You’re viewing a text-only version of this website that uses less data. View the main version of the website including all images and videos.
ਦਿੱਲੀ ਅੱਗ ਹਾਦਸਾ: 'ਇਹ ਕਿਹੋ ਜਿਹਾ ਰੰਗ ਹੋਇਆ ਜਿਸ ਨੇ ਜ਼ਿੰਦਗੀ ਦਾ ਰੰਗ ਉਜਾੜ ਦਿੱਤਾ'
- ਲੇਖਕ, ਅਨੰਤ ਪ੍ਰਕਾਸ਼
- ਰੋਲ, ਬੀਬੀਸੀ ਪੱਤਰਕਾਰ
ਮਹੰਮਦ ਬਬਲੂ, ਮੁਹੰਮਦ ਅਫ਼ਸਾਦ ਅਤੇ ਮੁਹੰਮਦ ਮੁਸ਼ੱਰਫ਼।
ਇਹ ਉਹ ਨਾਮ ਹਨ ਜੋ ਸ਼ਨੀਵਾਰ ਦੀ ਸ਼ਾਮ ਤੱਕ ਜ਼ਿੰਦਾ ਸਨ। ਅੱਖਾਂ ਵਿੱਚ ਆਪੋ-ਆਪਣੇ ਸੰਘਰਸ਼, ਸੁਪਨੇ ਅਤੇ ਔਕੜਾਂ ਦੇ ਨਾਲ ਜੀਅ ਰਹੇ ਸਨ।
ਇਹ ਬਿਹਾਰ ਵਿੱਚ ਆਪਣੇ ਪਿੰਡਾਂ ਤੋਂ ਹਜ਼ਾਰ ਕਿੱਲੋਮੀਟਰ ਦਾ ਸਫ਼ਰ ਤੈਅ ਕਰਕੇ ਦਿੱਲੀ ਦੇ ਇੱਕ ਕਾਰਖਾਨੇ ਵਿੱਚ ਰੋਜ਼ਾਨਾ 12 ਤੋਂ 15 ਘੰਟੇ ਕੰਮ ਕਰ ਰਹੇ ਸਨ।
ਇਹ ਜਿੱਥੇ ਕੰਮ ਕਰਦੇ ਸਨ, ਉੱਥੇ ਹੀ ਥਾਂ ਬਣਾ ਕੇ ਸੌਂ ਜਾਂਦੇ ਸਨ। ਜਿੰਨਾ ਕਮਾਉਂਦੇ ਸਨ, ਉਸ ਵਿੱਚੋਂ ਜ਼ਿਆਦਾਤਰ ਹਿੱਸਾ ਆਪਣੇ ਪਿੰਡ ਭੇਜ ਦਿੰਦੇ ਸਨ ਤਾਂ ਜੋ ਇਹ ਆਪਣੇ ਮਾਂ-ਬਾਪ ਅਤੇ ਬੱਚਿਆਂ ਨੂੰ ਦੋ ਵੇਲੇ ਦੀ ਰੋਟੀ ਦੇ ਸਕਣ।
ਪਰ ਐਤਵਾਰ ਦੀ ਸਵੇਰ ਅਨਾਜ ਮੰਡੀ ਇਲਾਕੇ ਵਿੱਚ ਸਕੂਲ ਬੈਗ ਤੇ ਪਲਾਸਟਿਕ ਬਣਾਉਣ ਵਾਲੀ ਫੈਕਟਰੀ ਵਿੱਚ ਲੱਗੀ ਭਿਆਨਕ ਅੱਗ ਵਿੱਚ ਇਨ੍ਹਾਂ ਚਾਰਾਂ ਸਮੇਤ 43 ਲੋਕਾਂ ਦੀ ਮੌਤ ਹੋ ਗਈ।
ਅਤੇ ਇਹ ਨਾਮ ਸਰਕਾਰੀ ਫਾਈਲਾਂ ਵਿੱਚ ਕੈਦ ਹੋ ਗਏ। ਮਰਨ ਵਾਲਿਆਂ ਵਿੱਚ ਬੱਚੇ ਵੀ ਸ਼ਾਮਲ ਹਨ। ਕਈ ਅਜਿਹੇ ਪਰਿਵਾਰ ਹਨ, ਜਿਨ੍ਹਾਂ ਵਿੱਚ ਹੁਣ ਕਮਾਉਣ ਵਾਲਾ ਕੋਈ ਨਹੀਂ ਬਚਿਆ।
ਇਹ ਵੀ ਪੜ੍ਹੋ:
'ਪੈਸਾ ਕਮਾ ਕੇ, ਭਰਾ ਦਾ ਵਿਆਹ ਕਰਵਾਉਣਾ ਸੀ'
ਇਹ ਕਹਾਣੀ 20 ਸਾਲਾ ਮੁਹੰਮਦ ਬਬਲੂ ਦੀ ਹੈ, ਜੋ ਬਿਹਾਰ ਦੇ ਮੁਜ਼ੱਫਰਪੁਰ ਤੋਂ ਕੰਮ ਕਰਨ ਦਿੱਲੀ ਆਇਆ ਸੀ।
ਬਬਲੂ ਦੇ ਭਰਾ ਮੁਹੰਮਦ ਹੈਦਰ ਦਾ ਆਪਣੇ ਭਰਾ ਦੇ ਗ਼ਮ ਵਿੱਚ ਰੋ-ਰੋ ਕੇ ਬੁਰਾ ਹਾਲ ਹੈ।
ਹੈਦਰ ਦੱਸਦੇ ਹਨ, "ਮੇਰਾ ਭਰਾ ਮੇਰੇ ਨਾਲ ਬਹੁਤ ਪਿਆਰ ਕਰਦਾ ਸੀ। ਬਹੁਤ ਚੰਗਾ ਸੀ। ਕੰਮ 'ਤੇ ਆਉਣ ਤੋਂ ਪਹਿਲਾਂ ਕਹਿੰਦਾ ਸੀ ਭਰਾ ਅਸੀਂ ਦੋਵੇਂ ਮਿਲ ਕੇ ਕੰਮ ਕਰਾਂਗੇ ਤੇ ਘਰ ਪੇਂਟ ਕਰਾਂਗੇ। ਫਿਰ ਵਿਆਹ ਕਰਾਵਾਂਗੇ। ਇਹ ਕਿਹੋ ਜਿਹਾ ਰੰਗ ਹੋਇਆ ਕਿ ਮੇਰੀ ਜ਼ਿੰਦਗੀ ਦਾ ਰੰਗ ਹੀ ਉੱਜੜ ਗਿਆ।''
ਬਬਲੂ ਦਾ ਭਰਾ ਮੁਹੰਮਦ ਹੈਦਰ ਵੀ ਪਿਛਲੇ ਕਾਫ਼ੀ ਸਾਲਾਂ ਤੋਂ ਦਿੱਲੀ ਵਿੱਚ ਇਲੈਕਟ੍ਰਿਕ ਰਿਕਸ਼ਾ ਚਲਾਉਂਦੇ ਹਨ। ਭਰਾ ਦੇ ਪਿੱਛੇ ਹੀ ਬਬਲੂ ਵੀ ਪੈਸੇ ਕਮਾਉਣ ਕੁਝ ਸਮਾਂ ਪਹਿਲਾਂ ਦਿੱਲੀ ਆਇਆ ਸੀ।
ਬਬਲੂ ਦੇ ਭਰਾ ਮੁਹੰਮਦ ਹੈਦਰ ਨੂੰ ਅਫਸੋਸ ਇਸ ਗੱਲ ਦਾ ਹੈ ਕਿ ਉਹ ਸਮਾਂ ਰਹਿੰਦਿਆਂ ਹੀ ਘਟਨਾ ਵਾਲੀ ਥਾਂ 'ਤੇ ਪਹੁੰਚ ਗਏ ਸਨ ਪਰ ਆਪਣੇ ਭਰਾ ਨੂੰ ਬਚਾ ਨਹੀਂ ਸਕੇ।
ਹੈਦਰ ਕਹਿੰਦੇ ਹਨ, "ਮੈਂ ਪਹੁੰਚ ਤਾਂ ਗਿਆ ਸੀ। ਇਸੇ ਦੌਰਾਨ ਕਿਸੇ ਨੇ ਕਿਹਾ ਤੁਹਾਡਾ ਭਰਾ ਨਿੱਕਲ ਗਿਆ ਹੈ। ਮੈਨੂੰ ਥੋੜੀ ਰਾਹਤ ਮਿਲੀ। ਮੈਂ ਤਾਂ ਤਿੰਨ ਚਾਰ ਲੋਕਾਂ ਨੂੰ ਬਚਾਇਆ ਵੀ ਪਰ ਮੇਰਾ ਭਰਾ ਅੰਦਰ ਰਹਿ ਗਿਆ। ਉਸ ਤੱਕ ਮੈਂ ਪਹੁੰਚ ਨਹੀਂ ਸਕਿਆ। ਜਦੋਂ ਮਿਲਿਆ ਤਾਂ ਮੁਰਦਾਘਰ ਵਿੱਚ ਪਿਆ ਸੀ।"
ਬਬਲੂ ਅਤੇ ਉਨ੍ਹਾਂ ਦੇ ਭਰਾਵਾਂ ਨੇ ਪੈਸਾ ਜੋੜ ਕੇ ਆਪਣੇ ਲਈ ਇੱਕ ਘਰ ਖੜ੍ਹਾ ਕੀਤਾ ਸੀ।
ਬਬਲੂ ਹੁਣ ਆਪਣੀ ਮਿਹਨਤ ਦੀ ਕਮਾਈ ਨਾਲ ਇਸ ਘਰ ਨੂੰ ਰੰਗ ਕਰਵਾ ਕੇ ਆਪਣੇ ਵੱਡੇ ਭਰਾ ਦਾ ਵਿਆਹ ਕਰਵਾਉਣਾ ਚਾਹੁੰਦਾ ਸੀ।
ਬਬਲੂ ਨੂੰ ਅਜੇ ਵਾਧੂ ਪੈਸੇ ਨਹੀਂ ਮਿਲਦੇ ਸੀ ਕਿਉਂਕੀ ਕੰਮ ਨਵਾਂ-ਨਵਾਂ ਸ਼ੁਰੂ ਕੀਤਾ ਸੀ ਪਰ ਕੁਝ ਸਾਲ ਬਾਅਦ ਤੱਕ ਜੇਕਰ ਉਹ ਇਹੀ ਕੰਮ ਕਰਦਾ ਰਹਿੰਦਾ ਤਾਂ ਉਸ ਦੀ ਮਹੀਨੇ ਦੀ ਕਮਾਈ 15-20 ਹਜ਼ਾਰ ਤੱਕ ਪਹੁੰਚ ਸਕਦੀ ਸੀ।
ਇਸ ਭਿਆਨਕ ਅੱਗ ਵਿੱਚ ਬਬਲੂ ਸਮੇਤ ਉਸ ਦੇ ਹੀ ਘਰ ਅਤੇ ਪਿੰਡ ਦੇ ਪੰਜ-ਛੇ ਲੋਕਾਂ ਦੀ ਮੌਤ ਹੋਈ ਹੈ।
ਇਹ ਵੀ ਪੜ੍ਹੋ:
'ਭਰਾ ਨੂੰ ਬੁਲਾਇਆ ਸੀ ਕੰਮ ਸਿਖਾਉਣ ਲਈ'
ਮੁਹੰਮਦ ਅਫਸਾਦ ਦੀ ਕਹਾਣੀ ਵੀ ਬਬਲੂ ਅਤੇ ਉਸ ਦੇ ਪਰਿਵਾਰ ਵਰਗੀ ਹੈ।
ਮੁਹੰਮਦ ਅਫਸਾਦ ਦਿੱਲੀ ਵਿੱਚ ਪਿਛਲੇ ਕਾਫ਼ੀ ਸਮੇਂ ਤੋਂ ਕੰਮ ਕਰ ਰਹੇ ਸੀ।
ਬਿਹਾਰ ਦੇ ਸਹਿਰਸਾ ਨਾਲ ਸਬੰਧ ਰੱਖਣ ਵਾਲੇ 28 ਸਾਲਾ ਮੁਹੰਮਦ ਅਫਸਾਦ ਇਸੇ ਕਾਰਖਾਨੇ ਵਿੱਚ ਕੰਮ ਕਰਦੇ ਸਨ ਅਤੇ ਆਪਣੇ 20 ਸਾਲਾ ਭਰਾ ਨੂੰ ਵੀ ਕੰਮ ਸਿਖਾਉਣ ਲਈ ਇੱਥੇ ਬੁਲਾਇਆ ਸੀ।
ਅਫ਼ਸਾਦ ਆਪਣੇ ਘਰ ਵਿੱਚ ਇਕੱਲੇ ਕਮਾਉਣ ਵਾਲੇ ਸ਼ਖ਼ਸ ਸਨ। ਉਨ੍ਹਾਂ ਦੇ ਘਰ ਵਿੱਚ ਉਨ੍ਹਾਂ ਦੀ ਪਤਨੀ, ਦੋ ਬੱਚੇ ਅਤੇ ਬੁੱਢੇ ਮਾਂ-ਬਾਪ ਹਨ।
ਅਫ਼ਸਾਦ ਦੀ ਮੌਤ ਦੀ ਖ਼ਬਰ ਸੁਣ ਕੇ ਭੱਜੇ ਆਏ ਉਨ੍ਹਾਂ ਦੇ ਭਰਾ ਮੁਹੰਮਦ ਸੱਦਾਮ ਦੱਸਦੇ ਹਨ, "ਇਹ ਸਾਡੇ ਚਾਚੇ ਦਾ ਮੁੰਡਾ ਸੀ। ਮੈਂ ਵੀ ਕਾਰਖ਼ਾਨੇ ਵਿੱਚ ਕੰਮ ਕਰਦਾ ਹਾਂ ਅਤੇ ਇਹ ਵੀ ਕਰਦਾ ਸੀ। ਆਪਣਾ ਪਿੰਡ ਤੇ ਘਰ ਛੱਡ ਕੇ ਦਿੱਲੀ ਆਇਆ ਸੀ ਕਿ ਕੁਝ ਕਮਾ ਸਕੀਏ। ਮੇਰਾ ਭਰਾ ਬਹੁਤ ਮਿਹਨਤੀ ਸੀ। ਹੁਣ ਕੌਣ ਹੈ ਇਸਦੇ ਪਰਿਵਾਰ ਵਿੱਚ। ਸਿਰਫ਼ ਇੱਕ ਮੁੰਡਾ ਹੀ ਬਚਿਆ ਹੈ ਅਤੇ ਉਹ ਵੀ 20 ਸਾਲ ਦਾ ਹੈ। ਦੱਸੋ ਹੁਣ ਅੱਗੇ ਕੀ ਹੋਵੇਗਾ।''
ਮੁਹੰਮਦ ਅਫ਼ਸਾਦ ਸੋਮਵਾਰ ਨੂੰ ਆਪਣੇ ਪਿੰਡ ਜਾਣ ਵਾਲੇ ਸਨ। ਉਨ੍ਹਾਂ ਨੇ ਟਿਕਟ ਵੀ ਕਰਾ ਲਈ ਸੀ।
ਐਤਵਾਰ ਨੂੰ ਉਹ ਆਪਣੇ ਭਰਾ ਦੇ ਨਾਲ ਮਿਲ ਕੇ ਕੁਝ ਖਰੀਦਦਾਰੀ ਵੀ ਕਰਨ ਵਾਲੇ ਸਨ।
ਪਰ ਹੁਣ ਸੋਮਵਾਰ ਨੂੰ ਬਿਹਾਰ ਜਾਣ ਵਾਲੇ ਰੇਲ ਗੱਡੀ ਵਿੱਚ ਮੁਹੰਮਦ ਅਫ਼ਸਾਦ ਦੇ ਨਾਮ ਦੀ ਸੀਟ ਖਾਲੀ ਜਾਵੇਗੀ।
ਅਤੇ ਇਹ ਖਾਲੀਪਣ ਹਮੇਸ਼ਾ ਲਈ ਉਨ੍ਹਾਂ ਦੇ ਘਰ-ਪਰਿਵਾਰ ਵਿੱਚ ਹਮੇਸ਼ਾ ਲਈ ਸਮਾ ਜਾਵੇਗਾ।
ਇਹ ਵੀ ਪੜ੍ਹੋ:
'ਤਿੰਨ ਧੀਆਂ ਅਤੇ ਦੋ ਭੈਣਾਂ'
ਬਿਹਾਰ ਤੋਂ ਇਲਾਵਾ ਇਸ ਕਾਰਖਾਨੇ ਵਿੱਚ ਉੱਤਰ ਪ੍ਰਦੇਸ਼ ਦੇ ਵੀ ਕੁਝ ਨੌਜਵਾਨ ਕੰਮ ਕਰਦੇ ਸਨ।
ਮੁਹੰਮਦ ਮੁਸ਼ੱਰਫ ਵੀ ਅਜਿਹੇ ਹੀ ਲੋਕਾਂ ਵਿੱਚ ਸ਼ਾਮਲ ਸਨ।
ਮੁਸ਼ਰਫ਼ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਵਿੱਚ ਕਮਾਉਣ ਵਾਲਾ ਕੋਈ ਨਹੀਂ ਬਚਿਆ। ਮੌਤ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਦੋਸਤ ਨੂੰ ਫੋਨ ਕਰਕੇ ਕਿਹਾ ਸੀ ਕਿ ਉਹ ਅੱਗ ਵਿੱਚ ਫਸ ਗਏ ਹਨ ਅਤੇ ਆਪਣੇ ਦੋਸਤ ਤੋਂ ਵਾਅਦਾ ਲਿਆ ਸੀ ਕਿ ਉਹ ਉਸਦੇ ਪਰਿਵਾਰ ਦਾ ਧਿਆਨ ਰੱਖੇ।
ਲੋਕ ਨਾਇਕ ਜੈਪ੍ਰਕਾਸ਼ ਹਸਪਤਾਲ ਦੇ ਮੁਰਦਾਘਰ ਵਿੱਚ ਉਨ੍ਹਾਂ ਦੀ ਸ਼ਨਾਖ਼ਤ ਕਰਨ ਆਏ ਉਨ੍ਹਾਂ ਦੇ ਫੁੱਫੜ ਦੱਸਦੇ ਹਨ, "ਮੁਸ਼ੱਰਫ਼ ਅਜੇ ਦੋ ਦਿਨ ਪਹਿਲਾਂ ਹੀ ਪਿੰਡ ਤੋਂ ਆਇਆ ਸੀ।"
ਉਹ ਦੱਸਦੇ ਹਨ ਕਿ ਮੁਸ਼ਰਫ਼ 2007 ਤੋਂ ਦਿੱਲੀ 'ਚ ਕੰਮ ਕਰਦਾ ਸੀ। ਪਰ ਇਸ ਫੈਕਟਰੀ 'ਚ ਕਦੋਂ ਤੋਂ ਕੰਮ ਕਰ ਰਿਹਾ ਸੀ ਇਸ ਬਾਰੇ ਜਾਣਕਾਰੀ ਨਹੀਂ ਸੀ।
"ਮੁਸ਼ਰਫ ਨੇ ਕੁਝ ਸਮਾਂ ਪਹਿਲਾਂ ਆਪਣੀ ਭੈਣ ਦਾ ਵਿਆਹ ਕਰਵਾਉਣ ਲਈ ਭੂਮੀ ਵਿਕਾਸ ਬੈਂਕ ਦਾ ਲੋਨ ਲਿਆ ਸੀ। ਹੁਣ ਬੈਂਕ ਵਾਲੇ ਪ੍ਰੇਸ਼ਾਨ ਕਰ ਰਹੇ ਸਨ। ਇਸ ਕਾਰਨ ਉਹ ਘਰ ਗਿਆ ਸੀ। ਪਿੰਡ ਵਿੱਚ ਉਸ ਨੇ ਕੁਝ ਜ਼ਮੀਨ ਵੇਚ ਕੇ ਆਪਣਾ ਕਰਜ਼ਾ ਚੁਕਾਇਆ ਅਤੇ ਮੁੜ ਕਮਾਉਣ ਲਈ ਦਿੱਲੀ ਪਰਤ ਆਇਆ।"
ਇਹ ਉਨ੍ਹਾਂ ਵਿੱਚੋਂ ਕੁਝ ਲੋਕਾਂ ਦੀਆਂ ਕਹਾਣੀਆਂ ਹਨ ਜਿਨ੍ਹਾਂ ਦੇ ਰਿਸ਼ਤੇਦਾਰ ਦਿੱਲੀ ਪਹੁੰਚ ਕੇ ਲਾਸ਼ਾਂ ਦੀ ਸ਼ਨਾਖ਼ਤ ਕਰ ਸਕੇ ਹਨ।
ਕਿਉਂਕਿ ਅਜੇ ਵੀ ਦਰਜਨ ਭਰ ਪਰਿਵਾਰ ਅਜਿਹੇ ਹਨ ਜਿਨ੍ਹਾਂ ਦੇ ਪਰਿਵਾਰ ਵਾਲੇ ਆਪੋ-ਆਪਣੇ ਪਿੰਡੋਂ ਕਿਸੇ ਨਾ ਕਿਸੇ ਤਰੀਕੇ ਦਿੱਲੀ ਪਹੁੰਚ ਰਹੇ ਹਨ ਅਤੇ ਉਨ੍ਹਾਂ ਨੂੰ ਪਤਾ ਨਹੀਂ ਕਿ ਉਨ੍ਹਾਂ ਦੇ ਘਰ ਵਾਲੇ ਜ਼ਿੰਦਾ ਹਨ ਵੀ ਜਾਂ ਨਹੀਂ।
ਇੱਕ ਪਰਿਵਾਰ ਦੇ ਦੋ ਬੇਟੇ, ਇਕੱਠੇ...
ਮੋਮਿਨਾ ਅਤੇ ਰੁਖ਼ਸਾਨਾ ਦੇ ਦੋ ਰਿਸ਼ਤੇਦਾਰ (ਦੋ ਭਰਾ) ਇਸ ਹਾਦਸੇ ਦਾ ਸ਼ਿਕਾਰ ਹੋ ਗਏ ਹਨ।
ਬਿਹਾਰ ਦੇ ਸਹਿਰਸਾ ਜ਼ਿਲ੍ਹੇ ਦੇ ਨਰਿਆਰ ਦਾ ਇਹ ਪਰਿਵਾਰ ਦਿੱਲੀ ਵਿੱਚ ਰਹਿੰਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇੱਕ ਭਰਾ ਦੀ ਮੌਤ ਹੋ ਗਈ ਹੈ ਜਦਕਿ ਇੱਕ ਭਰਾ ਨਾਲ ਹੁਣ ਤੱਕ ਉਹ ਮੁਲਾਕਾਤ ਨਹੀਂ ਕਰ ਸਕੀਆਂ ਹਨ।
ਉਹ ਕਹਿੰਦੀ ਹੈ, "ਦੋਵੇਂ ਭਰਾ ਜੈਕਟ ਸੀਉਣ ਦਾ ਕੰਮ ਕਰਦੇ ਸਨ ਅਤੇ ਮਿਲ ਕੇ 20-25 ਹਜ਼ਾਰ ਮਹੀਨਾ ਕਮਾ ਲੈਂਦੇ ਸਨ। ਉਨ੍ਹਾਂ ਦੀ ਹੀ ਕਮਾਈ ਨਾਲ ਘਰ ਚਲਦਾ ਸੀ। ਉਨ੍ਹਾਂ ਦੇ ਪਿਤਾ ਕਮਾਉਣ ਵਾਲੀ ਹਾਲਤ ਵਿੱਚ ਨਹੀਂ ਹਨ। ਪਰਿਵਾਰ ਵਿੱਚ ਇਨ੍ਹਾਂ ਦੋਵਾਂ ਤੋਂ ਇਲਾਵਾ ਚਾਰ ਭੈਣ-ਭਰਾ ਹਨ ਜੋ ਉਨ੍ਹਾਂ 'ਤੇ ਹੀ ਨਿਰਭਰ ਹਨ।"
ਦੋਵੇਂ ਕਹਿੰਦੀਆਂ ਹਨ ਕਿ ਉਨ੍ਹਾਂ ਨੇ ਅਜੇ ਲਾਸ਼ ਨੂੰ ਬਿਹਾਰ ਲੈ ਕੇ ਜਾਣਾ, ਉਨ੍ਹਾਂ ਦੇ ਵਸ ਦੀ ਗੱਲ ਨਹੀਂ ਹੈ ਕਿਉਂਕਿ ਉਨ੍ਹਾਂ ਕੋਲ ਪੈਸੇ ਨਹੀਂ ਹਨ।
ਇਹ ਵੀ ਪੜ੍ਹੋ-
ਇਹ ਵੀਡੀਓਜ਼ ਵੀ ਦੇਖੋ