ਪੰਜਾਬ ਪੁਲਿਸ ਨੂੰ ਗੈਂਗਸਟਰ ਬੁੱਢਾ ਦੀ ਅਰਮੇਨੀਆ ਤੋਂ ਮਿਲੀ ਹਵਾਲਗੀ

ਗੈਂਗਸਟਰ ਸੁਖਪ੍ਰੀਤ ਸਿੰਘ ਬੁੱਢਾ ਦੀ ਅਰਮੇਨੀਆ ਤੋਂ ਹਵਾਲਗੀ ਯਕੀਨੀ ਬਣਾਉਣ ਮਗਰੋਂ ਪੰਜਾਬ ਪੁਲਿਸ ਉਸ ਨੂੰ ਦਿੱਲੀ ਦੇ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰਨ ਲਈ ਤਿਆਰ ਹੈ।

ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਬੁੱਢਾ ਨੇ ਅੱਧੀ ਰਾਤ ਦੇ ਆਸ-ਪਾਸ ਹਵਾਈ ਅੱਡੇ ਤੇ ਉਤਰਨਾ ਹੈ ਜਿੱਥੋਂ ਉਸ ਨੂੰ ਪੰਜਾਬ ਪੁਲਿਸ ਦੀ ਟੀਮ ਗ੍ਰਿਫ਼ਤਾਰ ਕਰ ਲਵੇਗੀ।

ਕੁਝ ਦਿਨ ਪਹਿਲਾਂ ਇੱਕ ਹੋਰ ਗੈਂਗਸਟਰ ਰਮਨਜੀਤ ਸਿੰਘ ਰੋਮੀ ਦੀ ਹਾਂਗ-ਕਾਂਗ ਤੋਂ ਹਵਾਲਗੀ ਦੀ ਪ੍ਰਵਾਨਗੀ ਲੈਣ ਵਾਲੀ ਪੰਜਾਬ ਪੁਲਿਸ ਲਈ ਇਹ ਵੱਡੀ ਸਫ਼ਲਤਾ ਮੰਨੀ ਜਾ ਰਹੀ ਹੈ।

ਬੰਬੀਹਾ ਗੈਂਗ ਦੇ ਮੁਖੀਆ ਬੁੱਢਾ ਦੀ ਕਤਲ, ਕਤਲ ਦੀ ਕੋਸ਼ਿਸ਼, ਫਿਰੌਤੀ, ਯੂਏਪੀਏ ਆਦਿ ਸਮੇਤ 15 ਮਾਮਲਿਆਂ ਵਿੱਚ ਤਲਾਸ਼ ਸੀ। ਹਾਲ ਹੀ ਵਿੱਚ ਉਹ ਆਪਣੀਆਂ ਖ਼ਾਲਿਸਤਾਨ ਪੱਖੀ ਗਤੀਵਿਧੀਆਂ ਕਾਰਨ ਵੀ ਚਰਚਾ ਵਿੱਚ ਆਇਆ ਸੀ।

ਇਹ ਵੀ ਪੜ੍ਹੋ:

ਬੁੱਢਾ ਨੂੰ ਸਾਲ 2011 ਵਿੱਚ ਇੱਕ ਕਤਲ ਲਈ ਸਜ਼ਾ ਸੁਣਾਈ ਗਈ ਸੀ ਪਰ ਪਰੋਲ ਤੋਂ ਭਗੌੜਾ ਹੋ ਗਿਆ ਸੀ। ਪੰਜਾਬ ਪੁਲਿਸ ਤੋਂ ਇਲਾਵਾ ਬੁੱਢਾ ਦੀ ਹਰਿਆਣਾ ਪੁਲਿਸ ਨੂੰ ਵੀ ਕਈ ਮਾਮਲਿਆਂ ਵਿੱਚ ਤਲਾਸ਼ ਸੀ।

ਡੀਜੀਪੀ ਗੁਪਤਾ ਨੇ ਦੱਸਿਆ ਕਿ ਬੁੱਡਾ ਮੋਗੇ ਜ਼ਿਲ੍ਹੇ ਦੀ ਤਹਿਸੀਲ ਨਿਹਾਲ ਸਿੰਘ ਵਾਲਾ ਦੇ ਕੁੱਸਾ ਪਿੰਡ ਨਾਲ ਸੰਬੰਧਿਤ ਹੈ।

ਪੰਜਾਬ ਪੁਲਿਸ ਉਸਦੀ ਪੈੜ ਨੱਪਦੀ ਰਹੀ ਪਰ ਯੂਏਈ ਵਿੱਚ ਉਹ ਇੱਕ ਵਾਰ ਪੁਲਿਸ ਦੇ ਹੱਥੋਂ ਬਚਣ ਵਿੱਚ ਸਫ਼ਲ ਰਿਹਾ।

ਫਿਰ ਬੁੱਢੇ ਦੇ ਅਰਮੇਨੀਆ ਵਿੱਚ ਹੋਣ ਦੀ ਸੂਹ ਮਿਲੀ ਜਿਸ ਤੋਂ ਬਾਅਦ ਪੁਲਿਸ ਨੇ ਉਸ ਦੇ ਖ਼ਿਲਾਫ਼ ਲੁੱਕ ਆਊਟ ਨੋਟਿਸ ਤੇ ਰੈਡ ਕਾਰਨਰ ਨੋਟਿਸ ਜਾਰੀ ਕਰਵਾਉਣ ਵਿੱਚ ਸਫ਼ਲਤਾ ਹਾਸਲ ਕੀਤੀ।

8 ਅਗਸਤ, 2019 ਨੂੰ ਅਰਮੇਨੀਆਈ ਪੁਲਿਸ ਨੇ ਬੁੱਢਾ ਨੂੰ ਫੜ ਲਿਆ। ਫੜੇ ਜਾਣ ਤੋਂ ਬਾਅਦ ਯੂਰਪ ਤੋਂ ਚਲਾਏ ਜਾਂਦੇ ਇੱਕ ਖ਼ਾਲਿਸਤਾਨ ਪੱਖੀ ਸਫ਼ੇ ਨੇ ਉਸ ਦੇ ਹੱਕ ਵਿੱਚ ਪੋਸਟ ਕੀਤੀ ਤੇ ਉਸ ਨੂੰ ਪੰਜਾਬ ਵਿੱਚ ਖ਼ਾਲਿਸਤਾਨ ਦੀ ਮਜ਼ਬੂਤ ਆਵਾਜ਼ ਕਿਹਾ।

ਇਸ ਤੋਂ ਇਲਾਵਾ ਬੁੱਢਾ ਨੇ ਆਪਣੀ ਇੱਕ ਹੋਰ ਫੇਸਬੁੱਕ ਪੋਸਟ ਵਿੱਚ ਡੇਰਾ ਸੱਚਾ ਸੌਦਾ ਨਾਲ ਸੰਬੰਧਿਤ ਮਨਿੰਦਰਪਾਲ ਸਿੰਘ ਬਿੱਟੂ ਦੇ ਕਤਲ ਦੀ ਜਿੰਮੇਵਾਰੀ ਲਈ ਸੀ। ਮਨਿੰਦਰਪਾਲ ਸਿੰਘ ਬਿੱਟੂ ਦਾ ਨਾਭਾ ਜੇਲ੍ਹ ਵਿੱਚ ਕਤਲ ਕਰ ਦਿੱਤਾ ਗਿਆ ਸੀ।

ਇਸ ਤੋਂ ਬਾਅਦ, ਹਰਕਮਲਪ੍ਰੀਤ ਸਿੰਘ ਖੱਖ, ਏਆਈਜੀ ਕਾਊਂਟਰ ਇੰਟੈਲੀਜੈਂਸ, ਜਲੰਧਰ, ਅਤੇ ਬਿਕਰਮ ਬਰਾੜ, ਡੀਐਸਪੀ ਓਸੀਸੀਯੂ ਦੀ ਅਗਵਾਈ ਹੇਠ ਪੰਜਾਬ ਪੁਲਿਸ ਦੀ ਇੱਕ ਵਿਸ਼ੇਸ਼ ਟੀਮ ਨੂੰ ਭਗੌੜੇ ਅਪਰਾਧੀ ਦੇ ਦੇਸ਼ ਨਿਕਾਲੇ ਲਈ ਤਾਲਮੇਲ ਲਈ ਨਿਯੁਕਤ ਕੀਤਾ ਗਿਆ ਸੀ।

ਬੁੱਢਾ ਦੇ ਪੁਰਾਣੇ ਜੁਰਮਾਂ ਦਾ ਵੇਰਵਾ ਦਿੰਦਿਆਂ ਡੀਜੀਪੀ ਨੇ ਕਿਹਾ ਕਿ ਗੈਂਗਸਟਰ ਪੰਜਾਬ ਵਿੱਚ ਚੋਰਾਂ ਦੇ ਧੰਦੇ ਵਿੱਚ ਸਰਗਰਮੀ ਨਾਲ ਸ਼ਾਮਲ ਸੀ ਅਤੇ ਵਿੱਕੀ ਗੌਂਡਰ ਦੀ ਮੌਤ ਤੋਂ ਬਾਅਦ ਰਾਜ ਦਾ ਸਭ ਤੋਂ ਡਰਾਉਣੇ ਮੁਜਰਮ ਵਜੋਂ ਬਦਨਾਮ ਹੋਇਆ ਸੀ।

ਉਹ ਅਪ੍ਰੈਲ 2017 ਵਿੱਚ ਪੰਜਾਬੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ 'ਤੇ ਹੋਏ ਹਮਲੇ ਦਾ ਮੁੱਖ ਸਾਜ਼ਿਸ਼ਕਾਰ ਸੀ।

ਉਹ ਕਥਿਤ ਤੌਰ 'ਤੇ ਹੋਰ ਮਸ਼ਹੂਰ ਪੰਜਾਬੀ ਗਾਇਕਾਂ ਤੇ ਅਦਾਕਾਰਾਂ (ਗਿੱਪੀ ਗਰੇਵਾਲ ਸਮੇਤ) ਅਤੇ ਵੱਟਸਐਪ 'ਤੇ ਕਾਰੋਬਾਰੀਆਂ ਨੂੰ ਉਨ੍ਹਾਂ ਤੋਂ ਪੈਸੇ ਉਘਰਾਉਣ ਦੀਆਂ ਧਮਕੀਆਂ ਦੇ ਪਿੱਛੇ ਵੀ ਸੀ।

ਸੁਖਪ੍ਰੀਤ ਉਰਫ ਬੁੱਢਾ ਦੇ ਦਿਸ਼ਾ ਨਿਰਦੇਸ਼ਾਂ 'ਤੇ ਇਕ ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ 'ਤੇ ਵੀ ਕੈਨੇਡਾ ਵਿੱਚ ਹਮਲਾ ਕੀਤਾ ਗਿਆ ਸੀ ਜਿਸ ਕੇਸ ਵਿੱਚ ਉਸਨੂੰ ਗ੍ਰਿਫਤਾਰ ਕੀਤਾ ਗਿਆ ਸੀ।

ਇਹ ਵੀ ਪੜ੍ਹੋ:

20 ਮੀਰਚ 2011 ਨੂੰ ਇੱਕ ਜੁਗਰਾਜ ਸਿੰਘ ਰੱਜਾ ਪਰਮਿੰਦਰ ਸਿੰਘ ਵਾਸੀ ਪਿੰਡ ਕੁੱਸਾ ਦੇ ਕਤਲ ਨਾਲ ਸਬੰਧਤ ਪੈਰੋਲ 'ਤੇ ਛਾਲ ਮਾਰ ਦਿੱਤੀ ਸੀ। ਤਾਜਪੁਰ ਚੌਂਕ ਰਾਏਕੋਟ ਦੇ ਇੱਕ ਕਾਰ ਖੋਹਣ ਦੇ ਕੇਸ ਵਿੱਚ ਬੁੱਢਾ ਖ਼ਿਲਾਫ਼ ਵੀ ਪੀ.ਓ ਦੀ ਕਾਰਵਾਈ ਚੱਲ ਰਹੀ ਸੀ।

ਬੁੱਢਾ ਖ਼ਿਲਾਫ਼ ਕੁਝ ਹੋਰ ਕੇਸਾਂ ਦਾ ਵੇਰਵਾ ਦਿੰਦੇ ਹੋਏ ਡੀਜੀਪੀ ਨੇ ਕਿਹਾ ਕਿ ਫਰੀਦਕੋਟ ਦੇ ਪੁਲਿਸ ਸਟੇਸ਼ਨ ਜੈਤੋ ਵਿੱਚ ਚੌਲ ਮਿੱਲ ਮਾਲਕ ਰਵਿੰਦਰ ਕੋਛੜ 'ਤੇ ਜਬਰਦਸਤੀ ਅਤੇ ਕਤਲ ਦੇ ਕੇਸ ਵਿੱਚ ਉਸ ਨੂੰ ਮੁਲਜ਼ਮ ਵੀ ਠਹਿਰਾਇਆ ਗਿਆ ਸੀ।

ਉਸਦੇ ਖਿਲਾਫ ਹੋਰ ਕੇਸ ਸਿਰਸਾ (ਹਰਿਆਣਾ) ਦੇ ਨਾਲ-ਨਾਲ ਰਾਏਕੋਟ (ਲੁਧਿਆਣਾ), ਸਰਹਿੰਦ (ਫਤਿਹਗੜ ਸਾਹਿਬ) ਅਤੇ ਸ਼ੰਭੂ (ਪਟਿਆਲਾ) ਵਿੱਚ ਆਰਮਜ਼ ਐਕਟ ਅਧੀਨ ਸ਼ਾਮਲ ਹਨ।

ਉਸ ਖ਼ਿਲਾਫ਼ ਪਟਿਆਲਾ ਵਿੱਚ ਐਨਡੀਪੀਐਸ ਐਕਟ ਤਹਿਤ ਵੀ ਕੇਸ ਦਰਜ ਕੀਤਾ ਗਿਆ ਸੀ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)