ਟਕਸਾਲੀਆਂ ਵੱਲੋਂ ਸਿੱਧੂ ਨੂੰ ਸੱਦਾ, ਕਿਹਾ ਬਣਾਵਾਂਗੇ ਮੁੱਖ ਮੰਤਰੀ ਉਮੀਦਵਾਰ- 5 ਅਹਿਮ ਖ਼ਬਰਾਂ

ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਨੇ ਨਵਜੋਤ ਸਿੰਘ ਸਿੱਧੂ ਨੂੰ ਆਪਣੇ ਨਾਲ ਚੱਲਣ ਦਾ ਸੱਦਾ ਦਿੱਤਾ ਹੈ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਪਾਰਟੀ ਦੇ ਜਨਰਲ ਸਕੱਤਰ ਤੇ ਬੁਲਾਰੇ ਸੇਵਾ ਸਿੰਘ ਸੇਖਵਾਂ ਨੇ ਆਖਿਆ ਕਿ ਪੰਥਕ ਆਗੂਆਂ ਤੋਂ ਇਲਾਵਾ ਹੁਣ ਪੰਜਾਬ ਦੇ ਹਿਤੈਸ਼ੀ ਆਗੂਆਂ ਨੂੰ ਵੀ ਰਲ ਕੇ ਚੱਲਣ ਲਈ ਸੱਦਾ ਦਿੱਤਾ ਜਾਵੇਗਾ। ਜਿਸ ਦੇ ਤਹਿਤ ਨਵਜੋਤ ਸਿੰਘ ਸਿੱਧੂ ਨੂੰ ਵੀ ਸੱਦਾ ਦਿੱਤਾ ਗਿਆ ਹੈ।

ਸਿੱਧੂ ਨਾਲ ਸੰਪਰਕ ਕਰਨ ਦੀ ਜ਼ਿੰਮੇਵਾਰੀ ਸਾਬਕਾ ਸੰਸਦ ਮੈਂਬਰ ਡਾ. ਰਤਨ ਸਿੰਘ ਅਜਨਾਲਾ ਨੂੰ ਸੌਂਪੀ ਗਈ ਹੈ।

ਸ਼ੇਖਵਾਂ ਨੇ ਕਿਹਾ ਕਿ ਜੇਕਰ ਉਹ ਮੰਨ ਜਾਂਦੇ ਹਨ ਤਾਂ ਪਾਰਟੀ ਆਗੂ 'ਨੰਗੇ ਪੈਰੀ' ਉਨ੍ਹਾਂ ਨੂੰ ਲੈਣ ਜਾਣਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਸਿੱਧੂ ਨੂੰ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਮੁੱਖ ਮੰਤਰੀ ਦੇ ਉਮੀਦਵਾਰ ਵਜੋਂ ਸੱਦਾ ਦਿੱਤਾ ਗਿਆ ਹੈ।

CAA ਨੇ ਪਾਈ ਅਕਾਲੀ-ਭਾਜਪਾ ਵਿਚਾਲੇ ਦਰਾੜ, ਦਿੱਲੀ ਚੋਣਾਂ ਨਹੀਂ ਲੜੇਗਾ ਅਕਾਲੀ ਦਲ

ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਅਕਾਲੀ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਨਾ ਲੜਨ ਦਾ ਫ਼ੈਸਲਾ ਲਿਆ ਹੈ।

ਸਿਰਸਾ ਨੇ ਕਿਹਾ, "ਸੁਖਬੀਰ ਬਾਦਲ ਨੇ ਸੀਏਏ 'ਤੇ ਜੋ ਸਟੈਂਡ ਲਿਆ ਉਸ ਕਾਰਨ ਭਾਰਤੀ ਜਨਤਾ ਪਾਰਟੀ ਵਲੋਂ ਵਿਚਾਰ ਕੀਤਾ ਜਾ ਰਿਹਾ ਹੈ। ਭਾਰਤੀ ਜਨਤਾ ਪਾਰਟੀ ਵਲੋਂ ਕਿਹਾ ਜਾ ਰਿਹਾ ਸੀ ਕਿ ਸੁਖਬੀਰ ਬਾਦਲ ਆਪਣਾ ਸਟੈਂਡ ਬਦਲਣ। ਅਕਾਲੀ ਦਲ ਉੱਤੇ ਮੁੜ ਵਿਚਾਰਨ ਦਾ ਦਬਾਅ ਬਣਾਇਆ ਗਿਆ, ਪਰ ਅਕਾਲੀ ਦਲ ਨੇ ਇਸ ਤੋਂ ਇਨਕਾਰ ਕਰ ਦਿੱਤਾ।"

ਅਕਾਲੀ ਦਲ ਦਾ ਕੋਰ ਸਟੈਂਡ ਸਰਬੱਤ ਦੇ ਭਲੇ ਦਾ ਹੈ, ਸਾਡਾ ਸਟੈਂਡ ਸਰਬੱਤ ਦੇ ਭਲੇ ਦਾ ਹੈ, ਜਿਸ ਨੂੰ ਅਸੀਂ ਚੋਣਾਂ ਲਈ ਨਹੀਂ ਛੱਡ ਸਕਦੇ।

ਮਨਜਿਦੰਰ ਸਿਰਸਾ ਨੇ ਕਿਹਾ, "ਅਕਾਲੀ ਦਲ ਨੇ ਆਪਣਾ ਸਟੈਂਡ ਛੱਡਣ ਦੀ ਜਗ੍ਹਾਂ ਵਿਧਾਨਸਭਾ ਸੀਟਾਂ ਨੂੰ ਛੱਡਣ ਦਾ ਸੋਚਿਆ।"

ਭਾਵੇਂ ਕਿ ਸਿਰਸਾ ਦਾ ਕਹਿਣ ਸੀ ਕਿ ਸੀਟਾਂ ਦੀ ਵੰਡ ਜਾਂ ਚੋਣ ਨਿਸ਼ਾਨ ਨੂੰ ਲੈਕੇ ਪਾਰਟੀਆਂ ਵਿੱਚ ਕੋਈ ਮਤਭੇਦ ਨਹੀਂ ਹਨ। ਖ਼ਬਰ ਵਿਸਥਾਰ 'ਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ-

ਜੇਪੀ ਨੱਡਾ ਦੇ ਭਾਜਪਾ ਪ੍ਰਧਾਨ ਬਣਨ 'ਤੇ ਸਵਾਲ

ਜਗਤ ਪ੍ਰਕਾਸ਼ ਨੱਡਾ, ਭਾਰਤੀ ਜਨਤਾ ਪਾਰਟੀ ਦੇ ਨਵੇਂ ਕੌਮੀ ਪ੍ਰਧਾਨ ਬਣ ਗਏ ਹਨ।

ਸੁਭਾਅ ਤੋਂ ਨਰਮ, ਸਭ ਨੂੰ ਨਾਲ ਲੈ ਕੇ ਚੱਲਣ ਵਾਲੇ, ਨਫ਼ਾਸਤ ਪਸੰਦ ਅਤੇ ਆਰਾਮ ਨਾਲ ਕੰਮ ਕਰਨ ਵਾਲੇ ਜੇ ਪੀ ਨੱਡਾ ਦੇ ਰਾਜਨੀਤਿਕ ਜੀਵਨ ਦੇ ਅਗਲੇ ਤਿੰਨ ਸਾਲ ਸਭ ਤੋਂ ਮੁਸ਼ਕਿਲ ਹੋਣ ਜਾ ਰਹੇ ਹਨ। ਉਹ ਸੰਗਠਨ 'ਚ ਅਮਿਤ ਸ਼ਾਹ ਦੀ ਥਾਂ ਲੈ ਰਹੇ ਹਨ।

ਪਾਰਟੀ 'ਚ ਖਿਡਾਰੀ ਤੋਂ ਕਪਤਾਨ ਬਣੇ ਨੱਡਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਰੀਬੀ ਹਨ। ਪਰ ਮੋਦੀ ਅਤੇ ਸ਼ਾਹ ਦੋਵੇਂ ਅਕਸਰ ਰਿਸ਼ਤੇ ਤੋਂ ਵਧੇਰੇ ਕੰਮ ਅਤੇ ਨਤੀਜੇ ਦੇਖਦੇ ਹਨ।

ਹੁਣ ਦੋ ਸਵਾਲ ਖੜ੍ਹੇ ਹੁੰਦੇ ਹਨ। ਇੱਕ, ਨੱਡਾ ਦੇ ਸੁਭਾਅ ਬਾਰੇ ਜਾਣਨ ਦੇ ਬਾਵਜੂਦ ਉਨ੍ਹਾਂ ਨੂੰ ਇਨ੍ਹੀਂ ਵੱਡੀ ਜ਼ਿੰਮੇਵਾਰੀ ਕਿਉਂ ਸੌਂਪੀ ਜਾ ਰਹੀ ਹੈ?

ਇਸ ਤੋਂ ਪੈਦਾ ਹੁੰਦਾ ਹੈ ਦੂਜਾ ਸਵਾਲ। ਕੀ ਅਮਿਤ ਸ਼ਾਹ ਪਰਦੇ ਦੇ ਪਿੱਛੇ ਰਹਿ ਕੇ ਪਾਰਟੀ ਚਲਾਉਣਗੇ?

ਇਨ੍ਹਾਂ ਸਵਾਲਾਂ ਦੇ ਜਵਾਬ ਅਤੇ ਜੇਪੀ ਨੱਡਾ ਬਾਰੇ ਵਿਸਥਾਰ 'ਚ ਪੜ੍ਹਨ ਲਈ ਤੁਸੀਂ ਇੱਥੇ ਕਲਿੱਕ ਕਰ ਸਕਦੇ ਹੋ।

ਸੂਬੇਦਾਰ ਕਰਮ ਸਿੰਘ, ਜਿੰਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਕੀਤਾ ਯਾਦ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਟਵੀਟ ਰਾਹੀ ਭਾਰਤੀ ਥਲ ਸੈਨਾ ਦੇ ਸਾਬਕਾ ਸੂਬੇਦਾਰ ਅਤੇ ਆਨਰੇਰੀ ਕੈਪਟਨ ਕਰਮ ਸਿੰਘ ਨੂੰ ਯਾਦ ਕੀਤਾ ਹੈ।

ਮੁੱਖ ਮੰਤਰੀ ਨੇ ਆਪਣੇ ਟਵੀਟ ਵਿਚ ਲਿਖਿਆ ਹੈ, ''1948 ਦੀ ਭਾਰਤ ਪਾਕਿਸਤਾਨ ਜੰਗ ਦੌਰਾਨ ਤਿਥਵਾਲ ਵਿੱਚ ਜਾਨ ਵਾਰਨ ਵਾਲੇ ਕਰਮ ਸਿੰਘ ਨੂੰ ਪਰਮਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੀ ਬਰਸੀ ਮੌਕੇ ਬਰਨਾਲਾ ਦੇ ਕਰਮ ਸਿੰਘ ਨੂੰ ਯਾਦ ਕਰਦਾ ਹਾਂ।''

2018 ਦੇ ਗਣਤੰਤਰ ਦਿਵਸ ਮੌਕੇ ਬੀਬੀਸੀ ਪੱਤਰਕਾਰ ਜਸਪਾਲ ਸਿੰਘ ਨੇ ਪਰਮਵੀਰ ਚੱਕਰ ਹਾਸਲ ਕਰਨ ਵਾਲੇ 5 ਪੰਜਾਬੀ ਫੌਜੀਆਂ ਤੇ ਅਫ਼ਸਰਾਂ ਬਾਰੇ ਇੱਕ ਰਿਪੋਰਟ ਕੀਤੀ ਸੀ।

ਇਸ ਰਿਪੋਰਟ ਵਿੱਚ ਕਰਮ ਸਿੰਘ ਦਾ ਵੀ ਜ਼ਿਕਰ ਕੀਤਾ ਗਿਆ ਸੀ। ਸੂਬੇਦਾਰ ਕਰਮ ਸਿੰਘ ਅਤੇ 4 ਹੋਰ ਪੰਜਾਬੀਆਂ ਬਾਰੇ ਜਾਣਕਾਰੀ ਲਈ ਇੱਥੇ ਕਲਿੱਕ ਕਰੋ।

ਚੀਨ ਵਿੱਚ ਨਵੇਂ ਵਾਇਰਸ ਕਾਰਨ ਹੜਕੰਪ

ਇੱਕ ਹਫ਼ਤੇ ਦੌਰਾਨ ਚੀਨ ਵਿੱਚ ਨਵੇਂ ਵਾਇਰਸ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ ਤਿੰਨ ਗੁਣਾ ਹੋ ਗਈ ਹੈ। ਸੰਕਰਮਿਤ ਲੋਕਾਂ ਦੀ ਗਿਣਤੀ 200 ਤੋਂ ਵੱਧ ਹੋ ਗਈ ਹੈ ਤੇ ਮੰਨਿਆ ਜਾ ਰਿਹਾ ਹੈ ਕਿ ਇਹ ਜ਼ਿਆਦਾਤਰ ਵੂਹਾਨ ਸ਼ਹਿਰ ਤੋਂ ਹੋਰਨਾਂ ਵੱਡੇ ਸ਼ਹਿਰਾਂ ਵਿੱਚ ਵੀ ਫੈਲ ਰਿਹਾ ਹੈ।

ਇਸ ਨਾਲ ਹੁਣ ਤੱਕ ਤਿੰਨ ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ। ਜਾਪਾਨ, ਥਾਈਲੈਂਡ ਅਤੇ ਦੱਖਣੀ ਕੋਰੀਆ ਵਿੱਚ ਇਸ ਦੇ ਕੇਸ ਸਾਹਮਣੇ ਆਏ ਹਨ।

ਚੀਨ ਨੇ ਪੁਸ਼ਟੀ ਕੀਤੀ ਹੈ ਕਿ ਕੋਰੋਨਾਵਾਇਰਸ ਇੱਕ ਤਰ੍ਹਾਂ ਨਾਲ ਨਿਮੋਨੀਆ ਦਾ ਕਾਰਨ ਬਣਦਾ ਜਾ ਰਿਹਾ ਹੈ ਅਤੇ ਇੱਕ ਤੋਂ ਦੂਜੇ ਵਿਅਕਤੀ ਤੱਕ ਫੈਲ ਰਿਹਾ ਹੈ।

ਸਟੇਟ ਮੀਡੀਆ ਮੁਤਾਬਕ ਵਾਇਰਸ ਬਾਰੇ ਜਾਂਚ ਕਰ ਰਹੇ ਸਿਹਤ ਕਮਿਸ਼ਨ ਟੀਮ ਦੇ ਇੱਕ ਮੈਂਬਰ ਅਤੇ ਸਾਹ ਪ੍ਰਣਾਲੀ ਦੇ ਮਾਹਿਰ ਯੋਂਗ ਨਾਂਨਸ਼ਾਨ ਨੇ ਕਿਹਾ ਹੈ ਕਿ ਮਰੀਜ਼ਾਂ ਦਾ ਇਲਾਜ ਕਰਦਿਆਂ 14 ਮੈਡੀਕਲ ਵਰਕਰ ਵੀ ਇਸ ਦੀ ਚਪੇਟ ਵਿੱਚ ਆ ਗਏ ਹਨ। ਕੀ ਹੈ ਇਹ ਕੋਰੋਨਾਵਾਇਰਸ ਇਸ ਬਾਰੇ ਸੰਖੇਪ 'ਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ-

ਇਹ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)