Kartarpur Corridor: ਇਮਰਾਨ ਖ਼ਾਨ ਨੇ ਕਿਹਾ, 'ਮੋਦੀ ਕਸ਼ਮੀਰੀਆਂ ਨੂੰ ਇਨਸਾਫ ਦੇਣ, ਸਾਨੂੰ ਇਸ ਮਸਲੇ ਤੋਂ ਨਿਜਾਤ ਦੇਣ'

ਇਮਰਾਨ ਖ਼ਾਨ ਕੰਪਲੈਕ ਦੇ ਦੌਰੇ ਤੋਂ ਬਾਅਦ ਗੁਰਦੁਆਰਾ ਦਰਬਾਰ ਸਾਹਿਬ ਪਹੁੰਚ ਗਏ ਹਨ। ਉਨ੍ਹਾਂ ਦੇ ਨਾਲ ਪਾਕਿਸਤਾਨ ਦੇ ਵਿਦੇਸ਼ ਮੰਤਰੀ ਅਤੇ ਪਾਕਿਸਤਾਨੀ ਪੰਜਾਬ ਦੇ ਮੁੱਖ ਮੰਤਰੀ ਵੀ ਹਨ।

ਇਮਰਾਨ ਖ਼ਾਨ ਦੇ ਨਾਲ ਭਾਰਤ ਤੋਂ ਪਹੁੰਚੇ ਉਨ੍ਹਾਂ ਦੇ ਦੋਸਤ ਨਵਜੋਤ ਸਿੰਘ ਸਿੱਧੂ ਵੀ ਸਟੇਜ ’ਤੇ ਮੌਜੂਦ ਹਨ।

ਇਮਰਾਨ ਖ਼ਾਨ ਨੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨਾਲ ਮੁਲਾਕਾਤ ਕੀਤੀ।

'ਲੀਡਰ ਨਫ਼ਰਤ ਫੈਲਾ ਕੇ ਵੋਟ ਨਹੀਂ ਮੰਗਦਾ'

ਇਮਰਾਨ ਖ਼ਾਨ ਨੇ ਇਕੱਠ ਨੂੰ ਸੰਬੋਧਿਤ ਕਰਦਿਆਂ ਕਿਹਾ, "ਮੈਨੂੰ ਅੰਦਾਜ਼ਾ ਹੀ ਨਹੀਂ ਸੀ ਕਿ ਕਰਤਾਰਪੁਰ ਦੀ ਸਿੱਖ ਭਾਈਚਾਰੇ ਵਿਚ ਕਿੰਨੀ ਅਹਿਮੀਅਤ ਹੈ। ਫਿਰ ਮੈਨੂੰ ਸਮਝ ਆਇਆ ਤੇ ਮੈਂ ਆਪਣੀ ਕੌਮ ਨੂੰ ਸਮਝਾਇਆ ਜਿਵੇਂ ਮਦੀਨੇ ਤੋਂ 5 ਕਿਲੋਮੀਟਰ ਦੂਰ ਹੀ ਖੜ੍ਹੇ ਹਾਂ ਪਰ ਉੱਥੇ ਜਾ ਨਾ ਸਕੀਏ।"

ਉਨ੍ਹਾਂ ਨੇ ਅੱਗੇ ਕਿਹਾ, "ਮੈਂ ਫਿਰ ਤੋਂ ਕਹਿੰਦਾ ਹਾਂ ਕਿ ਜੋ ਲੀਡਰ ਹੁੰਦਾ ਹੈ ਉਹ ਹਮੇਸ਼ਾ ਇਨਸਾਨਾਂ ਨੂੰ ਇਕੱਠਾ ਕਰਦਾ ਹੈ, ਨਫ਼ਰਤ ਫੈਲਾ ਕੇ ਵੋਟ ਨਹੀਂ ਲੈਂਦਾ।"

ਨਵਜੋਤ ਸਿੱਧੂ ਦੇ ਇਹ ਕਹਿਣ ਤੇ ਕਿ ਉਹ ਬਾਰਡਰ ਖੋਲ੍ਹ ਦੇਣ, ਇਮਰਾਨ ਖ਼ਾਨ ਮਨੇ ਕਿਹਾ, "ਜਦੋਂ ਮੈਂ ਪੀਐਮ ਬਣਿਆ ਮੈਂ ਭਾਰਤੀ ਪੀਐਮ ਮੋਦੀ ਨੂੰ ਕਿਹਾ ਕਿ ਗੁਰਬਤ ਹੈ। ਉਹ ਦੂਰ ਹੋ ਸਕਦੀ ਹੈ ਬਾਰਡਰ ਖੋਲ੍ਹ ਕੇ। ਸਾਡਾ ਇੱਕ ਮਸਲਾ ਸੀ ਕਸ਼ਮੀਰ ਦਾ, ਅਸੀਂ ਹਮਸਾਇਆਂ ਦੀ ਤਰ੍ਹਾਂ ਉਹ ਮਸਲਾ ਖ਼ਤਮ ਕਰ ਸਕਦੇ ਸੀ।"

ਭਾਰਤ-ਸ਼ਾਸਤ ਕਸ਼ਮੀਰ ਬਾਰੇ ਗੱਲ ਕਰਦਿਆਂ ਇਮਰਾਨ ਖ਼ਾਨ ਨੇ ਕਿਹਾ ਕਿ ਜੋ ਉੱਥੇ ਹੋ ਰਿਹਾ ਹੈ ਉਹ ਠੀਕ ਨਹੀਂ ਹੈ ਕਿਉਂਕਿ 80 ਲੱਖ ਕਸ਼ਮੀਰੀਆਂ ਨੂੰ ਬੰਦ ਕਰਕੇ ਰੱਖਿਆ ਹੋਇਆ ਹੈ।

ਉਨ੍ਹਾਂ ਨੇ ਕਿਹਾ, "ਜੇ ਕਸ਼ਮੀਰ ਦਾ ਮੁੱਦਾ ਪਹਿਲਾਂ ਹੀ ਹੱਲ ਹੋ ਜਾਂਦਾ ਤਾਂ ਸਾਡੇ ਰਿਸ਼ਤੇ ਬਿਹਤਰ ਹੁੰਦੇ। ਮੋਦੀ ਕਸ਼ਮੀਰੀਆਂ ਨੂੰ ਇਨਸਾਫ ਦੇਣ, ਸਾਨੂੰ ਇਸ ਮਸਲੇ ਤੋਂ ਨਿਜਾਦ ਦੇਣ।"

'ਮੈਂ ਅੱਜ ਜੱਫੀ ਦਾ ਜਵਾਬ ਦੇਵਾਂਗਾ'

ਕਾਂਗਰਸ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਇਕੱਠ ਨੂੰ ਸੰਬੋਧਿਤ ਕਰਦਿਆਂ ਕਿਹਾ, "ਮੇਰੇ ਮੂੰਹ ਵਿਚੋਂ 14 ਕਰੋੜ ਸਿੱਖਾਂ ਦੀ ਆਵਾਜ਼ ਨਿਕਲਦੀ ਹੈ। ਮੇਰੇ ਯਾਰ ਨੇ ਯਾਰੀ ਨਿਭਾਈ। ਉਹ ਯਾਰ ਹੈ ਜੋ ਨਾਲ ਹੋਵੇ ਜਦੋਂ ਲੱਖਾਂ ਬੰਦਾ ਖਿਲਾਫ਼ ਹੋਵੇ।"

ਸਿੱਧੂ ਨੇ ਅੱਗੇ ਕਿਹਾ, "ਜਦੋਂ ਮੈਂ ਜੱਫ਼ੀ ਪਾਈ ਸੀ, ਮੈਂ ਉਸ ਜੱਫ਼ੀ ਦਾ ਜਵਾਬ ਦੇਣਾ ਹੈ। ਜੋ ਨਫ਼ਤਰ ਦੇ ਖਿਡਾਰੀ ਨੇ, ਵਪਾਰੀ ਨੇ ਇਹ ਕਿਸ ਅੱਲ੍ਹਾ ਦੇ ਬੰਦੇ ਨੇ। ਮੇਰੀ ਸਿਆਸਤ ਮੁਹੱਬਤ ਹੈ, ਮੇਰਾ ਪੈਂਡਾ ਮੁਹੱਬਤ, ਰਸਤਾ ਮਹੱਬਤ, ਜੱਫ਼ੀ ਮੁਹੱਬਤ ਹੈ।"

ਸਿੱਧੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਵੀ 'ਜਫੀ ਭੇਜੀ' ਤੇ ਕਿਹਾ ਕਿ 72 ਸਾਲਾਂ ਤੋਂ ਸਿੱਖ ਕੌਮ ਦੀ ਆਵਾਜ਼ ਕਿਸੇ ਨੇ ਨਹੀਂ ਸੁਣੀ ਸੀ।

ਅਕਾਲੀ ਦਲ ਦੇ ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਜਿਵੇਂ ਭਾਰਤ ਦੇ ਸਿੱਖਾਂ ਲਈ ਕਰਤਾਰਪੁਰ ਲਾਂਘਾ ਖੁਲ੍ਹ ਗਿਆ ਹੈ, ਉਸੇ ਤਰ੍ਹਾਂ ਪਾਕਿਸਤਾਨ ਦੇ ਸਿੱਖਾਂ ਲਈ ਡੇਰਾ ਬਾਬਾ ਨਾਨਕ ਵੀ ਖੁਲ੍ਹ ਜਾਣਾ ਚਾਹੀਦਾ ਹੈ।

ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਇਕੱਠ ਨੂੰ ਸਮਬੋਧਿਤ ਕਰਦਿਆਂ ਕਿਹਾ ਕਿ ਗੁਰੂ ਨਾਨਕ ਦੇਵ ਨੇ ਅਮਨ ਦੀ ਗੱਲ ਕੀਤੀ। ਸਾਨੂੰ ਆਪਣੇ ਗਿਰੇਬਾਨ ਵਿੱਚ ਝਾਂਕਣਾ ਹੈ ਕਿ ਅਮਨ ਨੂੰ ਖ਼ਤਰਾ ਕਿਸ ਤੋਂ ਹੈ, ਕੌਣ ਉਸ ਦਾ ਜ਼ਿੰਮੇਵਾਰ ਹੈ ਤੇ ਮਹਿਫੂਜ਼ ਕਿਵੇਂ ਕੀਤਾ ਜਾ ਸਕਦਾ ਹੈ।

"ਮੈਨੂੰ ਇੱਕ ਹਸੀਨ ਗੁਲਦਸਤਾ ਦਿਖਾਈ ਦੇ ਰਿਹਾ ਹੈ। ਪਰ ਅੱਜ ਨਫ਼ਤਰ ਦੀ ਫ਼ਸਲ ਕੌਣ ਬੌ ਰਿਹਾ ਹੈ। ਬਾਬਾ ਗੁਰੂ ਨਾਨਕ ਦਾ ਪੈਗਾਮ-ਅਮਨ, ਹਿੰਮਤ, ਮੁਹੱਬਤ ਦਾ ਹੈ। ਕਾਸ਼ ਇਹ ਮੁਹੱਬਤ ਦਾ ਪੈਗਾਮ ਕਸ਼ਮੀਰ ਵਿੱਚ ਵੀ ਫੈਲ ਜਾਵੇ।"

ਮੋਦੀ ਨੇ ਦਿਖਾਈ ਹਰੀ ਝੰਡੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰਤਾਰਪੁਰ ਲਾਂਘੇ ਦਾ ਉਦਘਾਟਨ ਅਤੇ ਡੇਰਾ ਬਾਬਾ ਨਾਨਕ ਤੋਂ ਪਹਿਲੇ ਜਥੇ ਨੂੰ ਝੰਡੀ ਦਿਖਾ ਕੇ ਅਕਾਲ ਤਖ਼ਤ ਦੇ ਜਥੇਦਾਰ ਹਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਕਰਤਾਰਪੁਰ ਸਾਹਿਬ ਵੱਲ ਰਵਾਨਾ ਕੀਤਾ।

ਪਹਿਲਾ ਜਥਾ ਹੋਇਆ ਪਾਕਿਸਤਾਨ ਦੀ ਹਦੂਦ ਅੰਦਰ ਦਾਖ਼ਲ ਅਤੇ ਇਸ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਸਰਹੱਦ ਪਾਰ ਕਰਦਿਆਂ ਪਾਕਿਸਤਾਨ ਦੇ ਟੀਵੀ ਚੈਨਲ ਪੀਟੀਵੀ ਨਾਲ ਗੱਲ ਕਰਦਿਆਂ ਕਿਹਾ ਕਿ ਇਸ ਲਾਂਘੇ ਦੇ ਖੁੱਲ੍ਹਣ ਨਾਲ ਪਾਕਿਸਤਾਨ ਨਾਲ ਭਾਰਤ ਦੇ ਰਿਸ਼ਤੇ ਸੁਧਰਨਗੇ।

ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਟੀਵੀ ਨੂੰ ਚੈਨਲ ਦੱਸਿਆ ਕਿ ਉਹ ਲੰਬੇ ਚਿਰ ਤੋਂ ਮੰਗ ਰਹੀ ਹੈ ਸੀ ਕਿ ਜੋ ਸਾਡੇ ਗੁਰਦੁਆਰੇ ਪਾਕਿਸਤਾਨ ਰਹਿ ਗਏ ਹਨ ਉਨ੍ਹਾਂ ਦੇ ਦਰਸ਼ਨ-ਦਿਦਾਰੇ ਹੋਣ ਅਤੇ ਆਸ ਇਹ ਇਸੇ ਤਰ੍ਹਾਂ ਜਾਰੀ ਰਹੇਗਾ।

ਉਦਘਾਟਨ ਸਮਾਗਮ ਲਈ ਡੇਰਾ ਬਾਬਾ ਨਾਨਕ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸ਼੍ਰੋਮਣੀ ਗੁਰਦੁਆਰਾ ਕਮੇਟੀ ਪ੍ਰਬੰਧ ਕਮੇਟੀ ਵੱਲੋਂ ਵੱਕਾਰੀ ਕੌਮੀ ਸੇਵਾ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।

ਇਮਰਾਨ ਖ਼ਾਨ ਦਾ ਕੀਤਾ ਧੰਨਵਾਦ

ਨਰਿੰਦਰ ਮੋਦੀ ਨੇ ਇਸ ਸਨਮਾਨ ਨੂੰ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਸਮਰਪਿਤ ਕੀਤਾ।

ਪ੍ਰਧਾਨ ਮੋਦੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੈਂ ਇਸ ਪਵਿੱਤਰ ਧਰਤੀ 'ਤੇ ਆ ਕੇ ਉਹ ਆਪਣੇ ਆਪ ਨੂੰ ਵਡਭਾਗਾ ਮਹਿਸੂਸ ਕਰ ਰਿਹਾ ਹਾਂ।

ਉਨ੍ਹਾਂ ਨੇ ਕਿਹਾ, "ਜਿਸ ਤਰ੍ਹਾਂ ਤੁਸੀਂ ਇਸ ਲਾਂਘੇ ਦੇ ਖੁੱਲ੍ਹਣ ਦੀ ਖੁਸ਼ੀ ਮਹਿਸੂਸ ਕਰ ਰਹੇ ਹੋ, ਠੀਕ ਓਨੀ ਹੀ ਖੁਸ਼ੀ ਮੈਨੂੰ ਹੋ ਰਹੀ ਹੈ।"

ਮੋਦੀ ਨੇ ਕਿਹਾ, "ਇਸ ਲਾਂਘੇ ਦੇ ਬਣਨ ਨਾਲ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਸੌਖੇ ਹੋ ਜਾਣਗੇ।"

ਉਨ੍ਹਾਂ ਇਸ ਮੌਕੇ ਉਨ੍ਹਾਂ ਨੇ ਤੈਅ ਸਮੇਂ 'ਚ ਲਾਂਘੇ ਦਾ ਕੰਮ ਮੁੰਕਮਲ ਕਰਨ ਲਈ ਪੰਜਾਬ ਸਰਕਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਣੇ ਲਾਂਘਾ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ ਵਾਲ ਹਰ ਇੱਕ ਦਾ ਧੰਨਵਾਦ ਕੀਤਾ।

ਉਨ੍ਹਾਂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦਾ ਧੰਨਵਾਦ ਕਰਦਿਆਂ ਕਿਹਾ, ਮੈਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਾ ਵੀ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਕਰਤਾਰਪੁਰ ਲਾਂਘੇ ਲਈ ਭਾਰਤ ਦੀਆਂ ਭਾਵਨਾਵਾਂ ਨੂੰ ਸਮਝਿਆਂ, ਸਨਮਾਨ ਦਿੱਤਾ ਤੇ ਉਸੇ ਭਾਵਨਾ ਨਾਲ ਕੰਮ ਕੀਤਾ।"

'ਨਾ ਤੁਹਾਡੀ ਕਸ਼ਮੀਰ 'ਚ ਗੱਲ ਬਣਨੀ ਹੈ ਨਾ ਸਾਡੇ ਬਣਨੀ'

ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਡਾ ਦੇਸ ਤਾਂ ਤੇਜ਼ੀ ਨਾਲ ਅੱਗੇ ਵੱਧ ਉੱਧਰ ਤਾਂ ਸਾਰਾ ਦੇਸ ਹੀ ਡੁੱਬਿਆ ਪਿਆ ਹੈ।

ਉਨ੍ਹਾਂ ਨੇ ਕਿਹਾ, "ਉਧਰਲੇ ਪਾਸੇ ਲੜਾਈ ਕਰ ਰਹੇ ਹਨ... ਕਸ਼ਮੀਰ 'ਚ ਸਾਡੇ ਹਿੰਦੁਸਤਾਨ ਦੀ ਫੌਜ ਨਾਲ ਪੰਗਾ ਲੈ ਰਹੇ ਨੇ ਤੇ ਹੁਣ ਪੰਜਾਬ 'ਤੇ ਨਿਗਾਹ ਰੱਖੀ ਬੈਠੇ ਨੇ। "

ਮੈਂ ਉਨ੍ਹਾਂ ਨੂੰ ਕਿਹਾ ਹੈ, "ਇਹ ਕੰਮ ਨਾ ਕਰਨ, ਨਾ ਤੁਹਾਡੀ ਜੰਮੂ-ਕਸ਼ਮੀਰ 'ਚ ਗੱਲ ਬਣਨੀ ਹੈ ਨਾ ਪੰਜਾਬ 'ਚ। ਪੰਜਾਬੀਆਂ 'ਚ ਬਲ ਬਹੁਤ ਹੈ ਅਸੀਂ ਚੂੜੀਆਂ ਨਹੀਂ ਪਾਈਆਂ ਹੋਈਆਂ।"

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਨਰਿੰਦਰ ਮੋਦੀ ਦਾ ਸੁਆਗਤ ਕਰਦਿਆਂ ਕਰਤਾਰਪੁਰ ਲਾਂਘੇ ਨੂੰ ਖੁੱਲ੍ਹਵਾਉਣ 'ਚ ਨਿਭਾਏ ਅਹਿਮ ਯੋਗਦਾਨ ਲਈ ਧੰਨਵਾਦ ਵੀ ਕੀਤਾ।

ਇਸ ਦੌਰਾਨ ਸੰਬੋਧਨ ਕਰਦਿਆਂ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ, "ਅੱਜ ਦਾ ਦਿਨ ਬੜਾ ਇਤਿਹਾਸਕ ਦੇ ਪਵਿੱਤਰ ਹੈ। ਅੱਜ ਸਾਰੇ ਸੰਸਾਰ 'ਚ ਜਗਤ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਉਤਸਵ ਬੜੀ ਸ਼ਰਧਾ, ਸਤਿਕਾਰ ਤੇ ਜੋਸ਼ ਨਾਲ ਮਨਾ ਰਿਹਾ ਹੈ। ਉਸ ਦੇ ਨਾਲ ਇੱਕ ਵੱਡੀ ਖੁਸ਼ੀ ਹੋਰ ਗਈ ਹੈ ਕਿ ਜੋ 72 ਸਾਲਾਂ ਤੋਂ ਅਸੀਂ ਅਰਦਾਸ ਕਰਦੇ ਸੀ...ਉਹ ਪੂਰੀ ਹੋ ਗਈ ਹੈ।"

ਉਨ੍ਹਾਂ ਕੁਲਦੀਪ ਸਿੰਘ ਵਡਾਲਾ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਦੱਸਿਆ ਉਹ ਮਿਸ਼ਨ ਵਜੋਂ 18 ਮਹੀਨੇ ਲਗਾਤਾਰ ਇੱਥੇ ਆਉਂਦੇ ਸਨ ਤੇ ਅਰਦਾਸ ਕਰਦੇ ਹੁੰਦੇ ਸਨ। ਜੇ ਉਹ ਅੱਜ ਹੁੰਦੇ ਤਾਂ ਕਿੰਨੀ ਖੁਸ਼ੀ ਹੋਣੀ ਸੀ।

ਇਸ ਮੌਕੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਉਨ੍ਹਾਂ ਦੀ ਪਤਨੀ ਗੁਰਸ਼ਰਨ ਕੌਰ ਵੀ ਡੇਰਾ ਬਾਬਾ ਨਾਨਕ ਪਹੁੰਚੇ ਹੋਏ ਹਨ। ਉਹ ਪਹਿਲੇ ਜਥੇ ਨਾਲ ਕਰਤਾਰਪੁਰ ਸਾਹਿਬ ਜਾਣਗੇ।

ਨਵਜੋਤ ਸਿੰਘ ਸਿੱਧੂ ਪਹੁੰਚੇ ਡੇਰਾ ਬਾਬਾ ਨਾਨਕ

ਨਵਜੋਤ ਸਿੰਘ ਸਿੱਧੂ ਵੀ ਡੇਰਾ ਬਾਬਾ ਨਾਨਕ ਪਹੁੰਚੇ ਗਏ ਹਨ ਅਤੇ ਇਹ ਲਾਂਘੇ ਰਾਹੀਂ ਕਰਤਾਰਪੁਰ ਜਾਣਗੇ। ਇਸ ਦੌਰਾਨ ਸਿੱਧੂ ਕਰਤਾਰਪੁਰ ਲਾਂਘੇ ਪੁੱਛੇ ਗਏ ਸਵਾਲ ਤੇ ਉਨ੍ਹਾਂ ਨੇ ਅੱਗੋ ਕੀਤਾ ਚੁੱਪ ਇਸ਼ਾਰਾ।

ਮੋਦੀ ਗੁਰਦੁਆਰਾ ਬੇਰ ਸਾਹਿਬ ਹੋਏ ਨਤਮਸਤਕ

ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੁਲਤਾਨਪੁਰ ਲੋਧੀ ਗਏ ਹਨ ਅਤੇ ਗੁਰਦੁਆਰਾ ਬੇਰ ਸਾਹਿਬ ਨਤਮਸਤਕ ਹੋਏ।

ਉਨ੍ਹਾਂ ਦੇ ਨਾਲ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕੇਂਦਰੀ ਮੰਤਰੀ ਹਰਿਮਰਤ ਕੌਰ ਬਾਦਲ ਅਤੇ ਬੀਬੀ ਜਾਗੀਰ ਕੌਰ ਵੀ ਸਨ।

ਪ੍ਰਧਾਨ ਮੰਤਰੀ ਮੋਦੀ ਦਾ ਅੰਮ੍ਰਿਤਸਰ ਏਅਰਪੋਰਟ ਪਹੁੰਚਣ 'ਤੇ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ, ਕੈਪਟਨ ਅਮਰਿੰਦਰ ਸਿੰਘ ਅਤੇ ਹਰਿਮਰਤ ਕੌਰ ਬਾਦਲ ਨੇ ਸੁਆਗਤ ਕੀਤਾ।

'ਖੁਸ਼ੀਆਂ ਦੇ ਰੰਗ 'ਚ ਭੰਗ ਪਾਇਆ'

ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਪਾਕਿਸਤਾਨ ਦੇ ਇੱਕ ਚੈਨਲ ਪੀਟੀਵੀ ਨਾਲ ਗੱਲ ਕਰਦਿਆਂ ਕਿਹਾ ਕਿ ਭਾਰਤ ਸਰਕਾਰ ਨੇ ਜਿਹੜਾ ਅਯੁੱਧਿਆ ਵਿਵਾਦ 'ਤੇ ਫ਼ੈਸਲੇ ਲਈ ਅੱਜ ਦਾ ਦਿਨ ਚੁਣਿਆ ਹੈ, ਕੀ ਉਹ ਦੋ ਦਿਨ ਇੰਤਜ਼ਾਰ ਨਹੀਂ ਕਰ ਸਕਦੇ ਸਨ।

ਕੁਰੈਸ਼ੀ ਨੇ ਕਿਹਾ, "1992 ਦਾ ਇਹ ਮੁੱਦਾ ਹੈ ਤੇ ਤੁਸੀਂ 2019 'ਚ ਇਸ 'ਤੇ ਫ਼ੈਸਲਾ ਲੈ ਰਹੇ ਹੋ, ਦੋਵਾਂ ਪਾਸੇ ਖ਼ੁਸ਼ੀਆਂ ਦੀ ਲਹਿਰ ਹੈ। ਅਜਿਹਾ ਕਰਕੇ ਉਨ੍ਹਾਂ ਨੇ ਸਿੱਖ ਭਾਈਚਾਰੇ ਦੀਆਂ ਖੁਸ਼ੀਆਂ ਦੇ ਰੰਗ 'ਚ ਭੰਗ ਪਾਇਆ ਹੈ।"

ਉਨ੍ਹਾਂ ਨੇ ਕਿਹਾ, "ਮੈਨੂੰ ਪਤਾ ਹੈ ਕਿ ਹਿੰਦੁਸਤਾਨ 'ਚ ਇੱਕ ਤਬਕਾ ਹੈ ਜੋ ਨਹੀਂ ਚਾਹੁੰਦਾ ਸੀ, ਪਰ ਅਸੀਂ ਸਿੱਖਾਂ ਦੀ ਇਸ ਖ਼ੁਸ਼ੀ 'ਚ ਆਪਣਾ ਇੱਕ ਹਿੱਸਾ ਮਿਲਾਇਆ ਹੈ।"

ਕੀ ਹੈ ਕਰਤਾਰਪੁਰ ਲਾਂਘਾ?

ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਦੇ ਨਾਲ ਲਗਦੀ ਭਾਰਤੀ ਸਰਹੱਦ ਤੋਂ ਪਾਕਿਸਤਾਨ ਵਿੱਚ ਕਰੀਬ ਚਾਰ ਕਿਲੋਮੀਟਰ ਅੰਦਰ ਹੈ ਗੁਰਦੁਆਰਾ ਦਰਬਾਰ ਸਾਹਿਬ, ਕਰਤਾਰਪੁਰ। ਇੱਥੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਆਖਰੀ 17-18 ਸਾਲ ਬਿਤਾਏ ਸਨ।

ਇਸ ਗੁਰਦੁਆਰੇ ਲਈ ਪਾਕਿਸਤਾਨ ਵਾਲੇ ਪਾਸਿਓਂ ਲਾਂਘਾ ਖੋਲ੍ਹੇ ਜਾਣ ਦੀ ਮੰਗ ਕਈ ਵਾਰ ਉਠੀ ਸੀ ਤੇ ਹੁਣ ਉਹੀ ਮੰਗ ਪੂਰੀ ਹੋ ਰਹੀ ਹੈ। ਇਹੀ ਲਾਂਘਾ ਹੁਣ ਖੁੱਲ੍ਹਣ ਜਾ ਰਿਹਾ ਹੈ। ਹੁਣ ਇਸ ਲਾਂਘੇ ਜ਼ਰੀਏ ਸ਼ਰਧਾਲੂ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣਗੇ।

ਹਾਲ ਦੀ ਘੜੀ 'ਚ ਡੇਰਾ ਬਾਬਾ ਨਾਨਕ ਵਿਖੇ ਦੂਰਬੀਨਾਂ ਰਾਹੀਂ ਸੰਗਤਾਂ ਵੱਲੋਂ ਗੁਰਦੁਆਰਾ ਦਰਬਾਰ ਸਾਹਿਬ, ਕਰਤਾਰਪੁਰ ਦੇ ਦਰਸ਼ਨ ਕੀਤੇ ਜਾਂਦੇ ਹਨ।

ਲਾਂਘਾ ਖੁੱਲ੍ਹਣ ਤੋਂ ਬਾਅਦ ਸਿੱਧਾ ਉਧਰਲੇ ਪਾਸੇ ਜਾਇਆ ਜਾ ਸਕੇਗਾ।

ਇਹ ਵੀ ਪੜ੍ਹੋ:-

ਗੁਰਦੁਆਰਾ ਕੰਪਲੈਕਸ 'ਚ ਕੀ-ਕੀ ਹੋਵੇਗਾ

ਗੁਰਦੁਆਰਾ ਸਾਹਿਬ ਦੇ ਵਿਹੜੇ ਨੂੰ ਵਿੱਚ ਲਗਭਗ 3.5 ਲੱਖ ਵਰਗ ਫੁੱਟ ਚਿੱਟਾ ਮਾਰਬਲ ਲਾਇਆ ਗਿਆ ਹੈ।

ਵਿਹੜੇ ਤੋਂ ਇਲਾਵਾ ਅੰਗਰੇਜ਼ੀ ਦੇ ਐੱਲ ਦੇ ਆਕਾਰ ਵਿੱਚ ਇੱਕ ਬਾਰਾਂਦਰੀ ਬਣਾਈ ਗਈ ਹੈ ਜਿਸ ਵਿੱਚ ਇੱਕ ਮਿਊਜ਼ੀਅਮ ਵੀ ਬਣਾਇਆ ਗਿਆ ਹੈ।

ਇਸ ਮਿਊਜ਼ੀਅਮ ਅਤੇ ਲਾਇਬਰੇਰੀ ਵਿੱਚ ਗੁਰੂ ਸਾਹਿਬ ਦੇ ਸਮੇਂ ਦੀਆਂ ਵਸਤਾਂ ਦੀ ਉਦਘਾਟਨ ਤੋਂ ਬਾਅਦ ਨੁਮਾਇਸ਼ ਵੀ ਲਗਾਈ ਜਾਵੇਗੀ।

ਇਸ ਬਾਰਾਂਦਰੀ ਦੇ ਵਿੱਚ ਹੀ ਯਾਤਰੀਆਂ ਦੇ ਠਹਿਰਨ ਲਈ ਕਮਰੇ ਬਣਾਏ ਗਏ ਹਨ। ਇਨ੍ਹਾਂ ਕਮਰਿਆਂ ਵਿੱਚ ਹਜ਼ਾਰ ਤੋਂ ਡੇਢ ਹਜ਼ਾਰ ਲੋਕ ਠਹਿਰ ਸਕਣਗੇ।

ਬਾਰਾਂਦਰੀ ਤੋਂ ਬਾਹਰ ਲੰਗਰ ਹਾਲ ਹੈ ਜਿਸ ਵਿੱਚ ਦੋ ਤੋਂ ਢਾਈ ਹਜ਼ਾਰ ਬੰਦਾ ਇਕੱਠਿਆਂ ਲੰਗਰ ਛਕ ਸਕੇਗਾ।

ਇਹ ਵੀ ਪੜ੍ਹੋ:-

ਇਸ ਪੂਰੇ ਪ੍ਰੋਜੈਕਟ ਲਈ 800 ਏਕੜ ਜ਼ਮੀਨ ਖ਼ਰੀਦੀ ਗਈ ਹੈ ਜਿਸ ਵਿੱਚ 444 ਏਕੜ ਗੁਰਦੁਆਰਾ ਕੰਪਲੈਕਸ ਨੂੰ ਦੇ ਦਿੱਤੀ ਗਈ ਹੈ। ਬਾਕੀ ਦੀ ਜ਼ਮੀਨ 'ਤੇ ਪੁਲ ਬਣਿਆ ਹੈ।

ਇੱਕ ਟਰਮੀਨਲ ਵੀ ਬਣਿਆ ਹੈ ਜਿੱਥੇ ਸ਼ਰਧਾਲੂਆਂ ਦੀ ਜਾਂਚ ਹੋਵੇਗੀ ਤੇ ਉਹ ਦਰਸ਼ਨਾਂ ਲਈ ਅੰਦਰ ਆਉਣਗੇ।

ਕਰਤਾਰਪੁਰ ਜਾਣ ਲਈ ਕੀ ਕਰੀਏ?

ਕਰਤਾਰਪੁਰ (ਪਾਕਿਸਤਾਨ) ਜਾਣ ਲਈ ਹੁਣ ਤੁਸੀਂ ਇੱਕ ਅਧਿਕਾਰਿਤ ਵੈੱਬਸਾਈਟ ਰਾਹੀਂ ਅਪਲਾਈ ਕਰ ਸਕਦੇ ਹੋ।

ਇਸ ਵੈੱਬਸਾਈਟ https://prakashpurb550.mha.gov.in/ 'ਤੇ ਜਾ ਕੇ ਤੁਸੀਂ ਕਰਤਾਰਪੁਰ ਜਾਣ ਲਈ ਆਪਣੀ ਅਰਜ਼ੀ ਦੇ ਸਕਦੇ ਹੋ।

ਵੈੱਬਸਾਈਟ 'ਤੇ ਜਾ ਕੇ ਆਪਣੀ ਜਾਣਕਾਰੀ ਭਰੋ, ਜਿਸ ਵਿੱਚ ਤੁਹਾਨੂੰ ਨਾਂ, ਪਤਾ, ਤਾਜ਼ਾ ਤਸਵੀਰ ਤੇ ਹੋਰ ਜਾਣਕਾਰੀ ਰਾਹੀਂ ਰਜਿਸਟਰ ਕਰਨਾ ਹੋਵੇਗਾ।

ਆਨਲਾਈਨ ਅਪਲਾਈ ਕਰਨ ਤੋਂ ਬਾਅਦ ਤੁਹਾਨੂੰ ਲਾਂਘੇ ਰਾਹੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਜਾਣ ਦੀ ਇਜਾਜ਼ਤ ਸਬੰਧੀ ਜਾਣਕਾਰੀ ਮਿਲ ਜਾਵੇਗੀ। ਤੁਹਾਨੂੰ ਤੁਹਾਡੀ ਜਾਣ ਦੀ ਤੈਅ ਤਰੀਕ ਤੋਂ 4 ਦਿਨਾਂ ਪਹਿਲਾਂ ਹੀ ਇਤਲਾਹ ਦਿੱਤੀ ਜਾਵੇਗੀ।

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)