ਉਨਾਓ ਰੇਪ ਪੀੜਤਾ ਦੀ ਇਲਾਜ ਦੌਰਾਨ ਮੌਤ - 5 ਅਹਿਮ ਖ਼ਬਰਾਂ

ਉਨਾਓ ਰੇਪ ਮਾਮਲੇ ਦੀ ਪੀੜਤਾ ਦੀ ਸ਼ੁੱਕਰਵਾਰ ਨੂੰ ਦੇਰ ਰਾਤ ਦਿੱਲੀ ਦੇ ਸਫਦਰਜੰਗ ਹਸਪਤਾਲ ਵਿੱਚ ਮੌਤ ਹੋ ਗਈ। ਪੀੜਤਾ ਨੂੰ ਵੀਰਵਾਰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ।

ਸਫਦਰਜੰਗ ਹਸਪਤਾਲ ਦੇ ਬਰਨ ਐਂਡ ਪਲਾਸਟਿਕ ਵਿਭਾਗ ਦੇ ਮੁਖੀ ਡਾਕਟਰ ਸ਼ਲਭ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਮੌਤ ਰਾਤ 11.40 'ਤੇ ਹੋਈ।

ਡਾਕਟਰ ਸ਼ਲਭ ਕੁਮਾਰ ਨੇ ਦੱਸਿਆ, ''ਉਨ੍ਹਾਂ ਨੂੰ ਰਾਤ 11 ਵਜ ਕੇ 10 ਮਿੰਟ 'ਤੇ ਦਿਲ ਦਾ ਦੌਰਾ ਪਿਆ। ਅਸੀਂ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਬਚਾ ਨਾ ਸਕੇ।"

ਇਹ ਵੀ ਪੜ੍ਹੋ:

ਪੀੜਤਾ ਨੂੰ ਵੀਰਵਾਰ ਨੂੰ ਇਲਾਜ ਲਈ ਏਅਰ ਐਂਬੂਲੈਂਸ ਜ਼ਰੀਏ ਲਖਨਊ ਤੋਂ ਦਿੱਲੀ ਲਿਆਂਦਾ ਗਿਆ ਸੀ। ਡਾਕਟਰਾਂ ਮੁਤਾਬਕ ਉਨ੍ਹਾਂ ਦਾ ਸਰੀਰ 90 ਫ਼ੀਸਦ ਤੋਂ ਵੱਧ ਸੜ ਗਿਆ ਸੀ ਅਤੇ ਹਸਪਤਾਲ ਦਾਖ਼ਲ ਕਰਵਾਉਣ ਵੇਲੇ ਹੀ ਉਨ੍ਹਾਂ ਦੀ ਹਾਲਤ ਬੇਹੱਦ ਨਾਜ਼ੁਕ ਸੀ।

ਪੀੜਤਾ ਨੂੰ ਜ਼ਿੰਦਾ ਸਾੜਨ ਦੀ ਕੋਸ਼ਿਸ਼ ਦੇ ਮਾਮਲੇ 'ਚ ਉੱਤਰ ਪ੍ਰਦੇਸ਼ ਪੁਲਿਸ ਨੇ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ।

ਪੁਲਿਸ ਅਫ਼ਸਰ ਦੀ ਭੂਮਿਕਾ 'ਤੇ ਸਵਾਲ

ਹੈਦਰਾਬਾਦ ਦੇ ਬਹੁਚਰਚਿਤ ਰੇਪ ਤੇ ਕਤਲ ਮਾਮਲੇ ਦੇ ਚਾਰੇ ਮੁਲਜ਼ਮਾਂ ਨੂੰ ਪੁਲਿਸ ਨੇ ਐਨਕਾਊਂਟਰ ਵਿੱਚ ਮਾਰ ਦਿੱਤਾ ਹੈ ਜਿਸ ਤੋਂ ਬਾਅਦ ਪੁਲਿਸ ਕਮਿਸ਼ਨਰ ਵੀਸੀ ਸੱਜਨਾਰ 'ਤੇ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਹਨ।

ਸੋਸ਼ਲ ਮੀਡੀਆ 'ਤੇ ਐਨਕਾਊਂਟਰ ਲਈ ਜਿੱਥੇ ਲੋਕ ਇੱਕ ਪਾਸੇ ਸੱਜਨਾਰ ਨੂੰ ਹੀਰੋ ਕਹਿ ਰਹੇ ਹਨ ਤਾਂ ਦੂਜੇ ਪਾਸੇ ਲੋਕ ਉਨ੍ਹਾਂ ਦੇ ਕੰਮ ਕਰਨ ਦੇ ਤਰੀਕੇ 'ਤੇ ਸਵਾਲ ਚੁੱਕ ਰਹੇ ਹਨ।

ਵੀਸੀ ਸੱਜਨਾਰ ਐਨਕਾਊਂਟਰ ਸਪੈਸ਼ਲਿਸਟ ਦੇ ਰੂਪ ਵਿਚ ਜਾਣੇ ਜਾਂਦੇ ਹਨ।

ਸਾਲ 2008 ਵਿੱਚ ਤੇਲੰਗਾਨਾ ਦੇ ਵਾਰੰਗਲ ਵਿੱਚ ਵੀ ਪੁਲਿਸ ਨੇ ਇਸੇ ਤਰ੍ਹਾਂ ਦੇ ਸੀਨ ਕ੍ਰਿਏਸ਼ਨ ਦੌਰਾਨ ਤੇਜ਼ਾਬ ਹਮਲੇ ਦੇ ਤਿੰਨ ਮੁਲਜ਼ਮਾਂ ਨੂੰ ਮਾਰ ਦਿੱਤਾ ਸੀ। ਇਸ ਐਨਕਾਊਂਟਰ ਵਿੱਚ ਵੀ ਖ਼ੁਦ ਸ਼ਾਮਲ ਸਨ। ਵੀਸੀ ਸੱਜਨਾਰ ਬਾਰੇ ਹੋਰ ਜਾਣਨ ਲਈ ਇਸ ਲਿੰਕ 'ਤੇ ਕਲਿੱਕ ਕਰੋ।

ਐਨਕਾਊਂਟਰ 'ਤੇ ਕਿਸ ਨੇ ਕੀ ਕਿਹਾ

ਲੋਕ ਸਭਾ ਮੈਂਬਰ ਮੇਨਕਾ ਗਾਂਧੀ ਨੇ ਕਿਹਾ, "ਜੋ ਵੀ ਹੋਇਆ ਹੈ ਬਹੁਤ ਭਿਆਨਕ ਹੋਇਆ ਹੈ ਇਸ ਦੇਸ਼ ਵਿੱਚ, ਕਿਉਂਕਿ ਤੁਸੀਂ ਕਾਨੂੰਨ ਨੂੰ ਹੱਥ ਵਿੱਚ ਨਹੀਂ ਲੈ ਸਕਦੇ। ਕਾਨੂੰਨ ਵਿੱਚ ਉਂਝ ਵੀ ਉਨ੍ਹਾਂ ਨੂੰ ਫਾਂਸੀ ਹੀ ਮਿਲਦੀ।"

"ਜੇ ਉਨ੍ਹਾਂ ਤੋਂ ਪਹਿਲਾਂ ਹੀ ਤੁਸੀਂ ਉਨ੍ਹਾਂ ਨੂੰ ਬੰਦੂਕਾਂ ਨਾਲ ਮਾਰ ਦਿਉਗੇ ਤਾਂ ਫਾਇਦਾ ਕੀ ਹੈ ਅਦਾਲਤ ਦਾ, ਪੁਲਿਸ ਦਾ, ਕਾਨੂੰਨ ਦਾ। ਫਿਰ ਤਾਂ ਤੁਸੀਂ ਜਿਸ ਨੂੰ ਚਾਹੋ ਬੰਦੂਕ ਚੁੱਕੇ ਤੇ ਜਿਸ ਨੂੰ ਵੀ ਮਾਰਨਾ ਹੈ ਮਾਰੋ। ਕਾਨੂੰਨੀ ਹੋਣਾ ਚਾਹੀਦਾ ਹੈ।"

ਮਹਾਰਾਸ਼ਟਰ ਦੇ ਅਮਰਾਵਤੀ ਤੋਂ ਅਜ਼ਾਦ ਸੰਸਦ ਮੈਂਬਰ ਨਵਨੀਤ ਰਾਣਾ ਨੇ ਹੈਦਰਾਬਾਦ ਪੁਲਿਸ ਮੁਕਾਬਲੇ ਬਾਰੇ ਕਿਹਾ, "ਇੱਕ ਮਾਂ, ਇੱਕ ਧੀ ਤੇ ਪਤਨੀ ਹੋਣ ਦੇ ਨਾਤੇ ਮੈਂ ਇਸ ਦਾ ਸਵਾਗਤ ਕਰਦੀ ਹਾਂ, ਨਹੀਂ ਤਾਂ ਉਹ ਸਾਲਾਂ ਬੱਧੀ ਜੇਲ੍ਹ ਵਿੱਚ ਪਏ ਰਹਿੰਦੇ।"

ਉਨ੍ਹਾਂ ਅੱਗੇ ਕਿਹਾ, "ਨਿਰਭਿਆ ਦਾ ਨਾਮ ਵੀ ਨਿਰਭਿਆ ਨਹੀਂ ਸੀ ਲੋਕਾਂ ਨੇ ਦਿੱਤਾ ਸੀ। ਮੈਨੂੰ ਲਗਦਾ ਹੈ ਕਿ ਉਸ ਨੂੰ ਨਾਮ ਦੇਣ ਨਾਲੋਂ ਇਨ੍ਹਾਂ ਨੂੰ ਅਜਿਹਾ ਅੰਜਾਮ ਦੇਣਾ ਜ਼ਰੂਰੀ ਹੈ।"

ਇਸ ਮਾਮਲੇ 'ਤੇ ਹੋਰ ਪ੍ਰਤੀਕਿਰਿਆਵਾਂ ਜਾਣਨ ਲਈ ਇਸ ਲਿੰਕ 'ਤੇ ਜਾਓ।

ਇਹ ਵੀ ਪੜ੍ਹੋ:

ਅਹਿਮਦ ਸ਼ਾਹ ਅਬਦਾਲੀ ਦਾ ਕਿਰਦਾਰ

ਇੱਕ ਰਾਸ਼ਟਰ ਦੇ ਹੀਰੋ ਅਕਸਰ ਦੂਜਿਆਂ ਲਈ ਖ਼ਲਨਾਇਕ ਹੁੰਦੇ ਹਨ। ਅਹਿਮਦ ਸ਼ਾਹ ਅਬਦਾਲੀ ਦਾ ਚਰਿੱਤਰ ਇਸ ਕਹਾਵਤ ਨੂੰ ਸਹੀ ਸਾਬਤ ਕਰਦਾ ਹੈ। ਫ਼ਿਲਮ ਪਾਣੀਪਤ ਵਿੱਚ ਸੰਜੇ ਦੱਤ ਉਨ੍ਹਾਂ ਦੀ ਭੂਮਿਕਾ ਨਿਭਾ ਰਹੇ ਹਨ।

18ਵੀਂ ਸਦੀ ਦੇ ਮੱਧ ਵਿੱਚ ਅਫ਼ਗਾਨ ਨਾਇਕ ਨੂੰ ਉਸਦੇ ਮੂਲ ਰਾਸ਼ਟਰ ਅਫ਼ਗਾਨਿਸਤਾਨ ਵਿੱਚ 'ਬਾਬਾ' ਦੇ ਰੂਪ ਵਿੱਚ ਜਾਣਿਆ ਜਾਂਦਾ ਸੀ ਅਤੇ ਆਧੁਨਿਕ ਰਾਸ਼ਟਰ ਦੇ ਨਿਰਮਾਤਾ ਦੇ ਰੂਪ ਵਿੱਚ ਸਨਮਾਨਤ ਕੀਤਾ ਜਾਂਦਾ ਹੈ।

ਦੂਜੇ ਪਾਸੇ ਪੰਜਾਬ ਵਿੱਚ ਹਿੰਦੂਆਂ ਵਿੱਚ ਅਤੇ ਵਿਸ਼ੇਸ਼ ਤੌਰ 'ਤੇ ਸਿੱਖਾਂ ਵਿਚਕਾਰ ਉਸਨੂੰ ਇੱਕ 'ਦੁਸ਼ਟ' ਵਜੋਂ ਯਾਦ ਕੀਤਾ ਜਾਂਦਾ ਹੈ ਜਿਸਨੇ ਬਲਾਤਕਾਰ ਕੀਤੇ, ਲੁੱਟਾਂ ਖੋਹਾਂ ਕੀਤੀਆਂ, ਕਤਲੇਆਮ ਕੀਤੇ ਅਤੇ ਆਪਣੀਆਂ ਚੰਮ ਦੀਆਂ ਚਲਾਈਆਂ।

ਅਹਿਮਦ ਸ਼ਾਹ ਅਬਦਾਲੀ ਦੇ ਕਿਰਦਾਰ ਨੂੰ ਸਮਝਣ ਲਈ ਪੂਰੀ ਖ਼ਬਰ ਪੜ੍ਹੋ।

'ਪੱਗ ਬੰਨਣ ਕਰਕੇ ਅੱਤਵਾਦੀ ਕਿਹਾ ਜਾਂਦਾ ਸੀ'

ਜਸਕੰਵਲ ਨੇ ਬਚਪਨ ਵਿੱਚ ਨਸਲਵਾਦ ਦਾ ਸਾਹਮਣਾ ਕਰਨ ਕਰਕੇ ਪੱਗ ਬੰਨਣੀ ਬੰਦ ਕਰ ਦਿੱਤੀ ਸੀ।

ਉਹ ਟੋਰਾਂਟੋ ਵਿੱਚ ਰਹਿੰਦੇ ਹਨ। ਸਕੂਲ ਸਮੇਂ ਉਨ੍ਹਾਂ ਨੂੰ ਪੱਗ ਬੰਨਣ ਕਾਰਨ ਕਈ ਤਰ੍ਹਾਂ ਦੀਆਂ ਗੱਲਾਂ ਸੁਣਨੀਆਂ ਪਈਆਂ ਜਿਸ ਤੋਂ ਤੰਗ ਆ ਕੇ ਉਨ੍ਹਾਂ ਨੇ ਪੱਗ ਬੰਨਣੀ ਹੀ ਬੰਦ ਕਰ ਦਿੱਤੀ ਸੀ।

19 ਸਾਲ ਪੱਗ ਤੋਂ ਬਿਨਾਂ ਕੱਢਣ ਤੋਂ ਬਾਅਦ ਉਨ੍ਹਾਂ ਨੇ ਪਿਛਲੇ ਸਾਲ ਮੁੜ ਦਸਤਾਰ ਸਜਾਉਣ ਦਾ ਫ਼ੈਸਲਾ ਲਿਆ। ਉਨ੍ਹਾਂ ਦੀ ਪੂਰੀ ਕਹਾਣੀ ਵੇਖਣ ਲਈ ਇਸ ਵੀਡੀਓ ਲਿੰਕ 'ਤੇ ਕਲਿੱਕ ਕਰੋ।

ਇਹ ਵੀਡੀਓਜ਼ ਵੀ ਵੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)