You’re viewing a text-only version of this website that uses less data. View the main version of the website including all images and videos.
ਰਾਜੋਆਣਾ ਦੀ ਫਾਂਸੀ ਮਾਫੀ ਨਹੀਂ: ਸਿੱਖਾਂ ਨੂੰ ਇੱਕ ਵਾਰ ਫੇਰ ਕਰਵਾਇਆ ਬੇਗਾਨਗੀ ਦਾ ਅਹਿਸਾਸ - ਅਕਾਲ ਤਖ਼ਤ ਜਥੇਦਾਰ
ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਵਿਚ ਨਾ ਬਦਲੇ ਜਾਣ ਬਾਰੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਲੋਕ ਸਭਾ ਵਿਚ ਦਿੱਤੇ ਬਿਆਨ ਤੋਂ ਬਾਅਦ ਪੰਜਾਬ ਵਿਚ ਸਿਆਸਤ ਇੱਕ ਵਾਰ ਫੇਰ ਗਰਮਾ ਗਈ ਹੈ।
ਕੇਂਦਰ ਸਰਕਾਰ ਵਿਚ ਭਾਈਵਾਲ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਨੂੰ ਮੰਦਭਾਗਾ ਫ਼ੈਸਲਾ ਕਿਹਾ ਹੈ ਤਾਂ ਕਾਂਗਰਸ ਆਗੂ ਰਵਨੀਤ ਸਿੰਘ ਬਿੱਟੂ ਨੇ ਕੇਂਦਰ ਸਰਕਾਰ ਦੇ ਫੈ਼ਸਲੇ ਦਾ ਸਵਾਗਤ ਕੀਤਾ ਹੈ।
ਗ੍ਰਹਿ ਮੰਤਰੀ ਨੂੰ ਮਿਲੇਗਾ ਵਫ਼ਦ -ਸੁਖ਼ਬੀਰ
ਬਲਵੰਤ ਸਿੰਘ ਰਾਜੋਆਣਾ 'ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ 'ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਗ੍ਰਹਿ ਮੰਤਰੀ ਦੇ ਬਿਆਨ ਨੇ ਸਿੱਖਾਂ ਨੂੰ ਡਾਹਢੀ ਪੀੜ ਪਹੁੰਚਾਈ।
ਉਨ੍ਹਾਂ ਨੇ ਕਿਹਾ, "ਸਾਨੂੰ ਸਾਰਿਆਂ ਨੂੰ ਬਹੁਤ ਵੱਡਾ ਧੱਕਾ ਲੱਗਿਆ ਹੈ। ਲੋਕਾਂ ਅੰਦਰ ਇਹ ਭਾਵਨਾ ਆ ਰਹੀ ਹੈ ਕਿ ਸਿੱਖਾਂ ਨੂੰ ਇਨਸਾਫ ਨਹੀਂ ਦਿੱਤਾ ਗਿਆ ਹੈ ਅਤੇ 550ਵੇਂ ਪਰਕਾਸ਼ ਪੁਰਬ ਦੇ ਮੌਕੇ ਉੱਤੇ ਅਪਣਾਈ ਦਇਆ ਦੀ ਭਾਵਨਾ ਨੂੰ ਅਮਲ ਵਿਚ ਨਹੀਂ ਲਿਆਂਦਾ ਗਿਆ ਹੈ।"
ਅਸੀਂ ਮਹਿਸੂਸ ਕਰਦੇ ਹਾਂ ਕਿ ਇਹ ਕੇਸ ਮੁਆਫੀ ਦਾ ਹੱਕਦਾਰ ਹੈ, ਕਿਉਂਕਿ ਭਾਈ ਰਾਜੋਆਣਾ ਬਿਨਾਂ ਪੈਰੋਲ ਤੋਂ 23 ਤੋਂ ਵੱਧ ਸਾਲ ਜੇਲ੍ਹ ਵਿਚ ਕੱਟ ਚੁੱਕੇ ਹਨ। ਇਸ ਤੋਂ ਇਲਾਵਾ ਬੇਅੰਤ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਢਾਹੇ ਅੱਤਿਆਚਾਰਾਂ ਖ਼ਿਲਾਫ ਭੜਕੀਆਂ ਭਾਵਨਾਵਾਂ ਦਾ ਵੀ ਇੱਕ ਮੁੱਦਾ ਹੈ, ਜਦੋਂ ਸਰਕਾਰ ਵੱਲੋਂ ਕੀਤੀ ਅੰਨ੍ਹੀ ਦਹਿਸ਼ਤਗਰਦੀ ਦੌਰਾਨ ਹਜ਼ਾਰਾਂ ਸਿੱਖ ਨੌਜਵਾਨਾਂ ਨੂੰ ਕਤਲ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ-
ਉਹਨਾਂ ਕਿਹਾ ਕਿ ਇਸ ਦੇ ਨਾਲ ਹੀ ਅਕਾਲੀ ਦਲ ਸਿਧਾਂਤਕ ਤੌਰ ਤੇ ਵੀ ਮੌਤ ਦੀ ਸਜ਼ਾ ਦੇ ਖ਼ਿਲਾਫ ਹੈ ਅਤੇ ਇਸ ਮੁੱਦੇ ਉੱਤੇ ਕੇਂਦਰ ਸਰਕਾਰ ਅਤੇ ਦੇਸ਼ ਦੇ ਰਾਸ਼ਟਰਪਤੀ ਨੂੰ ਵੀ ਮਿਲ ਚੁੱਕਿਆ ਹੈ।ਇਹ ਟਿੱਪਣੀ ਕਰਦਿਆਂ ਕਿ ਅਕਾਲੀ ਦਲ ਭਾਈ ਰਾਜੋਆਣਾ ਨੂੰ ਰਾਹਤ ਦਿਵਾਉਣ ਦੀ ਆਪਣੀ ਲੜਾਈ ਜਾਰੀ ਰੱਖੇਗਾ, ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਇੱਕ ਉੱਚ ਪੱਧਰੀ ਵਫ਼ਦ ਜਲਦੀ ਕੇਂਦਰੀ ਗ੍ਰਹਿ ਮੰਤਰੀ ਨੂੰ ਮਿਲੇਗਾ ਅਤੇ ਉਹਨਾਂ ਨੂੰ ਸਿੱਖਾਂ ਦੀਆਂ ਭਾਵਨਾਵਾਂ ਤੋਂ ਜਾਣੂ ਕਰਵਾਏਗਾ ਅਤੇ ਅਪੀਲ ਕਰੇਗਾ ਕਿ ਭਾਈ ਰਾਜੋਆਣਾ ਦੀ ਮੌਤ ਦੀ ਸਜ਼ਾ ਮੁਆਫ ਕਰ ਦਿੱਤੀ ਜਾਵੇ।
ਬੰਬ ਬਲਾਸਟ ਬਾਦਲ 'ਤੇ ਹੁੰਦਾ ਤਾਂ - ਬਿੱਟੂ
ਇਸ ਮਾਮਲੇ ਨੂੰ ਸੰਸਦ ਵਿਚ ਚੁੱਕਣ ਵਾਲੇ ਅਤੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤਰੇ ਰਵਨੀਤ ਸਿੰਘ ਬਿੱਟੂ ਨੇ ਕਿਹਾ, ''ਮੈਂ ਪੰਜਾਬ ਅਤੇ ਅਮਨਪਸੰਦ ਲੋਕਾਂ ਦਾ ਤਰਫੋ ਅਮਿਤ ਸ਼ਾਹ ਦਾ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਨੇ ਖੜ੍ਹ ਹੋਕੇ ਸਦਨ ਵਿਚ ਕਿਹਾ ਕਿ ਨਾ ਮਾਫ਼ ਕੀਤਾ ਅਤੇ ਨਾ ਮਾਫ਼ ਕਰਾਂਗੇ।''
ਕੇਂਦਰ ਦੇ ਸਜ਼ਾ ਮਾਫ਼ ਕਰਨ ਤੋਂ ਮੁੱਕਰਨ ਦੇ ਫ਼ੈਸਲੇ ਨੂੰ ਗਲਤ ਕਰਾਰ ਦਿੰਦਿਆਂ ਅਕਾਲੀ ਦਲ ਦੇ ਪ੍ਰਧਾਨ ਸੁਖ਼ਬੀਰ ਸਿੰਘ ਦੇ ਬਿਆਨ ਬਾਰੇ ਪੁੱਛੇ ਜਾਣ ਉੱਤੇ ਰਵਨੀਤ ਬਿੱਟੂ ਨੇ ਉਲਟਾ ਸਵਾਲ ਕੀਤਾ, ''ਤੁਸੀਂ ਵੀ ਪੰਜਾਬ ਵਿਚ ਲੋਕਤੰਤਰ ਬਹਾਲ ਹੋਣ ਤੋਂ ਬਾਅਦ 15 ਸਾਲ ਰਾਜ ਕੀਤਾ ਹੈ, ਵਰਨਾ ਜੇਕਰ ਹਾਲਾਤ ਅੱਤਵਾਦ ਵੇਲੇ ਜਾਰੀ ਹੋਣ ਵਾਲੇ ਫਤਵਿਆਂ ਵਾਲੇ ਰਹਿੰਦੇ ਤਾਂ ਜੇਲ੍ਹਾਂ ਵਿਚ ਬੈਠ ਕੇ ਸਿਮਰਨਜੀਤ ਸਿੰਘ ਮਾਨ ਤੇ ਬਿਮਲ ਖਾਲਸਾ ਵਰਗੇ ਹੀ ਜਿੱਤਦੇ, ਤੁਹਾਡੀ ਵਾਰੀ ਨਹੀਂ ਆਉਣੀ ਸੀ।''
ਇਹ ਵੀ ਪੜ੍ਹੋ-
ਉਨ੍ਹਾਂ ਕਿਹਾ ਸੁਖਬੀਰ ਬਾਦਲ ਬੇਅੰਤ ਸਿੰਘ ਨੂੰ ਕਾਂਗਰਸ ਦੇ ਮੁੱਖ ਮੰਤਰੀ ਜਾਂ ਮੇਰੇ ਦਾਦਾ ਦੇ ਰੂਪ ਵਿਚ ਨਾ ਦੇਖਣ, ਇਹ ਕਿਸੇ ਨਾਲ ਵੀ ਉਸ ਵੇਲੇ ਵਾਪਰ ਸਕਦੀ, ਇਨ੍ਹਾਂ ਨੇ ਭਾਈ ਸ਼ਮਿੰਦਰ ਸਿੰਘ ਹੋਰੀਂ, ਸੰਤ ਲੌਂਗੋਵਾਲ ਹੋਰੀ... ਬਾਦਲ ਸਾਹਬ ਵੀ ਉਸ ਵੇਲੇ ਇੱਥੇ ਹੀ ਸੀ, ਖੁਦਾ ਨਾ ਖਾਸਤਾ... ਮੈਂ ਨਹੀਂ ਕਹਿੰਦਾ, ਰੱਬ ਉਨ੍ਹਾਂ ਨੂੰ ਲੰਬੀ ਉਮਰ ਦੇਵੇ, ਪਰ ਜੇ ਉਨ੍ਹਾਂ ਉੱਤੇ ਬੰਬ ਬਲਾਸਟ ਹੋਇਆ ਹੁੰਦਾ, ਉਨ੍ਹਾਂ ਨੂੰ ਕਿਸੇ ਨੇ ਬੰਬ ਨਾਲ ਉਡਾਇਆ ਹੁੰਦਾ ਤਾਂ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਬਾਦਲ ਦਾ ਕੀ ਬਿਆਨ ਹੁੰਦਾ। ਇਸ ਲਈ ਵੋਟਾਂ ਦੀ ਰਾਜਨੀਤੀ ਨਾ ਕਰੋ।''
ਬੇਗਾਨੇਪਣ ਦਾ ਅਹਿਸਾਸ ਕਰਵਾਇਆ- ਜਥੇਦਾਰ
ਬਲਵੰਤ ਸਿੰਘ ਰਾਜੋਆਣਾ ਦੀ ਫ਼ਾਂਸੀ ਦੀ ਸਜ਼ਾ ਉਮਰ ਕੈਦ ਵਿਚ ਨਾ ਬਦਲੇ ਜਾਣ ਉੱਤੇ ਅਕਾਲ ਤਖ਼ਤ ਦੇ ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ, ''ਰਾਜੋਆਣਾ ਬਾਰੇ ਅਜਿਹਾ ਫ਼ੈਸਲਾ ਲੈ ਕੇ ਕੇਂਦਰ ਦੀ ਸਰਕਾਰ ਨੇ ਸਿੱਖਾਂ ਬਾਰੇ ਮਨਸ਼ਾ ਸਾਫ਼ ਕਰ ਦਿੱਤੀ ਹੈ ਅਥੇ ਇੱਕ ਵਾਰ ਫੇਰ ਸਿੱਖਾਂ ਨੂੰ ਬੇਗਾਨਗੀ ਦਾ ਅਹਿਸਾਸ ਦਵਾਇਆ ਹੈ।''
ਮੀਡੀਆ ਨਾਲ ਗੱਲ ਕਰਦਿਆਂ ਜਥੇਦਾਰ ਨੇ ਕਿਹਾ ਕਿ ਇਹ ਕੇਂਦਰ ਸਰਕਾਰ ਦੀ ਦੋਗਲੀ ਨੀਤੀ ਹੈ।
ਦੁੱਖਦਾਇਕ ਬਿਆਨ -ਲੌਂਗੋਵਾਲ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ, ''ਬੜੇ ਦੁੱਖ ਦੀ ਗੱਲ ਹੈ ਕਿ ਭਾਰਤ ਸਰਕਾਰ ਵਲੋਂ ਬਲਵੰਤ ਸਿੰਘ ਰਾਜੋਆਣਾ ਉਨ੍ਹਾਂ ਦੀ ਜਿਹੜੀ ਫਾਂਸੀ ਦੀ ਸਜ਼ਾ ਜਿਹੜੀ ਉਮਰ ਕੈਦ ਵਿਚ ਬਦਲੀ ਗਈ ਸੀ, ਪਰ ਹੁਣ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੰਸਦ ਵਿਚ ਸਜ਼ਾ ਨਾ ਬਦਲਣ ਬਾਰੇ ਜੋ ਗੱਲ ਕੀਤੀ ਹੈ, ਇਸ ਨਾਲ ਸਾਰੀ ਸਿੱਖ ਕੌਮ ਦੇ ਹਿਰਦਿਆਂ ਨੂੰ ਡੂੰਘੀ ਸੱਟ ਵੱਜੀ ਹੈ। ਇਸ ਨਾਲ ਸਿੱਖ ਭਾਵਨਾਵਾਂ ਆਹਤ ਹੋਈਆਂ ਹਨ।''
ਲੌਂਗੋਵਾਲ ਨੇ ਕਿਹਾ, ''ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਮੰਗ ਕਰਦੀ ਆ ਰਹੀ ਹੈ ਕਿ ਬਲਵੰਤ ਸਿੰਘ ਰਾਜੋਆਣਾ ਦੀ ਫ਼ਾਂਸੀ ਦੀ ਸਜ਼ਾ ਉਮਰ ਕੈਦ ਵਿਚ ਤਬਦੀਲ ਕੀਤੀ ਜਾਵੇ। ਅਸੀਂ ਕਈ ਵਾਰ ਇਸ ਬਾਰੇ ਕਈ ਵਾਰ ਗ੍ਰਹਿ ਮੰਤਰੀ ਨੂੰ ਵੀ ਮਿਲਦੇ ਰਹੇ ਹਾਂ। ਮੀਡੀਆ ਵਿਚ ਇਸ ਬਾਰੇ ਗ੍ਰਹਿ ਮੰਤਰੀ ਕਹਿ ਵੀ ਚੁੱਕੇ ਸਨ ਪਰ ਅੱਜ ਸਾਨੂੰ ਵੱਡਾ ਦੁੱਖ ਪਹੁੰਚਿਆ ਹੈ।''
ਇਹ ਵੀਡੀਓਜ਼ ਵੀ ਦੇਖੋ