ਜਲਾਲਾਬਾਦ 'ਚ ਸੁਖਬੀਰ ਸਿੰਘ ਬਾਦਲ 'ਸਾਖ' ਬਚਾਉਣ ਲਈ 'ਪੱਬਾਂ ਭਾਰ', ਹਰਸਿਮਰਤ ਬਾਦਲ ਵੀ ਪ੍ਰਚਾਰ 'ਚ ਜੁਟੀ

ਸੁਖਬੀਰ ਬਾਦਲ

ਤਸਵੀਰ ਸਰੋਤ, Surinder Mann/BBC

ਤਸਵੀਰ ਕੈਪਸ਼ਨ, ਸੁਖਬੀਰ ਸਿੰਘ ਬਾਦਲ ਦੇ ਫਿਰੋਜ਼ਪੁਰ ਤੋਂ ਲੋਕ ਸਭਾ ਮੈਂਬਰ ਚੁਣੇ ਜਾਣ ਤੋਂ ਬਾਅਦ ਜਲਾਲਾਬਾਦ ਦੀ ਸੀਟ ਖਾਲੀ ਹੋਈ ਸੀ
    • ਲੇਖਕ, ਸੁਰਿੰਦਰ ਮਾਨ
    • ਰੋਲ, ਬੀਬੀਸੀ ਪੰਜਾਬੀ ਲਈ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਿਧਾਨ ਸਭਾ ਹਲਕਾ ਜਲਾਲਾਬਾਦ 'ਚ ਆਪਣੀ ਸਾਖ ਨੂੰ ਕਾਇਮ ਰੱਖਣ ਲਈ ਪੂਰਾ ਵਾਹ ਲਾ ਦਿੱਤੀ ਹੈ।

ਭਾਵੇਂ ਸੁਖਬੀਰ ਸਿੰਘ ਬਾਦਲ ਨੇ ਲੋਕ ਸਭਾ ਚੋਣਾਂ ਦੌਰਾਨ ਇਸ ਵਿਧਾਨ ਸਭਾ ਹਲਕੇ ਤੋਂ ਵੱਡੀ ਲੀਡ ਹਾਸਲ ਕੀਤੀ ਸੀ ਪਰ ਫਿਰ ਵੀ ਉਹ ਕੋਈ ਕਸਰ ਬਾਕੀ ਨਹੀਂ ਛੱਡਣੀ ਚਾਹੁੰਦੇ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਫਿਰੋਜ਼ਪੁਰ ਤੋਂ ਲੋਕ ਸਭਾ ਮੈਂਬਰ ਚੁਣੇ ਜਾਣ ਮਗਰੋਂ ਜਲਾਲਾਬਾਦ ਦੀ ਸੀਟ ਖਾਲੀ ਹੋ ਗਈ ਸੀ, ਜਿੱਥੇ ਹੁਣ ਜ਼ਿਮਨੀ ਚੋਣ ਹੋ ਰਹੀ ਹੈ। ਇਸ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਪਹਿਲਾਂ 2009, ਫਿਰ 2012 ਤੇ 2017 ਵਿੱਚ ਲਗਾਤਾਰ ਤਿੰਨ ਵਿਧਾਇਕ ਚੁਣੇ ਗਏ ਸਨ।

ਕਾਂਗਰਸ ਵੀ ਕੋਈ ਮੌਕਾ ਨਹੀਂ ਗਵਾਉਣਾ ਚਾਹੁੰਦੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਆਪਣਾ ਵੱਕਾਰ ਸਮਝ ਕੇ ਕਾਂਗਰਸੀ ਉਮੀਦਵਾਰ ਰਮਿੰਦਰ ਸਿੰਘ ਦੀ ਜਿੱਤ ਯਕੀਨੀ ਬਣਾਉਣ ਲਈ ਕੋਈ ਕਸਰ ਬਾਕੀ ਛੱਡਣ ਦੀ ਰੌਂ ਵਿੱਚ ਨਹੀਂ ਹਨ।

ਸਥਾਨਕਵਾਸੀਆਂ ਦੀ ਨਰਾਜ਼ਗੀ

ਲੋਕਾਂ ਦਾ ਇੰਨ੍ਹਾਂ ਚੋਣਾਂ ਬਾਰੇ ਕੀ ਕਹਿਣਾ ਹੈ, ਅਸੀਂ ਜਾਣਨ ਦੀ ਕੋਸ਼ਿਸ਼ ਕੀਤੀ।

''ਭਾਰਤ ਪਾਕਿਸਤਾਨ ਦੀ ਸਰਹੱਦ 'ਤੇ ਵਸੇ ਹਾਂ। ਹਰ ਚੋਣ 'ਚ ਸਿਆਸੀ ਲੋਕ ਆਉਂਦੇ ਹਨ ਤੇ ਵਿਕਾਸ ਕਰਵਾਉਣ ਦੀਆਂ ਗੱਲਾਂ ਹੁੰਦੀਆਂ ਹਨ। ਹਾਂ, ਵਿਕਾਸ ਹੋਇਆ ਵੀ ਹੈ ਪਰ ਰੁਜ਼ਗਾਰ ਦੀ ਪ੍ਰਾਪਤੀ ਦੀ ਤਮੰਨਾ ਹਾਲੇ ਤੱਕ ਦਿਲ ਦੀ ਸਧਰ ਹੀ ਬਣੀ ਹੋਈ ਹੈ।''

ਇਹ ਕਹਿਣਾ ਹੈ ਪੰਜਾਬ ਦੇ ਸਰਹੱਦੀ ਵਿਧਾਨ ਸਭਾ ਹਲਕੇ ਜਲਾਲਾਬਾਦ ਅਧੀਨ ਪੈਂਦੇ ਪਿੰਡ ਢਾਬ ਖੜਿਆਲ ਦੇ ਵਸਨੀਕ ਜਤਿੰਦਰ ਸਿੰਘ ਦਾ।

ਇਹ ਵੀ ਪੜ੍ਹੋ:

ਅਕਾਲੀ ਦਲ ਦੀ ਰੈਲੀ

ਤਸਵੀਰ ਸਰੋਤ, Surinder Mann/BBC

ਤਸਵੀਰ ਕੈਪਸ਼ਨ, ਪਿੰਡ ਚੱਕ ਸਿੰਘ ਵਿੱਚ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਦੇ ਉਮੀਦਵਾਰ ਰਾਜ ਸਿੰਘ ਡਿੱਬੀਪੁਰਾ ਦੇ ਹੱਕ ਵਿੱਚ ਪ੍ਰਚਾਰ ਕੀਤਾ

ਹਲਕੇ 'ਚ ਔਰਤਾਂ ਦੀਆਂ ਮੁਸ਼ਕਿਲਾਂ ਵੀ ਘੱਟ ਨਹੀਂ ਹਨ। ਇਸ ਹਲਕੇ ਦੀਆਂ ਔਰਤਾਂ ਦਾ ਕਹਿਣਾ ਹੈ ਕਿ ਉਨਾਂ ਨੂੰ ਪੀਣ ਵਾਲਾ ਪਾਣੀ ਢੋਣ ਦੀ ਸਮੱਸਿਆ ਦਾ ਸਾਹਮਣਾ ਅੱਜ ਦੇ ਯੁਗ 'ਚ ਵੀ ਕਰਨਾ ਪੈ ਰਿਹਾ ਹੈ।

ਜਲਾਲਾਬਾਦ ਦੀ ਗਰੀਬ ਬਸਤੀ ਦੀ ਇਕ ਔਰਤ ਨੇ ਕਿਹਾ, "ਸਰਹੱਦੀ ਇਲਾਕਾ ਹੋਣ ਕਾਰਨ ਕਿਸੇ ਵੀ ਆਗੂ ਦਾ ਧਿਆਨ ਸਾਡੇ ਵੱਲ ਨਹੀਂ ਗਿਆ ਹੈ। ਸਾਡੀ ਕੋਈ ਸੁਣਵਾਈ ਨਹੀਂ ਹੈ। ਅਸੀਂ ਵੋਟਾਂ ਤੋਂ ਕੀ ਲੈਣਾ। ਐਵੇਂ ਅਖ਼ਬਾਰ 'ਚ ਮੇਰੀ ਫੋਟੋ ਛਪ ਗਈ ਤਾਂ ਮੇਰੀ ਜਾਨ ਨੂੰ ਕੋਈ ਨਵਾਂ ਰੱਫੜ ਨਾ ਪੈ ਜਾਵੇਗਾ।"

ਰੁਜ਼ਗਾਰ, ਸਿੱਖਿਆ ਤੇ ਸਿਹਤ ਸੇਵਾਵਾਂ ਹਾਸਲ ਕਰਨ ਨੂੰ ਇਸ ਖਿੱਤੇ ਦੇ ਲੋਕ ਪਹਿਲ ਦਿੰਦੇ ਹਨ। ਇਸ ਦੇ ਉਲਟ ਭਖਵੇਂ ਚੋਣ ਪ੍ਰਚਾਰ ਦੇ ਸ਼ੋਰ-ਸ਼ਰਾਬੇ 'ਚ ਇਹ ਮੁੱਦੇ ਮਨਫ਼ੀ ਨਜ਼ਰ ਆ ਰਹੇ ਹਨ।

ਚੋਣ ਪ੍ਰਚਾਰ 'ਚ ਰੁੱਝੀਆਂ ਸਾਰੀਆਂ ਹੀ ਧਿਰਾਂ ਦਾ ਸਾਰਾ ਜ਼ੋਰ ਤਾਂ ਆਪਣੇ ਸਿਆਸੀ ਵਿਰੋਧੀਆਂ ਨੂੰ ਭੰਡਣ 'ਤੇ ਹੀ ਲੱਗ ਰਿਹਾ ਹੈ।

ਅਕਾਲੀ ਦਲ ਦਾ ਗੜ੍ਹ ਮੰਨੇ ਜਾਣ ਵਾਲੇ ਇਸ ਹਲਕੇ ਤੋਂ 2007 ਵਿੱਚ ਅਕਾਲੀ ਦਲ ਦੀ ਟਿਕਟ 'ਤੇ ਸ਼ੇਰ ਸਿੰਘ ਘੁਬਾਇਆ ਚੋਣ ਜਿੱਤੇ ਸਨ।

ਅਕਾਲੀ ਦਲ ਇਸ ਸੀਟ 'ਤੇ ਆਪਣਾ ਪ੍ਰਭਾਵ ਹੋਣ ਦਾ ਦਾਅਵਾ ਇਸ ਲਈ ਵੀ ਕਰ ਰਿਹਾ ਹੈ ਕਿ ਹਾਲ ਹੀ ਦੀਆਂ ਲੋਕ ਸਭਾ ਚੋਣਾਂ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਜਲਾਲਾਬਾਦ ਹਲਕੇ ਤੋਂ 50 ਹਜ਼ਾਰ ਤੋਂ ਵੱਧ ਦੀ ਲੀਡ ਹਾਸਲ ਹੋਈ ਸੀ।

ਕੈਪਟਨ ਅਮਰਿੰਦਰ ਸਿੰਘ

ਤਸਵੀਰ ਸਰੋਤ, Surinder Mann/BBC

ਤਸਵੀਰ ਕੈਪਸ਼ਨ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਉਮੀਦਵਾਰ ਰਵਿੰਦਰ ਸਿੰਘ ਆਂਵਲਾ ਦੇ ਹੱਕ ਵਿਚ ਰੋਡ-ਸ਼ੋਅ ਕੀਤਾ

ਹੁਣ ਜਦੋਂ ਪੰਜਾਬ ਦੀ ਸੱਤਾ 'ਤੇ ਕਾਂਗਰਸ ਪਾਰਟੀ ਦਾ ਕਬਜ਼ਾ ਹੈ ਤਾਂ ਜਲਾਲਾਬਾਦ ਦੀ ਚੋਣ ਸੁਖਬੀਰ ਸਿੰਘ ਬਾਦਲ ਦੇ ਨਾਲ-ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਲਈ ਵੀ ਵੱਕਾਰ ਦਾ ਸਵਾਲ ਬਣ ਚੁੱਕੀ ਹੈ।

ਚੋਣ ਕਮਿਸ਼ਨ ਮੁਤਾਬਿਕ ਜਲਾਲਾਬਾਦ ਹਲਕੇ ਦੇ 2.06 ਲੱਖ ਵੋਟਰ 21 ਅਕਤੂਬਰ ਨੂੰ ਆਪਣੀ ਵੋਟ ਦਾ ਇਸਤੇਮਾਲ ਕਰ ਸਕਣਗੇ।

ਚੋਣ ਵਿਭਾਗ ਦਾ ਰਿਕਾਰਡ ਦਸਦਾ ਹੈ ਕਿ ਜਲਾਲਾਬਾਦ ਵਿਧਾਨ ਸਭਾ ਹਲਕੇ ਵਿਚ 1967 ਤੋਂ ਲੈ ਕੇ ਹੁਣ ਤੱਕ ਭਾਰਤੀ ਕਮਿਊਨਿਸਟ ਪਾਰਟੀ ਅਤੇ ਕਾਂਗਰਸ 4-4 ਵਾਰ ਇਸ ਸੀਟ 'ਤੇ ਆਪਣੀਆਂ ਜਿੱਤਾਂ ਦਰਜ ਕਰ ਚੁੱਕੇ ਹਨ। ਦੂਜੇ ਪਾਸੇ ਅਕਾਲੀ ਦਲ ਇਸ ਸੀਟ 'ਤੇ 5 ਵਾਰ ਕਾਮਯਾਬੀ ਹਾਸਲ ਕਰ ਚੁੱਕਾ ਹੈ।

ਸ਼੍ਰੋਮਣੀ ਅਕਾਲੀ ਦਲ ਨੇ ਰਾਜ ਸਿੰਘ ਡਿੱਬੀਪੁਰਾ ਨੂੰ ਆਪਣਾ ਉਮੀਦਵਾਰ ਬਣਾਇਆ ਹੈ, ਜਦੋਂ ਕਿ ਕਾਂਗਰਸ ਨੇ ਪੰਜਾਬ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਰਵਿੰਦਰ ਸਿੰਘ ਆਵਲਾ ਨੂੰ ਮੈਦਾਨ ਵਿਚ ਉਤਾਰਿਆ ਹੈ। ਆਮ ਆਦਮੀ ਪਾਰਟੀ ਵੱਲੋਂ ਮਹਿੰਦਰ ਸਿੰਘ ਚੋਣ ਅਖ਼ਾੜੇ 'ਚ ਹਨ।

ਜਲਾਲਾਬਾਦ ਹਲਕੇ ਵਿੱਚ ਰਾਏ ਸਿੱਖ ਬਿਰਾਦਰੀ ਦੀ ਵਸੋਂ ਵਧੇਰੇ ਹੋਣ ਕਾਰਨ ਅਕਾਲੀ ਦਲ ਤੇ ਕਾਂਗਰਸ ਸਮੇਤ ਚੋਣ ਅਖਾੜੇ 'ਚ ਨਿੱਤਰੀਆਂ ਸਮੁੱਚੀਆਂ ਧਿਰਾਂ ਦੀਆਂ ਨਜ਼ਰਾਂ ਇਸ ਬਿਰਾਦਰੀ ਦੇ ਵੋਟ ਬੈਂਕ 'ਤੇ ਹੀ ਟਿਕੀਆਂ ਹੋਈਆਂ ਹਨ।

ਅਕਾਲੀ ਦਲ ਨੇ ਤਾਂ ਆਪਣਾ ਉਮੀਦਵਾਰ ਵੀ ਇਸੇ ਬਿਰਾਦਰੀ ਤੋਂ ਚੁਣਿਆਂ ਹੈ। ਇਸ ਦੇ ਨਾਲ ਹੀ ਹਲਕੇ ਦੇ ਪਿੰਡਾਂ ਵਿੱਚ ਡੇਰਾ ਸੱਚਾ ਸੌਦਾ ਸਿਰਸਾ ਦੇ ਪੈਰੋਕਾਰਾਂ ਦਾ ਚੰਗਾ ਪ੍ਰਭਾਵ ਮੰਨਿਆਂ ਜਾਂਦਾ ਹੈ।

ਪੀਣ ਵਾਲੇ ਪਾਣੀ ਦੀ ਮੰਗ

ਜਲਾਲਾਬਾਦ ਸ਼ਹਿਰ ਤੋਂ ਇਲਾਵਾ ਹਲਕੇ ਦੇ ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਜ਼ਿਮਨੀ ਚੋਣ ਦਾ ਉਨਾਂ ਨੂੰ ਕੋਈ ਖਾਸ ਲਾਭ ਹੋਣ ਵਾਲਾ ਨਹੀਂ ਹੈ।

ਸਰਹੱਦ ਦੇ ਨਾਲ ਵਸੇ ਪਿੰਡਾਂ ਦੇ ਲੋਕ ਪੀਣ ਵਾਲੇ ਸਾਫ਼ ਪਾਣੀ ਤੇ ਦੂਰ-ਦੁਰਾਡੇ ਵਾਲੀਆਂ ਢਾਣੀਆਂ 'ਚ ਚੰਗੇ ਸਰਕਾਰੀ ਸਕੂਲਾਂ ਦੀ ਘਾਟ ਦੀ ਗੱਲ ਤਾਂ ਕਰਦੇ ਹਨ ਪਰ ਲੋਕਾਂ ਦਾ ਕਹਿਣਾ ਹੈ ਕਿ ਵਾਅਦਿਆਂ ਤੋਂ ਇਲਾਵਾ ਉਨ੍ਹਾਂ ਦੇ ਪਿੜ-ਪੱਲੇ ਪਿਛਲੇ 20 ਸਾਲਾਂ ਦੌਰਾਨ ਕੁੱਝ ਵੀ ਨਹੀਂ ਪਿਆ ਹੈ।

ਹਰਸਿਮਰਤ ਕੌਰ

ਤਸਵੀਰ ਸਰੋਤ, Surinder Mann/BBC

ਤਸਵੀਰ ਕੈਪਸ਼ਨ, ਅਕਾਲੀ ਦਲ ਨੇ ਸ਼ਹਿਰੀ ਖਿੱਤੇ ਦੀ ਜ਼ਿੰਮੇਵਾਰੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਦਿੱਤੀ ਹੈ

ਪਿੰਡ ਆਲਮ ਕੇ ਦੇ ਵਸਨੀਕ ਰੇਸ਼ਮ ਸਿੰਘ ਦਾ ਮੰਨਣਾ ਹੈ ਕਿ, ''ਨੇਤਾਵਾਂ ਦੇ ਚੋਣ ਵਾਅਦੇ ਤਾਂ ਹਲਕੇ ਦੀ ਕਾਇਆਂ-ਕਲਪ ਕਰਨ ਵਾਲੇ ਹਨ, ਪਰ ਚੋਣਾਂ ਬਾਅਦ ਤਾਂ ਕਿਸੇ ਵੀ ਪਾਰਟੀ ਦੇ ਆਗੂ ਨੇ ਹਰ ਪੱਖ ਤੋਂ ਪਛੜੇ ਸਾਡੇ ਇਸ ਹਲਕੇ ਦੀ ਕਦੇ ਵੀ ਸਾਰ ਨਹੀਂ ਲਈ। ਰੁਜ਼ਗਾਰ ਦੇ ਮੌਕੇ ਨਹੀਂ ਹਨ। ਇਸ ਲਈ ਦਿਹਾੜੀਆਂ ਦੀ ਭਾਲ ਵਿੱਚ ਹੀ ਉਮਰ ਲੰਘ ਰਹੀ ਹੈ।''

ਅਮਰਿੰਦਰ ਸਿੰਘ ਤੇ ਸੁਖਬੀਰ ਬਾਦਲ ਵਲੋਂ ਚੋਣ ਪ੍ਰਚਾਰ

ਅਕਾਲੀ ਦਲ ਦੇ ਗੜ੍ਹ 'ਚ ਸੰਨ ਲਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਵਿੰਦਰ ਸਿੰਘ ਆਂਵਲਾ ਦੇ ਹੱਕ ਵਿੱਚ ਰੋਡ-ਸ਼ੋਅ ਕੀਤਾ।

ਇਸ ਵੇਲੇ ਕੈਪਟਨ ਨੇ ਕਿਹਾ ਕਿ 10 ਸਾਲਾਂ ਦੇ ਰਾਜ-ਭਾਗ ਦੌਰਾਨ ਅਕਾਲੀਆਂ ਨੇ ਇਸ ਸਰਹੱਦੀ ਖੇਤਰ ਦਾ ਕੁੱਝ ਵੀ ਨਹੀਂ ਸੰਵਾਰਿਆ ਤੇ ਹੁਣ ਉਹ ਸਮਾਂ ਆ ਗਿਆ ਹੈ ਜਦੋਂ ਅਕਾਲੀਆਂ ਦਾ ਇਹ ਭਰਮ ਟੁੱਟ ਜਾਵੇਗਾ ਕਿ ਜਲਾਲਾਬਾਦ ਅਕਾਲੀ ਦਲ ਦਾ ਗੜ੍ਹ ਹੈ।

ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਇਸ ਹਲਕੇ ਵਿੱਚ ਆਪਣੇ ਵੱਕਾਰ ਨੂੰ ਕਾਇਮ ਰੱਖਣ ਲਈ ਹਲਕੇ ਦੇ ਪਿੰਡਾਂ ਦੇ ਪੰਜ ਦੌਰੇ ਕਰ ਚੁੱਕੇ ਹਨ।

ਸ਼ਾਮ ਹੁੰਦੇ ਹੀ ਪਿੰਡ ਚੱਕ ਸੁਹੇਲੇਵਾਲਾ ਦੀ ਇੱਕ ਨੁੱਕੜ ਮੀਟਿੰਗ ਵਿਚ ਸੁਖਬੀਰ ਸਿੰਘ ਬਾਦਲ ਲੋਕਾਂ ਨੂੰ ਕਾਂਗਰਸ ਪਾਰਟੀ ਵੱਲੋਂ ਵਿਧਾਨ ਸਭਾ ਚੋਣਾਂ ਵੇਲੇ ਕੀਤੇ ਵਾਅਦੇ ਯਾਦ ਕਰਵਾਉਣ ਲਗਦੇ ਹਨ।

ਸੁਖਬੀਰ ਬਾਦਲ ਨੇ ਦਾਅਵਾ ਕੀਤਾ, ''ਅਕਾਲੀ-ਭਾਜਪਾ ਸਰਕਾਰ ਨੇ ਆਪਣੇ ਸਮੇਂ ਵਿਚ ਜਲਾਲਾਬਾਦ ਦੇ ਹਰ ਪਿੰਡਾਂ ਦਾ ਅਥਾਹ ਵਿਕਾਸ ਕੀਤਾ ਹੈ, ਇਸ ਕਰਕੇ ਹਲਕੇ ਦੇ ਲੋਕ ਅਕਾਲੀ ਦਲ ਨੂੰ ਜੇਤੂ ਬਨਾਉਣਗੇ।''

ਸੁਖਬੀਰ ਬਾਦਲ

ਤਸਵੀਰ ਸਰੋਤ, Surinder Mann/BBC

ਜ਼ਿਕਰਯੋਗ ਹੈ ਕਿ ਕਾਂਗਰਸ ਤੇ ਅਕਾਲੀ ਦਲ ਦੇ ਪਹਿਲੀ ਕਤਾਰ ਦੇ ਆਗੂ ਨੇ ਹਲਕੇ ਦੇ ਪਿੰਡਾਂ ਨੂੰ 10 ਜ਼ੋਨਾਂ 'ਚ ਵੰਡ ਕੇ ਵੱਖ-ਵੱਖ ਪਿੰਡਾਂ 'ਚ ਆਪਣੇ ਡੇਰੇ ਜਮਾਏ ਹੋਏ ਹਨ। ਵੱਡੇ ਆਗੂਆਂ ਦੇ ਰੋਡ-ਸ਼ੋਅ ਤੋਂ ਇਲਾਵਾ ਸਥਾਨਕ ਪੱਧਰ ਦੇ ਆਗੂ ਘਰ-ਘਰ ਜਾ ਕੇ ਵੋਟਾਂ ਮੰਗਣ ਨੂੰ ਤਰਜ਼ੀਹ ਦੇ ਰਹੇ ਹਨ।

ਕਾਂਗਰਸ ਪਾਰਟੀ ਦੇ ਆਗੂ ਅਕਾਲੀ ਦਲ ਨੂੰ ਬੇਅਦਬੀ ਦੇ ਮੁੱਦੇ 'ਤੇ ਘੇਰਨ ਦੀ ਕੋਸ਼ਿਸ਼ 'ਚ ਹਨ ਤੇ ਅਕਾਲੀ ਦਲ ਵਿਧਾਨ ਸਭਾ ਚੋਣਾਂ ਮੌਕੇ ਘਰ-ਘਰ ਨੌਕਰੀ ਦੇਣ ਦੇ ਕੀਤੇ ਵਾਅਦੇ ਨੂੰ ਲੈ ਕੇ ਕਾਂਗਰਸ ਤੋਂ ਜਵਾਬ ਮੰਗ ਰਿਹਾ ਹੈ।

ਭਾਵੇਂ ਇਸ ਹਲਕੇ ਵਿਚ ਮੁੱਖ ਟੱਕਰ ਕਾਂਗਰਸੀ ਉਮੀਦਵਾਰ ਰਮਿੰਦਰ ਸਿੰਘ ਆਵਲਾ ਤੇ ਅਕਾਲੀ ਉਮੀਦਵਾਰ ਰਾਜ ਸਿੰਘ ਡਿੱਬੀਪੁਰਾ ਦਰਮਿਆਨ ਹੈ ਪਰ ਇਹ ਦੋਵੇਂ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਤੇ ਸੁਖਬੀਰ ਸਿੰਘ ਬਾਦਲ ਦੇ ਨਾਂ 'ਤੇ ਹੀ ਚੋਣ ਲੜ ਰਹੇ ਹਨ।

ਇਹ ਵੀ ਪੜ੍ਹੋ:

ਜਿੱਥੇ ਹਾਕਮ ਧਿਰ ਕਾਂਗਰਸ ਨੇ ਸ਼ਹਿਰੀ ਵੋਟਰਾਂ ਨੂੰ ਆਪਣੇ ਵੱਲ ਖਿੱਚਣ ਲਈ ਸੀਨੀਅਰ ਮੰਤਰੀਆਂ ਤੇ ਆਗੂਆਂ ਦੀ ਡਿਊਟੀ ਲਾਈ ਹੈ, ਉੱਥੇ ਅਕਾਲੀ ਦਲ ਨੇ ਸ਼ਹਿਰੀ ਖਿੱਤੇ ਦੀ ਜ਼ਿੰਮੇਵਾਰੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਦਿੱਤੀ ਹੈ।

ਕਾਂਗਰਸ ਪਾਰਟੀ ਦਾ ਕਹਿਣਾ ਹੈ ਕਿ ਪੰਜਾਬ ਵਿਚ ਇਸ ਵੇਲੇ ਕਾਂਗਰਸ ਦੀ ਸਰਕਾਰ ਹੈ ਤੇ ਹਲਕੇ ਦੇ ਸਰਬਪੱਖੀ ਵਿਕਾਸ ਲਈ ਇਹ ਜ਼ਰੂਰੀ ਹੈ ਕਿ ਲੋਕ ਕਾਂਗਰਸ ਨੂੰ ਜਿੱਤ ਦਿਵਾਉਣ।

ਦੂਜੇ ਪਾਸੇ ਅਕਾਲੀ ਦਲ ਦਾ ਕਹਿਣਾ ਹੈ ਕਿ 2022 ਵਿਚ ਜਲਾਲਾਬਾਦ ਤੋਂ ਸੁਖਬੀਰ ਸਿੰਘ ਬਾਦਲ ਹੀ ਚੋਣ ਲੜਣਗੇ ਤੇ ਇਹ ਹਲਕੇ ਦੇ ਲੋਕਾਂ ਲਈ ਚੰਗਾ ਸਾਬਤ ਹੋ ਸਕਦਾ ਹੈ।

ਇਹ ਵੀਡੀਓ ਜ਼ਰੂਰ ਦੇਖੋ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)