਆਂ, ਉਨ੍ਹਾਂ ਸਾਹਮਣੇ ਬੇਨਤੀਆਂ ਕੀਤੀਆਂ...ਪਰ ਅੱਜ ਤੱਕ ਕੋਈ ਸੁਣਵਾਈ ਨਹੀਂ ਹੋਈ।"
ਇਸ ਸਬੰਧੀ ਸਰਕਾਰ ਦਾ ਪੱਖ ਜਾਣਨ ਲਈ ਬੀਬੀਸੀ ਨੇ ਸੂਬਾ ਸਰਕਾਰ ਦੇ ਅਧਿਕਾਰਤ ਬੁਲਾਰੇ ਅਤੇ ਪ੍ਰਮੁੱਖ ਸਕੱਤਰ ਪੱਧਰ ਦੇ ਸਾਰੇ ਉੱਚ ਅਧਿਕਾਰੀਆਂ ਨੂੰ ਵਿਸਥਾਰਤ ਸਵਾਲ ਭੇਜੇ, ਪਰ ਇੱਕ ਹਫ਼ਤੇ ਬਾਅਦ ਵੀ ਕੋਈ ਜਵਾਬ ਨਹੀਂ ਆਇਆ ਹੈ।
ਰਾਜਧਾਨੀ ਸ਼੍ਰੀਨਗਰ ਦੇ ਮੀਡੀਆ ਸੈਂਟਰ ਵਿੱਚ ਘਾਟੀ ਦੇ ਤਕਰੀਬਨ 300 ਪੱਤਰਕਾਰਾਂ ਲਈ ਅੱਜ ਵੀ ਦੋ ਦਰਜਨ ਤੋਂ ਵੀ ਘੱਟ ਕੰਪਿਊਟਰ ਹਨ।
ਕਦੇ ਮਰੀਅਲ ਜਿਹੀ ਸਪੀਡ ਤਾਂ ਕਦੇ ਭੀੜ ਨਾਲ ਜੂਝਦੇ ਰਿਪੋਰਟਰ ਇੱਥੇ ਅਕਸਰ ਵਾਈ-ਫਾਈ ਪਾਸਵਰਡ ਦੀ ਭੀਖ ਜਿਹੀ ਮੰਗਦੇ ਨਜ਼ਰ ਆ ਜਾਂਦੇ ਹਨ।
ਪਰ ਰਾਜਧਾਨੀ ਦੇ ਬਾਹਰ ਜ਼ਿਲ੍ਹਿਆਂ ਵਿੱਚ ਕੰਮ ਕਰਨ ਵਾਲੇ ਪੱਤਰਕਾਰਾਂ ਦੀ ਹਾਲਤ ਵਿਵਾਦਤ ਖੇਤਰ ਦੇ ਹਾਸ਼ੀਏ 'ਤੇ ਖੜ੍ਹੇ ਉਸ ਪੱਤਰਕਾਰ ਵਰਗੀ ਹੈ ਜਿਸ ਦੀ ਜ਼ਿੰਦਗੀ ਦੋ ਧਾਰੀ ਨਹੀਂ ਬਲਕਿ ਤਿੰਨ ਧਾਰੀ ਤੇਜ਼ ਤਲਵਾਰਾਂ 'ਤੇ ਇਕੱਠੀ ਖੜ੍ਹੀ ਰਹਿੰਦੀ ਹੈ।
ਕਸ਼ਮੀਰ ਘਾਟੀ ਦੇ ਇਸ ਵਿਵਾਦਤ ਖੇਤਰ ਵਿੱਚ ਕੰਮ ਕਰਨ ਦੇ ਆਪਣੇ ਤਜਰਬੇ ਬਾਰੇ ਦੱਸਦੇ ਹੋਏ ਰਫ਼ੀਕ ਕਹਿੰਦੇ ਹਨ, "ਮਿਲੀਟੈਂਟਾਂ ਨੂੰ ਲੱਗਦਾ ਹੈ ਕਿ ਅਸੀਂ ਸਰਕਾਰ ਦੇ ਮੁਖ਼ਬਰ ਹਾਂ, ਫ਼ੌਜ ਨੂੰ ਲੱਗਦਾ ਹੈ ਕਿ ਅਸੀਂ ਮਿਲੀਟੈਂਟਾਂ ਦੇ ਮੁਖ਼ਬਰ ਹਾਂ। ਜਨਤਾ ਵੀ ਆਪਣੀ ਸੰਵੇਦਨਾ ਦੇ ਹਿਸਾਬ ਨਾਲ ਸਾਨੂੰ ਤੋਲਦੀ, ਪਰਖਦੀ ਅਤੇ ਨਕਾਰਦੀ ਰਹਿੰਦੀ ਹੈ।"
"ਜਿਵੇਂ ਜੇਕਰ ਉਨ੍ਹਾਂ ਦਾ ਝੁਕਾਅ ਫ਼ੌਜ ਵੱਲ ਹੈ ਤਾਂ ਉਨ੍ਹਾਂ ਨੂੰ ਲੱਗੇਗਾ ਕਿ ਅਸੀਂ ਕੱਟੜਪੰਥੀਆਂ ਲਈ ਖ਼ਬਰਾਂ ਲਿਖ ਰਹੇ ਹਾਂ। ਦਫ਼ਤਰ ਨਾ ਸਾਡਾ ਸਾਥ ਦਿੰਦਾ ਹੈ ਅਤੇ ਨਾ ਹੀ ਪੈਸੇ। ਰੋਜ਼ਾਨਾ ਜਦੋਂ ਘਰੋਂ ਨਿਕਲਦੇ ਹਾਂ ਤਾਂ ਪਤਾ ਨਹੀਂ ਹੁੰਦਾ ਕਿ ਵਾਪਸ ਆਵਾਂਗੇ ਵੀ ਜਾਂ ਨਹੀਂ।"
"ਅਜਿਹੇ ਵਿੱਚ ਇੰਨੀਆਂ ਮੁਸ਼ਕਿਲਾਂ ਦੇ ਬਾਅਦ ਵੀ ਅਸੀਂ ਇਹ ਕੰਮ ਇਸ ਲਈ ਕਰਦੇ ਹਾਂ ਕਿਉਂਕਿ ਸਾਡੇ ਅੰਦਰ ਸੱਚ ਲਈ ਜਨੂੰਨ ਹੈ ਅਤੇ ਹੁਣ ਇੰਟਰਨੈੱਟ ਬੰਦ ਹੋਣ ਕਰਕੇ ਉਹ ਇੱਕ ਜਨੂੰਨ ਵੀ ਸਾਡੇ ਤੋਂ ਖੋਹ ਲਿਆ ਗਿਆ ਹੈ।"
ਰਫ਼ੀਕ ਦੇ ਅੰਦਰ ਦੀ ਘੁਟਣ ਹੁਣ ਜਿਵੇਂ ਉਨ੍ਹਾਂ ਦੇ ਚਿਹਰੇ 'ਤੇ ਉਤਰ ਆਈ ਹੈ। ਇਹੀ ਘਾਟੀ ਦੇ ਹਰ ਪੱਤਰਕਾਰ ਦੇ ਚਿਹਰੇ 'ਤੇ ਮਹਿਸੂਸ ਕੀਤੀ ਜਾ ਸਕਦੀ ਹੈ।
6 ਮਹੀਨੇ ਲੰਬੀ ਇੰਟਰਨੈੱਟ 'ਤੇ ਪਾਬੰਦੀ ਨੇ ਇੱਥੋਂ ਦੇ ਪੱਤਰਕਾਰਾਂ ਕੋਲੋਂ ਉਨ੍ਹਾਂ ਦਾ ਜਜ਼ਬਾ ਅਤੇ ਜਨੂੰਨ ਖੋਹ ਲਿਆ ਹੈ।
ਵਾਪਸ ਦਿੱਲੀ ਵੱਲ ਮੁੜਦੇ ਹੋਏ ਮੈਨੂੰ ਲੱਗਿਆ ਜਿਵੇਂ ਬਾਹਰ ਉੱਡਦੀ ਬਰਫ਼ ਨੇ ਸ਼ਹਿਰ ਦੇ ਨਾਲ-ਨਾਲ ਕੀ-ਬੋਰਡ 'ਤੇ ਵਜਣ ਵਾਲੀਆਂ ਪੱਤਰਕਾਰਾਂ ਦੀਆਂ ਉਂਗਲੀਆਂ ਨੂੰ ਵੀ ਜਾਮ ਕਰ ਦਿੱਤਾ ਹੋਵੇ।
(ਲੋਕਾਂ ਦੀ ਸੁਰੱਖਿਆ ਦੇ ਲਿਹਾਜ਼ ਨਾਲ ਕੁਝ ਨਾਮ ਬਦਲੇ ਗਏ ਹਨ)
ਇਹ ਵੀ ਪੜ੍ਹੋ-
ਇਹ ਵੀ ਦੇਖੋ