ਹੈਦਰਾਬਾਦ ਰੇਪ ਕੇਸ : ਮਰਦ ਬਲਾਤਕਾਰੀ ਕਿਉਂ ਬਣ ਜਾਂਦੇ ਹਨ ?- ਨਜ਼ਰੀਆ

    • ਲੇਖਕ, ਨਸੀਰੂਦੀਨ
    • ਰੋਲ, ਸੀਨੀਅਰ ਪੱਤਰਕਾਰ, ਬੀਬੀਸੀ ਲਈ

ਸਵਾਲ ਇਕ ਹੈ ਅਤੇ ਸਾਲਾਂ ਤੋਂ ਘੁੰਮ ਰਿਹਾ ਹੈ। ਹਰ ਵਾਰ ਬਲਾਤਕਾਰ ਦੀ ਕੋਈ ਨਾ ਕੋਈ ਘਟਨਾ ਸੁਰਖੀਆਂ ਵਿਚ ਆ ਜਾਂਦੀ ਹੈ ਤਾਂ ਇਹ ਸਵਾਲ ਘੁੰਮਣਾ ਸ਼ੁਰੂ ਹੋ ਜਾਂਦਾ ਹੈ।

ਸਮੱਸਿਆ ਇਹ ਹੈ ਕਿ ਇਸ ਦਾ ਕੋਈ ਇੱਕ ਜਵਾਬ ਨਹੀਂ ਹੈ, ਅਸੀਂ ਸਾਰੇ ਇਸ ਜਵਾਬ ਨਾਲ ਸਹਿਮਤ ਨਹੀਂ ਹਾਂ।

ਕੁਝ ਜਵਾਬ ਮਰਦ ਸਮਾਜ ਦੇ ਹਨ, ਕੁਝ ਜਵਾਬ ਔਰਤਾਂ ਦੇ ਤੇ ਕੁਝ ਜਵਾਬ ਬਹੁਤ ਡੂੰਘੇ ਅਤੇ ਗੰਭੀਰ ਪ੍ਰਸ਼ਨ ਚੁੱਕਦੇ ਹਨ।

ਅਸੀਂ ਵੀ ਕੋਸ਼ਿਸ਼ ਕਰਦੇ ਹਾਂ। ਮੁਕੰਮਲ ਜਵਾਬ ਦਾ ਦਾਅਵਾ ਨਹੀਂ, ਕੋਸ਼ਿਸ਼ ਹੀ ਹੈ।

ਕਿਸੇ ਦੀ ਮਰਜ਼ੀ ਦੇ ਵਿਰੁੱਧ ਕੀਤਾ ਗਿਆ ਕੰਮ ਬਲਾਤਕਾਰ ਹੈ। ਕਿਸੇ 'ਤੇ ਜ਼ਬਰਦਸਤੀ ਆਪਣੀ ਮਰਜ਼ੀ ਥੋਪਣਾ ਬਲਾਤਕਾਰ ਹੈ।

ਬੇਸ਼ੱਕ, ਇਹ ਕਾਨੂੰਨੀ ਪਰਿਭਾਸ਼ਾ ਨਹੀਂ ਹੈ। ਇਸ ਬਾਰੇ ਚਰਚਾ ਫਿਰ ਕਦੇ। ਅਸੀਂ ਹੁਣ ਮਾੜੀ-ਮੋਟੀ ਗੱਲ ਕਰਦੇ ਹਾਂ।

ਇਹ ਵੀ ਪੜ੍ਹੋ-

ਸਵਾਲ ਇਹ ਹੈ ਕਿ ਮਰਦ ਬਲਾਤਕਾਰ ਕਿਉਂ ਕਰਦੇ ਹਨ?

ਅਸੀਂ ਮਰਦ ਬਲਾਤਕਾਰ ਕਰਦੇ ਹਾਂ ਕਿਉਂਕਿ ਅਸੀਂ ਆਪਣੀ 'ਜਿਨਸੀ ਇੱਛਾ' ਨੂੰ ਪੂਰਾ ਕਰਨਾ ਚਾਹੁੰਦੇ ਹਾਂ। ਅਸੀਂ ਮਰਦ ਬਲਾਤਕਾਰ ਕਰਦੇ ਹਾਂ ਕਿਉਂਕਿ ਅਸੀਂ ਆਪਣੇ ਤਣਾਅ ਭਰੇ ਉਤਸ਼ਾਹ ਨੂੰ ਕਿਸੇ ਹੋਰ ਦੀ ਇੱਛਾ ਅਤੇ ਸਹਿਮਤੀ ਤੋਂ ਬਿਨਾਂ ਸ਼ਾਂਤ ਕਰਨਾ ਚਾਹੁੰਦੇ ਹਾਂ।

ਅਸੀਂ ਮਰਦ ਬਲਾਤਕਾਰ ਕਰਦੇ ਹਾਂ ਕਿਉਂਕਿ ਅਸੀਂ 'ਆਪਣੀਆਂ' ਜਿਨਸੀ ਲੋੜਾਂ ਪੂਰੀਆਂ ਕਰਨੀਆਂ ਚਾਹੁੰਦੇ ਹਾਂ। ਇਸ ਵਿੱਚ ਦੂਜੇ ਦੀ ਇੱਛਾ ਦੀ ਕੋਈ ਥਾਂ ਨਹੀਂ ਹੁੰਦੀ।

ਅਸੀਂ ਮਰਦ ਬਲਾਤਕਾਰ ਕਰਦੇ ਹਾਂ ਕਿਉਂਕਿ ਸਾਡੇ ਆਪਣੇ ਤਣਾਅ ਹੇਠ ਸਾਡੇ ਵਿੱਚ ਇੱਛਾ ਜਾਗਦੀ ਹੈ ਤਾਂ ਅਸੀਂ ਦੂਜੇ ਦੀ ਰਜ਼ਾਮੰਦੀ ਤੋਂ ਬਿਨਾਂ ਵੀ ਉਸ ਨੂੰ ਸ਼ਾਂਤ ਕਰਨਾ ਚਾਹੁੰਦੇ ਹਾਂ।

ਅਸੀਂ ਮਰਦ ਬਲਾਤਾਕਾਰ ਦੇਖਦੇ ਹਾਂ ਕਿਉਂਕਿ ਥੁੜ੍ਹ-ਚਿਰ ਦੀ ਇੱਛਾ ਨੂੰ ਸ਼ਾਂਤ ਕਰਨ ਲਈ ਇੱਕ ਥਾਂ ਭਾਲਦੇ ਹਾਂ। ਔਰਤ ਦੇ ਸਰੀਰ ਵਿੱਚ ਸਾਨੂੰ ਉਹ ਥਾਂ ਨਜ਼ਰ ਆਉਂਦੀ ਹੈ।

ਪਰ ਕਈ ਵਾਰ ਇਹ ਥਾਂ ਸਾਨੂੰ ਛੋਟੇ ਬੱਚੇ-ਬੱਚੀਆਂ ਅਤੇ ਜਾਨਵਰਾਂ ਵਿੱਚ ਵੀ ਸਾਫ ਨਜ਼ਰ ਆਉਂਦੀ ਹੈ।

ਅਸੀਂ ਮਰਦ ਬਲਾਤਕਾਰ ਕਰਦੇ ਹਾਂ ਕਿਉਂਕਿ ਅਸੀਂ ਔਰਤ ਦੇ ਸਰੀਰ ਨੂੰ ਕੰਟਰੋਲ ਕਰਨਾ ਚਾਹੁੰਦੇ ਹਾਂ।

ਅਸੀਂ ਮਰਦ ਬਲਾਤਕਾਰ ਕਰਦੇ ਹਾਂ, ਕਿਉਂਕਿ ਅਸੀਂ ਔਰਤ ਦੇ ਸਰੀਰ ਨੂੰ ਆਪਣੀ ਨਿੱਜੀ ਜਾਇਦਾਦ ਮੰਨਦੇ ਹਾਂ।

ਅਸੀਂ ਮਰਦ ਬਲਾਤਕਾਰ ਕਰਦੇ ਹਾਂ, ਕਿਉਂਕਿ ਅਸੀਂ ਬਦਲਾ ਲੈਣਾ ਚਾਹੁੰਦੇ ਹਾਂ।

ਅਸੀਂ ਮਰਦ ਬਲਾਤਕਾਰ ਕਰਦੇ ਹਾਂ ਕਿਉਂਕਿ ਅਸੀਂ ਆਪਣੇ ਤੋਂ ਵੱਖਰੀ ਜਾਤ ਜਾਂ ਧਰਮ ਦੇ ਮਰਦਾਂ ਨੂੰ ਸਬਕ ਸਿਖਾਉਣਾ ਅਤੇ ਨੀਵਾਂ ਵਿਖਾਉਣਾ ਚਾਹੁੰਦੇ ਹਾਂ।

ਅਸੀਂ ਮਰਦ ਬਲਾਤਕਾਰ ਕਰਦੇ ਹਾਂ ਕਿਉਂਕਿ ਅਸੀਂ ਵੱਖਰੀ ਜਾਤ ਜਾਂ ਧਰਮ ਜਾਂ ਫਿਰਕੇ ਦੀ 'ਇੱਜ਼ਤ' ਨੂੰ ਮਿੱਟੀ 'ਚ ਮਿਲਾਉਣਾ ਚਾਹੁੰਦੇ ਹਾਂ।

ਅਸੀਂ ਮਰਦ ਬਲਾਤਕਾਰ ਕਰਦੇ ਹਾਂ ਅਤੇ ਬਲਾਤਕਾਰ ਲਈ ਰਿਸ਼ਤੇ ਬਣਾਉਂਦੇ ਹਾਂ। ਰਿਸ਼ਤੇ ਨੂੰ ਸੁੰਦਰ ਜਿਹਾ ਨਾਮ ਦਿੰਦੇ ਹਾਂ। ਫਿਰ ਬਲਾਤਕਾਰ ਦਾ ਅਧਿਕਾਰ ਹਾਸਲ ਕਰਦੇ ਹਾਂ। ਫਿਰ ਉਸ ਹੱਕ ਦੇ ਨਾਲ ਬਲਾਤਕਾਰ ਕਰਦੇ ਹਾਂ।

ਅਸੀਂ ਮਰਦ ਹਾਂ ਅਤੇ ਇਸ ਲਈ ਅਕਸਰ ਅਸੀਂ ਮਜਬੂਰ ਅਤੇ ਕਮਜ਼ੋਰ ਦੀ ਭਾਲ ਕਰਦੇ ਹਾਂ। ਚਾਕਲੇਟ 'ਤੇ ਫਿਸਲ ਜਾਣ ਵਾਲੇ ਦੀ ਭਾਲ ਕਰਦੇ ਹਾਂ। ਅਸੀਂ ਮਰਦ ਹਾਂ ਅਤੇ ਸਾਡੀ ਨੀਅਤ 'ਚ ਬਲਾਤਕਾਰ ਹੈ।

ਅਸੀਂ ਮਰਦ ਹਾਂ, ਚਲਾਕ ਹਾਂ। ਰੰਗ ਬਦਲਣ ਵਿੱਚ ਬਹੁਤ ਮਾਹਰ ਹਾਂ। ਇਸੇ ਕਰਕੇ ਬਲਾਤਕਾਰ ਕਰਦੇ ਹਾਂ ਅਤੇ ਬਲਾਤਕਾਰੀ ਵੀ ਨਹੀਂ ਅਖਵਾਉਂਦੇ। ਰਿਸ਼ਤੇ ਵਿੱਚ ਹੱਕ ਨਾਲ ਬਲਾਤਕਾਰ ਕਰਦੇ ਹਾਂ।

ਸ਼ਰੇਆਮ ਬਲਾਤਕਾਰ ਕਰਦੇ ਹਾਂ ਅਤੇ ਧਰਮ ਦੇ ਰਾਖੇ ਅਖਵਾਉਂਦੇ ਹਾਂ। ਅਸੀਂ ਬੰਦੂਕ ਦੇ ਜ਼ੋਰ 'ਤੇ ਬਲਾਤਕਾਰ ਕਰਦੇ ਹਾਂ ਅਤੇ 'ਆਪਣੀ' ਉੱਚ ਜਾਤ, ਵੱਡੇ ਯੋਧੇ ਬਣ ਜਾਂਦੇ ਹਾਂ।

ਅਸੀਂ ਜਿਨ੍ਹਾਂ ਦੇ ਪਰਛਾਵੇਂ ਤੋਂ ਵੀ ਕੋਹਾਂ ਦੂਰ ਰਹਿਣਾ ਚਾਹੁੰਦੇ ਹਾਂ, ਉਸ ਦੇ ਸਰੀਰ ਦੀ ਖੁਸ਼ਬੂ ਲਈ ਪੂਰੀ ਵਾਹ ਲਾ ਦਿੰਦੇ ਹਾਂ। ਅਸੀਂ ਬਲਾਤਕਾਰ ਕਰਦੇ ਹਾਂ। ਅਸੀਂ ਮਰਦ ਹਾਂ।

ਇਹ ਵੀ ਪੜ੍ਹੋ-

ਬਲਾਤਕਾਰ, ਹਿੰਸਾ ਹੈ, ਕੀ ਇਸ 'ਚ ਤਾਂ ਕੋਈ ਸ਼ੱਕ ਨਹੀਂ ਹੈ?

ਅਸੀਂ ਮਰਦ ਬਲਾਤਕਾਰੀ ਹਾਂ ਕਿਉਂਕਿ ਸਾਨੂੰ ਹਿੰਸਾ ਵਿੱਚ ਵਿਸ਼ਵਾਸ ਹੈ। ਇਸ ਲਈ ਅਸੀਂ ਅਹਿੰਸਾ ਨੂੰ ਮਰਦਾਨਗੀ ਨਹੀਂ ਮੰਨਦੇ।

ਅਹਿੰਸਾ ਦੀ ਗੱਲ ਕਰਨ ਵਾਲੇ ਮਰਦਾਂ ਨੂੰ ਅਸੀਂ ਨਾਮਰਦ, ਨਪੁੰਸਕ, ਕਾਇਰ ਕਹਿ ਕੇ ਮਜ਼ਾਕ ਉਡਾਉਂਦੇ ਹਾਂ।

ਅਸੀਂ ਬਲਾਤਕਾਰੀ ਮਰਦ ਹਾਂ। ਅਸੀਂ ਚੜ੍ਹਾਈ ਨੂੰ ਅਤੇ ਚੜ੍ਹ ਕੇ ਮਾਰਨ ਨੂੰ 'ਮਰਦਾਨਗੀ' ਦੀ ਪਛਾਣ ਮੰਨਦੇ ਹਾਂ।

ਸਦੀਆਂ ਤੋਂ ਅਸੀਂ ਦੂਜੇ ਮੁਹੱਲਿਆਂ 'ਤੇ ਚੜ੍ਹਦੇ ਰਹੇ ਹਾਂ, ਦੂਜੇ ਰਾਜਾਂ ਉੱਤੇ ਚੜ੍ਹਦੇ ਰਹੇ ਹਾਂ, ਦੂਜੇ ਦੇਸ਼ਾਂ 'ਤੇ ਚੜ੍ਹਾਈ ਕਰਦੇ ਰਹੇ ਹਾਂ।

ਇਸ ਲਈ ਅੱਜ ਵੀ ਚੜ੍ਹਾਈ ਨੂੰ ਹੀ 'ਅਸਲ ਮਰਦਾਨਗੀ' ਦੀ ਨਿਸ਼ਾਨੀ ਮੰਨਦੇ ਹਾਂ ਅਤੇ ਚੜ੍ਹਾਈ ਤਾਂ ਮਰਜ਼ੀ ਦੇ ਵਿਰੁੱਧ ਹੀ ਹੁੰਦੀ ਹੈ। ਇਹ ਹੀ ਤਾਂ ਬਲਾਤਕਾਰ ਹੈ।

ਅਸੀਂ ਮਰਦ ਹਾਂ ਅਤੇ ਅਸੀਂ ਬਲਾਤਕਾਰ ਕਰਦੇ ਹਾਂ ਅਤੇ ਬਲਾਤਕਾਰ ਲਈ ਸਾਡਾ ਦਿਮਾਗ਼ ਕੰਪਿਉਟਰ ਨਾਲੋਂ ਵੀ ਤੇਜ਼ ਚਲਦਾ ਹੈ। ਅਸੀਂ 'ਇਨੋਵੇਸ਼ਨ' ਕਰਦੇ ਹਾਂ।

ਵੈਸੇ, ਅਸੀਂ ਕਿਤੇ ਵੀ ਬਲਾਤਕਾਰ ਕਰ ਸਕਦੇ ਹਾਂ। ਘਰ ਵਿੱਚ, ਬਿਸਤਰ ਵਿੱਚ, ਬੱਸ ਵਿੱਚ, ਟ੍ਰੇਨ ਵਿੱਚ, ਸਕੂਲ-ਕਾਲਜ- ਯੂਨੀਵਰਸਿਟੀ ਦੇ ਨੁੱਕੜ ਵਿੱਚ, ਬਾਜ਼ਾਰ ਵਿੱਚ, ਮਾਲ ਵਿੱਚ, ਖੇਤਾਂ ਵਿੱਚ ਅਤੇ ਆਲੀਸ਼ਾਨ ਦਫਤਰਾਂ ਦੇ ਅੰਦਰ ਵੀ।

ਸਾਡੇ ਬਲਾਤਕਾਰ ਦਾ ਸਾਮਰਾਜ ਛੋਟਾ-ਮੋਟਾ ਨਹੀਂ ਹੈ। ਇਹ ਸਾਡਾ 'ਮਰਦਾਨਾ ਸਾਮਰਾਜ' ਹੈ। ਅਸੀਂ ਇਸ ਸਾਮਰਾਜ ਵਿੱਚ ਆਪਣੀਆਂ ਇੱਛਾਵਾਂ ਦੇ ਵਿਰੁੱਧ ਕੁਝ ਵੀ ਨਹੀਂ ਹੋਣ ਦੇਣਾ ਚਾਹੁੰਦੇ।

ਸਾਨੂੰ ਬਰਦਾਸ਼ਤ ਨਹੀਂ ਕਿ ਕੋਈ ਸਾਨੂੰ ਨਾਂਹ ਕਹੇ। ਕੋਈ ਸਾਡੀ ਇੱਛਾ ਟਾਲੇ, ਸਾਡੇ ਵਿਰੁੱਧ ਕੋਈ ਕੰਮ ਕਰੇ। ਸਾਡੀ ਸੋਚ ਤੋਂ ਪਰੇ ਕੋਈ ਕੁਝ ਵੀ ਕਰੇ, ਨਾ ਸੋਚੇ, ਨਾ ਬੋਲੇ, ਨਾ ਲਿਖੇ, ਨਾ ਪੜੇ, ਨਾ ਆਏ ਅਤੇ ਨਾ ਜਾਏ, ਨਾ ਉੱਠੇ-ਬੈਠੇ, ਦੋਸਤੀ ਨਾ ਕਰੇ, ਨਾ ਖਾਵੇ-ਪੀਵੇ ਤੇ ਨਾ ਪਾਵੇ-ਲਾਵੇ।

ਸਾਨੂੰ ਬਰਦਾਸ਼ਤ ਨਹੀਂ ਹੈ। ਅਸੀਂ ਇਹ ਸਭ ਸਿਰਫ਼ ਔਰਤਾਂ ਨਾਲ ਨਹੀਂ ਕਰਦੇ। ਅਸੀਂ ਮਰਦ ਹਾਂ, ਅਸੀਂ ਸਾਰਿਆਂ ਨਾਲ ਕਰਦੇ ਹਾਂ।

ਘਰ ਤੋਂ ਬਾਹਰ ਤੱਕ ਸਾਡਾ ਸਾਮਰਾਜ ਹੈ, ਮਰਦਾਨਾ ਸਾਮਰਾਜ। ਇਸ ਤਰ੍ਹਾਂ ਅਸੀਂ ਹਰ ਥਾਂ ਬਲਾਤਕਾਰ ਕਰ ਸਕਦੇ ਹਾਂ, ਕਰਦੇ ਹਾਂ। ਜ਼ਿੰਦਗੀ ਦਾ ਕੋਈ ਹਿੱਸਾ ਅਜਿਹਾ ਨਹੀਂ, ਜਿਹੜਾ ਸਾਡੇ ਬਲਾਤਕਾਰੀ ਨਜ਼ਰੀਏ ਤੋਂ ਬਚ ਜਾਵੇ।

ਅਸੀਂ ਮਰਦ ਹਾਂ ਅਤੇ ਬਲਾਤਕਾਰ ਕਰਦੇ ਹਾਂ ਪਰ ਇਸ ਤੋਂ ਪਹਿਲਾਂ ਹੀ ਅਸੀਂ ਇਸ ਨੂੰ ਜਾਇਜ਼ ਠਹਿਰਾਉਣ ਲਈ ਵੱਡੇ ਉਪਰਾਲੇ ਕਰ ਲੈਂਦੇ ਹਾਂ।

ਜੇ ਤੁਹਾਨੂੰ ਯਕੀਨ ਨਹੀਂ ਆ ਰਿਹਾ, ਤਾਂ ਸੁਣੋ, ਅਸੀਂ ਬਲਾਤਕਾਰ ਕਰਦੇ ਹਾਂ ਅਤੇ ਅਸੀਂ ਠੋਕ ਕੇ ਕਹਿੰਦੇ ਹਾਂ - ਕੁੜੀ ਰਾਤ ਦੇ ਹਨੇਰੇ ਵਿੱਚ ਕੀ ਕਰ ਰਹੀ ਸੀ? ਉਹ ਰਾਤ ਨੂੰ ਕਿਉਂ ਬਾਹਰ ਜਾ ਰਹੀ ਸੀ? ਉਹ 'ਉਸ' ਮੁੰਡੇ ਨਾਲ ਕੀ ਕਰ ਰਹੀ ਸੀ? ਉਸਨੇ ਛੋਟੇ ਕੱਪੜੇ ਕਿਉਂ ਪਾਏ ਸਨ? ਉਸ ਨੇ ਸ਼ਰਾਬ ਕਿਉਂ ਪੀਤੀ, ਉਹ ਸਿਗਰਟ ਕਿਉਂ ਪੀ ਰਹੀ ਸੀ?

ਉਸਨੇ ਆਪਣੇ ਮਰਜ਼ੀ ਨਾਲ ਸਾਥੀ ਨੂੰ ਕਿਵੇਂ ਚੁਣਿਆ? ਉਸ ਨੇ ਮੇਰੇ ਧਰਮ ਬਾਰੇ ਕਿਉਂ ਗੱਲ ਕੀਤੀ? ਉਸ ਦੀ ਹਿੰਮਤ ਕਿਵੇਂ ਹੋਈ ਕਿ ਉਹ ਮੇਰੀ ਜਾਤ ਦੇ ਸਾਹਮਣੇ ਖੜ੍ਹੀ ਹੋ ਸਕੇ?

ਹੁਣ ਹੋਸ਼ ਟਿਕਾਣੇ ਆਉਣਗੇ ਕਿਉਂਕਿ ਉਹ ਫਲਾਣੇ ਧਰਮ ਦੀ ਸੀ। ਉਹ ਫਲਾਣੀ ਜਾਤ ਦੀ ਸੀ।

ਉਹ ਫਲਾਣੇ ਭਾਈਚਾਰੇ ਨਾਲ ਸਬੰਧਤ ਸੀ, ਇਲਾਕੇ ਦੀ ਸੀ, ਹੁਣ ਉਹ ਕਿਸੇ ਨੂੰ ਮੂੰਹ ਲੁਕਾਉਣ ਦੇ ਲਾਇਕ ਨਹੀਂ ਰਹੇਗੀ।

ਉਹ ਮੇਰੀ ਪਤਨੀ ਹੈ, ਕਾਨੂੰਨ ਅਤੇ ਸਮਾਜ ਇਸ ਦੇ ਗਵਾਹ ਹਨ। ਇਸ ਲਈ ਮੈਂ ਬਲਾਤਕਾਰ ਕਰਦਾ ਹਾਂ ਪਰ ਇਸ ਨੂੰ ਬਲਾਤਕਾਰ ਨਹੀਂ ਅਖਵਾਉਂਦਾ।

ਸੰਭਵ ਹੈ, ਮਰਦਾਂ ਦੇ ਝੁੰਡ ਵਿੱਚ ਇਹਨਾਂ ਗੱਲਾਂ ਨਾਲ ਗੁੱਸਾ ਪੈਦਾ ਹੋਵੇ, ਨਾਰਾਜ਼ਗੀ ਹੋਵੇ, ਇਹ ਸੰਭਵ ਹੈ। ਬਹੁਤ ਸਾਰੇ ਗੁੱਸੇ ਵਿੱਚ ਫਿਰ ਬਲਾਤਕਾਰ ਕਰਨ ਲੱਗਣ, ਇੱਥੋਂ ਤੱਕ ਕਿ ਬੋਲਣ ਨਾਲ ਵੀ ਤਾਂ ਬਲਾਤਕਾਰ ਹੋ ਸਕਦਾ ਹੈ। ਪਰ ਇਸ ਵਾਰ ਬਲਾਤਕਾਰ ਤੋਂ ਪਹਿਲਾਂ ਸੋਚਿਓ।

ਜ਼ਾਹਿਰ ਹੈ, ਇੱਥੇ ਕੋਈ ਦੋ ਰਾਵਾਂ ਨਹੀਂ ਹਨ, ਸਾਰੇ ਮਰਦ ਬਲਾਤਕਾਰੀ ਨਹੀਂ ਹੁੰਦੇ ਹਨ, ਪਰ ਇਹ ਵੀ ਸੱਚ ਹੈ ਕਿ ਸਾਰੇ ਮਰਦ ਇੱਕੋ-ਜਿਹੇ ਬਲਾਤਕਾਰੀ ਨਹੀਂ ਹੁੰਦੇ।

ਕਈ ਕਾਨੂੰਨ ਮੁਤਾਬਕ ਬਲਾਤਕਾਰ ਦੇ ਘੇਰੇ ਵਿੱਚ ਵੀ ਉਹ ਨਹੀਂ ਆਉਂਦੇ, ਪਰ ਇਸ 'ਤੇ ਵਿਚਾਰ ਕਰਨਾ ਮਹੱਤਵਪੂਰਨ ਹੈ।

ਬਲਾਤਕਾਰ ਵੀ ਵਿਚਾਰ ਹੈ। ਔਰਤ ਦੇ ਸਰੀਰ ਉੱਤੇ ਹਮਲੇ ਤੋਂ ਪਹਿਲਾਂ, ਉਸ ਵਿਚਾਰ ਦੀ ਇੱਕ ਠੋਸ ਨੀਂਹ ਤਿਆਰ ਕੀਤੀ ਜਾਂਦੀ ਹੈ। ਬੁਨਿਆਦ ਲਈ ਮਿੱਟੀ-ਗਾਰਾ-ਰੇਤਾ-ਸੀਮੈਂਟ-ਪਾਣੀ ਅਸੀਂ ਮਰਦ ਦਿੰਦੇ ਹਾਂ।

ਤਾਂ ਸੋਚੋ ਨਾ, ਦੇਸ਼ ਅਤੇ ਸਮਾਜ ਵਿੱਚ ਹਰ ਥਾਂ 'ਮਰਦਾਨਾ ਬਲਾਤਕਾਰ' ਹੁੰਦਾ ਰਹੇ ਅਤੇ ਔਰਤਾਂ ਇਸ ਤੋਂ ਬਚੀਆਂ ਰਹਿਣ, ਕੀ ਇਹ ਸੰਭਵ ਹੈ?

ਔਰਤ ਦੀ ਜ਼ਿੰਦਗੀ ਤੋਂ ਬਲਾਤਕਾਰ ਨੂੰ ਹਟਾਉਣ ਲਈ, ਔਰਤ ਦੀ ਜ਼ਿੰਦਗੀ ਨੂੰ ਹਿੰਸਾ ਤੋਂ ਮੁਕਤ ਕਰਨ ਲਈ ਅਤੇ ਇਸ ਤੋਂ ਵੱਧ ਕੇ ਇੱਕ ਬਿਹਤਰ ਸਮਾਜ ਦੀ ਸਿਰਜਣਾ ਲਈ 'ਮਰਦਾਨਾ ਬਲਾਤਕਾਰ' ਦੀਆਂ ਨਿਸ਼ਾਨੀਆਂ ਨੂੰ ਹਰ ਜਗ੍ਹਾ ਤੋਂ ਮਿਟਾਉਣਾ ਪਏਗਾ।

ਦਬੰਗ ਮਰਦਾਨਾ ਸੋਚ ਨੂੰ ਖ਼ਤਮ ਕਰਨਾ ਪਵੇਗਾ। ਦਬੰਗ ਮਰਦਾਨਾ ਸੋਚ ਨਾਲ ਜੁੜਿਆ ਹਰ ਸਨਮਾਨ, ਮੋਹਰੀ ਬਣਾਉਣ ਵਾਲੇ ਹਰੇਕ ਕਦਮ ਨੂੰ ਰੋਕਣਾ ਹੋਵੇਗਾ।

ਤਾਂ ਬੋਲੋ, ਕੀ ਮਰਦਾਨਾ ਲੋਕ ਇਸ ਲਈ ਤਿਆਰ ਹਨ ਜਾਂ ਅਸੀਂ 'ਬਲਾਤਕਾਰੀ ਮਰਦ ਬਣ ਕੇ ਖੁਸ਼ ਹਾਂ?

ਇਹ ਵੀ ਪੜ੍ਹੋ-

ਇਹ ਵੀਡੀਓਜ਼ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)