ਦਿੱਲੀ: ਅਨਾਜ ਮੰਡੀ ਦੀ ਉਸੇ ਇਮਾਰਤ ਵਿੱਚ ਅੱਜ ਮੁੜ ਤੋਂ ਲੱਗੀ ਅੱਗ

ਨਿਊਜ਼ ਏਜੰਸੀ ਏਐਨਆਈ ਦੇ ਹਵਾਲੇ ਨਾਲ ਖ਼ਬਰ ਹੈ ਕਿ ਅੱਜ ਮੁੜ ਤੋਂ ਦਿੱਲੀ ਦੇ ਰਾਣੀ ਝਾਂਸੀ ਰੋਡ ਦੀ ਅਨਾਜ ਮੰਡੀ ਦੀ ਉਸੇ ਇਮਾਰਤ ਵਿੱਚ ਅੱਗ ਲੱਗੀ ਹੈ, ਜਿੱਥੇ ਬੀਤੇ ਦਿਨੀਂ ਅੱਗ ਲੱਗਣ ਕਾਰਨ 43 ਮੌਤਾਂ ਹੋਈਆਂ ਸਨ।

ਅੱਗ ਬੁਝਾਉਣ ਦੇ ਲਈ ਫਾਇਗ ਬ੍ਰਿਗੇਡ ਦੀਆਂ 4 ਗੱਡੀਆਂ ਮੌਕੇ 'ਤੇ ਪਹੁੰਚੀਆਂ ਹੋਈਆਂ ਹਨ।

ਦਿੱਲੀ ਫਾਇਰ ਬ੍ਰਿਗੇਡ ਦੇ ਮੁਖੀ ਅਤੁਲ ਗਰਗ ਨੇ ਦੱਸਿਆ, ''ਪਤਲੀ ਗਲੀ ਹੋਣ ਕਰਕੇ ਫਾਇਰ ਬ੍ਰਿਗੇਡ ਦੀ ਗੱਡੀ ਜਾਂ ਐਂਬੂਲੈਂਸ ਅੰਦਰ ਤੱਕ ਨਹੀਂ ਜਾ ਸਕੀ। ਇਸ ਲਈ ਬਚਾਅ ਕਰਮੀ ਜ਼ਖ਼ਮੀਆਂ ਨੂੰ ਆਪਣੇ ਮੋਢੇ 'ਤੇ ਚੁੱਕ ਕੇ ਲਿਆਏ।''

ਗਰਗ ਨੇ ਦੱਸਿਆ ਕਿ ਜਿਸ ਇਮਾਰਤ ਵਿੱਚ ਅੱਗ ਲੱਗੀ ਹੈ ਉਸ ਵਿੱਚ ਕਾਫ਼ੀ ਜ਼ਿਆਦਾ ਸੰਖਿਆ ਵਿੱਚ ਕਾਗਜ਼ ਅਤੇ ਗੱਤੇ ਰੱਖੇ ਹੋਏ ਸਨ ਜਿਸਦੇ ਕਾਰਨ ਧੂੰਆਂ ਪੈਦਾ ਹੋ ਗਿਆ, ਧੂੰਏ ਕਰਕੇ ਲੋਕਾਂ ਨੂੰ ਬਚਾਉਣ ਵਿੱਚ ਵਧੇਰੇ ਪ੍ਰੇਸ਼ਾਨੀ ਹੋਈ।

ਸਰਚ ਆਪ੍ਰੇਸ਼ਨ ਵਿੱਚ ਸ਼ਾਮਲ ਇੱਕ ਅਧਿਕਾਰੀ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਕਿ ਹੁਣ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ, ਤਲਾਸ਼ੀ ਮੁਹਿੰਮ ਵੀ ਪੂਰੀ ਕਰ ਲਈ ਗਈ ਹੈ।

ਚਸ਼ਮਦੀਦਾਂ ਨੇ ਕੀ ਕਿਹਾ?

ਇਸ ਹਾਸਦੇ ਵਿੱਚ ਜ਼ਿਆਦਾਤਰ ਉਨ੍ਹਾਂ ਨੌਜਵਾਨਾਂ ਦੀ ਮੌਤ ਹੋਈ ਹੈ ਜੋ ਹਜ਼ਾਰਾਂ ਕਿੱਲੋਮੀਟਰ ਦੂਰ ਤੋਂ ਰੋਜ਼ੀ ਰੋਟੀ ਦੀ ਭਾਲ ਵਿੱਚ ਦਿੱਲੀ ਦੀਆਂ ਇਨ੍ਹਾਂ ਤੰਗ ਗਲੀਆਂ ਵਿੱਚ ਆਪਣੀ ਜ਼ਿੰਦਗੀ ਗੁਜ਼ਾਰ ਰਹੇ ਸਨ।

ਇਸ ਘਟਨਾ ਵਿੱਚ ਮਾਰੇ ਗਏ ਦਰਜਨਾਂ ਮੁੰਡੇ ਬਿਹਾਰ ਤੋਂ ਆਏ ਸਨ।

ਬੀਬੀਸੀ ਪੱਤਰਕਾਰ ਅਨੰਤ ਪ੍ਰਕਾਸ਼ ਨੂੰ ਆਰਿਫ਼ ਨਾਂ ਦੇ ਸ਼ਖਸ ਨੇ ਦੱਸਿਆ, ''ਮੈਂ ਪੰਜਾਹ ਦਿਨ ਪਹਿਲਾਂ ਇਸੇ ਬਿਲਡਿੰਗ ਵਿੱਚ ਕੰਮ ਕਰਦਾ ਸੀ। ਇਸ ਬਿਲਡਿੰਗ ਵਿੱਚ ਮੇਰੀ ਜਾਣ ਪਛਾਣ ਦੇ ਕਈ ਲੋਕ ਕੰਮ ਕਰਦੇ ਸਨ। ਕੋਈ ਬਿਹਾਰ ਦੇ ਮੋਤੀਹਾਰੀ ਦਾ ਸੀ ਤਾਂ ਕੋਈ ਕਟਿਹਾਰ ਦਾ।''

ਆਰਿਫ਼ ਨੇ ਅੱਗੇ ਦੱਸਿਆ ਕਿ ਇਹ ਮੁੰਡੇ ਜਿੱਥੇ ਕੰਮ ਕਰਦੇ ਸਨ ਰਾਤ ਹੋਣ ਮਗਰੋਂ ਉੱਥੇ ਹੀ ਥੋੜੀ ਬਹੁਤ ਥਾਂ ਲੱਭ ਕੇ ਸੌਂ ਜਾਂਦੇ ਸਨ। ਉੱਥੇ ਪਲਾਸਟਿਕ ਤੋਂ ਲੈ ਕੇ ਹੋਰ ਕੱਚਾ ਮਾਲ ਪਿਆ ਰਹਿੰਦਾ ਸੀ।

ਆਰਿਫ਼ ਮੁਤਾਬਕ, ''ਇੱਥੇ ਕੰਮ ਕਰਨ ਵਾਲੇ ਮੁੰਡਿਆਂ ਦੀ ਉਮਰ 17 ਤੋਂ 22 ਸਾਲ ਦੀ ਰਹੀ ਹੋਵੇਗੀ। ਇਹ ਸਾਰੇ ਮੇਰੇ ਜਾਣ ਪਛਾਣ ਵਾਲੇ ਸਨ ਪਰ ਹੁਣ ਕੋਈ ਨਹੀਂ ਦਿਖ ਰਿਹਾ। ਅਸੀਂ ਵੀ ਇੱਥੇ ਕੰਮ ਕਰਦੇ ਸੀ ਪਰ ਸ਼ਾਰਟ ਸਰਕਿਟ ਵਰਗੀਆਂ ਦਿੱਕਤਾਂ ਕਾਰਨ ਕੰਮ ਛੱਡ ਦਿੱਤਾ।''

ਤਰੀਬਨ 18-19 ਸਾਲ ਦੇ ਮਜ਼ਦੂਰ ਬ੍ਰਜੇਸ਼ ਕੁਮਾਰ ਨੇ ਦੱਸਿਆ, ''ਮੇਰੇ ਜਾਣ ਪਛਾਣ ਵਾਲਿਆਂ ਦਾ ਫੋਨ ਨਹੀਂ ਲੱਗ ਰਿਹਾ। ਪਤਾ ਨਹੀਂ ਲੱਗ ਰਿਹਾ ਕਿ ਕਿੰਨੇ ਮੁੰਡੇ ਜ਼ਿੰਦਾ ਬਚੇ ਹਨ ਅਤੇ ਕਿੰਨੇ ਨਹੀਂ।''

ਥੋੜ੍ਹੀ ਦੇਰ ਬਾਅਦ ਘਟਨਾ ਵਾਲੀ ਥਾਂ 'ਤੇ ਦਿਨੇਸ਼ ਕੁਮਾਰ ਦਾਸ ਨਾਲ ਮੁਲਾਕਾਤ ਹੋਈ। ਉਹ ਬਿਹਾਰ ਦੇ ਮਧੁਬਨੀ ਦੇ ਰਹਿਣ ਵਾਸਲੇ ਹਨ ਅਤੇ ਮਜ਼ਦੂਰੀ ਕਰਕੇ ਗੁਜ਼ਾਰਾ ਚਲਾਉਂਦੇ ਹਨ।

ਉਹ ਦੱਸਦੇ ਹਨ, ''ਸਵੇਰੇ ਮੈਂ ਆਪਣੇ ਭਰਾ ਦੇ ਸਾਲੇ ਨੂੰ ਮਿਲਿਆ ਸੀ ਜੋ ਇੱਥੇ ਹੀ ਕੰਮ ਕਰਦਾ ਸੀ। ਜਦੋਂ ਅੱਗ ਲੱਗੀ ਤਾਂ ਲੋਕਾਂ ਨੇ ਉਸ ਨੂੰ ਕਿਹਾ ਉਹ ਜਾਨ ਬਚਾਉਣ ਲਈ ਛੱਜੇ ਤੋਂ ਛਾਲ ਮਾਰ ਦੇਵੇ। ਲੋਕਾਂ ਦੀ ਗੱਲ ਮੰਨ ਕੇ ਉਸਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ।''

ਇਹ ਵੀ ਪੜ੍ਹੋ:

ਮੌਕੇ 'ਤੇ ਪਹੁੰਚੇ ਬੀਬੀਸੀ ਪੱਤਰਕਾਰ ਦਿਲਨਵਾਜ਼ ਪਾਸ਼ਾ ਨੂੰ ਇੱਕ ਚਸ਼ਮਦੀਦ ਨੇ ਦੱਸਿਆ, ''ਸਵੇਰੇ ਸਾਢੇ ਤਿੰਨ ਵਜੇ ਸਾਨੂੰ ਬਚਾਓ ਸਾਨੂੰ ਬਚਾਓ ਦੀਆਂ ਆਵਾਜ਼ਾਂ ਗੂੰਜਣ ਲੱਗੀਆਂ। ਮੈਂ ਛੱਤ ਤੇ ਆ ਕੇ ਦੇਖਿਆ ਤਾਂ ਇੰਨੀ ਭਿਆਨਕ ਅੱਗ ਲੱਗੀ ਸੀ ਜਿਵੇਂ ਜੰਗਲ ਵਿੱਚ ਅੱਗ ਲੱਗ ਗਈ ਹੋਵੇ। ਅਸੀਂ ਪਾਣੀ ਸੁੱਟਿਆ, ਪਾਈਪਾਂ ਰਾਹੀਂ ਮਦਦ ਕਰਨ ਦੀ ਕੋਸ਼ਿਸ਼ ਕੀਤੀ। ਮੈਂ ਉਨ੍ਹਾਂ ਨੂੰ ਵਾਰ ਵਾਰ ਕਹਿ ਰਿਹਾ ਸੀ ਕਿ ਕਿਸੇ ਤਰੀਕੇ ਤੁਸੀਂ ਛੱਤ 'ਤੇ ਆ ਜਾਓ ਇੱਥੇ ਬੱਚ ਜਾਓਗੇ ਪਰ ਉਹ ਹੱਥ ਹਿਲਾ ਕੇ ਕਹਿੰਦੇ ਰਹੇ ਕਿ ਸਾਨੂੰ ਬਚਾ ਲਓ।''

ਘਟਨਾ ਵਾਲੀ ਥਾਂ 'ਤੇ ਇੱਕ ਨੌਜਵਾਨ ਰੌਣਕ ਖਾਨ ਨੇ ਉਸ ਭਿਆਨਕ ਮੰਜ਼ਰ ਨੂੰ ਆਪਣੇ ਅੱਖੀਂ ਦੇਖਿਆ ਸੀ

ਰੌਨਕ ਮੁਤਾਬਕ, ''ਇਮਾਰਤ ਦੇ ਅੰਦਰ ਧੂਆਂ ਸੀ। ਪੁਲਿਸ ਅਤੇ ਲੋਕ ਖਿੜਕੀ ਤੋੜਨ ਦੀ ਕੋਸ਼ਿਸ਼ ਕਰ ਰਹੇ ਸਨ। ਖਿੜਕੀ 'ਚੋਂ ਹੱਥ ਕੱਢ ਕੇ ਇੱਕ ਸ਼ਖਸ ਚੀਕਦਾ ਰਿਹਾ ਪਰ ਉਸਦੀ ਜਾਨ ਚਲੀ ਗਈ।''

ਦੁਖ ਅਤੇ ਮੁਆਵਜ਼ੇ ਦੇ ਵਿਚਾਲੇ ਸਵਾਲ ਬਰਕਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਣੇ ਹਰ ਪਾਰਟੀ ਦੇ ਸਿਆਸਤਦਾਨਾਂ ਨੇ ਘਟਨਾ ਬਾਰੇ ਦੁਖ ਜ਼ਾਹਿਰ ਕੀਤਾ ਹੈ।

ਸੀਐਮ ਕੇਜਰੀਵਾਲ ਦਾ ਮ੍ਰਿਤਕਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਮੁਆਵਜ਼ੇ ਦਾ ਵੀ ਐਲਾਨ ਕੀਤਾ ਹੈ।

ਇਮਾਰਤ ਵਿੱਚ ਲੱਗੀ ਅੱਗ ਕਾਰਨ ਮਾਰੇ ਗਏ ਮੁੰਡਿਆਂ ਦੇ ਪਰਿਵਾਰ ਵਾਲਿਆ ਨੂੰ ਹੌਲੀ ਹੌਲੀ ਪਤਾ ਲੱਗ ਰਿਹਾ ਹੈ ਕਿ ਕੰਮ ਦੀ ਭਾਲ ਵਿੱਚ ਦਿੱਲੀ ਗਏ ਉਨ੍ਹਾਂ ਦੇ ਬੱਚੇ ਇਸ ਦੁਨੀਆਂ ਵਿੱਚ ਨਹੀਂ ਰਹੇ।

ਪਰ ਸਵਾਲ ਬਰਕਰਾਰ ਹੈ ਕਿ ਦੋ ਵਕਤ ਦੀ ਰੋਜ਼ੀ ਰੋਟੀ ਦੀ ਭਾਲ ਵਿੱਚ ਰਾਜਧਾਨੀ ਦਿੱਲੀ ਆਏ ਨੌਜਵਾਨਾਂ ਦੀ ਆਖਿਰ ਗਲਤੀ ਕੀ ਸੀ, ਜਿਸਦੀ ਵਜ੍ਹਾ ਨਾਲ ਧੂੰਏ ਅਤੇ ਅੱਗ ਵਿੱਚ ਉਹ ਚੀਕਾਂ ਮਾਰਦੇ ਰਹੇ ਅਤੇ ਉਨ੍ਹਾਂ ਦੀਆਂ ਜਾਨਾਂ ਚਲੀਆਂ ਗਈਆਂ।

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)