ਲੰਡਨ 'ਚ ਤਿੰਨ ਸਿੱਖਾਂ ਦੇ ਕਤਲ ਬਾਰੇ ਕੀ ਕਹਿ ਰਹੀ ਪੁਲਿਸ ਤੇ ਸਿੱਖ ਭਾਈਚਾਰਾ

ਲੰਡਨ ਦੇ ਸੈਵਨ ਕਿੰਗਜ਼ ਇਲਾਕੇ ਵਿੱਚ ਸਿੱਖ ਨੌਜਵਾਨਾਂ ਦੀ ਆਪਸੀ ਲੜਾਈ ਦੀ ਵਾਰਦਾਤ ਨੂੰ ਸਥਾਨਕ ਮੀਡੀਆ ਦੇ ਕੁਝ ਹਿੱਸੇ ਵਲੋਂ 'ਸਿੱਖ ਗੈਂਗਵਾਰ' ਕਹੇ ਜਾਣ ਤੋਂ ਭਾਈਚਾਰੇ ਵਿੱਚ ਨਿਰਾਸ਼ਾ ਹੈ।

ਐਤਵਾਰ ਸ਼ਾਮ ਨੂੰ ਵਾਪਰੀ ਇਸ ਘਟਨਾ ਦੌਰਾਨ ਤਿੰਨ ਜਣਿਆਂ ਦੀ ਮੌਤ ਹੋਈ ਸੀ। ਪੁਲਿਸ ਨੇ ਇਸ ਲੜਾਈ ਨੂੰ ਚਲੰਤ ਝਗੜੇ ਦਾ ਹਿੱਸਾ ਦੱਸਿਆ ਹੈ।

ਸਥਾਨਕ ਸਿੱਖ ਆਗੂਆਂ ਨੇ ਇਸ ਘਟਨਾ ਦੀ ਰਿਪੋਰਟਿੰਗ ਵਿੱਚ 'ਸਿੱਖ ਗੈਂਗ' ਸ਼ਬਦ ਦੀ ਵਰਤੋਂ ਅਤੇ ਕਿਰਪਾਨਾਂ ਚੱਲਣ ਦੀਆਂ ਖ਼ਬਰਾਂ ਨੂੰ ਰੱਦ ਕੀਤਾ ਹੈ।

ਪੁਲਿਸ ਨੇ ਦੱਸਿਆ,“ਛੁਰੇਬਾਜ਼ੀ ਦੀ ਜਿਸ ਘਟਨਾ ਵਿੱਚ ਤਿੰਨ ਨੌਜਵਾਨਾਂ ਦੀ ਮੌਤ ਹੋਈ ਹੈ, ਉਹ ਇਨ੍ਹਾਂ ਦੇ ਇੱਕ ਚਲੰਤ ਵਿਵਾਦ ਦਾ ਨਤੀਜਾ ਸੀ।” ਮਰਨ ਵਾਲਿਆਂ ਦੀ ਉਮਰ 20 ਤੋਂ 30 ਸਾਲਾਂ ਦਰਮਿਆਨ ਸੀ।

ਪੁਲਿਸ ਦਾ ਮੰਨਣਾ ਹੈ ਕਿ ਕ੍ਰਿਸਟਲ ਬੈਂਕੁਇਟਿੰਗ ਨੇੜੇ ਵਾਪਰੀ ਘਟਨਾ ਵਿੱਚ 5 ਜਣੇ ਸ਼ਾਮਲ ਸਨ ਅਤੇ ਉਹ ਸਾਰੇ ਇੱਕ ਦੂਜੇ ਨੂੰ ਜਾਣਦੇ ਸਨ। ਇਹ ਸਿੱਖ ਅਤੇ ਹਿੰਦੂ ਭਾਈਚਾਰੇ ਨਾਲ ਸਬੰਧਤ ਸਨ।

ਡੈਟ ’ਚ ਇੰਸਪੈਕਟਰ ਪੌਲ ਕੋਸੀਡਾਇਨ ਨੇ ਕਿਹਾ,“ਇਸ ਸਮੇਂ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ। ਮੈਂ ਸਮਝਦਾ ਹਾਂ ਕਿ ਇਹ ਗੈਂਗ ਜਾਂ ਨਸਲੀ ਮਾਮਲਾ ਨਹੀਂ ਹੈ। ਮੈਨੂੰ ਲਗਦਾ ਹੈ ਕਿ ਇਹ ਕਿਸੇ ਪੁਰਾਣੇ ਵਿਵਾਦ ਦਾ ਹਿੱਸਾ ਸੀ ਅਤੇ ਅਸੀਂ ਸਮਝਦੇ ਹਾਂ ਕਿ ਇਸ ਵਿਚ 5 ਜਣੇ ਸ਼ਾਮਲ ਹਨ।''

ਇਸ ਵਾਰਦਾਤ ਬਾਰੇ ਲੰਡਨ ਵਿੱਚ ਬੀਬੀਸੀ ਪੰਜਾਬੀ ਦੀ ਸਹਿਯੋਗੀ ਕਮਲਪ੍ਰੀਤ ਕੌਰ ਨੇ ਕੁਝ ਸਥਾਨਕ ਸਿੱਖ ਆਗੂਆਂ ਨਾਲ ਗੱਲਬਾਤ ਕੀਤੀ।

ਰੈਡਬਰਿਜ ਦੇ ਕੌਂਸਲਰ ਜਸ ਓਸਵਾਲ, ਲੰਡਨ ਦੇ ਮੇਅਰ ਸਾਦਿਕ ਖਾਨ ਨਾਲ ਮੌਕਾ-ਏ- ਵਾਰਦਾਤ ’ਤੇ ਪਹੁੰਚੇ, ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰੇ ਵਿੱਚ ਪਹਿਲਾਂ ਕਦੇ ਵੀ ਅਜਿਹੀ ਘਟਨਾ ਨਹੀਂ ਵਾਪਰੀ, ਇਸ ਪਿੱਛੇ ਕਹਾਣੀ ਕੀ ਸੀ, ਪੁਲਿਸ ਇਸ ਦੀ ਤਫ਼ਤੀਸ਼ ਕਰ ਰਹੀ ਹੈ।

ਭਾਵੇਂ ਕਿ ਸੈਵਨ ਕਿੰਗਜ਼ ਰੋਡ ਲੋਕਾਂ ਦੀ ਆਵਾਜਾਈ ਲਈ ਖੋਲ੍ਹ ਦਿੱਤੀ ਗਈ ਹੈ ਪਰ ਵਾਰਦਾਤ ਵਾਲੀ ਥਾਂ ਪੁਲਿਸ ਨੇ ਬੰਦ ਕੀਤੀ ਹੋਈ ਹੈ।

ਪੂਰਬੀ ਲੰਡਨ ਦੇ ਗੁਰਦੁਆਰਾ ਸਿੱਖ ਸੰਗਤ ਦੇ ਸਾਬਕਾ ਮੀਤ ਪ੍ਰਧਾਨ ਰਣਧੀਰ ਸਿੰਘ ਨੇ ਕਿਹਾ, "ਮੀਡੀਆ ਵਿੱਚ ਸਿੱਖ ਗੈਂਗ ਜਾਂ ਡਰੱਗਜ਼ ਬਾਰੇ ਜੋ ਲਿਖਿਆ ਗਿਆ ਹੈ, ਉਹ ਸਹੀ ਨਹੀਂ ਹੈ। ਝਗੜੇ ਵਿੱਚ ਸ਼ਾਮਲ ਲੋਕ ਆਪੋ-ਆਪਣੇ ਕਾਰੋਬਾਰ ਕਰਦੇ ਸਨ ਅਤੇ ਮਿਲੀ ਜਾਣਕਾਰੀ ਮੁਤਾਬਕ ਇਹ ਲੜਾਈ ਪੈਸਿਆਂ ਕਾਰਨ ਹੋਈ।"

ਖਾਲਸਾ ਏਡ ਦੇ ਮੁਖੀ ਰਵੀ ਸਿੰਘ ਨੇ ਟਵੀਟ ਕਰਕੇ ਅਖ਼ਬਾਰਾਂ ਵਿੱਚ ਹੋ ਰਹੀ ਗਲਤ ਰਿਪੋਰਟਿੰਗ ਦਾ ਖੰਡਨ ਕੀਤਾ ਤੇ ਕਿਹਾ ਕਿ ਇਸ ਘਟਨਾ ਵਿੱਚ ਕੋਈ ਗੈਂਗ ਸ਼ਾਮਲ ਨਹੀਂ ਸਨ।

ਝਗੜਾ ਪੈਸਿਆਂ ਪਿੱਛੇਹੋਇਆ

ਪੂਰਬੀ ਲੰਡਨ ਦੇ ਹੀ ਵਾਸੀ ਡਰਾਇਵਰ ਗੁਰਚਰਨ ਸਿੰਘ ਨੇ ਬੀਬੀਸੀ ਨੂੰ ਦੱਸਿਆ ਕਿ ਲੜਾਈ ਵਿੱਚ ਸ਼ਾਮਲ ਪੰਜੇ ਜਣੇ ਨਾ ਤਾਂ ਗੈਂਗਸਟਰ ਸਨ ਅਤੇ ਨਾ ਹੀ ਡਰੱਗ ਲੈਂਦੇ ਸਨ। ਇਹ ਮਿਹਨਤ ਕਰਨ ਵਾਲੇ ਸਧਾਰਨ ਕਾਮੇ ਸਨ ਅਤੇ ਘਟਨਾ ਬਹੁਤ ਹੀ ਮੰਦਭਾਗੀ ਗੱਲ ਹੈ।

ਲੰਡਨ ਦੀ ਸਿੱਖ ਸਟੱਡੀ ਫੋਰਮ ਦੇ ਚੇਅਰਮੇਨ ਬਲਦੇਵ ਸਿੰਘ ਬੈਂਸ ਨੇ ਬੀਬੀਸੀ ਨੂੰ ਦੱਸਿਆ, "ਮੀਡਿਆ ਨੇ ਗ਼ਲਤ ਤਰੀਕੇ ਨਾਲ ਰਿਪੋਰਟ ਕੀਤਾ ਹੈ ਕਿ ਇਹ ਗੈਂਗ ਨਾਲ ਸਬੰਧਤ ਘਟਨਾ ਹੈ। ਇਹ ਗੈਂਗਵਾਰ ਨਹੀਂ ਸੀ। ਇਹ ਸਾਰੇ ਆਪਸ 'ਚ ਇੱਕ-ਦੂਜੇ ਨੂੰ ਜਾਣਦੇ ਸੀ। ਪੈਸਿਆਂ ਦਾ ਕੋਈ ਮਸਲਾ ਸੀ।"

ਉਨ੍ਹਾਂ ਅੱਗੇ ਕਿਹਾ, "ਜਿਸ ਤਰ੍ਹਾਂ ਦੀ ਰਿਪੋਰਟਿੰਗ ਕੀਤੀ ਜਾ ਰਹੀ ਹੈ ਕਿਧਰੇ ਉਸ ਨਾਲ ਇਹ ਨਿਯਮ ਨਾ ਪਾਸ ਹੋ ਜਾਵੇ ਕਿ ਅੰਮ੍ਰਿਤਧਾਰੀ ਸਿੱਖ ਕਿਰਪਾਨ ਨਹੀਂ ਪਾ ਸਕਦੇ। ਸਿੱਖ ਸ਼ਾਂਤਮਈ ਭਾਈਚਾਰਾ ਹੈ। ਅਸੀਂ ਅਜਿਹੇ ਕੰਮਾਂ 'ਚ ਨਹੀਂ ਪੈਂਦੇ। ਸਗੋਂ ਅਸੀਂ ਹੋਰਾਂ ਦੀ ਮਦਦ ਕਰਦੇ ਹਾਂ।"

ਸਿੱਖ ਆਗੂ ਸੁਖਬਿੰਦਰ ਸਿੰਘ ਜੰਡੂ ਨੇ ਕਿਹਾ, "ਅਸੀਂ ਇਸ ਦੁੱਖ ਭਰੇ ਸਮੇਂ 'ਚ ਸਿੱਖ ਭਾਈਚਾਰੇ ਅਤੇ ਪਰਿਵਾਰਾਂ ਨਾਲ ਸਾਂਝ ਕਰਦੇ ਹਾਂ। ਇਹ ਬੰਦੇ ਆਪਸ ਵਿੱਚ ਇੱਕ-ਦੂਜੇ ਨੂੰ ਜਾਣਦੇ ਸਨ। ਪਹਿਲਾਂ ਖਾਣਾ ਖਾ ਰਹੇ ਸਨ। ਫਿਰ ਕਿਸੀ ਗੱਲੋਂ ਝਗੜਾ ਹੋ ਗਿਆ ਅਤੇ ਫਿਰ ਛੁਰਾ ਤੇ ਹਥੌੜਾ ਵਰਤਿਆ ਗਿਆ।"

ਉਨ੍ਹਾਂ ਕਿਹਾ, "ਸਾਡੇ 'ਚ ਇਸ ਗੱਲ ਦਾ ਰੋਸ ਹੈ ਕਿ ਮੀਡਿਆ ਨੇ 'ਸਿੱਖ ਗੈਂਗ' ਸ਼ਬਦ ਦੀ ਵਰਤੋਂ ਕੀਤੀ ਹੈ ਤੇ ਕਿਹਾ ਹੈ ਕਿ ਕਿਰਪਾਨ ਦੀ ਵਰਤੋਂ ਹੋਈ ਹੈ। ਅਸੀਂ ਇਸ ਗੱਲ ਦਾ ਸਪਸ਼ਟੀਕਰਨ ਕਰਦੇ ਹਾਂ ਕਿ ਕਿਰਪਾਨ ਦੀ ਵਰਤੋਂ ਨਹੀਂ ਹੋਈ ਅਤੇ ਨਾ ਹੀ ਕਿਸੇ ਸਿੱਖ ਗੈਂਗ ਦਾ ਆਪਸ 'ਚ ਕੋਈ ਝਗੜਾ ਸੀ।"

ਇਹ ਵੀ ਪੜ੍ਹੋ

ਕੀ ਹੈ ਪੂਰਾ ਮਾਮਲਾ?

ਐਤਵਾਰ ਨੂੰ ਪੂਰਬੀ ਲੰਡਨ ਵਿੱਚ ਇੱਕ ਝੜਪ ਦੇ ਦੌਰਾਨ ਤਿੰਨ ਸਿੱਖ ਨੌਜਵਾਨਾਂ ਦਾ ਛੁਰਾ ਮਾਰ ਕੇ ਕਤਲ ਕਰ ਦਿੱਤਾ ਗਿਆ।

ਝੜਪ ਦੀ ਇਹ ਘਟਨਾ ਐਤਵਾਰ ਸ਼ਾਮੀਂ ਸਾਢੇ ਸੱਤ ਵਜੇ ਦੇ ਕਰੀਬ ਪੂਰਬੀ ਲੰਡਨ ਦੇ ਇਲਫੋਰਡ ਵਿੱਚ ਰੈੱਡਬਰਿਜ ਦੇ ਸੈਵਨ ਕਿੰਗਜ਼ ਇਲਾਕੇ 'ਚ ਵਾਪਰੀ।

ਮਾਰੇ ਗਏ ਨੌਜਵਾਨਾਂ ਦੀ ਉਮਰ 20 ਤੋਂ 30 ਸਾਲ ਦੇ ਦਰਮਿਆਨ ਹੈ। ਤਿੰਨਾਂ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ।

ਪੁਲਿਸ ਨੇ ਕੀ ਕਿਹਾ?

ਮੈਟਰੋਪੋਲਿਸ ਪੁਲਿਸ ਨੇ ਦੱਸਿਆ ਕਿ ਇਸ ਘਟਨਾ ਨਾਲ ਸਬੰਧਤ ਨੌਜਵਾਨ ਇੱਕ-ਦੂਜੇ ਨੂੰ ਜਾਣਦੇ ਸਨ।

ਮੈਟਰੋਪੋਲਿਸ ਪੁਲਿਸ ਦੇ ਕਮਾਂਡਰ ਤੇ ਡਿਟੈਕਟਿਵ ਚੀਫ਼ ਸੁਪਰਡੈਂਟ ਸਟੀਵ ਕਲੇਮੈਨ ਨੇ ਕਿਹਾ, "ਸਾਡਾ ਮੰਨਣਾ ਹੈ ਕਿ ਝੜਪ ਵਿੱਚ ਸ਼ਾਮਲ ਦੋਵੇਂ ਧਿਰਾਂ ਸਿੱਖ ਭਾਈਚਾਰੇ ਨਾਲ ਸਬੰਧਤ ਹਨ ਤੇ ਇੱਕ ਦੂਜੇ ਨੂੰ ਜਾਣਦੀਆਂ ਸਨ। ਦੋਵਾਂ ਧਿਰਾਂ 'ਚ ਕਿਸੇ ਗੱਲੋਂ ਤਲਖ਼ੀ ਹੋਈ, ਜੋ ਵਧ ਗਈ ਤੇ ਨਤੀਜੇ ਵਜੋਂ ਤਿੰਨ ਜਣਿਆਂ 'ਤੇ ਬੁਰੇ ਤਰੀਕੇ ਨਾਲ ਹਮਲਾ ਕੀਤਾ ਗਿਆ।"

ਪੁਲਿਸ ਨੇ 29 ਤੋਂ 30 ਸਾਲ ਦੇ ਦੋ ਜਣਿਆਂ ਨੂੰ ਕਤਲ ਦੇ ਸ਼ੱਕ ਹੇਠ ਗ੍ਰਿਫ਼ਤਾਰ ਕੀਤਾ ਹੈ।

ਇਹ ਵੀ ਪੜ੍ਹੋ

ਇਹ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)