ਕਰਤਾਰਪੁਰ ਦਰਸ਼ਨਾਂ ਲਈ 30 ਦਿਨਾਂ ਦਾ ਨੋਟਿਸ ਘਟਾਉਣ ਦੀ ਅਪੀਲ - 5 ਅਹਿਮ ਖ਼ਬਰਾਂ

ਦਿ ਟ੍ਰਿਬਿਊਨ ਮੁਤਾਬਕ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ 550ਵੇਂ ਪ੍ਰਕਾਸ਼ ਪੁਰਬ ਸਮਾਗਮ ਦੌਰਾਨ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਲਈ ਆਨਲਾਈਨ ਅਪਲਾਈ ਕਰਨ ਦੀ 30 ਦਿਨਾਂ ਦੇ ਨੋਟਿਸ ਦੀ ਮਿਆਦ ਘਟਾਈ ਜਾਵੇ।

ਉਹ ਚੰਡੀਗੜ੍ਹ ਵਿੱਚ ਕੇਂਦਰ ਦੇ ਅਧਿਕਾਰੀਆਂ ਦੀ ਇੱਕ ਟੀਮ ਨਾਲ ਕਰਤਾਰਪੁਰ ਲਾਂਘੇ ਦੇ ਪ੍ਰੋਜੈਕਟ ਸਬੰਧੀ ਸਮੀਖਿਆ ਬੈਠਕ ਦੀ ਪ੍ਰਧਾਨਗੀ ਕਰ ਰਹੇ ਸਨ।

ਕੈਪਟਨ ਅਮਰਿੰਦਰ ਨੇ ਕੇਂਦਰੀ ਟੀਮ ਨੂੰ ਇਹ ਵੀ ਕਿਹਾ ਕਿ ਉਹ ਸ਼ਰਧਾਲੂਆਂ ਨੂੰ ਈ-ਪਰਮਿਟ ਜਾਰੀ ਕਰਨ ਅਤੇ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਦਰਖ਼ਾਸਤ ਦੇਣ ਵਾਲੇ ਲੱਖਾਂ ਸ਼ਰਧਾਲੂਆਂ ਦੀ ਸਹੂਲਤ ਲਈ ਡੇਰਾ ਬਾਬਾ ਨਾਨਕ ਵਿੱਚ ਇੱਕ ਸਮਰਪਿਤ ਪਾਸਪੋਰਟ ਸੇਵਾ ਕੇਂਦਰ ਸਥਾਪਤ ਕਰਨ।

ਕਸ਼ਮੀਰ 'ਚ 144 ਨਾਬਾਲਿਗ ਹਿਰਾਸਤ 'ਚ ਲਏ ਗਏ ਸਨ, ਕੋਰਟ ਨੇ ਮੰਨਿਆ

ਜੰਮੂ-ਕਸ਼ਮੀਰ ਜੁਵੇਨਾਈਲ ਜਸਟਿਸ ਕਮੇਟੀ ਨੇ ਆਪਣੀ ਇੱਕ ਰਿਪੋਰਟ ਵਿੱਚ ਕਿਹਾ ਹੈ ਕਿ ਵਾਦੀ ਵਿੱਚ ਹੁਣ ਕਿਸੇ ਵੀ ਬੱਚੇ ਨੂੰ ਗੈਰ-ਕਾਨੂੰਨੀ ਹਿਰਾਸਤ ਵਿੱਚ ਨਹੀਂ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ:

ਸੁਪਰੀਮ ਕੋਰਟ ਨੂੰ ਸੌਂਪੀ ਰਿਪੋਰਟ ਵਿੱਚ ਕਮੇਟੀ ਨੇ ਕਿਹਾ ਹੈ ਕਿ 5 ਅਗਸਤ ਨੂੰ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕੀਤੇ ਜਾਣ ਤੋਂ ਬਾਅਦ ਉੱਥੇ 144 ਨਾਬਾਲਗਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ ਜਿਸ ਵਿੱਚ 9 ਅਤੇ 11 ਸਾਲ ਦੇ ਬੱਚੇ ਵੀ ਸ਼ਾਮਿਲ ਸਨ।

ਰਿਪੋਰਟ ਵਿੱਚ ਡੀਜੀਪੀ ਅਤੇ ਜੰਮੂ-ਕਸ਼ਮੀਰ ਚਾਈਲਡ ਪ੍ਰੋਟੈਕਸ਼ਨ ਸੋਸਾਇਟੀ ਦੀ ਰਿਪੋਰਟ ਦੇ ਹਿੱਸਿਆਂ ਨੂੰ ਜਿਉਂ ਦਾ ਤਿਉਂ ਹੀ ਸ਼ਾਮਿਲ ਕੀਤਾ ਗਿਆ ਹੈ।

ਚਾਰ ਮੈਂਬਰੀ ਕਮੇਟੀ ਦੀ ਅਗਵਾਈ ਜੰਮੂ-ਕਸ਼ਮੀਰ ਹਾਈ ਕੋਰਟ ਦੇ ਜੱਜ ਜਸਟਿਸ ਅਲੀ ਮੁਹੰਮਦ ਮਾਗਰੇ ਕਰ ਰਹੇ ਸਨ।

ਇਹ ਰਿਪੋਰਟ ਜੰਮੂ-ਕਸ਼ਮੀਰ ਨਾਲ ਜੁੜੇ ਮਾਮਲਿਆਂ ਦੀ ਸੁਣਵਾਈ ਕਰ ਰਹੀ ਸੁਪਰੀਮ ਕੋਰਟ ਦੀ ਬੈਂਚ ਨੂੰ ਸੌਂਪ ਦਿੱਤੀ ਗਈ ਹੈ।

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੁਝ ਬੱਚਿਆਂ ਨੂੰ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਉਸੇ ਦਿਨ ਛੱਡ ਦਿੱਤਾ ਗਿਆ ਸੀ ਅਤੇ ਬਾਕੀ ਨੂੰ ਨਾਬਾਲਗ ਮੰਨ ਕੇ ਪ੍ਰਕਿਰਿਆ ਅੱਗੇ ਵਧਾਈ ਗਈ ਜੋ ਜੁਵੇਨਾਈਲ ਜਸਟਿਸ ਐਕਟ 2013 ਦੀਆਂ ਤਜਵੀਜ਼ਾਂ ਮੁਤਾਬਕ ਹੈ।

ਗਾਂਧੀ ਦੇ ਮੱਥੇ 'ਤੇ ਭਗਤ ਸਿੰਘ ਦੀ ਫਾਂਸੀ ਦਾ ਕਲੰਕ ਕਿਉਂ

ਆਦਰਸ਼ ਇਨਕਲਾਬੀ ਮੰਨੇ ਜਾਂਦੇ ਭਗਤ ਸਿੰਘ ਜੰਗ-ਏ-ਆਜ਼ਾਦੀ 'ਚ ਹਿੰਸਾ ਦੇ ਵਿਰੋਧੀ ਨਹੀਂ ਸਨ। 1907 ਵਿੱਚ ਭਗਤ ਸਿੰਘ ਦਾ ਜਨਮ ਹੋਇਆ। ਉਸ ਵੇਲੇ 38 ਸਾਲ ਦੀ ਉਮਰ 'ਚ ਮੋਹਨਦਾਸ ਕਰਮਚੰਦ ਗਾਂਧੀ ਦੱਖਣੀ ਅਫ਼ਰੀਕਾ ਵਿੱਚ ਅਹਿੰਸਕ ਲੜਾਈ ਦੇ ਪ੍ਰਯੋਗ ਕਰ ਰਹੇ ਸਨ।

ਸੱਤਿਆਗ੍ਰਹਿ ਦੇ ਅਨੁਭਵ ਲੈ ਕੇ ਗਾਂਧੀ 1915 ਵਿੱਚ ਭਾਰਤ ਪਰਤੇ ਅਤੇ ਦੇਸ਼ ਦੀ ਰਾਜਨੀਤੀ ਉੱਪਰ ਛਾ ਗਏ।

ਭਗਤ ਸਿੰਘ ਨੇ ਹਿੰਸਕ ਕ੍ਰਾਂਤੀ ਦਾ ਰਾਹ ਵੀ ਚੁਣਿਆ ਪਰ ਫਿਰ ਵੀ ਦੋਵਾਂ ਦੀਆਂ ਕੁਝ ਗੱਲਾਂ ਇੱਕੋ ਜਿਹੀਆਂ ਸਨ। ਦੇਸ਼ ਦੇ ਆਮ ਆਦਮੀ ਦਾ ਦਰਦ ਦੋਹਾਂ ਲਈ ਅਹਿਮ ਸੀ। ਗਾਂਧੀ ਜਯੰਤੀ ਮੌਕੇ ਪੂਰੀ ਖ਼ਬਰ ਪੜ੍ਹਣ ਲਈ ਇਸ ਲਿੰਕ 'ਤੇ ਕਲਿੱਕ ਕਰੋ।

ਕੇਐੱਸ ਮੱਖਣ ਨੇ ਪੰਜ ਕਕਾਰ ਤਿਆਗੇ

ਹਾਲ ਹੀ ਵਿੱਚ ਗੁਰਦਾਸ ਮਾਨ ਦੀ ਹਮਾਇਤ ਕਰਨ ਕਾਰਨ ਫਿਰ ਸੁਰਖ਼ੀਆਂ ਵਿੱਚ ਆਏ ਗਾਇਕ ਕੇ ਐੱਸ ਮੱਖਣ ਨੇ ਆਪਣੀ ਫੇਸਬੁੱਕ ਆਈਡੀ ਤੋਂ ਲਾਈਵ ਹੋ ਕੇ ਆਪਣੇ ਪੰਜ ਕਕਾਰਾਂ ਨੂੰ ਤਿਆਗਣ ਦੀ ਗੱਲ ਕਹੀ ਹੈ।

ਗੁਰਦਾਸ ਮਾਨ ਹਾਲ ਹੀ ਵਿੱਚ ਵਿਵਾਦਾਂ ਵਿੱਚ ਉਦੋਂ ਆਏ ਜਦੋਂ ਉਨ੍ਹਾਂ ਨੇ ਪੂਰੇ ਦੇਸ ਲਈ 'ਹਿੰਦੁਸਤਾਨੀ' ਦੀ ਵਕਾਲਤ ਕੀਤੀ ਸੀ।

ਕੇਐੱਸ ਇੱਕ ਪੰਜਾਬੀ ਗਾਇਕ ਹਨ ਅਤੇ ਸਾਲ 2014 ਵਿੱਚ ਉਹ ਬਹੁਜਨ ਸਮਾਜ ਪਾਰਟੀ ਵਿੱਚ ਸ਼ਾਮਿਲ ਹੋ ਗਏ ਸਨ।

ਇਸ ਪੂਰੇ ਮਸਲੇ ਬਾਰੇ ਜਦੋਂ ਬੀਬੀਸੀ ਪੰਜਾਬੀ ਨੇ ਕੇਐੱਸ ਮੱਖਣ ਨਾਲ ਫੋਨ 'ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ, "ਮੈਂ ਜਦੋਂ ਵੀ ਕੋਈ ਗੱਲ ਕਰਦਾ ਹਾਂ ਤਾਂ ਕੁਝ ਸਿੱਖ ਪ੍ਰਚਾਰਕ ਸਵਾਲ ਖੜ੍ਹੇ ਕਰ ਦਿੰਦੇ ਹਨ ਤੇ ਉਸ ਨੂੰ ਸਿੱਖੀ ਨਾਲ ਜੋੜ ਦਿੰਦੇ ਹਨ। ਉਨ੍ਹਾਂ ਨੇ ਮੈਨੂੰ 'ਭੇਖੀ' ਤੱਕ ਕਹਿ ਦਿੱਤਾ ਅਤੇ ਕਿਹਾ ਕਿ ਇਹ 'ਏਜੰਸੀਆਂ' ਦੇ ਬੰਦੇ ਹਨ।"

ਪੂਰੀ ਖ਼ਬਰ ਪੜ੍ਹਣ ਲਈ ਇਸ ਲਿੰਕ ਉੱਤੇ ਕਲਿੱਕ ਕਰੋ।

ਹਾਂਗਕਾਂਗ 'ਚ ਮੁਜ਼ਾਹਰੇ ਦੌਰਾਨ ਇੱਕ ਸ਼ਖ਼ਸ ਨੂੰ ਲੱਗੀ ਗੋਲੀ

ਚੀਨ ਦੀ ਸਰਕਾਰ ਵਿਰੋਧੀ ਮੁਜ਼ਾਹਰੇ ਵਿੱਚ ਪੁਲਿਸ ਨਾਲ ਦੌਰਾਨ ਇੱਕ ਮੁਜ਼ਾਹਰਾਕਾਰੀ ਦੀ ਛਾਤੀ ਤੇ ਗੋਲੀ ਲੱਗੀ ਹੈ।

ਚੀਨ (ਪੀਪਲਜ਼ ਰੀਪਬਲਿਕ ਆਫ਼ ਚਾਈਨਾ) ਵਿੱਚ ਕਮਿਊਨਿਸਟ ਸ਼ਾਸਨ ਦੇ 70 ਸਾਲ ਪੂਰੇ ਹੋਣ ਉੱਤੇ ਰੰਗਾ-ਰੰਗ ਸਮਾਗਮ ਅਤੇ ਫੌਜੀ ਤਾਕਤ ਦਾ ਮੁਜ਼ਾਹਰਾ ਕੀਤਾ ਜਾ ਰਿਹਾ ਸੀ।

ਪਰ ਜਸ਼ਨ ਦੇ ਰੰਗ ਨੂੰ ਹਾਂਗਕਾਂਗ ਵਿੱਚ ਹੋਏ ਮੁਜ਼ਾਹਰਿਆਂ ਨੇ ਫਿੱਕਾ ਵੀ ਕੀਤਾ। ਹਜ਼ਾਰਾਂ ਲੋਕਾਂ ਨੇ ਸੜਕਾਂ 'ਤੇ ਮੁਜ਼ਾਹਰੇ ਕੀਤੇ। ਕੁਝ ਥਾਂਵਾਂ ਦੇ ਹਿੰਸਕ ਝੜਪਾਂ ਵੀ ਹੋਈਆਂ।

ਹਾਂਗਕਾਂਗ ਵਿੱਚ ਹਜ਼ਾਰਾਂ ਲੋਕ ਮੁਜ਼ਾਹਰਾ ਕਰ ਰਹੇ ਸਨ। ਹਾਲਾਂਕਿ ਇਸ ਤੋਂ ਪਹਿਲਾਂ ਹੋਏ ਮੁਜ਼ਾਹਰਿਆਂ ਦੌਰਾਨ ਰਬੜ ਬੈਲੇਟ ਹੀ ਚਲਾਈ ਗਈ ਸੀ ਪਰ ਇਹ ਪਹਿਲੀ ਵਾਰੀ ਹੈ ਜਦੋਂ ਕੋਈ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋਇਆ ਹੋਵੇ। ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)