ਹੈਦਰਾਬਾਦ ‘ਐਨਕਾਊਂਟਰ’ ਦੇ ਜਸ਼ਨ ਵਿਚਾਲੇ ਇਹ 5 ਸਵਾਲ ਵੀ ਜ਼ਰੂਰੀ

    • ਲੇਖਕ, ਗੀਤਾ ਪਾਂਡੇ
    • ਰੋਲ, ਬੀਬੀਸੀ ਪੱਤਰਕਾਰ

ਹੈਦਰਾਬਾਦ ਰੇਪ-ਕਤਲ ਮਾਮਲੇ ਦੇ ਚਾਰਾਂ ਮੁਲਜ਼ਮਾਂ ਦਾ ਪੁਲਿਸ ਵੱਲੋਂ “ਐਨਕਾਊਂਟਰ” ਕਰਨ 'ਤੇ ਦੇਸ ਦੇ ਲੋਕਾਂ ਵੱਲੋਂ ਖੁਸ਼ੀ ਨਾਲ ਇਸ ਕਾਰਵਾਈ ਦਾ ਸਵਾਗਤ ਕੀਤਾ ਜਾ ਰਿਹਾ ਹੈ।

ਪੁਲਿਸ ਦੀ ਕਾਰਵਾਈ ਤੋਂ ਕੁਝ ਘੰਟੇ ਬਾਅਦ ਹੀ ਕਰੀਬ 2,000 ਲੋਕ ਘਟਨਾ ਵਾਲੀ ਥਾਂ 'ਤੇ ਇਕੱਠੇ ਹੋਏ ਅਤੇ ਜਸ਼ਨ ਮਨਾਉਣ ਲੱਗੇ। “ਪੁਲਿਸ ਜ਼ਿੰਦਾਬਾਦ” ਦੇ ਨਾਅਰੇ ਲੱਗੇ, ਮਿਠਾਈਆਂ ਵੰਡੀਆਂ ਜਾਣ ਲੱਗੀਆਂ ਅਤੇ ਉਸ ਥਾਂ 'ਤੇ ਫੁੱਲ ਵਰ੍ਹਾਏ ਗਏ ਜਿੱਥੇ 27-ਸਾਲਾ ਮਹਿਲਾ ਡਾਕਟਰ ਦੀ ਲਾਸ਼ ਮਿਲੀ ਸੀ।

ਉਸ ਦੇ ਗੁਆਂਢ ਵਿੱਚ ਵੀ ਵੱਡੀ ਗਿਣਤੀ 'ਚ ਲੋਕਾਂ ਨੇ ਇਕੱਠਾ ਹੋ ਕੇ ਪਟਾਕੇ ਚਲਾਏ ਅਤੇ ਮਿਠਾਈਆਂ ਵੰਡੀਆਂ। ਆਨਲਾਈਨ ਵੀ ਜਸ਼ਨ ਅਤੇ ਪੁਲਿਸ ਦਾ ਸਮਰਥਨ ਜਾਰੀ ਰਿਹਾ।

ਇਹ ਵੀ ਪੜ੍ਹੋ:

ਇੱਕ ਕਾਰਨ ਕਾਨੂੰਨ ਪ੍ਰਬੰਧ ਦਾ ਢਿੱਲਾ ਰਵੱਈਆ ਵੀ ਹੈ ਜਿੱਥੇ ਨਿਆਂ ਮਿਲਣ ਵਿੱਚ ਕਈ ਵਾਰ ਦਹਾਕੇ ਲੱਗ ਜਾਂਦੇ ਹਨ। ਲੱਖਾਂ ਮੁਕੱਦਮੇ ਅਜੇ ਵੀ ਅਦਾਲਤ ਵਿੱਚ ਲਟਕੇ ਹੋਏ ਹਨ। ਜਿਨ੍ਹਾਂ ਵਿੱਚ ਡੇਢ ਲੱਖ ਕੇਸ ਰੇਪ ਦੇ ਹੀ ਹਨ ਜਿਸ ਨੇ ਨਿਆਂ ਪ੍ਰਣਾਲੀ ਵਿੱਚ ਲੋਕਾਂ ਦੇ ਭਰੋਸੇ ਨੂੰ ਖ਼ਤਮ ਕਰ ਦਿੱਤਾ ਹੈ।

ਨਿਰਭਿਆ ਨੂੰ ਅਜੇ ਵੀ ਨਹੀਂ ਮਿਲਿਆ ਇਨਸਾਫ਼

ਇਸ ਦੀ ਸਭ ਤੋਂ ਵੱਡੀ ਉਦਾਹਰਣ ਹੈ ਦਿੱਲੀ ਗੈਂਗਰੇਪ। ਦਸੰਬਰ 2012 ਵਿੱਚ ਬੱਸ 'ਚ ਇੱਕ 23 ਸਾਲਾ ਕੁੜੀ ਦਾ ਗੈਂਗਰੇਪ ਕੀਤਾ ਗਿਆ ਸੀ ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ।

ਇਸ ਜੁਰਮ ਦੀਆਂ ਖ਼ਬਰਾਂ ਕੌਮਾਂਤਰੀ ਪੱਧਰ ਤੱਕ ਚੱਲੀਆਂ ਸਨ। ਰੇਪ ਨੂੰ ਲੈ ਕੇ ਸਖ਼ਤ ਕਾਨੂੰਨ ਬਣਾਉਣ ਲਈ ਸਰਕਾਰ ਨੂੰ ਮਜਬੂਰ ਹੋਣਾ ਪਿਆ।

ਇਸ ਸਭ ਦੇ ਬਾਵਜੂਦ ਉਸ ਪੀੜਤਾਂ ਨੂੰ ਇਨਸਾਫ਼ ਦੁਆਉਣ ਵਿੱਚ ਕਾਨੂੰਨ ਦਾ ਕੰਮ ਬੇਹੱਦ ਹੌਲੀ ਰਿਹਾ।

ਸੱਤ ਸਾਲ ਬਾਅਦ ਪੀੜਤਾ ਦੀ ਮਾਂ ਆਸ਼ਾ ਦੇਵੀ ਨੇ ਇਲਜ਼ਾਮ ਲਗਾਇਆ ਹੈ ਕਿ ਮੌਤ ਦੀ ਸਜ਼ਾ ਭੁਗਤ ਰਹੇ ਦੋਸ਼ੀ ਰਹਿਮ ਦੇ ਲਈ ਹਰ ਹਥਕੰਡਾ ਅਪਣਾ ਰਹੇ ਹਨ।

ਇਸ ਵਿੱਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਪੁਲਿਸ ਦੀ ਕਾਰਵਾਈ ਦੀ ਸਭ ਤੋਂ ਪਹਿਲਾਂ ਸ਼ਲਾਘਾ ਕਰਨ ਵਾਲੇ ਲੋਕਾਂ ਵਿੱਚ ਉਹ ਸ਼ਾਮਲ ਸੀ।

ਇਹ ਵੀ ਪੜ੍ਹੋ:

ਖ਼ਿਲਾਫ਼ ਲੋਕਾਂ ਦਾ ਗੁੱਸਾ

ਪਿਛਲੇ ਹਫ਼ਤੇ ਆਈ ਹੈਦਰਾਬਾਦ ਰੇਪ-ਕਤਲ ਰਿਪੋਰਟ ਤੋਂ ਬਾਅਦ ਬਹੁਤ ਸਾਰੇ ਲੋਕ ਆਪਣੀ ਉਸ ਭੜਾਸ ਨੂੰ ਮੁੜ ਕੱਢ ਰਹੇ ਸਨ, ਅਜਿਹੀ ਚਿੰਤਾ ਪ੍ਰਗਟਾਈ ਗਈ ਕਿ ਬਲਾਤਕਾਰ ਕਦੋਂ ਰੁਕਣਗੇ ਅਤੇ ਕਦੋਂ ਆਖ਼ਰ ਕਦੋਂ ਤੱਕ ਪੀੜਤ ਇਨਸਾਫ਼ ਲਈ ਭਟਕਦੇ ਰਹਿਣਗੇ।

ਪਿਛਲੇ ਕੁਝ ਸਾਲਾਂ ਵਿੱਚ ਇਸ ਨੇ ਅਜਿਹੀਆਂ ਫ਼ਿਲਮਾਂ ਨੂੰ ਵਧਾਵਾ ਦਿੱਤਾ ਹੈ ਜਿੱਥੇ ਪੁਲਿਸ ਵਾਲੇ ਬੇਰਹਿਮੀ ਨਾਲ ਗ਼ੈਰ-ਕਾਨੂੰਨੀ ਕਾਰਵਾਈ ਨੂੰ ਅੰਜਾਮ ਦਿੰਦੇ ਹਨ।

ਇਸ ਵਿੱਚ ਕੋਈ ਹੈਰਾਨ ਹੋਣ ਵਾਲੀ ਗੱਲ ਨਹੀਂ ਸੀ ਜਦੋਂ ਸ਼ੁੱਕਰਵਾਰ ਸਵੇਰੇ ਸ਼ੂਟਿੰਗ ਦੀ ਖ਼ਬਰ ਆਉਣ ਤੋਂ ਬਾਅਦ ਟਵਿੱਟਰ ਦੇ ਟੌਪ ਟਰੈਂਡਜ਼ 'ਚ #Singham ਚੱਲ ਰਿਹਾ ਸੀ। ਪੁਲਿਸ ਕਰਮੀਆਂ ਦੀ 'ਸਿੰਘਮ' ਫ਼ਿਲਮ ਦੇ ਹੀਰੋ ਪੁਲਿਸ ਵਾਲਿਆਂ ਨਾਲ ਤੁਲਨਾ ਕੀਤੀ ਜਾ ਰਹੀ ਸੀ।

ਪੁਲਿਸ ਕਰਾਵਾਈ 'ਤੇ ਉੱਠੇ ਸਵਾਲ

ਕੁਝ ਲੋਕਾਂ ਵੱਲੋਂ ਪੁਲਿਸ ਦੀ ਕਰਾਵਾਈ 'ਤੇ ਸਵਾਲ ਵੀ ਖੜ੍ਹੇ ਕੀਤੇ ਗਏ। ਮਨੁੱਖੀ ਹੱਕਾਂ ਬਾਰੇ ਕਾਰਕੁੰਨ ਕਲਪਨਾ ਕੱਨਾਬਿਨ ਦਾ ਕਹਿਣਾ ਹੈ, ''ਖੁਸ਼ ਦਿਖ ਰਹੇ ਪੁਲਿਸ ਵਾਲਿਆਂ ਦੇ ਮਨ ਵਿੱਚ ਕਾਨੂੰਨ ਪ੍ਰਤੀ ਸਨਮਾਨ ਨਹੀਂ ਦਿਖਦਾ ਅਤੇ ਇਹ ਅਜਿਹਾ ਜਵਾਬ ਨਹੀਂ ਹੈ ਜੋ ਅਸੀਂ ਚਾਹੁੰਦੇ ਸੀ।''

''ਇਸ ਤਰ੍ਹਾਂ ਦੇ ਖ਼ੂਨ-ਖਰਾਬੇ ਅਤੇ ਕਤਲਾਂ ਨਾਲ ਇਨਸਾਫ਼ ਨਹੀਂ ਹੋ ਸਕਦਾ। ਪਰਿਵਾਰ ਨੂੰ ਹਮਦਰਦੀ ਦੇਣ ਅਤੇ ਪੀੜਤ ਪਰਿਵਾਰਾਂ ਦੇ ਦੁਖ਼ ਨਾਲ ਨਿਆਂ ਪ੍ਰਕਿਰਿਆ ਦੀ ਪਰਿਭਾਸ਼ਾ ਤੈਅ ਨਹੀਂ ਹੁੰਦੀ।''

''ਉਨ੍ਹਾਂ ਦੇ ਦੁੱਖ਼ ਨੂੰ ਖ਼ਤਮ ਕਰਨ ਦਾ ਅਸਲੀ ਤਰੀਕਾ ਹੈ ਕਿ ਇੱਕ ਤੈਅ ਪ੍ਰਕਿਰਿਆ ਤਹਿਤ ਮਾਮਲੇ ਦੀ ਜਾਂਚ ਕਰਕੇ ਅਦਾਲਤੀ ਕਾਰਵਾਈ ਤੋਂ ਬਾਅਦ ਮੁਲਜ਼ਮਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਂਦੀ।''

ਇਹ ਵੀ ਪੜ੍ਹੋ:

ਸਾਬਕਾ ਪੁਲਿਸ ਅਫ਼ਸਰ ਪ੍ਰਕਾਸ਼ ਸਿੰਘ ਨੇ ਬੀਬੀਸੀ ਨਾਲ ਗੱਲਬਾਤ ਦੌਰਾਨ ਕਿਹਾ,'' ਇਨ੍ਹਾਂ ਮੌਤਾਂ ਨੂੰ ''ਪੂਰੀ ਤਰ੍ਹਾਂ ਟਾਲਿਆ'' ਜਾ ਸਕਦਾ ਸੀ।

ਕੁਝ ਕਾਨੂੰਨੀ ਮਾਹਰਾਂ ਨੇ ਇਸ ਨੂੰ ''ਗ਼ੈਰ-ਸੰਵਿਧਾਨਕ'' ਕਿਹਾ ਅਤੇ ਸਵਾਲ ਚੁੱਕਿਆ ਕਿ ਸੱਚਮੁੱਚ ਇਨਸਾਫ਼ ਹੋਇਆ?

ਕੁਝ ਤਾਂ ਇਹ ਵੀ ਸਵਾਲ ਚੁੱਕ ਰਹੇ ਹਨ ਕਿ ਪੁਲਿਸ ਨੇ ਸਹੀ ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ ਜਾਂ ਫਿਰ ਕੁਝ ਗ਼ਰੀਬ ਟਰੱਕ ਵਾਲਿਆਂ ਨੂੰ ਫੜ ਲਿਆ।

ਪੁਲਿਸ ਦੇ ਦਾਅਵਿਆਂ 'ਤੇ 5 ਸਵਾਲ

ਸਾਇਬਰਾਬਾਦ ਪੁਲਿਸ ਕਮਿਸ਼ਨਰ ਵੀਸੀ ਸੱਜਨਾਰ ਨੇ ਇਸ ਕਥਿਤ ਐਮਕਾਊਂਟਰ ਬਾਰੇ ਸ਼ੁੱਕਰਵਾਰ ਸ਼ਾਮ ਨੂੰ ਪ੍ਰੈਸ ਕਾਨਫਰੰਸ ਕਰ ਕੇ ਜੋ ਜਾਣਕਾਰੀ ਦਿੱਤੀ ਉਸ ਉੱਤੇ ਕੁਝ ਲੋਕਾਂ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਹੈ।

ਪੁਲਿਸ ਦੀ ਕਹਾਣੀ ਦੇ ਉਹ ਕਿਹੜੇ ਹਿੱਸੇ ਹਨ ਜਿਸ ਉੱਤੇ ਸਵਾਲ ਉੱਠ ਰਹੇ ਹਨ ਇਸ ਬਾਰੇ ਬੀਬੀਸੀ ਪੱਤਰਕਾਰ ਪ੍ਰਸ਼ਾਂਤ ਚਾਹਲ ਨੇ ਉੱਤਰ ਪ੍ਰਦੇਸ਼ ਪੁਲਿਸ ਅਤੇ ਕੇਂਦਰੀ ਰਿਜ਼ਰਵ ਪੁਲਿਸ ਬਲ ਦੇ ਸਾਬਕਾ ਡਾਇਰੈਕਟਰ-ਜਨਰਲ ਪ੍ਰਕਾਸ਼ ਸਿੰਘ, ਦਿੱਲੀ ਦੇ ਸਾਬਕਾ ਪੁਲਿਸ ਕਮਿਸ਼ਨਰ ਮੈਕਸਵੈਲ ਪਰੇਰਾ ਅਤੇ ਤੇਲੰਗਾਨਾ ਦੇ ਸੀਨੀਅਰ ਪੱਤਰਕਾਰ ਐਨ ਵੇਣੁਗੋਪਾਲ ਨਾਲ ਗੱਲਬਾਤ ਕੀਤੀ।

ਪਹਿਲਾ ਸਵਾਲ - ਐਨਕਾਉਂਟਰ ਦਾ ਸਮਾਂ

ਮੈਕਸਵੈਲ ਪਰੇਰਾ ਦਾ ਕਹਿਣਾ ਹੈ, "ਪੁਲਿਸ ਦਿਨ ਦੀ ਰੌਸ਼ਨੀ ’ਚ ਬੜੇ ਆਰਾਮ ਨਾਲ ਕੰਮ ਕਰ ਸਕਦੀ ਸੀ। ਉਹ ਵਾਧੂ ਪੁਲਿਸ ਬਲ ਦੇ ਨਾਲ ਇਲਾਕੇ ਦੀ ਘੇਰਾਬੰਦੀ ਕਰ ਸਕਦੀ ਸੀ ਅਤੇ ਲੋਕਾਂ ਦੇ ਡਰ ਤੋਂ ਕੀ ਮਤਲਬ ਹੈ? ਕੀ ਉਹ ਮੰਨ ਰਹੇ ਹਨ ਕਿ ਭੀੜ ਪੁਲਿਸ ਦੀ ਮੌਜੂਦਗੀ ਵਿਚ ਵੀ ਲਿੰਚਿੰਗ ਕਰ ਸਕਦੀ ਹੈ?"

ਜਦੋਂਕਿ ਸੀਨੀਅਰ ਪੱਤਰਕਾਰ ਐਨ ਵੇਣੁਗੋਪਾਲ ਪੁਲਿਸ ਦੀ ਦਲੀਲ ਨੂੰ ਹੀ ਗੈਰ-ਜ਼ਰੂਰੀ ਅਤੇ ਬੋਗਸ ਮੰਨਦੇ ਹਨ।

ਦੂਜਾ ਸਵਾਲ- ਪੁਲਿਸ ਦੀ ਤਿਆਰੀ

ਸੱਜਨਾਰ ਨੇ ਦਾਅਵਾ ਕੀਤਾ ਸੀ, "ਪੁੱਛਗਿੱਛ ਦੌਰਾਨ ਇਨ੍ਹਾਂ ਲੋਕਾਂ ਨੇ ਦੱਸਿਆ ਸੀ ਕਿ ਉਨ੍ਹਾਂ ਨੇ ਅਪਰਾਧ ਦੀ ਥਾਂ 'ਤੇ ਪੀੜਤ ਦਾ ਫੋਨ, ਘੜੀ ਅਤੇ ਪਾਵਰ ਬੈਂਕ ਲੁਕਾਇਆ ਸੀ। ਅਸੀਂ ਉਸੇ ਦੀ ਭਾਲ ਕਰਨ ਲਈ ਗਏ ਸੀ। 10 ਪੁਲਿਸ ਵਾਲਿਆਂ ਦੀ ਟੀਮ ਨੇ ਮੁਲਜ਼ਮਾਂ ਨੂੰ ਘੇਰਿਆ ਹੋਇਆ ਸੀ ਅਤੇ ਚਾਰੇ ਮੁਲਜ਼ਮਾਂ ਦੇ ਹੱਥ ਖੁੱਲ੍ਹੇ ਸਨ।"

ਮੈਕਸਵੈਲ ਪਰੇਰਾ ਦਾ ਕਹਿਣਾ ਹੈ ਕਿ ਸੁਪਰੀਮ ਕੋਰਟ ਦਾ ਹੁਕਮ ਹੈ ਕਿ ਪੁਲਿਸ ਬਿਨਾਂ ਨਿਆਇਕ ਇਜਾਜ਼ਤ ਦੇ ਮੁਲਜ਼ਮਾਂ ਦੇ ਹੱਥ ਵਿਚ ਹਥਕੜੀ ਨਾ ਲਾਏ। "ਤੇਲੰਗਾਨਾ ਪੁਲਿਸ ਆਪਣੇ ਬਚਾਅ ਵਿਚ ਇਸੇ ਹੁਕਮ ਦਾ ਹਵਾਲਾ ਦੇਵੇਗੀ ਪਰ ਅਦਾਲਤ ਨੇ ਕੁਝ ਖਾਸ ਹਾਲਾਤ ਵਿੱਚ ਪੁਲਿਸ ਜਾਂਚ ਅਧਿਕਾਰੀ ਨੂੰ ਕਈ ਅਹਿਮ ਅਧਿਕਾਰ ਦਿੱਤੇ ਹਨ। ਇਸ ਕੇਸ ਵਿੱਚ ਉਨ੍ਹਾਂ ਅਧਿਕਾਰਾਂ ਦੀ ਵਰਤੋਂ ਕਰਨ ਦੀ ਇੱਛਾ-ਸ਼ਕਤੀ ਨਜ਼ਰ ਨਹੀਂ ਆ ਰਹੀ ਹੈ।"

ਪ੍ਰਕਾਸ਼ ਸਿੰਘ ਸੁਪਰੀਮ ਕੋਰਟ ਦੇ ਇਸੇ ਹੁਕਮ ਦਾ ਹਵਾਲਾ ਦਿੰਦੇ ਹੋਏ ਕਹਿੰਦੇ ਹਨ, "ਅਜਿਹੇ ਮੌਕਿਆਂ 'ਤੇ ਜਾਂਚ ਅਧਿਕਾਰੀ ਅਗਵਾਈ ਕਰਦਾ ਹੈ। ਉਹ ਸਭ ਕੁਝ ਰਿਕਾਰਡ ਕਰਦਾ ਹੈ। ਜੇ ਉਹ ਚਾਹੇ ਕਿ ਮੁਲਜ਼ਮ ਨੂੰ ਹੱਥਕੜੀ ਲਾਉਣੀ ਹੈ, ਕਿਉਂਕਿ ਪੁਲਿਸ ਫੋਰਸ ਘੱਟ ਹੈ ਜਾਂ ਮੁਲਜ਼ਮ ਪੁਲਿਸ ਉੱਤੇ ਭਾਰੀ ਪੈ ਸਕਦਾ ਹੈ, ਤਾਂ ਫੈਸਲਾ ਲੈ ਸਕਦਾ ਹੈ।

ਤੀਜਾ ਸਵਾਲ- ਮੁਠਭੇੜ ਦਾ ਦਾਅਵਾ

ਪਰੇਰਾ ਸਵਾਲ ਕਰਦੇ ਹਨ, "ਪੁਲਿਸ ਹਿਰਾਸਤ ਵਿਚ ਮੁਲਜ਼ਮਾਂ ਨੂੰ ਡੰਡੇ ਅਤੇ ਪੱਥਰ ਕਿੱਥੋਂ ਮਿਲ ਗਏ? ਚਾਰ ਮੁਲਜ਼ਮਾਂ 'ਤੇ 10 ਪੁਲਿਸ ਮੁਲਾਜ਼ਮਾਂ ਦੀ ਗਿਣਤੀ ਘੱਟ ਨਹੀਂ ਹੈ।"

ਪ੍ਰਕਾਸ਼ ਸਿੰਘ ਵੀ ਇਹ ਹਜ਼ਮ ਨਹੀਂ ਕਰ ਸਕੇ ਕਿ ਦੋ ਮੁਲਜ਼ਮਾਂ ਨੇ ਪੁਲਿਸ ਤੋਂ ਹਥਿਆਰ ਖੋਹ ਲਏ ਹੋਣਗੇ। "ਪੁਲਿਸ ਨੇ ਕਿਉਂ ਨਹੀਂ ਦੱਸਿਆ ਕਿ ਉਨ੍ਹਾਂ ਮੁੰਡਿਆਂ ਨੇ ਪਿਸਤੌਲ ਖੋਹਣ ਤੋਂ ਬਾਅਦ ਕਿੰਨੇ ਰਾਊਂਡ ਫਾਇਰ ਕੀਤੇ?"

ਚੌਥਾ ਸਵਾਲ- 'ਜ਼ਖਮੀ' ਪੁਲਿਸ ਮੁਲਾਜ਼ਮ

ਪੁਲਿਸ ਕਮਿਸ਼ਨਰ ਅਨੁਸਾਰ ਇਸ ਮੁਕਾਬਲੇ ਵਿੱਚ ਦੋ ਪੁਲਿਸ ਵਾਲੇ ਜ਼ਖਮੀ ਹੋ ਗਏ ਸਨ ਜਿਨ੍ਹਾਂ ਨੂੰ ਸਥਾਨਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਕਿਉਂਕਿ ਉਨ੍ਹਾਂ ਦੇ ਸਿਰ 'ਤੇ ਸੱਟ ਲੱਗੀ ਜੋ ਕਿ ਡੰਡੇ ਜਾਂ ਪੱਥਰਾਂ ਨਾਲ ਲੱਗੀ।

ਪਰੇਰਾ ਦਾ ਕਹਿਣਾ ਹੈ, "ਇਹ ਬਿਲਕੁਲ ਯੂ.ਪੀ. ਸਟਾਇਲ ਹੈ। ਜਦੋਂ ਮੈਂ ਦਿੱਲੀ ਪੁਲਿਸ ਵਿੱਚ ਹੁੰਦਾ ਸੀ ਤਾਂ ਯੂਪੀ ਦੇ ਅਪਰਾਧੀ ਦਿੱਲੀ ਆ ਕੇ ਆਤਮ-ਸਮਰਪਣ ਕਰਦੇ ਸਨ।"

ਪੰਜਵਾ ਸਵਾਲ- ਹਰ ਵਾਰੀ ਇੱਕੋ ਜਿਹੀ ਕਹਾਣੀ ਕਿਵੇਂ?

ਪੱਤਰਕਾਰ ਐਨ ਵੇਣੁਗੋਪਾਲ ਦਾ ਕਹਿਣਾ ਹੈ, "ਤੇਲੰਗਾਨਾ ਪੁਲਿਸ (ਪਹਿਲਾਂ ਆਂਧਰਾ ਪ੍ਰਦੇਸ਼ ਪੁਲਿਸ) ਦਾ ਅਜਿਹੀਆਂ ਕਹਾਣੀਆਂ ਦੱਸਣ ਦਾ ਇਤਿਹਾਸ ਰਿਹਾ ਹੈ। 1969 ਤੋਂ ਉਹ ਮੁਕਾਬਲੇ ਦੀਆਂ ਅਜਿਹੀਆਂ ਸ਼ੱਕੀ ਕਹਾਣੀਆਂ ਸੁਣਾ ਰਹੇ ਹਨ। ਸ਼ੁਰੂਆਤ ਨਕਸਲੀਆਂ ਦੇ ਖਿਲਾਫ਼ ਹੋਈ ਜਿਸ 'ਤੇ ਸਿਵਲ ਸੁਸਾਇਟੀ ਨੇ ਕੋਈ ਸਵਾਲ ਨਹੀਂ ਚੁੱਕੇ। ਸਾਲ 2008-09 ਤੋਂ ਬਾਅਦ ਪੁਲਿਸ ਨੇ ਇਸ ਰਣਨੀਤੀ ਦੀ ਆਮ ਤੌਰ 'ਤੇ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ।"

ਇਹ ਵੀਡੀਓਜ਼ ਵੀ ਵੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)