You’re viewing a text-only version of this website that uses less data. View the main version of the website including all images and videos.
ਅਕਾਲੀ ਦਲ ਆਪਣੇ ਬੂਤੇ 'ਤੇ ਦਿੱਲੀ 'ਚ ਚੋਣਾਂ ਕਿਉਂ ਨਹੀਂ ਲੜ ਰਿਹਾ ਤੇ ਕੀ ਗੱਲ ਹਰਸਿਮਰਤ ਦੇ ਅਸਤੀਫੇ ਤੱਕ ਜਾਏਗੀ?
- ਲੇਖਕ, ਜਸਪਾਲ ਸਿੰਘ
- ਰੋਲ, ਬੀਬੀਸੀ ਪੱਤਰਕਾਰ
ਸ਼੍ਰੋਮਣੀ ਅਕਾਲੀ ਦਲ ਦੇ ਜਰਨਲ ਸਕੱਤਰ ਅਤੇ ਬੁਲਾਰੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਭਾਜਪਾ ਮੁਤਾਬਕ ਜਦੋਂ ਤੱਕ ਉਹ (ਅਕਾਲੀ ਦਲ) ਸੀਏਏ 'ਤੇ ਭਾਜਪਾ ਵਾਲਾ ਸਟੈਂਡ ਨਹੀਂ ਲੈਂਦੇ, ਉਦੋਂ ਤੱਕ ਇਕੱਠੇ ਚੋਣ ਲੜਨਾ ਸੰਭਵ ਨਹੀਂ।
ਦਰਅਸਲ ਸ਼੍ਰੋਮਣੀ ਅਕਾਲੀ ਦਲ ਨੇ ਦਿੱਲੀ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਨਾ ਲੜਨ ਦਾ ਫ਼ੈਸਲਾ ਲਿਆ ਹੈ ਅਤੇ ਇਸ ਦਾ ਕਾਰਨ ਉਨ੍ਹਾਂ ਨੇ ਭਾਜਪਾ ਨਾਲ ਸੀਏਏ 'ਤੇ ਵਿਚਾਰਧਾਰਾ ਨੂੰ ਲੈ ਕੇ ਮਤਭੇਦ ਦੱਸਿਆ।
ਇਸ ਮੁੱਦੇ ਤੇ ਚੰਦੂਮਾਜਰਾ ਨੇ ਬੀਬੀਸੀ ਨਾਲ ਗੱਲਬਾਤ ਕੀਤੀ।
ਅਕਾਲੀ ਦਲ ਦਾ ਦੋਗਲਾ ਸਟੈਂਡ?
ਸੀਏਏ ਨੂੰ ਲੈ ਕੇ ਅਕਾਲੀ ਦਲ ਦੇ ਦੋਗਲੇ ਸਟੈਂਡ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਚੰਦੂਮਾਜਰਾ ਨੇ ਕਿਹਾ, "ਲੋਕ ਸਭਾ, ਰਾਜ ਸਭਾ, ਪੰਜਾਬ ਵਿਧਾਨ ਸਭਾ ਤੋਂ ਲੈ ਕੇ ਜਨਤਕ ਥਾਵਾਂ 'ਤੇ ਵੀ ਅਕਾਲੀ ਦਲ ਦਾ ਤਾਂ ਬੜਾ ਸਪੱਸ਼ਟ ਸਟੈਂਡ ਰਿਹਾ ਹੈ।"
"ਸੀਏਏ 'ਚ ਪਾਕਿਸਤਾਨ, ਅਫ਼ਗਾਨਿਸਤਾਨ ਤੋਂ ਉਜੜੇ ਸਿੱਖ, ਹਿੰਦੂ, ਜੈਨੀ-ਬੋਧੀ ਜੋ ਵੀ ਇੱਥੇ ਪਰੇਸ਼ਾਨ ਹੋ ਕੇ ਆਏ, ਉਨ੍ਹਾਂ ਨੂੰ ਸਰੱਖਿਅਤ ਕਰਨ ਲਈ, ਨਾਗਰਿਕਤਾ ਦੇਣ ਲਈ ਅਕਾਲੀ ਦਲ ਬੜੀ ਦੇਰ ਤੋਂ ਜੱਦੋਜ਼ਹਿਦ ਕਰਦਾ ਸੀ।"
"ਮੋਦੀ ਸਰਕਾਰ ਨੇ ਉਹ ਅਧਿਕਾਰ ਨਾਗਰਿਕਤਾ ਸੋਧ ਕਾਨੂੰਨ ਬਣਾ ਕੇ ਦਿੱਤਾ ਅਤੇ ਇਸ ਲਈ ਅਸੀਂ ਉਨ੍ਹਾਂ ਦੇ ਧੰਨਵਾਦੀ ਹਾਂ ਪਰ ਨਾਲ ਹੀ ਅਸੀਂ ਇਹ ਵੀ ਕਹਿੰਦੇ ਰਹੇ ਕਿ ਇਸ ਵਿੱਚ ਜਿੱਥੇ ਦੂਜੇ ਧਰਮਾਂ ਦਾ ਨਾਮ ਲਿਖਿਆ, ਉੱਥੇ ਮੁਸਲਮਾਨ ਸ਼ਬਦ ਵੀ ਲਿਖਣਾ ਚਾਹੀਦਾ ਸੀ।"
ਇਹ ਵੀ ਪੜ੍ਹੋ-
ਉਨ੍ਹਾਂ ਨੇ ਕਿਹਾ ਇਨ੍ਹਾਂ ਗੱਲਾਂ ਨੂੰ ਹੀ ਆਧਾਰ ਬਣਾ ਕੇ ਲੋਕ ਸਭਾ ਵਿੱਚ ਵੋਟ ਦਿੱਤੀ।
ਚੰਦੂਮਾਜਰਾ ਨੇ ਦੱਸਿਆ ਕਿ ਇਸ ਬਾਰੇ ਉਨ੍ਹਾਂ ਨੇ ਪੰਜਾਬ ਵਿਧਾਨ ਸਭਾ ਵਿੱਚ ਆਪਣਾ ਪੂਰਾ ਸਪੱਸ਼ਟ ਸਟੈਂਡ ਰੱਖਿਆ ਹੈ।
ਫਿਰ ਪੰਜਾਬ ਸਰਕਾਰ ਦੇ ਮਤੇ ਦੀ ਹਮਾਇਤ ਕਿਉਂ ਨਹੀਂ ਕੀਤੀ?
ਚੰਦੂਮਾਜਰਾ ਨੇ ਇਸ ਬਾਰੇ ਗੱਲ ਕਰਦਿਆਂ ਕਿਹਾ, "ਇਸ ਮਤੇ ਦੇ ਦੋ ਹਿੱਸੇ ਸੀ, ਇੱਕ ਤਾਂ ਇਸ ਨੂੰ ਸਿਰੇ ਤੋਂ ਖਾਰਜ ਨਹੀਂ ਕੀਤਾ ਜਾ ਸਕਦਾ ਸੀ। ਇਸ ਮੁਲਕ ਵਿੱਚ ਸਾਰਿਆਂ ਨੂੰ ਆਪਣੀ ਗੱਲ ਕਹਿਣਾ, ਪ੍ਰਫੁਲਿਤ ਰਹਿਣ ਦਾ ਅਤੇ ਬਰਾਬਰਤਾ ਦਾ ਹੱਕ ਹੈ ਅਤੇ ਅਸੀਂ ਉਸ ਸਟੈਂਡ ਤੋਂ ਪਿੱਛੇ ਨਹੀਂ ਹਟ ਸਕਦੇ।"
ਦਿੱਲੀ ਚੋਣਾਂ ਵਿੱਚ ਵੱਖ ਹੋ ਕੇ ਚੋਣ ਲੜਨ ਬਾਰੇ ਕਿਉਂ ਨਹੀਂ ਸੋਚਿਆ ?
ਉਨ੍ਹਾਂ ਨੇ ਦੱਸਿਆ, "ਭਾਜਪਾ ਨਾਲੋਂ ਵੱਖ ਹੋ ਕੇ ਚੋਣ ਲੜਨ ਬਾਰੇ ਅਸੀਂ ਦਿੱਲੀ ਦੀ ਯੂਨਿਟ ਨੂੰ ਇੱਥੋਂ ਦੇ ਹਾਲਾਤ, ਉਮੀਦਵਾਰ ਜਾਂ ਲੋਕਾਂ ਨੂੰ ਦੇਖ ਕੇ ਫ਼ੈਸਲਾ ਕਰਨ ਦਾ ਅਧਿਕਾਰ ਦਿੱਤਾ ਕਿ ਇੱਥੇ ਕਰਨਾ ਕੀ ਹੈ।"
ਇਹ ਲੜਾਈ ਹਰਮਿਸਰਤ ਕੌਰ ਬਾਦਲ ਦੇ ਅਸਤੀਫ਼ੇ ਤੱਕ ਵੀ ਜਾ ਸਕਦੀ ਹੈ?
ਇਸ ਦਾ ਜਵਾਬ ਦਿੰਦਿਆਂ ਉਨ੍ਹਾਂ ਨੇ ਕਿਹਾ, "ਕਈ ਗੱਲਾਂ ਸਿਧਾਂਤਕ ਹੁੰਦੀਆਂ ਹਨ ਅਤੇ ਕਈ ਵਾਰ ਕੁਝ ਖ਼ਾਸ ਮੁੱਦਿਆਂ 'ਤੇ ਹੁੰਦੀਆਂ ਹਨ। ਇਹ ਕੇਵਲ ਦਿੱਲੀ ਦੀਆਂ ਵਿਧਾਨ ਸਬੰਧੀ ਚੋਣਾਂ ਸਬੰਧੀ ਹੀ ਗੱਲ ਸਾਹਮਣੇ ਆਈ ਹੈ।"
ਅਕਾਲੀ ਦਲ ਆਪਣੇ ਸਮਰਥਕਾਂ ਨੂੰ ਕਿਸ ਨੂੰ ਵੋਟ ਪਾਉਣ ਲਈ ਕਹੇਗਾ?
ਚੰਦੂਮਾਜਰਾ ਨੇ ਕਿਹਾ, "ਇਸ ਸਬੰਧੀ ਫ਼ੈਸਲਾ ਅਸੀਂ ਦਿੱਲੀ ਦੀ ਸਥਾਨਕ ਯੂਨਿਟ 'ਤੇ ਛੱਡਿਆ ਹੈ। ਅਸੀਂ ਉਨ੍ਹਾਂ ਨੂੰ ਚੋਣ ਹਾਲਾਤ ਦੀ ਪ੍ਰਕਿਰਿਆ ਦਾ ਮੁਲੰਕਣ ਕਰਨ ਤੋਂ ਬਾਅਦ ਗੱਲ ਕਰਨ ਲਈ ਕਿਹਾ ਹੈ।"
"ਅਕਾਲੀ ਦਲ ਵੱਲੋਂ ਚੋਣ ਲੜ ਕੋਈ ਸਵਾਲ ਨਹੀਂ ਹੈ। ਅਸੀਂ ਸਾਫ਼ ਕਹਿ ਦਿੱਤਾ ਕਿ ਸਿਧਾਂਤ ਪਿੱਛੇ ਚੋਣ ਛੱਡ ਸਕਦੇ ਹਾਂ, ਸਿਧਾਂਤ ਨਹੀਂ ਛੱਡ ਸਕਦੇ।"
ਇਹ ਵੀ ਪੜ੍ਹੋ-
ਇਹ ਵੀ ਦੇਖੋ