You’re viewing a text-only version of this website that uses less data. View the main version of the website including all images and videos.
CAA ਨੇ ਪਾਈ ਅਕਾਲੀ-ਭਾਜਪਾ ਵਿਚਾਲੇ ਦਰਾੜ, ਦਿੱਲੀ ਚੋਣਾਂ ਨਹੀਂ ਲੜੇਗਾ ਅਕਾਲੀ ਦਲ
ਸ਼੍ਰੋਮਣੀ ਅਕਾਲੀ ਦਲ ਨੇ ਦਿੱਲੀ ਦੀਆਂ ਆਮ ਵਿਧਾਨ ਸਭਾ ਚੋਣਾਂ ਨਾ ਲੜਨ ਦਾ ਐਲਾਨ ਕਰ ਦਿੱਤਾ ਹੈ। ਇਹ ਐਲਾਨ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਅਕਾਲੀ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ।
ਸਿਰਸਾ ਨੇ ਕਿਹਾ, ''ਸੁਖਬੀਰ ਬਾਦਲ ਨੇ ਸੀਏਏ 'ਤੇ ਜੋ ਸਟੈਂਡ ਲਿਆ ਉਸ ਕਾਰਨ ਭਾਰਤੀ ਜਨਤਾ ਪਾਰਟੀ ਵਲੋਂ ਵਿਚਾਰ ਕੀਤਾ ਜਾ ਰਿਹਾ ਹੈ।ਭਾਰਤੀ ਜਨਤਾ ਪਾਰਟੀ ਵਲੋਂ ਕਿਹਾ ਜਾ ਰਿਹਾ ਸੀ ਕਿ ਸੁਖਬੀਰ ਬਾਦਲ ਆਪਣਾ ਸਟੈਂਡ ਬਦਲਣ।ਅਕਾਲੀ ਦਲ ਉੱਤੇ ਮੁੜ ਵਿਚਾਰਨ ਦਾ ਦਬਾਅ ਬਣਾਇਆ ਗਿਆ ਪਰ ਅਕਾਲੀ ਦਲ ਨੇ ਇਸ ਤੋਂ ਇਨਕਾਰ ਕਰ ਦਿੱਤਾ।''
ਅਕਾਲੀ ਦਲ ਦਾ ਕੋਰ ਸਟੈਂਡ ਸਰਬੱਤ ਦੇ ਭਲੇ ਦਾ ਹੈ, ਸਾਡਾ ਸਟੈਂਡ ਸਰਬੱਤ ਦੇ ਭਲੇ ਦਾ ਹੈ, ਜਿਸ ਨੂੰ ਅਸੀਂ ਚੋਣਾਂ ਲਈ ਨਹੀਂ ਛੱਡ ਸਕਦੇ।
ਸੀਟਾਂ ਤੋਂ ਸਿਧਾਂਤ ਵੱਧ ਅਹਿਮ
ਮਨਜਿਦੰਰ ਸਿਰਸਾ ਨੇ ਕਿਹਾ, ''ਅਕਾਲੀ ਦਲ ਨੇ ਆਪਣਾ ਸਟੈਂਡ ਛੱਡਣ ਦੀ ਜਗ੍ਹਾਂ ਵਿਧਾਨਸਭਾ ਸੀਟਾਂ ਨੂੰ ਛੱਡਣ ਦਾ ਸੋਚਿਆ''। ਭਾਵੇਂ ਕਿ ਸਿਰਸਾ ਦਾ ਕਹਿਣ ਸੀ ਕਿ ਸੀਟਾਂ ਦੀ ਵੰਡ ਜਾਂ ਚੋਣ ਨਿਸ਼ਾਨ ਨੂੰ ਲੈਕੇ ਪਾਰਟੀਆਂ ਵਿਚ ਕੋਈ ਮਤਭੇਦ ਨਹੀਂ ਹਨ।
ਸਿਰਸਾ ਦਾ ਇਹ ਵੀ ਕਹਿਣਾ ਸੀ ਕਿ ਅਕਾਲੀ-ਭਾਜਪਾ ਗਠਜੋੜ ਦੇ ਭਵਿੱਖ ਬਾਰੇ ਵੀ ਕੋਈ ਗੱਲਬਾਤ ਨਹੀਂ ਹੋਈ। ਅਕਾਲੀ ਦਲ ਨੇ ਨਾਗਰਿਕਤਾ ਕਾਨੂੰਨ 'ਤੇ ਆਪਣਾ ਸਟੈਂਡ ਹਰ ਜਗ੍ਹਾਂ ਕਲੀਅਰ ਕੀਤਾ।
ਭਾਜਪਾ ਦੀ ਮੀਟਿੰਗ 'ਚ ਚਰਚਾ ਹੋਈ ਕਿ ਅਕਾਲੀ ਦਲ ਨੂੰ ਆਪਣੇ ਸਟੈਂਡ ਉੱਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ। ਪਰ ਸੁਖਬੀਰ ਬਾਦਲ ਨੇ ਕਿਹਾ ਕਿ ਅਸੀਂ ਸਟੈਂਡ ਨਹੀਂ ਬਦਲ ਸਕਦੇ।
ਇਹ ਵੀ ਪੜੋ
ਧਰਮ ਦੇ ਨਾਂ 'ਤੇ ਵਿਤਕਰੇ ਦਾ ਵਿਰੋਧ
ਅਕਾਲੀ ਦਲ ਭਾਜਪਾ ਦਾ ਗਠਜੋੜ ਕਾਫ਼ੀ ਪੁਰਾਣਾ ਹੈ ਅਤੇ ਅਕਾਲੀ ਦਲ ਦਾ ਸਟੈਂਡ ਸਰਬਤ ਦੇ ਭਲੇ ਦਾ ਹੈ, ਦੇਸ਼ ਨੂੰ ਕਿਸੇ ਵੀ ਧਰਮ-ਜਾਤ ਦੇ ਨਾਂ 'ਤੇ ਵੰਡਿਆ ਨਹੀਂ ਜਾ ਸਕਦਾ
ਅਸੀਂ ਚੋਣਾਂ ਨਾਲੜਨਾ ਪਸੰਦ ਕਰਾਂਗਾ ਬਜਾਏ ਕਿ ਆਪਣਾ ਸਟੈਂਡ ਬਦਲਿਆ ਜਾਵੇ। ਅਸੀ ਚਾਹੁੰਦੇ ਹਾਂ ਕਿ ਐਨਸੀਆਰ ਵੀ ਲਾਗੂ ਨਾ ਕੀਤਾ ਜਾਵੇ। ਸਾਡਾ ਸਪਸ਼ਟ ਮੰਨਣਾ ਹੈ ਕਿ ਲੋਕਾਂ ਨੂੰ ਲਾਈਨਾਂ 'ਚ ਖੜੇ ਹੋਕੇ ਸਬੂਤ ਦੇਣ ਦਾ ਕੋਈ ਕਾਰਨ ਨਹੀਂ ਬਣਦਾ।
ਇਹ ਦੇਸ਼ ਸਭ ਦਾ ਹੈ, ਇਸ ਦੇਸ਼ ਲਈ ਅਸੀਂ ਕੁਰਬਾਨੀਆਂ ਦਿੱਤੀਆਂ ਹਨ। ਅਕਾਲੀ ਦਲ 100 ਤੋਂ ਦੇਸ ਦੀ ਸੇਵਾ ਕਰ ਰਿਹਾ ਹੈ। ਅਸੀਂ ਕਿਸੇ ਨੂੰ ਇਸ ਕਾਨੂੰਨ ਤੋਂ ਬਾਹਰ ਧਰਮ ਦੇ ਨਾਮ 'ਤੇ ਬਾਹਰ ਰੱਖਣ ਦਾ ਸਮਰਥਨ ਨਹੀਂ ਕਰ ਸਕਦੇ।
ਪੰਜਾਬ 'ਚ ਗਠਜੋੜ ਦਾ ਕੀ ਬਣੇਗਾ
ਮਨਜਿੰਦਰ ਸਿੰਘ ਸਿਰਸਾ ਨੂੰ ਜਦੋਂ ਮੀਡੀਆ ਨੇ ਅਕਾਲੀ-ਭਾਜਪਾ ਗਠਜੋੜ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਸੀਟਾਂ ਦੀ ਵੰਡ ਜਾਂ ਗਠਜੋੜ ਬਾਰੇ ਤਾਂ ਕੋਈ ਚਰਚਾ ਹੀ ਨਹੀਂ ਹੋਈ।
ਪੰਜਾਬ ਵਿਚ ਗਠਜੋੜ ਬਾਰੇ ਸਵਾਲ ਨੂੰ ਵੀ ਉਹ ਇਹ ਕਹਿ ਕੇ ਟਾਲ ਗਏ ਕਿ ਉਹ ਦਿੱਲੀ ਦਾ ਜਵਾਬ ਦੇ ਸਕਦੇ ਹਨ, ਪੰਜਾਬ ਬਾਰੇ ਕੁਝ ਨਹੀਂ ਹੋ ਸਕਦੇ।
ਸਿਰਸਾ ਨੇ ਕਿਹਾ ਕਿ ਪੰਜਾਬ ਵਿਚ ਅਕਾਲੀ-ਭਾਜਪਾ ਗਠਜੋੜ ਹਿੰਦੂ ਸਿੱਖ ਏਕਤਾ ਦਾ ਪ੍ਰਤੀਕ ਹੈ, ਇਹ ਗਠਜੋੜ ਨੇ ਪੰਜਾਬ ਵਿਚ ਅਮਨ ਸ਼ਾਂਤੀ ਦੀ ਸਥਾਈ ਬਹਾਲੀ ਕੀਤੀ।
ਇਹ ਪੰਜਾਬ ਦੀ ਅਮਨ -ਸ਼ਾਂਤੀ ਦਾ ਪ੍ਰਤੀਕ ਹੈ। ਅਸੀਂ ਸੀਏਏ ਅਤੇ ਐਨਆਰਸੀ ਉੱਤੇ ਸਟੈਂਡ ਨਹੀਂ ਬਦਲ ਸਕਦੇ ਇਹ ਹੁਣ ਭਾਜਪਾ ਨੇ ਦੇਖਣਾ ਹੈ ਕਿ ਉਹ ਕੀ ਸਟੈਂਡ ਲੈਂਦੀ ਹੈ।