Ayodhya Verdict : ਕੀ ਪੁਰਾਤਤਵ ਸਰਵੇਖਣ ਵਿਚ 'ਰਾਮ ਮੰਦਰ' ਦੇ ਅਵਸ਼ੇਸ ਮਿਲੇ ਸੀ

    • ਲੇਖਕ, ਸਲਮਾਨ ਰਾਵੀ
    • ਰੋਲ, ਬੀਬੀਸੀ ਪੱਤਰਕਾਰ

ਕੀ ਅਯੁੱਧਿਆ ਵਿੱਚ ਬਾਬਰੀ ਮਸਜਿਦ ਹਿੰਦੂ ਮੰਦਰ ਤੋੜ ਕੇ ਬਣਾਈ ਗਈ ਸੀ? ਕੀ ਇਸ ਮਸੀਤ ਨੂੰ ਮੰਦਿਰ ਦੇ ਅਵਸ਼ੇਸ਼ਾਂ 'ਤੇ ਬਣਾਇਆ ਗਿਆ ਸੀ?

ਇਸ ਬਾਰੇ ਬਹਿਸ ਦੌਰਾਨ ਸੁਪਰੀਮ ਕੋਰਟ ਦਾ ਫ਼ੈਸਲਾ ਹਿੰਦੂ ਪੱਖ ਦੇ ਹੱਕ ਵਿੱਚ ਪਿਛਲੇ ਸਾਲ ਸੁਣਾਇਆ ਜਾ ਚੁੱਕਿਆ ਹੈ।

ਜਦੋਂ ਭਾਰਤੀ ਪੁਰਤਤਵ ਸਰਵੇਖਣ ਜਾਣੀ ਆਰਕੀਓਲੋਜਿਕਲ ਸਰਵੇ ਆਫ਼ ਇੰਡੀਆ ਦੇ ਤਤਕਾਲੀ ਮਹਾਂ ਨਿਰਦੇਸ਼ਕ ਬੀ ਬੀ ਲਾਲ ਨੇ ਪਹਿਲੀ ਵਾਰ ਰਾਮ ਜਨਮ ਭੂਮੀ ਅਤੇ ਬਾਬਰੀ ਮਸਜਿਦ ਦੀ ਵਿਵਾਦਿਤ ਭੂਮੀ ਦਾ ਪੁਰਾਤਤਵੀ ਸਰਵੇਖਣ ਕੀਤਾ ਸੀ, ਉਸ ਸਮੇਂ ਟੀਮ ਵਿੱਚ ਕੇਕੇ ਮੁਹੰਮਦ ਵੀ ਸ਼ਾਮਲ ਸਨ।

ਇਹ ਗੱਲ ਸਾਲ 1976 ਤੇ 1977 ਦੀ ਹੈ, ਜਦੋਂ ਮੁਹੰਮਦ ਨੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿੱਚ ਇਤਿਹਾਸ ਦੀ ਐੱਮਏ ਕਰਨ ਤੋਂ ਬਾਅਦ ਸਕੂਲ ਆਫ਼ ਆਰਕੀਓਲੋਜੀ ਵਿੱਚ ਪੜ੍ਹਾਈ ਸ਼ੁਰੂ ਕੀਤੀ ਸੀ। ਇਸ ਤਰ੍ਹਾਂ ਇਸ ਸਰਵੇਖਣ ਵਿੱਚ ਉਹ ਇੱਕ ਵਿਦਿਆਰਥੀ ਵਜੋਂ ਸ਼ਾਮਲ ਹੋਏ ਸਨ।

ਇਹ ਵੀ ਪੜ੍ਹੋ-

ਕੁਝ ਸਾਲਾਂ ਬਾਅਦ ਉਨ੍ਹਾਂ ਵਿਵਾਦਿਤ ਥਾਂ ਦੇ ਸਰਵੇਖਣ ਦਾ ਖੁਲਾਸਾ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਉਨ੍ਹਾਂ ਕਿਹਾ ਸੀ ਕਿ 'ਉੱਥੋਂ ਪ੍ਰਾਚੀਨ ਮੰਦਿਰਾਂ' ਦੇ ਅਵਸ਼ੇਸ਼ ਮਿਲੇ ਸਨ।

ਕਈ ਜਾਣਕਾਰਾਂ ਦਾ ਕਹਿਣਾ ਹੈ ਕਿ ਉਹ ਪੱਕੇ ਤੌਰ 'ਤੇ ਕੁਝ ਕਹਿਣਾ ਮੁਸ਼ਕਲ ਹੈ ਕਿ ਇਹ ਅਵਸ਼ੇਸ਼ ਹਿੰਦੂ ਮੰਦਰਾਂ ਦੇ ਹੀ ਹਨ, ਕੁਝ ਪੁਰਾਤਤਵ ਮਾਹਰ ਇਹ ਵੀ ਕਹਿੰਦੇ ਹਨ ਕਿ ਉੱਥੇ ਜੈਨ ਜਾਂ ਬੁੱਧ ਮੰਦਿਰ ਹੋਣ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ।

ਕੇ.ਕੇ. ਮੁਹੰਮਦ

ਉਨ੍ਹਾਂ ਤੋਂ ਪਹਿਲਾਂ ਬੀਬੀ ਲਾਲਾ ਨੇ ਵੀ ਇਹੀ ਗੱਲਾਂ ਕਹੀਆਂ ਸਨ ਪਰ ਕੇਕੇ ਮੁਹੰਮਦ ਦੇ ਬਿਆਨ ਨੇ ਪੂਰੇ ਵਿਵਾਦ ਨੂੰ ਇੱਕ ਨਵਾਂ ਮੋੜਾ ਦੇ ਦਿੱਤਾ ਕਿਉਂਕਿ ਇੱਕ ਤਾਂ ਉਹ ਮੁਸਲਮਾਨ ਸਨ ਤੇ ਦੂਜਾ ਉਨ੍ਹਾਂ ਨੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਤੋਂ ਇਤਿਹਾਸ ਪੜ੍ਹਿਆ ਸੀ।

ਸੱਤਰਵਿਆਂ ਦੇ ਅਖ਼ੀਰ ਵਿੱਚ ਕੀਤੇ ਗਏ ਇਸ ਸਰਵੇਖਣ ’ਤੇ ਕੇਕੇ ਮੁਹੰਮਦ ਅੱਜ ਵੀ ਖੜ੍ਹੇ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਪਹਿਲਾ ਸਰਵੇਖਣ ਸੱਤਰਵਿਆਂ ਵਿੱਚ ਹੋਇਆ ਸੀ ਪਰ ਜੋ ਸਰਵੇਖਣ ਸਾਲ 2003 ਵਿੱਚ ਕੀਤਾ ਗਿਆ, ਉਸ ਵਿੱਚ ਵੀ ਤਿੰਨ ਮੁਸਲਮਾਨ ਸ਼ਾਮਲ ਸਨ ਜੋਂ ਭਾਰਤੀ ਪੁਰਾਤਤਵ ਸਰਵੇਖਣ ਵਿੱਚ ਕੰਮ ਕਰਦੇ ਸਨ।

ਕੁਝ ਸਾਲ ਪਹਿਲਾਂ ਕੇਕੇ ਮੁਹੰਮਦ ਭਾਰਤੀ ਸਰਵੇਖਣ ਵਿੱਚ ਨਿਰਦੇਸ਼ਕ (ਉੱਤਰ ਭਾਰਤ) ਦੇ ਅਹੁਦੇ ਤੋਂ ਰਿਟਾਇਰ ਹੋਏ ਹਨ। ਅੱਜ ਕੱਲ੍ਹ ਉਹ ਕੇਰਲ ਦੇ ਕੋਝੀਕੋਡ ਵਿੱਚ ਰਹਿੰਦੇ ਹਨ।

ਬੀਬੀਸੀ ਨਾਲ ਫੋਨ ’ਤੇ ਗੱਲ ਕਰਦਿਆਂ ਕੇਕੇ ਮੁਹੰਮਦ ਕਹਿੰਦੇ ਹਨ ਕਿ ਬਾਬਰੀ ਮਸਜਿਦ ਐਕਸ਼ਨ ਕਮੇਟੀ ਦੇ ਕੋਲ ਇੱਕ ਸੁਨਹਿਰਾ ਮੌਕਾ ਸੀ, ਜਦੋਂ ਉਹ ਇਸ ਜ਼ਮੀਨ ਨੂੰ ਹਿੰਦੂ ਪੱਖ ਨੂੰ ਸੋਂਪ ਦਿੰਦਾ ਤਾਂ ਕਿ ਉੱਥੇ ਮੰਦਰ ਦਾ ਨਿਰਮਾਣ ਕੀਤਾ ਜਾ ਸਕਦਾ ਸੀ।

ਦੋ-ਦੋ ਵਾਰ ਹੋਏ ਪੁਰਾਤਤਵ ਸਰਵੇਖਣਾਂ ਦਾ ਵਿਸ਼ਲੇਸ਼ਣ ਕਰਦੇ ਹੋਏ ਕੇਕੇ ਮੁਹੰਮਦ ਕਹਿੰਦੇ ਹਨ ਕਿ ਵਿਵਾਦਿਤ ਥਾਂ 'ਤੇ ਜੋ ਲੰਬੀ ਕੰਧ ਅਤੇ ਜੋ ਗੁੰਬਦਨੁਮਾ ਢਾਂਚੇ ਮਿਲੇ ਹਨ, ਉਹ ਕਿਸੇ ਵੀ ਇਸਲਾਮਿਕ ਉਸਾਰੀ ਦੇ ਨਹੀਂ ਹਨ ਕਿਉਂਕਿ ਉਨ੍ਹਾਂ ਵਿੱਚ ਮੂਰਤੀਆਂ ਹਨ, ਜਿਨ੍ਹਾਂ ਦਾ ਇਸਲਮਿਕ ਇਬਾਦਤਗਾਹ ਵਿੱਚ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।

ਅਜਿਹਾ ਕੇਕੇ ਮੁਹੰਮਦ ਦਾ ਦਾਅਵਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਸ਼ਿਲਾਲੇਖ ਵੀ ਦਸਵੀਂ ਸਦੀ ਦੇ ਹਨ।

ਉਨ੍ਹਾਂ ਨੇ 'ਮਗਧ ਪ੍ਰਣਾਲੀ' ਦੀ ਮੂਰਤੀ ਦਾ ਵਰਨਣ ਵੀ ਕੀਤਾ, ਜਿਸ ਦੇ ਅਵਸ਼ੇਸ਼ ਪੁਰਾਤਤਵ ਵਾਲਿਆਂ ਨੇ ਵਿਵਾਦਿਤ ਥਾਂ ਤੋਂ ਆਪਣੇ ਸਰਵੇਖਣ ਦੇ ਦੌਰਾਨ ਤਲਾਸ਼ੇ ਸਨ।

ਇਹ ਵੀ ਪੜ੍ਹੋ-

ਇਤਿਹਾਸਕਾਰਾਂ ਦੇ ਸਵਾਲ

ਇਸ ਤੋਂ ਇਲਵਾ ਉਨ੍ਹਾਂ ਨੇ ਮਿੱਟੀ ਦੀਆਂ ਬਣੀਆਂ ਕਈ ਮੂਰਤੀਆਂ ਅਤੇ ਪ੍ਰਣਾਲੀਆਂ ਦਾ ਵੀ ਵਰਨਣ ਕੀਤਾ, ਜਿਨ੍ਹਾਂ ਦੇ ਅਵਸ਼ੇਸ਼ ਮਿਲੇ ਸਨ। ਕੁਝ ਅਜਿਹੇ ਸ਼ਿਲਾਲੇਖ ਵੀ ਮਿਲੇ ਸਨ ਜੋ ਬਿਲਕੁਲ ਦਿੱਲੀ ਦੇ ਕੁਤਬ ਮੀਨਾਰ ਕੋਲ ਬਣੀ ਮਸਜਿਦ ਵਿੱਚੋਂ ਮਿਲਦੇ ਹਨ।

ਮੰਦਰ ਅਤੇ ਮਸਜਿਦ ਦੇ ਵਿਵਾਦ ਤੋਂ ਸੰਭਾਵਿਤ ਪੁਰਾਤਤਵ ਸਰਵੇਖਣ ਦੇ ਦੋਵਾਂ ਸਰਵੇਖਣਾਂ ’ਤੇ ਕਈ ਇਤਿਹਾਸਕਾਰਾਂ ਨੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾ ਦਾ ਇਲਜ਼ਾਮ ਹੈ ਕਿ ਇਹ ਸਰਵੇਖਣ ਦੱਖਣਪੰਥੀ ਰੁਝਾਨ ਰੱਖਣ ਵਾਲਿਆਂ ਨੇ ਕੀਤੇ ਸਨ।

ਇਸ ਤੋਂ ਸੁੰਨੀ ਵਕਫ਼ ਬੋਰਡ ਦਾ ਇਲਜ਼ਾਮ ਸੀ ਕਿ ਪੁਰਾਤਤਵ ਇੱਕ ਪੂਰਾ ਵਿਗਿਆਨ ਨਹੀਂ ਹੈ, ਸਗੋਂ ਅਸਟੀਕ ਵਿਗਿਆਨ ਹੈ। ਜਿਸ ਵਿੱਚ ਸਿਰਫ਼ ਹਵਾਲਾ ਦੇ ਕੇ ਇਹ ਮੰਨ ਲੈਣ 'ਤੇ ਜ਼ੋਰ ਦਿੱਤਾ ਜਾਂਦਾ ਹੈ।

ਇਸ ਪੁਰਾਤਤਵ ਸਰਵੇਖਣ ਦੇ ਮਾਮਲੇ ਵਿੱਚ ਸੁੰਨੀ ਵਕਫ਼ ਬੋਰਡ ਨੇ ਦੋ ਸੁਤੰਤਰ ਪੁਰਾਤਤਵ ਮਾਹਰਾਂ ਨੂੰ ਸ਼ਾਮਲ ਕੀਤਾ ਸੀ, ਜਿਸ ਵਿੱਚ ਇੱਕ ਸੁਪ੍ਰਿਆ ਵਿਰਾਮ ਸਨ ਤੇ ਦੂਜੇ ਸਨ ਜਯਾ ਮੇਨਨ।

ਇਨ੍ਹਾਂ ਦੋਹਾਂ ਮਾਹਰਾਂ ਨੇ ਪੁਰਾਤਤਵ ਵਿਭਾਗ ਦੇ ਸਰਵੇਖਣ ਤੇ ਇੱਕ ਵੱਖਰਾ ਰਿਸਰਚ ਪੇਪਰ ਲਿਖ ਕੇ ਨਵੇਂ ਸਵਾਲ ਖੜ੍ਹੇ ਕੀਤੇ ਹਨ।

ਇਹ ਦੋਵੇਂ ਮਾਹਰ ਪੁਰਾਤਤਵ ਵਿਭਾਗ ਦੇ ਸਰਵੇਖਣ ਦੇ ਦੌਰਾਨ ਸ਼ਾਮਲ ਸਨ। ਜਦਕਿ ਕੇਕੇ ਮੁਹੰਮਦ ਸਵਾਲ ਖੜ੍ਹਾ ਕਰਨ ਵਾਲਿਆਂ 'ਤੇ ਕੱਟੜਪੰਥੀ ਸੋਚ ਤੋਂ ਪ੍ਰਭਾਵਿਤ ਹੋਣ ਦਾ ਇਲਜ਼ਾਮ ਲਾਇਆ।

ਉਨ੍ਹਾਂ ਦਾ ਕਹਿਣਾ ਹੈ ਕਿ ਇਸ ਢਾਂਚੇ ਦੀਆਂ ਕੰਧਾਂ ਦਸਵੀਂ ਸਦੀ ਦੇ ਇੱਕ ਮੰਦਰ ਦੀਆਂ ਹਨ, ਜੋ ਉੱਥੇ ਪਹਿਲਾਂ ਹੋਇਆ ਕਰਦਾ ਸੀ।

ਉਨ੍ਹਾਂ ਨੇ ਦਸਵੀਂ ਤੇ ਬਾਰ੍ਹਵੀਂ ਸਦੀ ਅਤੇ ਉਸ ਤੋਂ ਬਾਅਦ ਭਾਰਤ ਆਏ ਯਾਤਰੂਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸਾਰੇ ਯਾਤਰੀਆਂ ਨੇ ਆਪਣੇ ਸਫ਼ਰਨਾਮਿਆਂ ਵਿੱਚ ਅਯੁੱਧਿਆ ਦੀ ਵਿਵਾਦਿਤ ਥਾਂ ਤੇ ਹਿੰਦੂ ਰੀਤੀ ਰਿਵਾਜ਼ ਨਾਲ ਹੋਣ ਵਾਲੀ ਪੂਜਾ ਦਾ ਹਵਾਲਾ ਦਿੱਤਾ ਹੈ।

ਕੇਕੇ ਮੁਹੰਮਦ ਨੇ ਵਿਲੀਅਮ ਫਿੰਚ ਅਤੇ ਜੋਜ਼ਫ਼ ਟੈਉਫਿਨਥਲਰ ਦਾ ਹਵਾਲਾ ਦਿੱਤਾ ਅਤੇ ਨਾਲ ਹੀ ਮੁਗਲ ਬਾਦਸ਼ਾਹ ਅਕਬਰ ਦੇ ਦਰਬਾਰਨਾਮੇ ਭਾਵ ਉਨ੍ਹਾਂ ਦੇ ਦਰਬਾਰੀ ਇਤਿਹਾਸਕਾਰ ਅਬੂ ਫ਼ਜ਼ਲ ਵੱਲੋਂ ਫਾਰਸੀ ਵਿੱਚ ਲਿਖੇ ਗਏ 'ਆਇਨ-ਏ-ਅਕਬਰੀ' ਦੇ ਹਵਾਲੇ ਨਾਲ ਕਿਹਾ ਕਿ ਵਿਵਾਦਿਤ ਜ਼ਮੀਨ 'ਤੇ 'ਭਗਵਾਨ ਰਾਮ ਦੀ ਪੂਜਾ' ਦਾ ਵਰਨਣ ਕੀਤਾ ਗਿਆ ਹੈ।

ਫਿੰਚ ਸਾਲ 1617 ਅਤੇ 1611 ਦਰਮਿਆਨ ਭਾਰਤ ਆਏ ਸਨ ਜਦਕਿ ਜੋਜ਼ਫ਼ ਸਾਲ 1766 ਤੇ 1771 ਦੌਰਾਨ ਭਾਰਤ ਫੇਰੀ 'ਤੇ ਆਏ ਸਨ।

ਇਹ ਵੀ ਪੜ੍ਹੋ-

ਪੁਰਾਤਤਵ ਮਾਹਰ ਕੇਕੇ ਮੁਹੰਮਦ ਨੂੰ ਕਈ ਪ੍ਰਾਚੀਨ ਇਤਿਹਾਸਕ ਵਿਰਾਸਤਾਂ ਨੂੰ ਲੱਭਣ ਅਤੇ ਉਨ੍ਹਾਂ ਨੂੰ ਸੰਭਾਲਣ ਦਾ ਸਿਹਰਾ ਜਾਂਦਾ ਹੈ। ਉਨ੍ਹਾਂ ਵਿੱਚ ਆਗਰੇ ਦੇ ਫਤਹਿਪੁਰ ਸੀਕਰੀ ਦੀ ਉਹ ਥਾਂ ਵੀ ਸ਼ਾਮਲ ਹੈ, ਜਿੱਥੇ ਮੁਗਲ ਬਾਦਸ਼ਾਹ ਅਕਬਰ ਨੇ 'ਦੀਨ-ਏ-ਇਲਾਹੀ' ਮਜ਼ਹਬ ਦੀ ਸ਼ੁਰੂਆਤ ਕੀਤੀ ਸੀ।

ਇਸ ਤੋਂ ਇਲਾਵਾ ਉਨ੍ਹਾਂ ਨੇ ਮੱਧ ਪ੍ਰਦੇਸ਼ ਦੇ ਮੁਰੈਨਾ ਦੇ ਕੋਲ ਬਟੇਸ਼ਵਰ ਵਿੱਚ ਗੁਜੱਰ ਰਾਜਿਆਂ ਦੇ ਦੌਰ ਦੇ ਇੱਕ ਮੰਦਰ ਦੇ ਅਵਸ਼ੇਸ਼ਾਂ ਦੀ ਨਾ ਸਿਰਫ਼ ਖੋਜ ਕੀਤੀ ਸਗੋਂ ਉਨ੍ਹਾਂ ਨੇ ਪੂਰੀ ਤਰ੍ਹਾਂ ਖੰਡਰ ਬਣ ਚੁੱਕੇ 200 ਵਿੱਚੋਂ 70 ਮੰਦਿਰਾਂ ਦੀ ਮੁੜ ਉਸਾਰੀ ਵੀ ਕੀਤੀ।

ਕਿਉਂਕਿ ਖਨਨ ਮਾਫ਼ੀਆ ਰਹਿ-ਰਹਿ ਕੇ ਮੰਦਿਰ ਦੇ ਆਸਪਾਸ ਧਮਾਕੇ ਕਰਕੇ ਪੱਥਰਾਂ ਦੀ ਤਸਕਰੀ ਕਰਦਾ ਸੀ, ਕੇਕੇ ਮੁਹੰਮਦ ਨੇ ਮੰਦਰਾਂ ਦੀ ਸੰਭਾਲ ਲਈ ਉੱਥੋਂ ਦੇ ਜੰਗਲਾਂ ਵਿੱਚ ਮੌਜੂਦ ਡਾਕੂਆਂ ਦੀ ਮਦਦ ਹਾਸਲ ਕੀਤੀ।

ਉਨ੍ਹਾਂ ਨੇ ਛੱਤੀਸਗੜ੍ਹ ਦੇ ਸਭ ਤੋਂ ਜ਼ਿਆਦਾ ਨਕਸਲ ਪ੍ਰਭਾਵਿਤ ਬਸਤਰ ਦੇ ਦਾਂਤੇਵਾੜਾ ਦੇ ਕੋਲ ਬਾਰਸੂਰ ਅਤੇ ਸਾਮਲੂਰ ਮੰਦਿਰਾਂ ਦੀ ਸੰਭਾਲ ਦਾ ਕੰਮ ਵੀ ਕੀਤਾ। ਬਿਹਾਰ ਨੇ ਕੇਸਰੀਆ ਅਤੇ ਰਾਜਗੀਰ ਵਿੱਚ ਬੁੱਧ ਸਤੂਪਾਂ ਦੀ ਖੋਜ ਦਾ ਸਿਹਰਾ ਵੀ ਕੇਕੇ ਮੁਹੰਮਦ ਨੂੰ ਜਾਂਦਾ ਹੈ। ਸਾਲ 2009 ਵਿੱਚ ਉਨ੍ਹਾਂ ਦੇ ਯੋਗਦਾਨ ਲਈ ਉਨ੍ਹਾਂ ਨੂੰ ਪਦਮਸ਼੍ਰੀ ਦਿੱਤਾ ਗਿਆ।

ਸਾਲ 2016 ਵਿੱਚ ਉਨ੍ਹਾਂ ਨੇ ਆਪਣੀ ਆਤਮਕਥਾ ਨਜਾਨ ਇਨਾ ਭਾਰਤੀਅਨ' ਲਿਖੀ ਜਿਸ ਦਾ ਮਤਲਬ ਹੈ- "ਮੈਂ ਇੱਕ ਭਾਰਤੀ।"

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)