ਮਲੇਰਕੋਟਲਾ: 'ਮੇਰੇ ਭਰਾ ਨੂੰ ਸਿਆਸੀ ਸ਼ਹਿ ’ਤੇ ਮਾਰਿਆ ਗਿਆ', ਅਬਦੁਲ ਰਸ਼ੀਦ ਉਰਫ਼ ਘੁੱਦੂ ਦੇ ਭਰਾ ਦਾ ਇਲਜ਼ਾਮ

    • ਲੇਖਕ, ਸੁਖਚਰਨ ਪ੍ਰੀਤ
    • ਰੋਲ, ਮਲੇਰਕੋਟਲਾ ਤੋਂ ਬੀਬੀਸੀ ਪੰਜਾਬੀ ਲਈ

ਮਲੇਰਕੋਟਲਾ ਵਿੱਚ ਸੋਮਵਾਰ ਨੂੰ ਕਤਲ ਕੀਤੇ ਗਏ ਅਬਦੁਲ ਰਸ਼ੀਦ ਉਰਫ਼ ਘੁੱਦੂ ਨਾਂ ਦੇ ਇੱਕ ਗੈਂਗਸਟਰ ਦੀ ਮ੍ਰਿਤਕ ਦੇਹ ਨੂੰ ਆਖ਼ਰਕਾਰ ਬੁੱਧਵਾਰ ਨੂੰ ਸਪੁਰਦ-ਏ-ਖ਼ਾਕ ਕਰ ਦਿੱਤੀ ਗਿਆ।

ਪੋਸਟਮਾਰਟਮ ਤੋਂ ਬਾਅਦ ਵਾਰਸ ਉਸਦੀ ਲਾਸ਼ ਹਸਪਤਾਲ ਵਿੱਚ ਹੀ ਰੱਖ ਕੇ ਰੋਸ ਜਾਹਰ ਕਰ ਰਹੇ ਸਨ। ਪਰਿਵਾਰ ਨੇ ਮੁਲਜ਼ਮਾਂ ਨੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੱਕ ਉਸਨੂੰ ਦਫ਼ਨਾਉਣ ਤੋਂ ਮਨਾਂ ਕਰ ਦਿੱਤਾ ਸੀ।

ਪੰਜਾਬ ਪੁਲਿਸ ਦੇ ਐੱਸਪੀ ਮਨਜੀਤ ਸਿੰਘ ਬਰਾੜ ਨੇ ਫ਼ੇਸਬੁੱਕ ਉੱਤੇ ਕਤਲ ਦੀ ਜ਼ਿੰਮੇਵਾਰੀ ਚੁੱਕਣ ਵਾਲੇ ਬੱਗਾ ਤੱਖੜ ਤੇ ਇੱਕ ਹੋਰ ਵਿਅਕਤੀ ਦਾ ਪ੍ਰੋਡਕਸ਼ਨ ਵਾਰੰਟ ਲੈਣ ਦਾ ਭਰੋਸਾ ਦਿੱਤਾ ਸੀ ਅਤੇ ਇਸ ਉੱਤੇ ਅਮਲ ਹੁੰਦਿਆਂ ਹੀ ਪਰਿਵਾਰ ਅਬਦੁਲ ਰਸ਼ੀਦ ਦੀਆਂ ਅੰਤਿਮ ਰਸਮਾਂ ਲਈ ਤਿਆਰ ਹੋ ਗਿਆ।

ਅਬਦੁਲ ਰਸ਼ੀਦ ਦੇ ਭਰਾ ਮੁਹੰਮਦ ਯਮੀਨ ਮੁਤਾਬਕ ਸੋਮਵਾਰ ਰਾਤ ਨੂੰ ਮੈਰਿਜ ਪੈਲੇਸ ਵਿੱਚ ਉਨ੍ਹਾਂ ਦੇ ਭਰਾ ਦੇ ਵਿਆਹ ਦੀ ਪਾਰਟੀ ਦਾ ਸਮਾਗਮ ਚੱਲ ਰਿਹਾ ਸੀ ਜਦੋਂ ਕੁੱਝ ਅਣਪਛਾਤੇ ਹਮਲਾਵਰਾਂ ਨੇ ਉਸਨੂੰ ਪੈਲੇਸ ਦੇ ਗਰਾਊਂਡ ਵਿੱਚ ਬੁਲਾਇਆ ਅਤੇ ਗੋਲੀਆਂ ਮਾਰ ਦਿੱਤੀਆਂ।

ਅਬਦੁਲ ਰਸ਼ੀਦ ਨੂੰ ਸਥਾਨਕ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ:

ਕਿੰਝ ਹੋਈ ਵਾਰਦਾਤ

ਮੁਹੰਮਦ ਯਮੀਨ ਨੇ ਬੀਬੀਸੀ ਨੂੰ ਦੱਸਿਆ, " ਮੇਰੇ ਵਿਆਹ ਦੀ ਪਾਰਟੀ ਚੱਲ ਰਹੀ ਸੀ। ਅਸੀਂ ਮਹਿਮਾਨਾਂ ਦੀ ਦੇਖ ਰੇਖ ਕਰ ਰਹੇ ਸੀ। ਕਰੀਬ ਅੱਠ ਵਜੇ ਤਿੰਨ-ਚਾਰ ਅਣਪਛਾਤੇ ਵਿਅਕਤੀ ਪੈਲੇਸ ਦੇ ਅੰਦਰ ਆਏ।"

"ਉਨ੍ਹਾਂ ਮੇਰੇ ਭਰਾ ਦੇ ਗੋਲੀਆਂ ਮਾਰ ਦਿੱਤੀਆਂ। ਅਸੀਂ ਮੇਰੇ ਭਰਾ ਨੂੰ ਸਿਵਲ ਹਸਪਤਾਲ ਲੈ ਕੇ ਆਏ ਇੱਥੇ ਉਸਨੂੰ ਡਾਕਟਰਾਂ ਵੱਲੋਂ ਮ੍ਰਿਤਕ ਕਰਾਰ ਦੇ ਦਿੱਤਾ ਗਿਆ।

ਮੁਹੰਮਦ ਯਮੀਨ ਨੇ ਇਸ ਕਤਲ ਲਈ ਸਿਆਸੀ ਸ਼ਹਿ ਨੂੰ ਜਿੰਮੇਵਾਰ ਠਹਿਰਾਇਆ।

ਉਨ੍ਹਾਂ ਕਿਹਾ, "ਇਹ ਕੁਝ ਸਿਆਸੀ ਬੰਦਿਆਂ ਦੀ ਸ਼ਹਿ ਉੱਤੇ ਹੋਇਆ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ।

ਪੁਲਿਸ ਦਾ ਕੀ ਕਹਿਣਾ ਹੈ?

ਸੰਗਰੂਰ ਪੁਲਿਸ ਦੇ ਐੱਸ ਪੀ ਮਲੇਰਕੋਟਲਾ ਮਨਜੀਤ ਸਿੰਘ ਬਰਾੜ ਨੇ ਘਟਨਾ ਸਬੰਧੀ ਕੀਤੀ ਕਾਰਵਾਈ ਬਾਰੇ ਦੱਸਦਿਆਂ ਕਿਹਾ, "ਕੱਲ੍ਹ ਰਾਤ ਅਬਦੁਲ ਰਸ਼ੀਦ ਦੇ ਭਰਾ ਦੇ ਵਿਆਹ ਦੀ ਪਾਰਟੀ ਚੱਲ ਰਹੀ ਸੀ।ਕਰੀਬ ਸਵਾ ਅੱਠ ਵਜੇ ਚਾਰ ਅਣਪਛਾਤੇ ਬੰਦਿਆਂ ਨੇ ਆ ਕੇ ਅਬਦੁਲ ਦੇ ਨੇੜਿਉਂ ਗੋਲੀਆਂ ਮਾਰੀਆਂ ਜਿਸ ਕਰਕੇ ਉਸਦੀ ਮੌਕੇ ਉੱਤੇ ਹੀ ਮੌਤ ਹੋ ਗਈ ਜਦਕਿ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ।"

"ਮਰਨ ਵਾਲੇ ਦੇ ਭਰਾ ਦੇ ਬਿਆਨਾਂ ਉੱਤੇ 4 ਅਣਪਛਾਤੇ ਲੋਕਾਂ ਸਮੇਤ 7 ਜਾਣਿਆਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ।"

"ਇਨ੍ਹਾਂ ਦੀ ਆਪਸੀ ਪੁਰਾਣੀ ਦੁਸ਼ਮਣੀ ਚੱਲਦੀ ਆ ਰਹੀ ਹੈ। ਇਨ੍ਹਾਂ ਵਿੱਚੋਂ ਦੋ ਵਿਅਕਤੀ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਹਨ ਜਦਕਿ ਇੱਕ ਵਿਅਕਤੀ ਫ਼ਰਾਰ ਹੈ। ਦੋਸ਼ੀਆਂ ਦੀ ਭਾਲ ਲਈ ਯਤਨ ਤੇਜ਼ ਕਰ ਦਿੱਤੇ ਗਏ ਹਨ।"

ਇਹ ਵੀ ਪੜ੍ਹੋ:

ਕਿਸਨੇ ਲਈ ਜ਼ਿੰਮੇਵਾਰੀ?

ਇਸ ਘਟਨਾ ਦੇ ਕੁੱਝ ਘੰਟਿਆਂ ਬਾਅਦ ਬੱਗਾ ਤੱਖਰ ਨਾਂ ਦੇ ਫੇਸ ਬੁੱਕ ਅਕਾਊਂਟ ਉੱਤੇ ਇੱਕ ਪੋਸਟ ਪਾਈ ਗਈ , ਇਸ ਵਿੱਚ ਅਬਦੁਲ ਰਸ਼ੀਦ ਦੇ ਕਤਲ ਦੀ ਜ਼ਿੰਮੇਵਾਰੀ ਲਈ ਗਈ ਹੈ।

ਇਸ ਪੋਸਟ ਵਿੱਚ ਕਤਲ ਪਿੱਛੇ ਇੱਕ ਪੁਰਾਣੀ ਰੰਜਸ਼ ਦਾ ਜ਼ਿਕਰ ਕੀਤਾ ਗਿਆ ਹੈ।

ਇਸ ਪੋਸਟ ਬਾਰੇ ਗੱਲ ਕਰਦਿਆਂ ਐੱਸਪੀ ਮਲੇਰਕੋਟਲਾ ਮਨਜੀਤ ਸਿੰਘ ਬਰਾੜ ਨੇ ਕਿਹਾ, "ਇਸ ਪੋਸਟ ਸਬੰਧੀ ਅਸੀਂ ਤਕਨੀਕੀ ਸਮੇਤ ਹਰ ਪੱਖ ਤੋਂ ਜਾਂਚ ਕਰ ਰਹੇ ਹਾਂ। ਅੱਜ ਕੱਲ੍ਹ ਕਿਸੇ ਦੀ ਵੀ ਆਈ ਡੀ ਹੈਕ ਕਰਕੇ ਨਾਂ ਪਾਇਆ ਜਾ ਸਕਦਾ ਹੈ।"

"ਇਸ ਮਾਮਲੇ ਦੀ ਵੀ ਪੂਰੀ ਜਾਂਚ ਕਰਕੇ ਆਈ ਟੀ ਐਕਟ ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ। ਜੇਲ੍ਹ ਵਿੱਚ ਬੰਦ ਬੱਗਾ ਤੱਖਰ ਸਮੇਤ ਦੋਹਾਂ ਮੁਲਜ਼ਮਾਂ ਦਾ ਪ੍ਰੋਡਕਸ਼ਨ ਵਾਰੰਟ ਹਾਸਲ ਕਰਕੇ ਉਨ੍ਹਾਂ ਤੋਂ ਵੀ ਪੁੱਛਗਿੱਛ ਸ਼ੁਰੂ ਹੋ ਚੁੱਕੀ ਹੈ।"

ਕੀ ਹੈ ਅਬਦੁਲ ਰਸ਼ੀਦ ਦਾ ਪਿਛੋਕੜ?

ਅਬਦੁਲ ਰਸ਼ੀਦ ਮਲੇਰਕੋਟਲਾ ਦਾ ਹੀ ਰਹਿਣ ਵਾਲਾ ਸੀ। ਪੁਲਿਸ ਮੁਤਾਬਕ ਉਸ ਉੱਤੇ ਕਤਲ ਸਮੇਤ ਵੱਖ-ਵੱਖ ਅਪਰਾਧਾਂ ਅਧੀਨ ਕਈ ਮਾਮਲੇ ਦਰਜ ਹਨ।

ਅਬਦੁਲ ਰਸ਼ੀਦ ਫ਼ਿਲਹਾਲ ਕਤਲ ਦੇ ਹੀ ਇੱਕ ਮਾਮਲੇ ਵਿੱਚ ਜ਼ਮਾਨਤ ਉੱਤੇ ਆਇਆ ਹੋਇਆ ਸੀ।

ਪੁਲਿਸ ਵੱਲੋਂ ਇਸ ਮਾਮਲੇ ਵਿੱਚ ਦੋਸ਼ੀਆਂ ਖਿਲਾਫ ਭਾਰਤੀ ਦੰਡਾਵਲੀ ਦੀ ਧਾਰਾ 302 (ਕਤਲ), 120-ਬੀ (ਸਾਜਿਸ਼ ਰਚਣ) ਅਤੇ ਆਰਮਡ ਐਕਟ ਦੀ ਧਾਰਾ 25,27 ਦੇ ਤਹਿਤ ਸਿਟੀ-1 ਮਲੇਰਕੋਟਲਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)