Ayodhya Verdict : ਅਯੁੱਧਿਆ ਫੈਸਲੇ ਦੀ ਨਰਿੰਦਰ ਮੋਦੀ ਨੇ ਕੀ ਅਹਿਮੀਅਤ ਦੱਸੀ?

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਯੁੱਧਿਆ ਵਿਵਾਦ ਬਾਰੇ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕੀਤਾ ਹੈ।

ਉਨ੍ਹਾਂ ਕਿਹਾ, "ਇਹ ਫ਼ੈਸਲਾ ਨਿਆਂਇਕ ਪ੍ਰਕਿਰਿਆ ਵਿੱਚ ਆਮ ਲੋਕਾਂ ਦੇ ਵਿਸ਼ਵਾਸ ਨੂੰ ਹੋਰ ਮਜਬੂਤ ਕਰਦਾ ਹੈ।"

"ਸਾਡੇ ਦੇਸ ਦੀ ਹਜ਼ਾਰਾਂ ਸਾਲ ਪੁਰਾਣੀ ਭਾਈਚਾਰੇ ਦੀ ਭਾਵਨਾ ਅਨੁਸਾਰ ਅਸੀਂ 130 ਕਰੋੜ ਭਾਰਤੀਆਂ ਨੂੰ ਸ਼ਾਂਤੀ ਅਤੇ ਸਬਰ ਦੀ ਮਿਸਾਲ ਪੇਸ਼ ਕਰਨੀ ਹੈ।"

"ਦੇਸ ਦੀ ਸਰਬਉੱਚ ਅਦਾਲਤ ਨੇ ਅਯੁੱਧਿਆ ਤੇ ਆਪਣਾ ਫੈਸਲਾ ਸੁਣਾ ਦਿੱਤਾ ਹੈ ਇਸ ਫ਼ੈਸਲੇ ਨੂੰ ਕਿਸੇ ਦੀ ਹਾਰ ਜਾਂ ਜਿੱਤ ਵਜੋਂ ਨਹੀਂ ਵੇਖਣਾ ਚਾਹੀਦਾ ਹੈ। ਰਾਮਭਗਤੀ ਹੋਵੇ ਜਾਂ ਰਹੀਮ ਭਗਤੀ, ਇਹ ਵੇਲਾ ਅਸੀਂ ਸਾਰਿਆਂ ਲਈ ਭਾਰਤ ਭਗਤੀ ਦੀ ਭਾਵਨਾ ਨੂੰ ਮਜਬੂਤ ਕਰਨ ਦਾ ਹੈ। ਦੇਸ ਵਾਸੀਆਂ ਤੋਂ ਮੇਰੀ ਅਪੀਲ ਹੈ ਕਿ ਸ਼ਾਂਤੀ, ਸੁਹਾਰਦ ਅਤੇ ਏਕਤਾ ਬਣਾਏ ਰੱਖਣ।"

ਮੋਦੀ ਨੇ ਸੁਪਰੀਮ ਕੋਰਟ ਦੇ ਫ਼ੈਸਲੇ ਦੀ ਅਹਿਮੀਅਤ ਕੁਝ ਇਸ ਤਰ੍ਹਾਂ ਦੱਸੀ:

ਇਹ ਦੱਸਦਾ ਹੈ ਕਿ ਕਿਸੇ ਵਿਵਾਦ ਨੂੰ ਸੁਲਝਾਉਣ ਵਿੱਚ ਕਾਨੂੰਨੀ ਪ੍ਰਕਿਰਿਆ ਦਾ ਪਾਲਣ ਕਿੰਨਾ ਅਹਿਮ ਹੈ। ਹਰ ਪੱਖ ਨੂੰ ਆਪਣੀਆਂ-ਆਪਣੀਆਂ ਦਲੀਲਾਂ ਰੱਖਣ ਦਾ ਪੂਰਾ ਵਕਤ ਦਿੱਤਾ ਗਿਆ। ਇਨਸਾਫ਼ ਦੇ ਮੰਦਿਰ ਨੇ ਦਹਾਕਿਆਂ ਪੁਰਾਣੇ ਮਾਮਲੇ ਦਾ ਸੁਹਾਰਦਪੂਰਨ ਤਰੀਕੇ ਨਾਲ ਹੱਲ ਦਿੱਤਾ ਹੈ।

ਫ਼ੈਸਲੇ ਤੋਂ ਸੰਤੁਸ਼ਟ ਨਹੀਂ -ਸੂੰਨੀ ਵਕਫ਼ ਬੋਰਡ

ਸੁੰਨੀ ਵਕਫ਼ ਬੋਰਡ ਦੇ ਵਕੀਲ ਜ਼ਫ਼ਰਜਾਫ਼ ਗਿਲਾਨੀ ਨੇ ਕਿਹਾ, “ਸੂੰਨੀ ਵਕਫ਼ ਬੋਰਡ ਫ਼ੈਸਲੇ ਤੋਂ ਸੰਤੁਸ਼ਟ ਨਹੀਂ ਹੈ। ਅਸੀਂ ਸਾਰਿਆਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਨਗੇ। ਸਾਡੇ ਕੋਲ ਰਿਵਿਊ ਪਟੀਸ਼ਨ ਪਾਉਣ ਦਾ ਵਿਕਲਪ ਹੈ ਅਸੀਂ ਕਾਨੂੰਨੀ ਲੜਾਈ ਲੜਾਂਗੇ।”

“ਜਿਹੜੇ ਲੋਕ ਜਸ਼ਨ ਮਨਾ ਰਹੇ ਹਨ, ਉਨ੍ਹਾਂ ਨੂੰ ਅਸੀਂ ਕੁਝ ਨਹੀਂ ਕਹਿ ਸਕਦੇ ਉਹ ਪਹਿਲਾਂ ਵੀ ਕਰਦੇ ਰਹੇ ਹਨ। ਅਸੀਂ ਫੈਸਲੇ ਦੇ ਅਧਿਐਨ ਕਰਨ ਤੋਂ ਬਾਅਦ ਅਗਲੀ ਰਣਨੀਤੀ ਬਾਰੇ ਕਦਮ ਚੁੱਕਾਂਗੇ।”

ਇਹ ਵੀ ਪੜ੍ਹੋ-

ਇਹ ਫ਼ੈਸਲਾ ਮੀਲ ਦਾ ਪੱਥਰ ਸਾਬਿਤ ਹੋਵੇਗਾ - ਅਮਿਤ ਸ਼ਾਹ

ਕੇਂਦਰੀ ਗ੍ਰਹਿ ਮੰਤਰੀ ਅਤੇ ਭਾਜਪਾ ਮੁਖੀ ਅਮਿਤ ਸ਼ਾਹ ਨੇ ਸੁਪਰੀਮ ਕੋਰਟ ਦੇ ਫ਼ੈਸਲੇ 'ਤੇ ਕਿਹਾ, "ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸਰਬਉੱਚ ਅਦਾਲਤ ਵੱਲੋਂ ਦਿੱਤਾ ਗਿਆ ਇਤਿਹਾਸਕ ਫ਼ੈਸਲਾ ਆਪਣੇ ਆਪ ਵਿੱਚ ਮੀਲ ਦਾ ਪੱਥਰ ਸਾਬਿਤ ਹੋਵੇਗਾ। ਇਹ ਫ਼ੈਸਲਾ ਭਾਰਤ ਦੀ ਏਕਤਾ, ਅਖੰਡਤਾ ਅਤੇ ਮਹਾਨ ਸੱਭਿਆਚਾਰ ਨੂੰ ਹੋਰ ਤਾਕਤ ਪ੍ਰਦਾਨ ਕਰੇਗਾ।"

"ਦਹਾਕਿਆਂ ਤੋਂ ਚੱਲੇ ਆ ਰਹੇ ਸ਼੍ਰੀ ਰਾਮ ਜਨਮਭੂਮੀ ਦੇ ਇਸ ਕਾਨੂੰਨੀ ਵਿਵਾਦ ਨੂੰ ਅੱਜ ਇਸ ਫ਼ੈਸਲੇ ਨਾਲ ਅੰਤਿਮ ਰੂਪ ਮਿਲਿਆ ਹੈ। ਮੈਂ ਭਾਰਤ ਦੀ ਨਿਆਂ ਪ੍ਰਣਾਲੀ ਤੇ ਸਾਰੇ ਜੱਜਾਂ ਦਾ ਸਵਾਗਤ ਕਰਦੇ ਹਾਂ।"

ਹੁਣ ਸਾਨੂੰ ਅਤੀਤ ਦੀਆਂ ਗੱਲਾਂ ਭੁਲਾ ਦੇਣੀ ਚਾਹੀਦੀਆਂ ਹਨ - ਆਰਐੱਸਐੱਸ ਮੁਖੀ

ਆਰਐੱਸਐੱਸ ਮੁਖੀ ਮੋਹਨ ਭਾਗਵਤ ਨੇ ਇਸ ਫ਼ੈਸਲੇ ਦਾ ਸਵਾਗਤ ਕਰਦੇ ਹੋਏ ਸਾਰਿਆਂ ਨੂੰ ਸਬਰ ਬਣਾਏ ਰੱਖਣ ਦੀ ਅਪੀਲ ਕੀਤੀ ਹੈ ਅਤੇ 'ਝਗੜਾ ਵਿਵਾਦ' ਖ਼ਤਮ ਕਰਨ ਦੀ ਗੱਲ ਕੀਤੀ ਹੈ। ਉਨ੍ਹਾਂ ਨੇ ਇਹ ਵੀ ਅਪੀਲ ਕੀਤੀ ਹੈ ਕਿ ਇਸ ਨੂੰ ਹਾਰ-ਜਿੱਤ ਵਜੋ ਨਹੀਂ ਵੇਖਣਾ ਚਾਹੀਦਾ ਹੈ।

ਉਨ੍ਹਾਂ ਕਿਹਾ, "ਸਾਨੂੰ ਯੋਗਦਾਨ ਕਰਨ ਵਾਲੇ ਸਾਰੇ ਸਹਿਯੋਗੀਆਂ ਅਤੇ ਬਲੀਦਾਨੀਆਂ ਨੂੰ ਯਾਦ ਕਰਦੇ ਹਾਂ। ਭਾਈਚਾਰਾ ਬਣਾਏ ਰੱਖਣ ਲਈ ਸਰਕਾਰੀ ਅਤੇ ਸਮਾਜਿਕ ਪੱਧਰ ਉੱਤੇ ਹੋਏ ਸਾਰੀਆਂ ਕੋਸ਼ਿਸ਼ਾਂ ਦਾ ਅਸੀਂ ਸਵਾਗਤ ਕਰਦੇ ਹਾਂ।"

"ਸੰਜਮਪੂਰਵਕ ਨਿਆਂ ਦਾ ਇੰਤਜ਼ਾਰ ਕਰਨ ਵਾਲੀ ਭਾਰਤੀ ਜਨਤਾ ਵੀ ਵਧਾਈ ਦੀ ਪਾਤਰ ਹੈ। ਅਤੀਤ ਦੀਆਂ ਸਾਰੀਆਂ ਗੱਲਾਂ ਨੂੰ ਭੁੱਲ ਕੇ ਹੁਣ ਸਾਨੂੰ ਸ਼੍ਰੀਰਾਮ ਜਨਮਭੂਮੀ 'ਤੇ ਸ਼ਾਨਦਾਰ ਮੰਦਿਰ ਦੇ ਨਿਰਮਾਣ ਵਿੱਚ ਆਪਣੇ ਫਰਜ਼ ਪੂਰੇ ਕਰਾਂਗੇ।"

ਇਹ ਵੀ ਪੜ੍ਹੋ-

ਕਾਂਗਰਸ ਵੱਲੋਂ ਫੈਸਲੇ ਦਾ ਸਵਾਗਤ

ਕਾਂਗਰਸ ਪਾਰਟੀ ਨੇ ਅਯੁੱਧਿਆ ਉੱਤੇ ਆਏ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ। ਪਾਰਟੀ ਦੇ ਬੁਲਾਰੇ ਰਣਦੀਪ ਸਿੰਘ ਸੂਰਜੇਵਾਲਾ ਨੇ ਕਿਹਾ ਕਿ ਕਾਂਗਰਸ ਪਾਰਟੀ ਰਾਮ ਮੰਦਰ ਉਸਾਰੀ ਦੇ ਪੱਖ ਵਿਚ ਹੈ।

ਉਨ੍ਹਾਂ ਮੁਲਕ ਦੇ ਸਾਰੇ ਲੋਕਾਂ ਨੂੰ ਅਮਨ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ। ਸੂੰਨੀ ਵਕਫ ਬੋਰਡ ਦੀ ਅਸੰਤੁਸ਼ਟੀ ਉੱਤੇ ਕਾਂਗਰਸ ਦੇ ਬੁਲਾਰੇ ਨੇ ਕਿਹਾ ਕਿ ਕਾਨੂੰਨੀ ਲੜਾਈ ਲੜਨ ਦਾ ਹਰ ਇੱਕ ਨੂੰ ਅਧਿਕਾਰ ਹੈ।

ਦਿੱਲੀ ਦੇ CM ਅਰਵਿੰਦ ਕੇਜਰੀਵਾਲ ਲਿਖਦੇ ਹਨ, ''ਸਾਰੀਆਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਸੁਪਰੀਮ ਕੋਰਟ ਦੀ ਬੈਂਚ ਦੇ 5 ਜੱਜਾਂ ਨੇ ਇੱਕ ਮੱਤ ਨਾਲ ਅੱਜ ਆਪਣਾ ਫ਼ੈਸਲਾ ਦਿੱਤਾ। ਅਸੀਂ ਇਸ ਫ਼ੈਸਲੇ ਦਾ ਸੁਆਗਤ ਕਰਦੇ ਹਾਂ।

ਪੰਜਾਬ ਵਿੱਚ ਭਾਜਪਾ ਦੇ ਆਗੂ ਵਿਜੇ ਸਾਂਪਲਾ ਲਿਖਦੇ ਹਨ, ''ਸੁਪਰੀਮ ਕੋਰਟ ਵੱਲੋਂ ਭਾਰਤ ਦੇ ਇਤਿਹਾਸ ਵਿੱਚ ਇਤਿਹਾਸਿਕ ਫ਼ੈਸਲਾ ਦਿੱਤਾ ਗਿਆ ਹੈ। ਸੁਪਰੀਮ ਕੋਰਟ ਨੇ ਸਾਰੇ ਵਰਗਾਂ ਦਾ ਧਿਆਨ ਰੱਖਦਿਆਂ ਇੱਕ ਸੰਤੁਲਿਤ ਫ਼ੈਸਲਾ ਦਿੱਤਾ ਹੈ।''

ਅਦਾਕਾਰਾ ਹੁਮਾ ਕੁਰੈਸ਼ੀ ਲਿਖਦੇ ਹਨ, ''ਮੇਰੇ ਪਿਆਰੇ ਭਾਰਤੀਓ, ਅਯੁੱਧਿਆ ਬਾਰੇ ਸੁਪਰੀਮ ਕੋਰਟ ਦੇ ਫ਼ੈਸਲੇ ਦੀ ਇੱਜ਼ਤ ਕਰੋ। ਸਾਨੂੰ ਸਭ ਨੂੰ ਇੱਕਠਿਆਂ ਅੱਗੇ ਵਧਣ ਦੀ ਲੋੜ ਹੈ।''

ਲੇਖਿਕਾ ਰਾਣਾ ਆਯੂਬ ਨੇ ਲਿਖਿਆ, ''ਇਤਿਹਾਸ ਦਿਆਲੂ ਹੋਵੇਗਾ''

ਹਰਿਆਣੇ ਮੁੱਖ ਮੰਤਰੀ ਨੇ ਸੁਪਰੀਮ ਕੋਰਟ ਦੇ ਫੈਸਲੇ ਬਾਰੇ ਕਿਹਾ, “ਅਯੁੱਧਿਆ ਮਾਮਲੇ ਤੇ ਮਾਣਯੋਗ ਸੁਪਰੀਮ ਕੋਰਟ ਵੱਲੋਂ ਲਿਆ ਗਿਆ ਫ਼ੈਸਲਾ ਇਤਿਹਾਸਿਕ ਹੈ। ਇਸ ਫ਼ੈਸਲੇ ਨਾਲ ਦੇਸ਼ ਦਾ ਸਮਾਜਿਕ ਤਾਣਾ-ਬਾਣਾ ਹੋਰ ਮਜ਼ਬੂਤ ਹੋਵੇਗਾ।''

ਇਹ ਵੀ ਪੜ੍ਹੋ-

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)