ਮੈਰੀ ਕੋਮ: ਮੈਂ ਨਾ ਜ਼ਿੰਦਗੀ 'ਚ ਨਾ ਬਾਕਸਿੰਗ ਰਿੰਗ 'ਚ ਹਾਰਨ ਵਾਲੀ ਬਣਨਾ ਚਾਹੁੰਦੀ ਸੀ

ਮੈਰੀ ਕੋਮ
    • ਲੇਖਕ, ਰੁਜੁਤਾ ਲੁਕਤੁਕੇ
    • ਰੋਲ, ਬੀਬੀਸੀ ਪੱਤਰਕਾਰ

'ਬਾਕਸਿੰਗ ਵਿੱਚ ਸਿਰਫ਼ ਇੱਕੋ ਇੱਕ ਮੈਰੀ ਕੋਮ ਹੈ। ਦੂਜੀ ਮੈਰੀ ਕੋਮ ਬਣਾਉਣੀ ਬਹੁਤ ਮੁਸ਼ਕਲ ਹੈ।'

ਜਦੋਂ ਤੁਸੀਂ ਵਿਸ਼ਵ ਚੈਂਪੀਅਨ ਅਤੇ ਪਦਮ ਵਿਭੂਸ਼ਣ ਮੈਰੀ ਕੋਮ ਨਾਲ ਗੱਲਬਾਤ ਕਰ ਰਹੇ ਹੁੰਦੇ ਹੋ ਤਾਂ ਤੁਸੀਂ ਇਸ ਤਰ੍ਹਾਂ ਦੀ ਬਿਆਨਬਾਜ਼ੀ ਸੁਣਦੇ ਹੋ। ਇਹ ਗੱਲ ਸੁਣ ਕੇ ਬਹੁਤ ਹਾਸਾ ਆਉਂਦਾ ਹੈ।

ਮੈਰੀ ਕੋਮ ਹਮੇਸ਼ਾ ਆਤਮ ਵਿਸ਼ਵਾਸ ਨਾਲ ਭਰਪੂਰ ਹੁੰਦੀ ਹੈ। ਉਸ ਦਾ ਮੰਨਣਾ ਹੈ ਕਿ ਪਰਮਾਤਮਾ ਉਸ ਨੂੰ ਬਹੁਤ ਪਿਆਰ ਕਰਦਾ ਹੈ, ਉਸ ਦੇ ਪਿਆਰ ਕਾਰਨ ਹੀ ਉਹ ਅੱਜ ਇਸ ਮੁਕਾਮ 'ਤੇ ਹੈ।

News image

ਮੈਰੀ ਮੁਤਾਬਕ ਉਹ ਬਹੁਤ ਖ਼ਾਸ ਇਨਸਾਨ ਅਤੇ ਸੁਭਾਵਿਕ ਤੌਰ 'ਤੇ ਪਰਮਾਤਮਾ ਦੀ ਖ਼ਾਸ ਬਖ਼ਸ਼ਿਸ਼ ਵਾਲੀ ਮੁੱਕੇਬਾਜ਼ ਹੈ।

ਇਹ ਵੀ ਪੜ੍ਹੋ:

ਮੈਰੀ ਕੋਲ 37 ਸਾਲ ਦੀ ਉਮਰ ਵਿੱਚ 7 ਵਿਸ਼ਵ ਚੈਂਪੀਅਨਸ਼ਿਪ ਦੇ ਗੋਲਡ ਮੈਡਲ, ਓਲੰਪਿਕ ਦਾ ਚਾਂਦੀ ਦਾ ਮੈਡਲ (ਉਹ ਓਲੰਪਿਕ ਮੈਡਲ ਜਿੱਤਣ ਵਾਲੀ ਭਾਰਤ ਦੀ ਪਹਿਲੀ ਅਤੇ ਇਕਲੌਤੀ ਮਹਿਲਾ ਮੁੱਕੇਬਾਜ਼ ਹੈ), ਏਸ਼ੀਅਨ ਅਤੇ ਕਾਮਨਵੈਲਥ ਵਿੱਚ ਗੋਲਡ ਮੈਡਲ ਹਨ।

ਮੈਰੀ ਨੇ ਇਸ ਵਿੱਚੋਂ ਜ਼ਿਆਦਾਤਰ ਮੈਡਲ ਸਾਲ 2005 ਵਿੱਚ ਜੌੜੇ ਬੱਚਿਆਂ ਨੂੰ ਸੀ ਸੈਕਸ਼ਨ ਨਾਲ ਜਨਮ ਦੇਣ ਤੋਂ ਬਾਅਦ ਹਾਸਲ ਕੀਤੇ ਹਨ।

ਮੈਰੀ ਕੋਮ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੈਰੀ ਕੋਮ ਹਮੇਸ਼ਾ ਆਤਮ ਵਿਸ਼ਵਾਸ ਨਾਲ ਭਰਪੂਰ ਹੁੰਦੀ ਹੈ

ਉਹ ਜਾਣਦੀ ਹੈ ਕਿ ਸਿਖਰਲੇ ਪੱਧਰ 'ਤੇ ਮੁਕਾਬਲੇਬਾਜ਼ੀ ਕਰਨ ਅਤੇ ਇਸ ਨੂੰ ਬਰਕਰਾਰ ਰੱਖਣ ਲਈ ਕੀ ਕਰਨਾ ਹੈ ਅਤੇ ਉਹ ਸਖ਼ਤ ਮਿਹਨਤ ਨਾਲ ਆਪਣਾ ਆਤਮਵਿਸ਼ਵਾਸ ਹਾਸਲ ਕਰਦੀ ਹੈ।

ਮੈਰੀ ਦਾ ਕੱਦ 5 ਫੁੱਟ, 2 ਇੰਚ ਹੈ ਅਤੇ ਉਸ ਦਾ ਭਾਰ ਲਗਭਗ 48 ਕਿਲੋਗ੍ਰਾਮ ਹੈ। ਅਜਿਹੇ ਛੋਟੇ ਅਤੇ ਪਤਲੇ ਸਰੀਰ ਵਾਲੇ ਵਿਅਕਤੀ ਦੀ ਚੈਂਪੀਅਨ ਵਜੋਂ ਕਲਪਨਾ ਕਰਨਾ ਮੁਸ਼ਕਿਲ ਹੈ।

ਇੱਕ ਮੁੱਕੇਬਾਜ਼ੀ ਦੇ ਚੈਂਪੀਅਨ ਨੂੰ ਮਾਈਕ ਟਾਈਸਨ ਅਤੇ ਮੁਹੰਮਦ ਅਲੀ ਵਰਗੇ ਜੁੱਸੇ ਅਤੇ ਡਰਾਉਣੀਆਂ ਅੱਖਾਂ ਵਾਲਾ ਹੋਣਾ ਚਾਹੀਦਾ ਹੈ। ਦੂਜੇ ਪਾਸੇ ਮੈਰੀ ਰਿੰਗ ਦੇ ਅੰਦਰ ਅਤੇ ਬਾਹਰ ਆਪਣੇ ਚਿਹਰੇ 'ਤੇ ਮੁਸਕਾਨ ਰੱਖਦੀ ਹੈ, ਪਰ ਉਹ ਆਪਣਾ ਧਿਆਨ ਕੇਂਦਰਿਤ ਰੱਖਦੀ ਹੈ।

ਉਸ ਨੇ ਦੱਸਿਆ, ''ਤੁਹਾਡਾ ਕੋਚ, ਸਹਿਯੋਗੀ ਸਟਾਫ਼ ਅਤੇ ਤੁਹਾਡਾ ਪਰਿਵਾਰ ਇੱਕ ਹੱਦ ਤੱਕ ਤੁਹਾਡੀ ਮਦਦ ਕਰ ਸਕਦਾ ਹੈ। ਰਿੰਗ ਦੇ ਅੰਦਰ ਤੁਸੀਂ ਬਿਲਕੁਲ ਇਕੱਲੇ ਹੁੰਦੇ ਹੋ। ਰਿੰਗ ਦੇ ਅੰਦਰ ਦੇ 9 ਤੋਂ 10 ਮਿੰਟ ਸਭ ਤੋਂ ਅਹਿਮ ਹਨ ਅਤੇ ਇਹ ਲੜਾਈ ਤੁਹਾਨੂੰ ਖ਼ੁਦ ਲੜਨੀ ਹੋਵੇਗੀ।''

ਮੈਰੀ ਕੋਮ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 'ਸਿਰਫ਼ ਦੋ ਘੰਟੇ ਦੀ ਮੁੱਕੇਬਾਜ਼ੀ ਪ੍ਰੈਕਟਿਸ ਬਹੁਤ ਹੈ, ਪਰ ਅਨੁਸ਼ਾਸਨ ਹੋਣਾ ਚਾਹੀਦਾ ਹੈ'

''ਮੈਂ ਆਪਣੇ ਆਪ ਨੂੰ ਇਹ ਸਭ ਕਹਿੰਦੀ ਰਹਿੰਦੀ ਹਾਂ। ਅਤੇ ਇਸ ਲੜਾਈ ਦੀ ਤਿਆਰੀ ਲਈ ਮੈਂ ਸਰੀਰਕ ਅਤੇ ਮਾਨਸਿਕ ਤੌਰ 'ਤੇ ਖ਼ੁਦ 'ਤੇ ਕੰਮ ਕਰਦੀ ਹਾਂ। ਮੈਂ ਨਵੀਆਂ ਤਕਨੀਕਾਂ ਸਿੱਖਦੀ ਹਾਂ। ਮੈਂ ਆਪਣੀ ਤਾਕਤ ਅਤੇ ਕਮਜ਼ੋਰੀਆਂ 'ਤੇ ਕੰਮ ਕਰਦੀ ਹਾਂ। ਮੈਂ ਆਪਣੇ ਵਿਰੋਧੀਆਂ ਦਾ ਅਧਿਐਨ ਕਰਦੀ ਹਾਂ ਅਤੇ 'ਸਮਾਰਟ ਪਲੇ' ਵਿੱਚ ਵਿਸ਼ਵਾਸ ਕਰਦੀ ਹਾਂ।''

ਮੈਰੀ ਆਪਣੀ ਖੇਡ ਅਤੇ ਤਕਨੀਕ ਵਿੱਚ ਕਿੰਨੀ ਸਮਾਰਟ ਹੈ?

ਉਹ ਕਹਿੰਦੀ ਹੈ, ''ਸਿਰਫ਼ ਦੋ ਘੰਟੇ ਦੀ ਮੁੱਕੇਬਾਜ਼ੀ ਪ੍ਰੈਕਟਿਸ ਬਹੁਤ ਹੈ, ਪਰ ਅਨੁਸ਼ਾਸਨ ਹੋਣਾ ਚਾਹੀਦਾ ਹੈ।''

ਇੱਥੋਂ ਤੱਕ ਕਿ ਫਿਟਨੈੱਸ ਅਤੇ ਭੋਜਨ ਦੇ ਮਾਮਲੇ ਵਿੱਚ ਉਹ ਖ਼ੁਦ 'ਤੇ ਬਹੁਤ ਜ਼ਿਆਦਾ ਨਿਯਮ ਲਾਗੂ ਕਰਨ ਦੀ ਬਜਾਏ ਸੰਤੁਲਿਤ ਸ਼ੈਲੀ ਵਿੱਚ ਵਿਸ਼ਵਾਸ ਕਰਦੀ ਹੈ।

ਉਹ ਘਰ 'ਚ ਬਣਾਏ ਹੋਏ ਮਣੀਪੁਰੀ ਭੋਜਨ ਦਾ ਆਨੰਦ ਲੈਂਦੀ ਹੈ ਅਤੇ ਉਬਲੀਆਂ ਸਬਜ਼ੀਆਂ ਅਤੇ ਮੱਛੀ ਨਾਲ ਪ੍ਰੋਟੀਨ ਨਾਲ ਭਰਪੂਰ ਚਾਵਲ ਖਾਂਦੀ ਹੈ।

ਮੈਰੀ ਦਾ ਆਪਣਾ ਮਨ ਹੈ ਅਤੇ ਆਪਣੇ ਮੂਡ ਅਤੇ ਸੁਭਾਅ ਮੁਤਾਬਕ ਉਸ ਦੀ ਪ੍ਰੈਕਟਿਸ ਇਸ ਸਭ ਨੂੰ ਲਚਕੀਲਾ ਬਣਾ ਕੇ ਰੱਖਦੀ ਹੈ।

37 ਸਾਲ ਦੀ ਉਮਰ ਵਿੱਚ ਜਿੱਤਣ ਲਈ ਇਸ ਤਰ੍ਹਾਂ ਦੀਆਂ ਤਬਦੀਲੀਆਂ ਕਰਨੀਆਂ ਹੋਣਗੀਆਂ।

ਉਹ ਕਹਿੰਦੀ ਹੈ, ''ਜੋ ਮੈਰੀ ਤੁਹਾਡੇ ਸਾਹਮਣੇ ਹੈ, ਉਹ 2012 ਤੋਂ ਪਹਿਲਾਂ ਦੀ ਮੈਰੀ ਤੋਂ ਵੱਖਰੀ ਹੈ। ਜਵਾਨ ਮੈਰੀ ਇੱਕ ਤੋਂ ਬਾਅਦ ਇੱਕ ਪੰਚ ਮਾਰਦੀ ਸੀ। ਹੁਣ ਮੈਰੀ ਨੇ ਹਮਲਾ ਕਰਨ ਦੇ ਸਹੀ ਮੌਕੇ ਦਾ ਇੰਤਜ਼ਾਰ ਕਰਨਾ ਸਿੱਖ ਲਿਆ ਹੈ ਅਤੇ ਇਸ ਤਰ੍ਹਾਂ ਉਹ ਆਪਣੀ ਕੁਝ ਊਰਜਾ ਨੂੰ ਬਚਾ ਰਹੀ ਹੈ।''

ਇਹ ਵੀ ਪੜ੍ਹੋ:

ਵੀਡੀਓ ਕੈਪਸ਼ਨ, ਮੈਰੀ ਕੋਮ: BBC Indian Sportswoman of the Year ਲਈ ਨਾਮਜ਼ਦ

ਉਨ੍ਹਾਂ ਨੇ ਆਪਣੀ ਖੇਡ ਦਾ ਅੰਤਰਰਾਸ਼ਟਰੀ ਸਫ਼ਰ ਸਾਲ 2001 ਵਿੱਚ ਸ਼ੁਰੂ ਕੀਤਾ ਸੀ। ਸ਼ੁਰੂਆਤ ਵਿੱਚ ਉਹ ਪੂਰੀ ਤਰ੍ਹਾਂ ਸ਼ਕਤੀ ਅਤੇ ਸਹਿਣਸ਼ਕਤੀ 'ਤੇ ਨਿਰਭਰ ਸੀ। ਅੱਜ-ਕੱਲ੍ਹ ਉਹ ਹੁਨਰ 'ਤੇ ਜ਼ਿਆਦਾ ਨਿਰਭਰ ਕਰਦੀ ਹੈ।

ਉਹ ਰਿਕਾਰਡ ਛੇ ਵਾਰ ਵਰਲਡ ਐਮੇਚਿਓਰ ਬਾਕਸਿੰਗ ਚੈਂਪੀਅਨ ਬਣਨ ਵਾਲੀ ਇਕਲੌਤੀ ਮਹਿਲਾ ਮੁੱਕੇਬਾਜ਼ ਹੈ। ਉਸਨੇ ਪਹਿਲੇ ਸੱਤ ਵਿਸ਼ਵ ਮੁਕਾਬਲਿਆਂ ਵਿੱਚ ਹਰੇਕ ਵਿੱਚ ਇੱਕ ਮੈਡਲ ਜਿੱਤਿਆ ਅਤੇ ਅੱਠ ਵਿਸ਼ਵ ਚੈਂਪੀਅਨਸ਼ਿਪ ਮੈਡਲ ਜਿੱਤਣ ਵਾਲੀ ਇਕਲੌਤੀ ਮੁੱਕੇਬਾਜ਼ ਹੈ।

ਉਨ੍ਹਾਂ ਨੇ ਏਆਈਬੀਏ ਵਰਲਡ ਦੀ ਮਹਿਲਾ ਲਾਈਟ ਫਲਾਈਵੇਟ ਕੈਟੇਗਰੀ ਵਿੱਚ ਨੰਬਰ 1 ਸਥਾਨ ਪ੍ਰਾਪਤ ਕੀਤਾ।

ਉਹ 2014 ਵਿੱਚ ਦੱਖਣੀ ਕੋਰੀਆ ਦੇ ਇੰਚੀਯੋਨ ਵਿੱਚ ਏਸ਼ੀਆਈ ਖੇਡਾਂ ਵਿੱਚ ਗੋਲਡ ਮੈਡਲ ਹਾਸਲ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਮੁੱਕੇਬਾਜ਼ ਬਣੀ।

ਮੈਰੀ 2018 ਰਾਸ਼ਟਰਮੰਡਲ ਖੇਡਾਂ ਵਿੱਚ ਗੋਲਡ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਮੁੱਕੇਬਾਜ਼ ਹੈ। ਉਹ ਰਿਕਾਰਡ ਪੰਜ ਵਾਰ ਏਸ਼ੀਆਈ ਐਮੇਚਿਓਰ ਬਾਕਸਿੰਗ ਚੈਂਪੀਅਨ ਬਣਨ ਵਾਲੀ ਇਕਲੌਤੀ ਮੁੱਕੇਬਾਜ਼ ਵੀ ਹੈ।

ਇਸ ਮਣੀਪੁਰੀ ਕੁੜੀ ਨੇ ਬਹੁਤ ਲੰਬਾ ਸਫ਼ਰ ਤੈਅ ਕੀਤਾ

ਚੁਣੌਤੀਆਂ ਬਚਪਨ ਤੋਂ ਹੀ ਉਸ ਦੇ ਜੀਵਨ ਦਾ ਹਿੱਸਾ ਰਹੀਆਂ ਹਨ। ਉਸ ਦੇ ਗਰੀਬ ਪਰਿਵਾਰਕ ਪਿਛੋਕੜ ਦਾ ਮਤਲਬ ਸੀ ਕਿ ਉਸ ਨੂੰ ਦਿਨ ਵਿੱਚ ਸਿਰਫ਼ ਇੱਕ ਟਾਈਮ ਦਾ ਖਾਣਾ ਮਿਲ ਸਕਦਾ ਹੈ, ਜਦੋਂ ਕਿ ਉਸ ਦੇ ਸਰੀਰ ਦੀ ਮੰਗ ਤਿੰਨ ਟਾਈਮ ਦੀ ਸੀ।

ਮੈਰੀ ਨੇ ਕਦੇ ਵੀ ਆਪਣੇ ਘਰੇਲੂ ਕੰਮਾਂ ਦੀ ਅਣਦੇਖੀ ਨਹੀਂ ਕੀਤੀ, ਉਹ ਬਿਹਤਰ ਜੀਵਨ ਲਈ ਕੋਸ਼ਿਸ਼ ਕਰ ਰਹੀ ਸੀ। ਉਹ ਹਮੇਸ਼ਾ ਸੋਚਦੀ ਸੀ ਕਿ ਉਹ ਇਸ ਨੂੰ ਕਿਵੇਂ ਬਦਲ ਸਕਦੀ ਹੈ।

ਮੈਰੀ ਕੋਮ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੁੱਕੇਬਾਜ਼ ਡਿੰਗੋ ਸਿੰਘ ਨੇ ਮੈਰੀ ਨੂੰ ਵੀ ਦਸਤਾਨੇ ਪਾਉਣ ਲਈ ਪ੍ਰੇਰਿਤ ਕੀਤਾ

ਉਹ ਪੜ੍ਹਾਈ ਵਿੱਚ ਚੰਗੀ ਨਹੀਂ ਸੀ, ਪਰ ਉਸ ਨੇ ਹਰ ਗੇਮ ਵਿੱਚ ਚੰਗੇ ਪ੍ਰਦਰਸ਼ਨ ਲਈ ਆਪਣਾ ਹੱਥ ਅਜ਼ਮਾਇਆ।

ਉਸ ਦੌਰਾਨ ਹੀ ਉੱਥੋਂ ਦੇ ਮੁੰਡੇ ਅਤੇ ਮੁੱਕੇਬਾਜ਼ ਡਿੰਗੋ ਸਿੰਘ ਨੇ ਬੈਂਕਾਕ ਵਿਖੇ ਏਸ਼ੀਅਨ ਗੇਮਜ਼ ਵਿੱਚ ਗੋਲਡ ਮੈਡਲ ਜਿੱਤਿਆ ਸੀ।

ਉਸਦੀ ਜਿੱਤ ਨੇ ਮੈਰੀ ਨੂੰ ਵੀ ਦਸਤਾਨੇ ਪਾਉਣ ਲਈ ਪ੍ਰੇਰਿਤ ਕੀਤਾ।

ਉਹ ਕਹਿੰਦੀ ਹੈ, ''ਮੁੱਕੇਬਾਜ਼ੀ ਨੇ ਮੈਨੂੰ ਨਵਾਂ ਜੀਵਨ ਦਿੱਤਾ ਅਤੇ ਮੈਨੂੰ ਸਿਖਾਇਆ ਕਿ ਮੈਨੂੰ ਆਪਣਾ ਜੀਵਨ ਬਿਹਤਰ ਕਿਵੇਂ ਜਿਊਣਾ ਹੈ। ਮੈਂ ਨਾ ਤਾਂ ਜ਼ਿੰਦਗੀ ਵਿੱਚ ਅਤੇ ਨਾ ਹੀ ਬਾਕਸਿੰਗ ਰਿੰਗ ਵਿੱਚ ਹਾਰਨ ਵਾਲੀ ਬਣਨਾ ਚਾਹੁੰਦੀ ਸੀ।''

ਬਾਕਸਿੰਗ ਕਿੰਨੀ ਸੌਖੀ ਸੀ?

ਮੈਰੀ ਨੇ 15 ਸਾਲ ਦੀ ਉਮਰ ਵਿੱਚ ਮੁੱਕੇਬਾਜ਼ੀ ਸ਼ੁਰੂ ਕੀਤੀ ਸੀ। ਕਿਉਂਕਿ ਉਹ ਛੋਟੀ ਅਤੇ ਘੱਟ ਭਾਰ ਵਾਲੀ ਸੀ, ਇਸ ਲਈ ਹੋਰ ਵਿਦਿਆਰਥੀ ਆਸਾਨੀ ਨਾਲ ਉਸ ਨੂੰ ਡੇਗ ਸਕਦੇ ਸਨ। ਉਸ ਦਾ ਚਿਹਰਾ ਅਕਸਰ ਸੱਟਾਂ ਖਾ ਕੇ ਜ਼ਖਮੀ ਰਹਿੰਦਾ ਸੀ, ਪਰ ਮੈਰੀ ਨੇ ਹਾਰ ਨਹੀਂ ਮੰਨੀ।

''ਮੇਰੇ ਲਈ ਇਹ ਕੋਈ ਵਿਕਲਪ ਨਹੀਂ ਸੀ। ਤੁਸੀਂ ਮੈਨੂੰ ਮੈਟ 'ਤੇ ਡੇਗ ਸਕਦੇ ਹੋ, ਪਰ ਮੈਨੂੰ ਉੱਥੇ ਜ਼ਿਆਦਾ ਦੇਰ ਤੱਕ ਰੋਕ ਕੇ ਨਹੀਂ ਰੱਖ ਸਕਦੇ। ਮੈਨੂੰ ਮੁੜ ਤੋਂ ਲੜਨਾ ਹੋਵੇਗਾ।''

ਉਨ੍ਹਾਂ ਨੇ ਸਾਲ 2000 ਵਿੱਚ ਸਟੇਟ ਬਾਕਸਿੰਗ ਚੈਂਪੀਅਨਸ਼ਿਪ ਜਿੱਤਣ ਤੋਂ ਬਾਅਦ ਪਿੱਛੇ ਮੁੜ ਕੇ ਨਹੀਂ ਦੇਖਿਆ। ਉਹ ਅੰਤਰਰਾਸ਼ਟਰੀ ਪੱਧਰ ਦੀ ਚੁਣੌਤੀ ਲਈ ਤਿਆਰ ਸੀ।

ਖੁਸ਼ਕਿਸਮਤੀ ਨਾਲ ਓਨਲਰ ਕੋਮ ਵਜੋਂ ਉਸ ਨੂੰ ਇੱਕ ਸਮਝਦਾਰ ਜੀਵਨਸਾਥੀ ਮਿਲਿਆ ਜਿਸ ਨੇ ਉਸ ਨਾਲ 2005 ਵਿੱਚ ਵਿਆਹ ਕਰਵਾ ਲਿਆ। 12 ਸਾਲ ਬਾਅਦ ਮੈਰੀ ਨੇ ਆਪਣੇ ਜੌੜੇ ਪੁੱਤਰਾਂ ਨੂੰ ਜਨਮ ਦਿੱਤਾ। ਓਨਲਰ ਨੇ ਬੱਚੇ ਸੰਭਾਲਣ ਦੇ ਆਪਣੇ ਫਰਜ਼ਾਂ ਨੂੰ ਪੂਰਾ ਕੀਤਾ ਤੇ ਮੈਰੀ ਨੇ ਮੁੱਕੇਬਾਜ਼ੀ ਦੀ ਸਿਖਲਾਈ ਲਈ।

ਇੱਕ ਵਾਰ ਜਦੋਂ ਉਹ ਮੁੜ ਤੋਂ ਮੁਕਾਬਲੇਬਾਜ਼ੀ ਵਿੱਚ ਆ ਗਈ ਤਾਂ ਉਸ ਨੇ ਸਾਲ 2008 ਵਿੱਚ ਲਗਾਤਾਰ ਚੌਥੀ ਵਿਸ਼ਵ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਜਿੱਤਿਆ।

ਮੈਰੀ ਕੋਮ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਪ੍ਰੈਲ 2016 'ਚ ਮੈਰੀ ਕੋਮ ਰਾਜ ਸਭਾ ਦੇ ਮੈਂਬਰ ਵਜੋਂ ਨਾਮਜ਼ਦ ਹੋਈ

ਇਸ ਸਮੇਂ ਤੱਕ ਨਿੱਜੀ ਸਮਾਚਾਰ ਚੈਨਲਾਂ ਦੀ ਸ਼ੁਰੂਆਤ ਨਾਲ ਭਾਰਤ ਵਿੱਚ ਖੇਡ ਸੱਭਿਆਚਾਰ ਹੌਲੀ-ਹੌਲੀ ਵਿਕਸਤ ਹੋ ਰਿਹਾ ਸੀ। ਇਸ ਨਾਲ ਮੈਰੀ ਦੇ ਅੰਤਰਰਾਸ਼ਟਰੀ ਪੱਧਰ ਦੇ ਦਬਦਬੇ ਨੂੰ ਮੀਡੀਆ ਨੇ ਦੇਖਿਆ ਅਤੇ ਉਹ ਹਰਮਨ ਪਿਆਰੀ ਹੋ ਗਈ।

ਇਸ ਸਾਲ ਮੈਰੀ ਕੋਮ ਨੂੰ ਵੱਕਾਰੀ ਪਦਮ ਵਿਭੂਸ਼ਣ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਇਹ ਪਹਿਲੀ ਵਾਰ ਸੀ ਜਦੋਂ ਕਿਸੇ ਮਹਿਲਾ ਐਥਲੀਟ ਦਾ ਨਾਂ ਖੇਡ ਮੰਤਰਾਲੇ ਵੱਲੋਂ ਦੇਸ਼ ਦੇ ਦੂਜੇ ਸਰਬਉੱਚ ਨਾਗਰਿਕ ਸਨਮਾਨ 'ਭਾਰਤ ਰਤਨ' ਲਈ ਪੇਸ਼ ਕੀਤਾ ਗਿਆ।

25 ਅਪ੍ਰੈਲ 2016 ਨੂੰ ਭਾਰਤ ਦੇ ਰਾਸ਼ਟਰਪਤੀ ਨੇ ਮੈਰੀ ਕੋਮ ਨੂੰ ਰਾਜ ਸਭਾ ਦੇ ਮੈਂਬਰ ਵਜੋਂ ਨਾਮਜ਼ਦ ਕੀਤਾ। ਰਾਜ ਸਭਾ ਮੈਂਬਰ ਵਜੋਂ ਉਹ ਸਰਗਰਮ ਹੈ ਅਤੇ ਅਕਸਰ ਆਪਣੇ ਗ੍ਰਹਿ ਰਾਜ ਮਣੀਪੁਰ ਦੇ ਸਥਾਨਕ ਮੁੱਦਿਆਂ ਨੂੰ ਚੁੱਕਦੇ ਹੋਏ ਦੇਖੀ ਜਾਂਦੀ ਹੈ।

ਮੈਰੀ ਕੋਮ ਨੇ ਗਰੀਬੀ ਤੋਂ ਬਾਹਰ ਨਿਕਲਣ ਲਈ ਲੜਾਈ ਲੜੀ ਅਤੇ ਸਾਰੀਆਂ ਰੁਕਾਵਟਾਂ ਨੂੰ ਸਰ ਕੀਤਾ, ਓਲੰਪਿਕ ਦੇ ਸ਼ਾਨਦਾਰ ਸਫ਼ਰ ਵਿੱਚ ਆਪਣਾ ਥਾਂ ਬਣਾਇਆ।

ਅੱਜ ਤਿੰਨ ਧੀਆਂ ਦੀ ਮਾਂ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਲੜਦੀ ਰਹਿੰਦੀ ਹੈ। ਅੱਜ ਉਸਦੀ ਨਜ਼ਰ ਟੋਕੀਓ ਵਿੱਚ ਹੋਣ ਵਾਲੀਆਂ 2020 ਓਲੰਪਿਕਸ ਵਿੱਚ ਆਪਣੇ ਸੱਤਵੇਂ ਵਿਸ਼ਵ ਚੈਂਪੀਅਨਸ਼ਿਪ ਦੇ ਖਿਤਾਬ 'ਤੇ ਹੈ।

ਸਪੋਰਟਸ

ਇਹ ਵੀ ਦੇਖੋ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)