ਮਹਾਤਮਾ ਗਾਂਧੀ ਨੇ ਗਊ ਰੱਖਿਆ ਸ਼ਬਦ ਵਰਤਣਾ ਬੰਦ ਕਿਉਂ ਕਰ ਦਿੱਤਾ ਸੀ

    • ਲੇਖਕ, ਅਵੀਅਕਤ
    • ਰੋਲ, ਬੀਬੀਸੀ ਲਈ

ਮਹਾਤਮਾ ਗਾਂਧੀ ਨੇ ਇਕ ਅਜ਼ਾਦ ਅਤੇ ਖੁਦਮੁਖਤਿਆਰ ਭਾਰਤ ਦਾ ਸੁਪਨਾ ਦੇਖਿਆ ਸੀ। ਇਹ ਸੁਪਨਾ ਕਿਸੇ ਸਿਧਾਂਤਕ ਜਾਂ ਦਾਰਸ਼ਨਿਕ ਬੁਨਿਆਦ 'ਤੇ ਨਹੀਂ ਖੜ੍ਹਾ ਸੀ। ਬਲਕਿ ਇਹ ਇਕ ਵਿਹਾਰਕ ਯੋਜਨਾ ਵਾਂਗ ਸੀ। ਭਾਰਤ ਦਾ ਅਰਥ ਸੀ ਭਾਰਤ ਦੇ ਲੋਕ, ਸਾਰੇ ਧਰਮਾਂ, ਖੇਤਰਾਂ, ਭਾਸ਼ਾਵਾਂ ਅਤੇ ਜਾਤੀਆਂ ਦੇ ਲੋਕ।

ਸਮਾਨਤਾ, ਭਾਈਚਾਰੇ ਅਤੇ ਮਨੁੱਖੀ ਮਾਣ ਦੀ ਭਾਵਨਾ ਨਾਲ ਬਹਾਦਰ ਆਦਮੀਆਂ, ਔਰਤਾਂ ਅਤੇ ਬੱਚਿਆਂ ਦਾ ਵੀ ਇਸ ਰਾਸ਼ਟਰ ਦੀ ਸਿਰਜਣਾ ਵਿਚ ਆਪਣਾ ਹਿੱਸਾ ਪਾਉਣਾ ਸੀ। ਇਸ ਦੇ ਨਾਲ ਹੀ ਇੱਕ ਨਿਰਪੱਖ ਭਾਰਤ ਨੇ ਖੜਾ ਹੋਣਾ ਸੀ ਅਤੇ ਦੁਨੀਆਂ ਲਈ ਇੱਕ ਚੰਗੀ ਮਿਸਾਲ ਬਣਨਾ ਸੀ ।

ਇਹ ਵੀ ਪੜ੍ਹੋ-

ਪਰ ਭਾਰਤ ਇਹਨਾਂ ਮੋਰਚਿਆਂ 'ਤੇ ਅੱਜ ਕਿਥੇ ਖੜ੍ਹਾ ਹੈ?

ਜੇ ਗਾਂਧੀ ਅੱਜ ਪ੍ਰਗਟ ਹੋ ਕੇ ਭਾਰਤ ਆਉਂਦੇ ਹਨ ਅਤੇ ਭਾਰਤ ਦਾ ਇਮਤਿਹਾਨ ਲੈਂਦੇ ਹਨ ਤਾਂ ਭਾਰਤ ਨੂੰ ਕਿੰਨੇ ਅੰਕ ਪ੍ਰਾਪਤ ਹੋਣੇ ਸੀ? ਭਾਰਤ ਆਪਣੀ ਨਜ਼ਰ ਵਿਚ ਆਪਣੇ-ਆਪ ਨੂੰ ਕਿੰਨੇ ਕੁ ਅੰਕ ਦੇ ਰਿਹਾ ਹੁੰਦਾ? ਇਹ ਕੁਝ ਸਵਾਲ ਹਨ।

ਸਮੱਸਿਆਵਾਂ ਤਾਂ ਫਿਰ ਸਾਰੀ ਦੁਨੀਆਂ ਦੇ ਸਾਹਮਣੇ ਮੂੰਹ ਤਾਣ ਕੇ ਖੜ੍ਹੀਆਂ ਹਨ, ਪਰ ਇਹਨਾਂ ਵਿਆਪਕ ਸਮੱਸਿਆਵਾਂ ਦੇ ਖ਼ਿਲਾਫ਼ ਇਕਜੁੱਟ ਹੋ ਕੇ ਲੜਨ ਦੀ ਬਜਾਇ ਭਾਰਤੀ ਸਮਾਜ ਦੇ ਕੁਝ ਤੱਤ ਅੱਜ ਖ਼ੁਦ ਭਾਰਤ ਲਈ ਸਮੱਸਿਆਵਾਂ ਖੜ੍ਹੀਆਂ ਕਰਨ ਵਿਚ ਲੱਗੇ ਹੋਏ ਹਨ ।

ਇਹ ਸਮੱਸਿਆਵਾਂ ਭਾਵੇਂ ਉਪਰੋਂ ਰਾਜਨੀਤਿਕ, ਆਰਥਿਕ ਅਤੇ ਸਮਾਜਿਕ ਦਿਖਾਈ ਦਿੰਦੀਆਂ ਹੋਣ ਪਰ ਅਸਲ ਵਿੱਚ ਇਹ ਇੱਕ ਵਿਚਾਰਧਾਰਕ ਅਤੇ ਹੋਂਦ ਦੇ ਸੰਕਟ ਦਾ ਰੂਪ ਲੈ ਰਹੀਆਂ ਹਨ ।

ਕਸ਼ਮੀਰ: ਰਾਜਾ, ਇਲਾਕਾ ਜਾਂ ਉਥੋਂ ਦੇ ਲੋਕ?

ਕਸ਼ਮੀਰ ਵਿਚ ਸਭ ਕੁਝ ਸ਼ਾਂਤ ਹੈ। ਭਾਰਤ ਦਾ ਸਮਾਜ ਹੁਣ ਜ਼ਬਰੀ ਚੁੱਪ ਨੂੰ ਸ਼ਾਂਤੀ ਸਮਝਣ ਲੱਗ ਪਿਆ ਹੈ। ਪਹਿਲਾਂ, ਇਥੋਂ ਦੇ ਪੱਤਰਕਾਰਾਂ ਲਈ ਇਹ ਅਸਲ ਵਿਚ ਇਕ ਤਕੀਆ ਕਲਾਮ ਵਰਗਾ ਹੁੰਦਾ ਸੀ ਕਿ 'ਸਥਿਤੀ ਤਣਾਅਪੂਰਨ ਹੈ ਪਰ ਕਾਬੂ ਵਿੱਚ ਹੈ।'

ਹੁਣ ਰਾਜ ਪ੍ਰਣਾਲੀ ਨੇ ਸੋਚਿਆ ਕਿ 'ਤਣਾਅਪੂਰਨ' ਕਹਿਣ ਨਾਲ ਬ੍ਰਾਂਡਿੰਗ ਸਹੀ ਤਰ੍ਹਾਂ ਨਹੀਂ ਹੁੰਦੀ। ਇਸ ਲਈ ਕਿਹਾ ਇਸ ਨੂੰ ਹਟਾਓ ਅਤੇ ਹੁਣ ਸਿਰਫ਼ ਇਹ ਕਹੋ ਕਿ ਸਥਿਤੀ ਪੂਰੀ ਤਰ੍ਹਾਂ ਕੰਟਰੋਲ 'ਚ ਹੈ। ਕਸ਼ਮੀਰ ਦੇ ਲੋਕ ਫੌਜ ਕਰਕੇ ਫਿਲਹਾਲ ਕਾਬੂ ਵਿਚ ਹਨ ਅਤੇ ਭਾਰਤ ਦੇ ਬਾਕੀ ਲੋਕ ਮੀਡੀਆ ਜ਼ਰੀਏ ਕਾਬੂ ਵਿਚ ਹਨ ।

ਅਜਿਹੀ ਸਥਿਤੀ ਵਿਚ ਜੇ ਗਾਂਧੀ ਹੁੰਦੇ ਤਾਂ ਕੀ ਕਰਦੇ, ਨਹੀਂ ਪਤਾ?

ਪਰ ਉਹ ਉਸ ਨਾਜ਼ੁਕ ਦੌਰ ਵਿਚ ਕਸ਼ਮੀਰ ਨੂੰ ਗਲੇ ਲਗਾਉਣ ਗਏ ਸੀ ਜਦੋਂ ਲੋਕਾਂ ਨੂੰ ਲੱਗਦਾ ਸੀ ਕਿ ਬ੍ਰਿਟਿਸ਼ ਜਾਂ ਕਸ਼ਮੀਰ ਦੇ ਰਾਜੇ ਨਾਲ ਬਸ ਕਾਗ਼ਜ਼ੀ ਕਰਾਰ ਕਰਕੇ ਕਿਸੇ ਵੀ ਅਜਿਹੇ ਰਿਆਸਤ ਨੂੰ ਆਪਣਾ ਹਿੱਸਾ ਬਣਾਇਆ ਜਾ ਸਕਦਾ ਹੈ।

ਰਾਜ ਪ੍ਰਣਾਲੀ ਨੂੰ ਇਸ ਤਰ੍ਹਾਂ ਸੋਚਣ ਦੀ ਆਦਤ ਹੁੰਦੀ ਹੈ। ਇਹ ਇੱਕ ਵੱਡੀ ਗ਼ਲਤੀ ਸਾਬਤ ਹੋ ਸਕਦੀ ਸੀ, ਜਿਸ ਨੂੰ ਗਾਂਧੀ ਉਦੋਂ ਹੀ ਸਮਝ ਗਏ ਸੀ।

ਇਸ ਲਈ ਉਹਨਾਂ ਨੇ ਕਿਹਾ ਸੀ ਕਿ ਕਸ਼ਮੀਰ ਦਾ ਅਰਥ ਕੇਵਲ ਉਥੋਂ ਦੀ ਧਰਤੀ ਜਾਂ ਇਸ ਦੇ ਰਾਜੇ ਨਾਲ ਨਹੀਂ, ਬਲਕਿ ਕਸ਼ਮੀਰ ਦਾ ਅਰਥ ਹੈ, ਉਥੋਂ ਦੇ ਲੋਕ।

ਜਿਸ ਗਾਂਧੀ ਨੇ ਦੇਸ਼ ਦੇ ਲੋਕਾਂ ਨੂੰ ਨਾਲ ਲੈ ਕੇ ਸ਼ਕਤੀਸ਼ਾਲੀ ਅੰਗਰੇਜ਼ੀ ਸ਼ਾਸਨ ਦੀਆਂ ਨੀਹਾਂ ਹਿਲਾ ਕੇ ਰੱਖ ਦਿੱਤੀਆਂ ਸੀ, ਉਹਨਾਂ ਨੂੰ ਲੋਕਾਂ ਦੀਆਂ ਭਾਵਨਾਵਾਂ ਦਾ ਖ਼ਿਆਲ ਰੱਖਣਾ ਅਤੇ ਉਨ੍ਹਾਂ ਦਾ ਦਿਲ ਜਿੱਤਣਾ ਅਹਿਮ ਲਗਦਾ ਸੀ ।

ਕਸ਼ਮੀਰ ਦੀ ਆਪਣੀ ਇਤਿਹਾਸਕ ਯਾਤਰਾ ਤੋਂ ਦੋ ਦਿਨ ਪਹਿਲਾਂ, 29 ਜੁਲਾਈ, 1947 ਨੂੰ ਆਪਣੇ ਪ੍ਰਾਰਥਨਾ ਪ੍ਰਵਚਨ ਦੌਰਾਨ ਗਾਂਧੀ ਜੀ ਨੇ ਕਿਹਾ, "ਕਸ਼ਮੀਰ ਵਿਚ ਇਕ ਰਾਜਾ ਹੈ ਅਤੇ ਰਿਆਸਤ ਵੀ ਹੈ। ਮੈਂ ਰਾਜੇ ਨੂੰ ਕੁਝ ਅਜਿਹਾ ਕਹਿਣ ਨਹੀਂ ਜਾ ਰਿਹਾ ਕਿ ਪਾਕਿਸਤਾਨ ਵਿਚ ਸ਼ਾਮਲ ਹੋ ਜਾਓ ਜਾਂ ਭਾਰਤੀ ਸੰਘ ਵਿਚ ਸ਼ਾਮਲ ਹੋ ਜਾਓ। ਮੈਂ ਇਸ ਕੰਮ ਲਈ ਉਥੇ ਨਹੀਂ ਜਾਵਾਂਗਾ। ਉਥੇ ਇਕ ਰਾਜਾ ਤਾਂ ਹੈ, ਪਰ ਇਸਦਾ ਅਸਲ ਰਾਜਾ ਤਾਂ ਜਨਤਾ ਹੈ।"

"ਉਥੋਂ ਦੇ ਲੋਕਾਂ ਨੂੰ ਪੁੱਛਿਆ ਜਾਣਾ ਚਾਹੀਦਾ ਹੈ ਕਿ ਕੀ ਉਹ ਪਾਕਿਸਤਾਨ ਨਾਲ ਜਾਣਾ ਚਾਹੁੰਦੇ ਹਨ ਜਾਂ ਭਾਰਤੀ ਸੰਘ ਵਿੱਚ। ਉਹ ਜੋ ਵੀ ਚਾਹੁੰਦੇ ਹਨ ਉਹ ਹੀ ਕਰਨ। ਰਾਜਾ ਤਾਂ ਕੁਝ ਹੈ ਨਹੀਂ, ਜਨਤਾ ਸਭ ਕੁਝ ਹੈ। ਰਾਜਾ ਤਾਂ ਦੋ ਦਿਨਾਂ ਬਾਅਦ ਮਰ ਜਾਵੇਗਾ, ਪਰ ਜਨਤਾ ਤਾਂ ਰਹੇਗੀ।"

"ਕੁਝ ਲੋਕਾਂ ਨੇ ਮੈਨੂੰ ਪੁੱਛਿਆ ਹੈ ਕਿ ਮੈਂ ਚਿੱਠੀ-ਪੱਤਰ ਰਾਹੀਂ ਕਿਉਂ ਨਾ ਕਰਾਂ। ਇਸ ਲਈ ਮੈਂ ਕਹਾਂਗਾ ਕਿ ਇਸ ਤਰੀਕੇ ਨਾਲ ਤਾਂ ਮੈਂ ਚਿੱਠੀ-ਪੱਤਰ ਰਾਹੀਂ ਨੋਆਖਾਲੀ (ਉਹ ਥਾਂ ਜਿੱਥੇ ਦੰਗੇ ਹੋਏ ਸਨ) ਦਾ ਕੰਮ ਵੀ ਕਰ ਸਕਦਾ ਸੀ।"

ਇਹ ਵੀ ਪੜ੍ਹੋ-

ਜਦੋਂ ਪਾਕਿਸਤਾਨ ਵੱਲੋਂ ਕਸ਼ਮੀਰ ਉੱਤੇ ਹਮਲੇ ਦੀਆਂ ਘਟਨਾਵਾਂ ਸਾਹਮਣੇ ਆਈਆਂ ਤਾਂ ਉਹਨਾਂ ਨੇ 26 ਅਕਤੂਬਰ 1947 ਨੂੰ ਪਾਕਿਸਤਾਨ ਅਤੇ ਭਾਰਤ ਦੋਵਾਂ ਨੂੰ ਸਪੱਸ਼ਟ ਚਿਤਾਵਨੀ ਦਿੱਤੀ ਸੀ,"ਰਿਆਸਤ (ਕਸ਼ਮੀਰ) ਦਾ ਅਸਲ ਰਾਜਾ ਉਥੋਂ ਦੇ ਲੋਕ ਹਨ। ਜੇਕਰ ਕਸ਼ਮੀਰ ਦੇ ਲੋਕ ਇਹ ਕਹਿਣ ਕਿ ਉਹ ਪਾਕਿਸਤਾਨ ਜਾਣਾ ਚਾਹੁੰਦੇ ਹਨ ਤਾਂ ਦੁਨੀਆਂ ਵਿਚ ਕੋਈ ਤਾਕਤ ਨਹੀਂ ਹੈ, ਜੋ ਉਸ ਨੂੰ ਪਾਕਿਸਤਾਨ ਜਾਣ ਤੋਂ ਰੋਕ ਸਕਦੀ ਹੈ।"

"ਪਰ ਉਸ ਨੂੰ ਪੂਰੀ ਆਜ਼ਾਦੀ ਅਤੇ ਆਰਾਮ ਨਾਲ ਪੁੱਛਿਆ ਜਾਣਾ ਚਾਹੀਦਾ ਹੈ। ਉਨ੍ਹਾਂ 'ਤੇ ਹਮਲਾ ਨਹੀਂ ਕਰ ਸਕਦੇ। ਉਨ੍ਹਾਂ ਨਾਲ ਜ਼ਬਰਦਸਤੀ ਨਹੀਂ ਕਰ ਸਕਦੇ। ਭਾਵੇਂ ਮੁਸਲਮਾਨਾਂ ਦੀ ਅਬਾਦੀ ਬਹੁਤ ਜ਼ਿਆਦਾ ਹੈ, ਜੇ ਉੱਥੋਂ ਦੇ ਲੋਕ ਇਹ ਕਹਿਣ ਕਿ ਉਨ੍ਹਾਂ ਨੇ ਤਾਂ ਹਿੰਦੁਸਤਾਨ ਵਿੱਚ ਰਹਿਣਾ ਹੈ ਤਾਂ ਕੋਈ ਵੀ ਉਨ੍ਹਾਂ ਨੂੰ ਰੋਕ ਨਹੀਂ ਸਕਦਾ। "

"ਜੇ ਪਾਕਿਸਤਾਨ ਦੇ ਲੋਕ ਉਹਨਾਂ ਨਾਲ ਜ਼ਬਰਦਸਤੀ ਕਰਨ ਜਾਂਦੇ ਹਨ ਤਾਂ ਪਾਕਿਸਤਾਨ ਦੀ ਸਰਕਾਰ ਨੂੰ ਉਨ੍ਹਾਂ ਨੂੰ ਰੋਕਣਾ ਚਾਹੀਦਾ ਹੈ। ਜੇ ਉਹ ਨਹੀਂ ਰੋਕਦੀ ਤਾਂ ਉਸ ਨੂੰ ਸਾਰਾ ਇਲਜ਼ਾਮ ਆਪਣੇ ਉੱਤੇ ਲੈਣਾ ਪਏਗਾ। ਜੇ ਸੰਘ (ਭਾਰਤ) ਦੇ ਲੋਕ ਉਨ੍ਹਾਂ ਨੂੰ ਮਜਬੂਰ ਕਰਨ ਜਾਂਦੇ ਹਨ ਤਾਂ ਉਨ੍ਹਾਂ ਨੂੰ ਰੋਕਣਾ ਪਏਗਾ ਅਤੇ ਉਨ੍ਹਾਂ ਨੂੰ ਰੁਕਣਾ ਚਾਹੀਦਾ ਹੈ, ਮੈਨੂੰ ਇਸ ਬਾਰੇ ਕੋਈ ਸ਼ੱਕ ਨਹੀਂ ਹੈ ।"

ਮੌਬ ਲਿੰਚਿੰਗ ਦੁਆਰਾ ਗਊ-ਰੱਖਿਆ

ਗਾਂਧੀ ਆਪਣੇ ਆਪ ਨੂੰ ਸਨਾਤਨੀ ਹਿੰਦੂ ਕਹਿੰਦੇ ਸਨ। ਉਹ ਭਾਰਤ ਦੀ ਪੇਂਡੂ ਆਰਥਿਕਤਾ ਅਤੇ ਇਸਦੀ ਆਤਮਿਕ ਪਰੰਪਰਾ ਦੇ ਨਜ਼ਰੀਏ ਤੋਂ ਵੀ ਗਾਂ ਦੇ ਮਹੱਤਵ ਨੂੰ ਸਮਝਦੇ ਸੀ। ਪਰ ਉਹ ਸਮਝਦੇ ਸੀ ਕਿ ਭਾਰਤ ਵਰਗੇ ਵਿਭਿੰਨ ਸਮਾਜ ਅਤੇ ਵਿਕਾਸਸ਼ੀਲ ਦੇਸ਼ ਵਿੱਚ, ਜ਼ਬਰਦਸਤੀ ਅਤੇ ਭੀੜ ਦੇ ਕਤਲੇਆਮ ਨਾਲ ਗਊ ਰੱਖਿਆ ਨਹੀਂ ਕੀਤੀ ਜਾ ਸਕਦੀ।

ਗਾਂਧੀ ਗਊ ਪੂਜਕਾਂ ਦੇ ਫਿਰਕੂ ਪਾਖੰਡ ਨੂੰ ਸਮਝ ਚੁੱਕੇ ਸੀ, ਤਾਂ ਹੀ ਉਨ੍ਹਾਂ ਨੇ ਇਹ ਕਹਿ ਦਿੱਤਾ ਸੀ ਕਿ ਜੋ ਆਪਣੇ ਆਪ ਨੂੰ ਗਊ ਰੱਖਿਅਕ ਕਹਿੰਦੇ ਹਨ ਉਹ ਅਸਲ ਵਿੱਚ ਗਊ ਦੁਸ਼ਮਣ ਹਨ। ਉਨ੍ਹਾਂ ਨੇ ਗਊ ਰੱਖਿਆ ਸ਼ਬਦ ਵੀ ਵਰਤਣਾ ਬੰਦ ਕਰ ਦਿੱਤਾ ਸੀ । ਉਨ੍ਹਾਂ ਕਿਹਾ ਸੀ ਕਿ ਲੋੜ 'ਗਊ-ਰੱਖਿਆ' ਦੀ ਨਹੀਂ ਬਲਕਿ 'ਗਊ-ਸੇਵਾ' ਦੀ ਹੈ।

6 ਅਕਤੂਬਰ, 1921 ਨੂੰ ਮਹਾਤਮਾ ਗਾਂਧੀ ਨੇ 'ਯੰਗ ਇੰਡੀਆ' ਵਿਚ ਹਿੰਦੂ ਧਰਮ ਅਤੇ ਗਊ ਰੱਖਿਆ ਦੇ ਸੰਬੰਧਾਂ ਬਾਰੇ ਲਿਖਿਆ ਸੀ, "ਹਿੰਦੂ ਧਰਮ ਦੇ ਨਾਮ 'ਤੇ ਅਜਿਹੇ ਬਹੁਤ ਸਾਰੇ ਕੰਮ ਕੀਤੇ ਜਾਂਦੇ ਹਨ ਜੋ ਮੈਨੂੰ ਮਨਜ਼ੂਰ ਨਹੀਂ ਹਨ। ਜੇ ਮੈਂ ਸੱਚਮੁੱਚ ਅਜਿਹਾ ਨਹੀਂ ਹਾਂ ਤਾਂ ਮੈਨੂੰ ਸਨਾਤਨੀ ਹਿੰਦੂ ਜਾਂ ਹੋਰ ਕਿਸੇ ਤਰ੍ਹਾਂ ਦਾ ਹਿੰਦੂ ਅਖਵਾਉਣ ਦੀ ਖੁਆਇਸ਼ ਨਹੀਂ ਹੈ।"

"..ਮੈਂ ਗਊ ਰੱਖਿਆ ਵਿੱਚ ਇਸ ਦੇ ਲੋਕ ਪ੍ਰਚਲਿਤ ਰੂਪ ਨਾਲੋਂ ਕਿਤੇ ਜ਼ਿਆਦਾ ਇਸਦੇ ਵਿਆਪਕ ਰੂਪ 'ਚ ਵਿਸ਼ਵਾਸ ਕਰਦਾ ਹਾਂ ...ਅਤੇ ਗਊ ਰੱਖਿਆ ਦਾ ਤਰੀਕਾ ਹੈ ਕਿ ਇਸ ਦੀ ਰੱਖਿਆ ਲਈ ਆਪਣੀਆਂ ਜਾਨਾਂ ਕੁਰਬਾਨ ਕਰਨਾ। ਗਾਂ ਨੂੰ ਬਚਾਉਣ ਲਈ ਮਨੁੱਖ ਨੂੰ ਮਾਰਨਾ ਹਿੰਦੂ ਧਰਮ ਅਤੇ ਅਹਿੰਸਾ ਧਰਮ ਤੋਂ ਬੇਮੁੱਖ ਹੋਣਾ ਹੈ। ਹਿੰਦੂਆਂ ਲਈ ਤਪੱਸਿਆ, ਸਵੈ-ਸ਼ੁੱਧਤਾ ਅਤੇ ਸਵੈ-ਬਲੀਦਾਨ ਰਾਹੀਂ ਗਊ ਰੱਖਿਆ ਦਾ ਕਾਨੂੰਨ ਹੈ। "

"ਪਰ ਅਜੋਕੇ ਸਮੇਂ ਦੀ ਗਊ ਰੱਖਿਆ ਦਾ ਰੂਪ ਵਿਗੜ ਗਿਆ ਹੈ। ਇਸ ਦੇ ਨਾਮ 'ਤੇ ਅਸੀਂ ਮੁਸਲਮਾਨਾਂ ਨਾਲ ਝਗੜਾ ਕਰਦੇ ਰਹਿੰਦੇ ਹਾਂ। ਜੋ ਧਰਮ ਗਊ ਪੂਜਾ ਨੂੰ ਉਤਸ਼ਾਹਿਤ ਕਰਦਾ ਹੈ, ਉਹ ਧਰਮ ਮਨੁੱਖ ਦੇ ਜ਼ਾਲਮ ਅਤੇ ਅਣਮਨੁੱਖੀ ਬਾਈਕਾਟ ਦਾ ਸਮਰਥਨ ਕਿਵੇਂ ਕਰ ਸਕਦਾ ਹੈ, ਇਸ ਨੂੰ ਜਾਇਜ਼ ਕਿਵੇਂ ਠਹਿਰਾ ਸਕਦਾ ਹੈ? "

26 ਜਨਵਰੀ, 1921 ਨੂੰ ਗਾਂਧੀ ਲਿਖਦੇ ਹਨ, "ਮੁਸਲਮਾਨਾਂ ਦੇ ਵਿਰੁੱਧ ਕਿਹਾ ਜਾਂਦਾ ਹੈ ਕਿ ਉਹ ਗਊ ਹੱਤਿਆ ਕਰਦੇ ਹਨ ਪਰ ਮੈਂ ਕਹਿੰਦਾ ਹਾਂ ਕਿ ਬਾਂਦਰਾ ਦੇ ਕਤਲਗਾਹ ਵਿਚ ਪੰਜ ਸਾਲਾਂ ਵਿੱਚ ਜਿੰਨੀਆਂ ਗਾਵਾਂ ਵੱਢੀਆਂ ਜਾਂਦੀਆਂ ਹਨ, ਉਨੀਆਂ 25 ਸਾਲਾਂ ਵਿੱਚ ਸੱਤ ਕਰੋੜ ਮੁਸਲਮਾਨ ਮਿਲ ਕੇ ਵੀ ਨਹੀਂ ਮਾਰ ਸਕਦੇ।"

"ਤੁਸੀਂ ਗਾਵਾਂ ਨੂੰ ਦੀ ਪੂਜਾ ਕਰਦੇ ਹੋ, ਪਰ ਤੁਸੀਂ ਬਲਦਾਂ ਨੂੰ ਮਾਰ ਦਿੰਦੇ ਹੋ। ਗਾਵਾਂ ਦੁੱਧ ਦਿੰਦੀਆਂ ਹਨ, ਮੱਝਾਂ ਵੀ ਦੁੱਧ ਦਿੰਦੀਆਂ ਹਨ। ਉਹਨਾਂ ਤੋਂ ਇੰਨਾਂ ਦੁੱਧ ਕੱਢਿਆ ਜਾਂਦਾ ਹੈ ਕਿ ਉਨ੍ਹਾਂ ਦੇ ਥਣਾਂ ਵਿੱਚੋਂ ਲਹੂ ਵੱਗਣ ਲੱਗ ਜਾਂਦਾ ਹੈ।"

ਇਸੇ ਤਰ੍ਹਾਂ 19 ਜੁਲਾਈ, 1947 ਦੇ ਪ੍ਰਾਰਥਨਾ ਪ੍ਰਵਚਨ ਵਿੱਚ ਉਹਨਾਂ ਨੇ ਕਿਹਾ, "ਅੱਜ ਕੱਲ੍ਹ ਮੇਰੇ ਕੋਲ ਤਾਰ ਤੇ ਤਾਰ (ਚਿੱਠੀਆਂ) ਆ ਰਹੇ ਹਨ ਕਿ ਮੈਂ ਗਊ ਹੱਤਿਆ ਬੰਦ ਕਰਾ ਦੇਵਾਂ ਪਰ ਅਸਲੀਅਤ ਇਹ ਹੈ ਕਿ ਜੋ ਆਪਣੇ ਆਪ ਨੂੰ ਗਊ ਰੱਖਿਅਕ ਕਹਿੰਦੇ ਹਨ, ਉਹ ਅਸਲ ਵਿਚ ਗਊ-ਖਾਣ ਵਾਲੇ ਹਨ। ਉਹ ਇਹੀ ਸੋਚ ਕੇ ਮੈਨੂੰ ਚਿੱਠੀਆਂ ਭੇਜਦੇ ਹਨ ਕਿ ਮੈਂ ਜਵਾਹਰ ਲਾਲ ਜਾਂ ਸਰਦਾਰ ਨੂੰ ਅਜਿਹਾ ਕਾਨੂੰਨ ਬਣਾਉਣ ਲਈ ਕਹਾਂ, ਪਰ ਮੈਂ ਉਨ੍ਹਾਂ ਨੂੰ ਨਹੀਂ ਕਹਾਂਗਾ। "

"ਮੈਂ ਇਨ੍ਹਾਂ ਗਊ ਰੱਖਿਅਕਾਂ ਨੂੰ ਇਹ ਕਹਾਂਗਾ ਕਿ ਜੋ ਪੈਸੇ ਤੁਸੀਂ ਮੈਨੂੰ ਟੈਲੀਗ੍ਰਾਮ ਭੇਜਣ 'ਤੇ ਖਰਚ ਕਰਦੇ ਹੋ, ਉਹ ਪੈਸਾ ਗਾਵਾਂ 'ਤੇ ਹੀ ਕਿਉਂ ਨਾ ਖਰਚਿਆ ਜਾਵੇ? ਜੇ ਤੁਸੀਂ ਨਹੀਂ ਖਰਚ ਸਕਦੇ ਤਾਂ ਮੈਨੂੰ ਭੇਜੋ। ਮੈਂ ਇਹ ਤਾਂ ਕਹਾਂਗਾ ਗਾਂ ਦੀ ਪੂਜਾ ਕਰਨ ਵਾਲੇ ਵੀ ਅਸੀਂ ਹਾਂ ਤੇ ਇਸ ਦਾ ਕਤਲੇਆਮ ਕਰਨ ਵਾਲੇ ਵੀ ਅਸੀਂ ਹੀ ਹਾਂ।"

ਅੰਤਰ-ਧਾਰਮਿਕ ਅਤੇ ਅੰਤਰ-ਜਾਤੀ ਵਿਆਹ

ਭਾਰਤ ਦਾ ਸਮਾਜ ਅਜੇ ਵੀ ਇੱਕ ਅੰਗਰੇਜ਼ੀ ਨੂੰਹ ਜਾਂ ਇੱਕ ਅੰਗਰੇਜ਼ੀ ਜਵਾਈ ਲਿਆਉਣ ਤੋਂ ਨਹੀਂ ਝਿਜਕਦਾ ਹੈ, ਪਰ ਉਹੀ ਭਾਰਤੀ ਸਮਾਜ ਅੰਤਰ-ਜਾਤੀ ਅਤੇ ਅੰਤਰ-ਧਾਰਮਿਕ ਵਿਆਹ ਕਰਵਾਉਣ ਵਾਲਿਆਂ ਨੂੰ ਜਨਤਕ ਤੌਰ 'ਤੇ ਰੁੱਖ ਨਾਲ ਲਟਕਾ ਕੇ ਫਾਂਸੀ ਦੇ ਦਿੰਦਾ ਹੈ ।

ਆਪਣੇ ਹੀ ਬੱਚਿਆਂ 'ਤੇ ਨਾਗਰਿਕਾਂ 'ਤੇ ਇਸ ਤਰ੍ਹਾਂ ਦੇ ਜੰਗਲੀ ਜ਼ੁਲਮ ਅਤੇ ਬੇਰਹਿਮੀ ਦਾ ਸਰੋਤ ਕੀ ਹੈ?

ਦਰਅਸਲ ਜਾਤੀ ਅਤੇ ਫਿਰਕਿਆਂ ਦੇ ਵੱਖਰੇ-ਵੱਖਰੇ ਵਾੜੇ ਵਿਚ ਬੰਦ ਹੋ ਕੇ ਰਹਿਣ ਵਾਲਾ ਸਮਾਜ ਮਨੁੱਖਤਾ ਦੇ ਇਕ ਹੋਣ ਦੇ ਆਦਰਸ਼ ਅਤੇ ਆਜ਼ਾਦ ਪਿਆਰ ਨੂੰ ਇਕ ਤੰਗ, ਫਿਰਕਾਪ੍ਰਸਤ ਅਤੇ ਜਾਤੀਵਾਦੀ ਨਜ਼ਰੀਏ ਤੋਂ ਵੇਖਣ ਦਾ ਆਦੀ ਬਣ ਗਿਆ ਹੈ।

ਜਾਤ ਅਤੇ ਧਰਮ ਦਾ ਇਹ ਮਨੋਵਿਗਿਆਨ ਭਾਰਤ ਦੀ ਏਕਤਾ ਅਤੇ ਸਭਿਅਤਾ ਦੇ ਸਭ ਤੋਂ ਵੱਡੇ ਅੜਿੱਕੇ ਹਨ। ਗਾਂਧੀ ਇਸ ਗੱਲ ਨੂੰ ਸਮਝ ਚੁੱਕੇ ਸੀ।

ਆਪਣੇ ਸ਼ੁਰੂਆਤੀ ਦਿਨਾਂ ਵਿਚ ਅੰਤਰ-ਜਾਤੀ ਵਿਆਹ ਦਾ ਵਿਰੋਧ ਕਰਨ ਵਾਲੇ ਗਾਂਧੀ ਨੇ ਬਾਅਦ ਵਿਚ ਸਹੁੰ ਖਾ ਲਈ ਸੀ ਕਿ ਉਹ ਕਿਸੇ ਅਜਿਹੇ ਵਿਆਹ ਵਿਚ ਸ਼ਾਮਲ ਨਹੀਂ ਹੋਣਗੇ, ਜਿਸ ਵਿਚ ਮੁੰਡਾ ਜਾਂ ਕੁੜੀ ਵਿਚੋਂ ਕੋਈ ਇਕ ਦਲਿਤ ਨਾ ਹੋਵੇ। ਅਜਿਹੇ ਵਿਆਹ ਦਾ ਪ੍ਰਬੰਧ ਉਹ ਆਪਣੇ ਆਸ਼ਰਮ ਵਿੱਚ ਕਰਾਉਂਦੇ ਸੀ।

7 ਜੁਲਾਈ, 1946 ਦੇ 'ਹਰੀਜਨ' ਵਿਚ ਉਹ ਲਿਖਦੇ ਹਨ, "ਜੇ ਮੇਰਾ ਵੱਸ ਚੱਲੇ ਤਾਂ ਮੈਂ ਉਨ੍ਹਾਂ ਸਾਰੀਆਂ ਉੱਚ ਜਾਤੀਆਂ ਦੀਆਂ ਕੁੜੀਆਂ, ਜੋ ਮੇਰੇ ਪ੍ਰਭਾਵ ਅਧੀਨ ਹਨ, ਉਨ੍ਹਾਂ ਨੂੰ ਸਲਾਹ ਦੇਵਾ ਕਿ ਚਰਿੱਤਰਵਾਨ ਹਰੀਜਨ ਨੌਜਵਾਨਾਂ ਨੂੰ ਆਪਣਾ ਪਤੀ ਚੁਣਨ।"

ਇਸੇ ਤਰ੍ਹਾਂ 8 ਮਾਰਚ 1942 ਦੇ 'ਹਰੀਜਨ' ਵਿਚ ਗਾਂਧੀ ਲਿਖਦੇ ਹਨ, "ਜਿਵੇਂ-ਜਿਵੇਂ ਸਮਾਂ ਬੀਤਦਾ ਜਾਵੇਗਾ, ਅਜਿਹੇ ਵਿਆਹ ਵਧਣਗੇ ਅਤੇ ਇਸ ਨਾਲ ਸਮਾਜ ਨੂੰ ਲਾਭ ਹੀ ਹੋਵੇਗਾ। ਇਸ ਸਮੇਂ ਤਾਂ ਆਪਸੀ ਸਹਿਣਸ਼ੀਲਤਾ ਦਾ ਬੀਜ ਵੀ ਨਹੀਂ ਪੁੰਗਰਿਆ ਹੈ। ਪਰ ਜਦੋਂ ਸਹਿਣਸ਼ੀਲਤਾ ਸਾਰੇ ਧਰਮਾਂ ਦੇ ਆਦਰ-ਸਨਮਾਨ ਵਿਚ ਤਬਦੀਲ ਹੋ ਜਾਂਵੇਗੀ, ਤਾਂ ਅਜਿਹੇ ਵਿਆਹਾਂ ਦਾ ਸਵਾਗਤ ਕੀਤਾ ਜਾਵੇਗਾ।"

ਇਹ ਵੀ ਪੜ੍ਹੋ-

"ਆਉਣ ਵਾਲੇ ਸਮਾਜ ਦੀ ਨਵੀਂ ਰਚਨਾ ਵਿੱਚ ਧਰਮ ਸੁੰਗੜ ਜਾਵੇਗਾ ਅਤੇ ਮਤ ਦੀ ਕਸੌਟੀ 'ਤੇ ਖਰਾ ਨਹੀਂ ਉਤਰੇਗਾ, ਇਹ ਟਿਕ ਨਹੀਂ ਸਕੇਗਾ ਕਿਉਂਕਿ ਉਸ ਸਮਾਜ ਵਿੱਚ ਕਦਰਾਂ ਕੀਮਤਾਂ ਬਦਲਣਗੀਆਂ। ਮਨੁੱਖ ਦਾ ਮੁੱਲ ਉਸ ਦੇ ਚਰਿੱਤਰ ਕਾਰਨ ਹੋਵੇਗਾ, ਪੈਸਾ, ਕੁਰਸੀ ਜਾਂ ਕੁਲ ਦੇ ਕਾਰਨ ਨਹੀਂ।"

"ਹਿੰਦੂ ਧਰਮ ਮੇਰੀ ਕਲਪਨਾ ਦਾ ਇੱਕ ਤੰਗ ਰਸਤਾ ਨਹੀਂ ਹੈ। ਇਹ ਕਾਲ ਦੇ ਬਰਾਬਰ ਹੀ ਪੁਰਾਣੀ ਮਹਾਨ ਅਤੇ ਨਿਰੰਤਰ ਵਿਕਾਸ ਦੀ ਪ੍ਰਕਿਰਿਆ ਹੈ। ਇਸ ਵਿੱਚ ਜ਼ਰਾਥੂਸਟਰ, ਮੂਸਾ, ਇਸਾਈ, ਮੁਹੰਮਦ, ਨਾਨਕ ਅਤੇ ਅਜਿਹੇ ਹੀ ਧਰਮ ਦੇ ਬਾਨੀਆਂ ਦਾ ਮੇਲ ਹੋ ਜਾਂਦਾ ਹੈ।"

ਸੰਸਕ੍ਰਿਤ ਦੇ ਸ਼ਲੋਕ ਇਸ ਦੀ ਵਿਆਖਿਆ ਇਸ ਪ੍ਰਕਾਰ ਹੈ-

विद्वद्भिः सेवितः सद्भिनित्यमद्वेषरागिभिः.

हृदयेनाम्यनुज्ञातो यो धर्मस्तं निबोधत..

ਭਾਵ, ਜਿਸ ਧਰਮ ਨੂੰ ਰਾਗ-ਦਰਵੇਸ਼ਹੀਨ ਗਿਆਨੀ ਸੰਤਾਂ ਨੇ ਅਪਣਾਇਆ ਹੈ ਅਤੇ ਜਿਸ ਨੂੰ ਸਾਡਾ ਦਿਲ ਅਤੇ ਬੁੱਧੀ ਹੀ ਸਵੀਕਾਰਦੀ ਹੈ, ਉਹੀ ਸਹੀ ਧਰਮ ਹੈ।

ਪਰ ਗਾਂਧੀ ਅਜਿਹੇ ਵਿਆਹਾਂ ਦੇ ਅਧਾਰ 'ਤੇ ਧਰਮ ਪਰਿਵਰਤਨ ਦੇ ਵੀ ਸਖ਼ਤ ਵਿਰੋਧੀ ਸੀ। ਆਪਣੇ ਇਸੇ ਲੇਖ ਵਿਚ ਉਹਨਾਂ ਨੇ ਕਿਹਾ, "ਮੈਂ ਹਮੇਸ਼ਾ ਇਸ ਗੱਲ ਦਾ ਸਖ਼ਤ ਵਿਰੋਧੀ ਰਿਹਾ ਹਾਂ ਅਤੇ ਅਜੇ ਵੀ ਹਾਂ ਕਿ ਆਦਮੀ ਅਤੇ ਔਰਤ ਸਿਰਫ਼ ਵਿਆਹ ਲਈ ਆਪਣੇ ਧਰਮ ਨੂੰ ਬਦਲਣ। ਧਰਮ ਕੋਈ ਚਾਦਰ ਜਾਂ ਦੁਪੱਟਾ ਨਹੀਂ ਹੁੰਦਾ ਕਿ ਜਦੋਂ ਚਾਹੇ ਲੈ ਲਵੋ, ਜਦੋਂ ਚਾਹੇ ਉਤਾਰ ਦਿਓ। ਇਸ ਮਾਮਲੇ ਵਿਚ ਧਰਮ ਬਦਲਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।"

ਪੱਤਰਕਾਰਾਂ/ਸੰਪਾਦਕਾਂ 'ਤੇ ਝੂਠੇ ਕੇਸ ਬਣਾ ਕੇ ਪੁਲਿਸ ਵੱਲੋਂ ਪਰੇਸ਼ਾਨ ਕਰਨਾ

ਇੱਕ ਪੱਤਰਕਾਰ ਦਾ ਕੰਮ ਕੀ ਹੈ? ਇਕ ਪੱਤਰਕਾਰ ਦਾ ਕੰਮ ਰਾਜ ਪ੍ਰਬੰਧ ਦੁਆਰਾ ਕੀਤੀਆਂ ਗਲਤੀਆਂ ਨੂੰ ਦਲੇਰੀ ਨਾਲ ਲੋਕਾਂ ਤੱਕ ਲੈ ਕੇ ਜਾਣਾ ਤਾਂ ਜੋ ਇਸ 'ਤੇ ਲੋਕਤੰਤਰੀ ਰੋਕ ਲੱਗੀ ਰਹੇ। ਆਜ਼ਾਦੀ ਦੇ ਸੰਘਰਸ਼ ਤੋਂ ਲੈ ਕੇ ਭਾਰਤੀ ਲੋਕਤੰਤਰ ਨੂੰ ਮਜ਼ਬੂਤ ਕਰਨ ਤੱਕ, ਭਾਰਤ ਦੇ ਨਿਡਰ ਅਤੇ ਜਨਤਕ ਪੱਖ ਰੱਖਣ ਵਾਲੇ ਪੱਤਰਕਾਰਾਂ ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ।

ਪਰ ਅੱਜ ਕੀ ਹੋ ਰਿਹਾ ਹੈ? ਪੱਤਰਕਾਰਾਂ ਨੂੰ ਸਰਕਾਰ ਖ਼ਿਲਾਫ਼ ਖ਼ਬਰਾਂ ਪ੍ਰਕਾਸ਼ਿਤ ਕਰਨ ਲਈ ਜਨਤਕ ਤੌਰ 'ਤੇ ਕੁੱਟਿਆ ਜਾਂਦਾ ਹੈ। ਝੂਠੇ ਕੇਸ ਦਰਜ ਕਰਕੇ ਉਨ੍ਹਾਂ ਨੂੰ ਹਿਰਾਸਤ ਵਿੱਚ ਲਿਆ ਜਾ ਰਿਹਾ ਹੈ। ਮੀਡੀਆ ਸੰਸਥਾਵਾਂ ਦੇ ਮਾਲਕਾਂ, ਸੰਪਾਦਕਾਂ ਦੀ ਹਾਲਤ ਵੀ ਬਹੁਤੀ ਚੰਗੀ ਨਹੀਂ ਹੈ। ਹਰ ਹੀਲਾ ਵਰਤ ਕੇ ਉਹਨਾਂ 'ਤੇ ਦਬਾ ਬਣਾਇਆ ਜਾਂਦਾ ਹੈ ।

ਬਹੁਤ ਘੱਟ ਹਨ ਜੋ ਇਨ੍ਹਾਂ ਦਬਾਵਾਂ ਦਾ ਸਾਹਮਣਾ ਕਰਨ ਦੇ ਬਾਵਜੂਦ ਆਪਣੀ ਕਲਮ ਦੀ ਧਾਰ ਨੂੰ ਕਾਇਮ ਰੱਖਣ ਦੇ ਯੋਗ ਹਨ।

ਨਿਡਰ ਪੱਤਰਕਾਰਾਂ ਨੂੰ ਬਰਖ਼ਾਸਤ ਕਰਨਾ ਇਕ ਆਮ ਗੱਲ ਹੋ ਗਈ ਹੈ। ਮੀਡੀਆ ਦੀ ਆਜ਼ਾਦੀ ਦੇ ਮਾਮਲੇ ਵਿਚ, ਭਾਰਤ ਦੀ ਸਥਿਤੀ ਨੂੰ ਦੁਨੀਆਂ ਦੇ ਦੇਸ਼ਾਂ ਦੇ ਮੁਕਾਬਲੇ ਸਭ ਤੋਂ ਮਾੜਾ ਦੱਸਿਆ ਜਾ ਰਿਹਾ ਹੈ।

ਜਮਹੂਰੀਅਤ ਦੇ ਹਿੱਤ ਵਿੱਚ ਪੱਤਰਕਾਰਾਂ ਨੂੰ ਸੁਰੱਖਿਆ ਦੇਣ ਦੀ ਬਜਾਇ ਜਦੋਂ ਸ਼ਾਸਨ ਪ੍ਰਣਾਲੀ ਹੀ ਉਸ ਦੇ ਵਿਰੁੱਧ ਹੋ ਜਾਵੇ, ਤਾਂ ਇਹ ਭਵਿੱਖ ਦੇ ਸਮਾਜ ਲਈ ਇੱਕ ਚੰਗਾ ਸੰਕੇਤ ਨਹੀਂ ਹੈ।

'ਨਵਾਕਾਲ' ਨਾਮ ਦੇ ਇੱਕ ਮਰਾਠੀ ਅਖ਼ਬਾਰ ਦੇ ਸੰਪਾਦਕ ਕ੍ਰਿਸ਼ਨਜੀ ਪ੍ਰਭਾਕਰ ਖਾਡੇਲਕਰ 'ਤੇ ਕੇਸ ਚੱਲ ਰਿਹਾ ਹੈ, ਉਦੋਂ ਤੋਂ ਹੀ ਸਰਕਾਰ ਉਸ ਨੂੰ ਤੰਗ-ਪਰੇਸ਼ਾਨ ਕਰ ਰਹੀ ਸੀ। 4 ਅਪ੍ਰੈਲ, 1929 ਨੂੰ, ਮਹਾਤਮਾ ਗਾਂਧੀ ਨੇ ਉਸ ਕੇਸ 'ਤੇ ਲਿਖਿਆ ਸੀ, "ਜਿਹੜਾ ਮੁਕੱਦਮਾ ਨਵਾਕਾਲ ਦੇ ਖਡੇਲਕਰ ਖ਼ਿਲਾਫ਼ ਚਲਾਇਆ ਗਿਆ, ਉਹ ਦਰਅਸਲ ਕੋਈ ਮੁਕੱਦਮਾ ਨਹੀਂ, ਸੋਸ਼ਣ ਹੈ।"

"ਪਰ ਜੋ ਸਰਕਾਰ ਜਨਤਾ ਦੇ ਵਿਰੋਧ ਦੇ ਬਾਵਜੂਦ ਚਲਾਈ ਜਾ ਰਹੀ ਹੈ ਅਤੇ ਖ਼ਾਸਕਰ ਉਸ ਹਾਲਾਤ ਵਿਚ ਜਦੋਂ, ਜਿਵੇਂ ਕਿ ਸਾਡੇ ਮਾਮਲੇ ਵਿਚ ਹੈ, ਇਨਾਂ ਵਿਰੋਧ ਪ੍ਰਦਰਸ਼ਨਾਂ ਨੂੰ ਦਬਾ ਦਿੱਤਾ ਜਾਂਦਾ ਹੈ ਉਸ ਸਰਕਾਰ ਦੇ ਰਾਜ ਵਿੱਚ ਬੇਬਾਕ ਸੰਪਾਦਕਾਂ ਦਾ ਅਤਿਆਚਾਰ ਨਿਸ਼ਚਿਤ ਹੈ। ਇਕ ਦਿਨ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਇਕ ਪੱਤਰਕਾਰ ਹੋਣ ਦੇ ਨਾਤੇ, ਉਹਨਾਂ ਨੂੰ ਆਮਤੌਰ ਤੇ ਜੋਖ਼ਮ ਭਰੇ ਕੰਮਾਂ ਲਈ ਭੁਗਤਾਨ ਕਰਨਾ ਪਿਆ ਸੀ। ਉਸ ਨੂੰ ਉਹਨਾਂ ਨੇ ਅਕਸਰ ਨਾਟਕ ਲਿਖ-ਲਿਖ ਕੇ ਚੁਕਾਇਆ।"

ਮਹਾਤਮਾ ਗਾਂਧੀ ਨੇ ਉਸ ਸਮੇਂ ਦੀ ਨਿਆਂ ਪ੍ਰਣਾਲੀ 'ਤੇ ਸਖ਼ਤ ਟਿੱਪਣੀ ਕਰਦਿਆਂ ਲਿਖਿਆ,' 'ਇਸ ਦੇਸ਼ ਦੇ ਹੋਰ ਸਰਕਾਰੀ ਅਦਾਰਿਆਂ ਦੀ ਤਰ੍ਹਾਂ, ਲੋੜ ਪੈਣ 'ਤੇ ਸਰਕਾਰ ਨੂੰ ਬਚਾਉਣ ਲਈ ਕਾਨੂੰਨੀ ਅਦਾਲਤਾਂ ਵੀ ਸਥਾਪਿਤ ਕੀਤੀਆਂ ਗਈਆਂ ਹਨ। ਅਜਿਹੇ ਤਜ਼ਰਬੇ ਸਾਨੂੰ ਕਈ ਵਾਰ ਹੋ ਚੁੱਕੇ ਹਨ । ਅਦਾਲਤਾਂ ਅਸਲ ਵਿੱਚ ਇਸ ਤਰ੍ਹਾਂ ਦੀਆਂ ਹੀ ਹਨ। "

ਤਤਕਾਲੀ ਨਿਆਂ -ਪ੍ਰਣਾਲੀ 'ਤੇ ਇੱਕ ਸਖ਼ਤ ਟਿੱਪਣੀ ਕਰਦਿਆਂ ਹੋਇਆ ਮਹਾਤਮਾ ਗਾਂਧੀ ਨੇ ਅੱਗੇ ਲਿਖਿਆ ਸੀ, "ਇਸ ਦੇਸ ਵਿੱਚ ਹੋਰਨਾਂ ਸਰਕਾਰੀ ਸੰਸਥਾਵਾਂ ਵਾਂਗ ਕਾਨੂੰਨੀ ਅਦਾਲਤਾਂ ਵੀ ਜ਼ਰੂਰਤ ਦੇ ਮੌਕਿਆਂ 'ਤੇ ਸਰਕਾਰ ਦੀ ਰੱਖਿਆ ਲਈ ਕਾਇਮ ਕੀਤੀਆਂ ਹਨ। ਇਸ ਤਰ੍ਹਾਂ ਦੇ ਤਜਰਬਿਆਂ ਸਾਨੂੰ ਵਾਰ-ਵਾਰ ਹੋਏ ਹਨ। ਅਦਾਲਤਾਂ ਬੁਨਿਆਦੀ ਤੌਰ 'ਤੇ ਅਜਿਹੀਆਂ ਹੀ ਹਨ।"

"ਗੱਲ ਇੰਨੀ ਹੀ ਹੈ ਕਿ ਜਦੋਂ ਲੋਕਾਂ ਦੀ ਅਜ਼ਾਦੀ ਅਤੇ ਸਰਕਾਰ ਦੇ ਹਿੱਤ ਗੱਲ 'ਚ ਹੁੰਦੀ ਹੈ, ਉਸ ਸਮੇਂ ਇਸਦਾ ਪਤਾ ਨਹੀਂ ਲਗਦਾ। ਜਦੋਂ ਸਰਕਾਰ ਦੀ ਵਿਰੋਧ ਵਿਚ ਰਹਿੰਦਿਆਂ ਹੋਇਆ ਵੀ ਲੋਕਾਂ ਦੀ ਆਜ਼ਾਦੀ ਦੀ ਰੱਖਿਆ ਕਰਨੀ ਹੁੰਦੀ ਹੈ, ਉਦੋਂ ਅਦਾਲਤ ਉਨ੍ਹਾਂ ਦੀ ਰੱਖਿਆ ਕਰਨ ਵਿਚ ਅਸਮਰਥ ਹੋ ਜਾਂਦੀਆਂ ਹਨ। ਇਨਾਂ ਨਾਲ ਸਾਡਾ ਜਿੰਨਾ ਰਿਸ਼ਤਾ ਘੱਟ ਹੋਵੇ ਓਨਾਂ ਹੀ ਚੰਗਾ ਹੈ। "

ਗਾਂਧੀ ਜੀ ਨੇ 26 ਜਨਵਰੀ 1922 ਨੂੰ ਰਾਜ-ਸੱਤਾ ਰਾਹੀਂ ਪੁਲਿਸ ਦੀ ਦੁਰਵਰਤੋਂ ਕਰਨ 'ਤੇ 'ਯੰਗ ਇੰਡੀਆ' ਵਿਚ ਲਿਖਿਆ ਸੀ, "ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਭਾਰਤ ਵਿਚ ਪੁਲਿਸ ਬਦਨਾਮ ਹੈ। ਦਮਨ ਦੀਆਂ ਅੱਜ ਕਲ੍ਹ ਬੇਰਹਿਮੀ ਭਰੀਆਂ ਕਾਰਵਾਈਆਂ ਕਰਕੇ ਇਹ ਬਦਨਾਮੀ ਹੋਰ ਵਧੀ ਹੈ। ਪਰ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਪੁਲਿਸ ਸਰਕਾਰ ਦੇ ਹੱਥਾਂ ਦਾ ਸਿਰਫ਼ ਇਕ ਹਥਿਆਰ ਹੈ। "

ਭਾਰਤ ਦੀ ਆਜ਼ਾਦੀ ਤੋਂ ਦੋ ਮਹੀਨੇ ਪਹਿਲਾਂ, 5 ਜੂਨ, 1947 ਨੂੰ ਕਾਲਜ ਦੇ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ, ਮਹਾਤਮਾ ਗਾਂਧੀ ਨੇ ਕਿਹਾ ਸੀ, "ਜੇ ਮੇਰਾ ਵੱਸ ਚੱਲਦਾ ਹੁੰਦਾ, ਤਾਂ ਮੈਂ ਫੌਜ ਅਤੇ ਪੁਲਿਸ ਵਿਚ ਮੁੱਢਲੇ ਸੁਧਾਰਾਂ ਦੀ ਸ਼ੁਰੂਆਤ ਕੀਤੀ ਹੁੰਦੀ। ਇੰਗਲੈਂਡ ਵਿਚ ਪੁਲਿਸ ਨੂੰ ਲੋਕ ਆਪਣਾ ਸਭ ਤੋਂ ਚੰਗਾ ਦੋਸਤ, ਸਹਾਇਕ ਸਮਝਦੇ ਹਨ, ਪਰ ਭਾਰਤ ਵਿਚ ਆਮ ਆਦਮੀ ਪੁਲਿਸ ਨੂੰ ਖੌਫ਼ਨਾਕ ਅਤੇ ਜ਼ਾਲਮ ਮੰਨਦਾ ਹੈ।"

ਸੱਤਾ ਦਾ ਹੰਕਾਰ ਅਤੇ ਸੱਤਾ ਬਰਕਰਾਰ ਰੱਖਣ ਦਾ ਲਾਲਚ ਨਾ ਸਿਰਫ਼ ਲੋਕਤੰਤਰੀ ਪ੍ਰਣਾਲੀ ਅਤੇ ਲੋਕਤੰਤਰੀ ਸੰਸਥਾਵਾਂ ਨੂੰ ਖ਼ਤਮ ਕਰਕੇ ਰੱਖ ਦਿੰਦਾ ਹੈ, ਬਲਕਿ ਇਹ ਸਮਾਜ ਵਿਚ ਬਦਨੀਤੀ, ਨਾਰਾਜ਼ਗੀ, ਬੇਚੈਨੀ, ਮੂਰਖਤਾ, ਗੁਲਾਮੀ ਅਤੇ ਡਰ ਨੂੰ ਵੀ ਜਨਮ ਦਿੰਦਾ ਹੈ।

ਗਾਂਧੀ ਆਪਣੇ ਲੰਮੇ ਵਿਹਾਰਕ ਤਜ਼ਰਬਿਆਂ ਤੋਂ ਇਹ ਸਭ ਜਾਣਦੇ ਸਨ। ਉਹਨਾਂ ਨੇ ਸਾਰੀ ਉਮਰ ਸਭ ਦੇ ਵਿਰੁੱਧ ਹੀ ਤਾਂ ਸੰਘਰਸ਼ ਕੀਤਾ ਸੀ।

ਗਾਂਧੀ ਜੀ ਨੂੰ ਯਾਦ ਕਰਨ ਦਾ ਅਰਥ ਹੈ, ਉਨ੍ਹਾਂ ਦੇ ਇਹਨਾਂ ਵਿਚਾਰਾਂ ਦੀ ਰੌਸ਼ਨੀ ਵਿਚ ਸਮਾਜ ਅਤੇ ਰਾਜਨੀਤੀ ਨੂੰ ਵੇਖਣਾ ਅਤੇ ਬਦਲਣਾ।

ਹਾਲ ਹੀ ਵਿਚ ਕਿਸੇ ਨੇ ਬਹੁਤ ਵਧੀਆ ਕਿਹਾ ਸੀ ਕਿ ਜਿਨ੍ਹਾਂ ਨੂੰ ਗਾਂਧੀ ਨੂੰ ਸਮਝਣਾ ਅਤੇ ਅਪਣਾਉਣਾ ਮੁਸ਼ਕਲ ਹੋਇਆ, ਉਨ੍ਹਾਂ ਲਈ ਸਭ ਤੋਂ ਸੌਖਾ ਸੀ ਉਨ੍ਹਾਂ ਨੂੰ ਮਾਰਨਾ।

ਪਰ ਕਿਸੇ ਵੀ ਬੇਇਨਸਾਫੀ, ਜ਼ੁਲਮ, ਸ਼ੋਸ਼ਣ, ਧਰਤੀ ਨੂੰ ਨਿਗਲਣ ਦੇ ਲਾਲਚ, ਗ਼ੈਰ-ਲੋਕਤੰਤਰੀ ਵਿਕਾਰਾਂ ਅਤੇ ਵਿਨਾਸ਼ਕਾਰੀ ਯੁੱਧਾਂ ਵਿਰੁੱਧ ਗਾਂਧੀ ਦੇ ਵਿਚਾਰ ਜਿਓਂ ਦੇ ਤਿਓਂ ਖੜੇ ਹਨ। ਉਹ ਵੀ ਅਹਿੰਸਾ, ਸੰਜਮ, ਹਮਦਰਦੀ, ਰਹਿਮ, ਸੱਚ ਅਤੇ ਪਿਆਰ ਦੇ ਆਤਮ-ਵਿਸ਼ਵਾਸ਼ ਨਾਲ ਭਰੇ ਹੋਏ।

ਇਹ ਵੀ ਪੜ੍ਹੋ-

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)