ਭਾਰਤ 'ਚ ਗਵਾਹ ਬਣਨਾ ਕਿਉਂ ਹੈ ਖ਼ਤਰਨਾਕ

    • ਲੇਖਕ, ਵਿਨੀਤ ਖਰੇ
    • ਰੋਲ, ਬੀਬੀਸੀ ਪੱਤਰਕਾਰ

ਪਿਛਲੇ ਦਿਨੀਂ ਉਨਾਓ ਰੇਪ ਮਾਮਲੇ 'ਚ ਪੀੜਤ ਕੁੜੀ ਅਤੇ ਉਸ ਦਾ ਵਕੀਲ ਰਾਇਬਰੇਲੀ ਨਜ਼ਦੀਕ ਇੱਕ ਸੜਕ ਹਾਦਸੇ 'ਚ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਸਨ। ਉਸ ਦਿਨ ਤੋਂ ਹੀ ਦੋਵਾਂ ਦੀ ਹਾਲਤ ਬਹੁਤ ਨਾਜ਼ੁਕ ਦੱਸੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਇਸ ਹਾਦਸੇ 'ਚ ਪੀੜਤ ਕੁੜੀ ਦੀਆਂ ਦੋ ਮਹਿਲਾ ਰਿਸ਼ਤੇਦਾਰਾਂ ਦੀ ਮੌਤ ਵੀ ਹੋ ਗਈ ਸੀ। ਮ੍ਰਿਤਕਾਂ ਵਿੱਚੋਂ ਇੱਕ ਤਾਂ 2017 ਦੀ ਇਸ ਘਟਨਾ ਦੀ ਚਸ਼ਮਦੀਦ ਗਵਾਹ ਵੀ ਸੀ।

ਲਖਨਊ ਤੋਂ ਬੀਬੀਸੀ ਪੱਤਰਕਾਰ ਸਮੀਰਾਤਮਜ ਮਿਸ਼ਰ ਅਨੁਸਾਰ ਪੀੜਤ ਅਤੇ ਗਵਾਹ ਨੂੰ ਸੁਰੱਖਿਆ ਤਾਂ ਮਿਲੀ ਸੀ ਪਰ ਹਾਦਸੇ ਵਾਲੇ ਦਿਨ ਸੁਰੱਖਿਆ ਮੁਲਾਜ਼ਮ ਉਨ੍ਹਾਂ ਨਾਲ ਨਹੀਂ ਸੀ। ਸੀਬੀਆਈ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਸ ਰੇਪ ਮਾਮਲੇ 'ਚ ਦੋਸ਼ੀ ਦੱਸੇ ਜਾ ਰਹੇ ਭਾਜਪਾ ਵਿਧਾਇਕ ਕੁਲਦੀਪ ਸਿੰਘ ਸੇਂਗਰ ਆਪਣੇ 'ਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰ ਰਹੇ ਹਨ।

ਇਸ ਹਾਦਸੇ ਨੇ ਇਕ ਵਾਰ ਫਿਰ ਭਾਰਤ 'ਚ ਚਸ਼ਮਦੀਦਾਂ ਦੀ ਸੁਰੱਖਿਆ 'ਤੇ ਚਿੰਤਾ ਪ੍ਰਗਟ ਕੀਤੀ ਹੈ ਅਤੇ ਇਸ ਪੱਖ ਵੱਲ ਧਿਆਨ ਦੇਣ ਲਈ ਮਜਬੂਰ ਕੀਤਾ ਹੈ।

ਇਹ ਵੀ ਪੜ੍ਹੋ:

ਮੌਕੇ 'ਤੇ ਸਾਰੀ ਘਟਨਾ ਨੂੰ ਅੱਖੀ ਵੇਖਣ ਵਾਲੇ ਗਵਾਹ ਨੂੰ ਨਿਆਂ ਪ੍ਰਬੰਧ ਦੇ ਅੱਖ ਅਤੇ ਕੰਨ ਦੱਸਿਆ ਜਾਂਦਾ ਹੈ ਪਰ ਜੇਕਰ ਮੁਲਜ਼ਮ ਤਾਕਤਵਾਰ ਹੋਵੇ ਤਾਂ ਭਾਰਤ 'ਚ ਚਸ਼ਮਦੀਦ ਬਣਨਾ ਸੌਖਾ ਨਹੀਂ ਸਗੋਂ ਆਪਣੇ ਆਪ ਨੂੰ ਅੱਗ ਦੀਆਂ ਲਪਟਾਂ 'ਚ ਸੁੱਟਣ ਦੇ ਬਰਾਬਰ ਹੈ।

ਭਾਰਤ 'ਚ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ ਜਿੰਨ੍ਹਾਂ 'ਚ ਗਵਾਹ ਨੂੰ ਹੀ ਆਪਣੀ ਜਾਨ ਤੋਂ ਹੱਥ ਧੋਣੇ ਪੈਂਦੇ ਹਨ।

ਆਸਾਰਾਮ ਬਾਪੂ ਅਤੇ ਨਾਰਾਇਣ ਸਾਈ ਮਾਮਲਾ

ਆਸਾਰਾਮ ਬਾਪੂ ਅਤੇ ਨਾਰਾਇਣ ਸਾਈ ਦਾ ਮਾਮਲਾ ਇਸ ਦੀ ਵੱਡੀ ਮਿਸਾਲ ਹੈ। ਦੁਨੀਆ ਭਰ 'ਚ 200 ਤੋਂ ਵੀ ਵੱਧ ਆਸ਼ਰਮ ਚਲਾਉਣ ਵਾਲੇ ਆਸਾਰਾਮ ਬਾਪੂ ਦੇ ਪੁੱਤਰ ਨਾਰਾਇਣ ਸਾਈ 'ਤੇ ਚੱਲ ਰਹੇ ਰੇਪ ਦੇ ਮਾਮਲੇ 'ਚ ਮਹੇਂਦਰ ਚਾਵਲਾ ਇੱਕ ਮਹੱਤਵਪੂਰਣ ਗਵਾਹ ਹਨ।

ਆਸਾਰਾਮ ਬਾਪੂ ਅਤੇ ਨਾਰਾਇਣ ਸਾਈ ਇਸ ਸਮੇਂ ਬਲਾਤਕਾਰ ਮਾਮਲੇ 'ਚ ਜੇਲ੍ਹ ਵਿੱਚ ਬੰਦ ਹਨ । ਪਰ ਸੁਰੱਖਿਆ ਦੇ ਪੱਖ ਤੋਂ ਮਹੇਂਦਰ ਚਾਵਲਾ ਦੀ ਚਿੰਤਾ ਜਿਉਂ ਦੀ ਤਿਉਂ ਖੜ੍ਹੀ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਆਸਾਰਾਮ ਜੇਲ੍ਹ 'ਚ ਹੈ ਤਾਂ ਕੀ ਹੋਇਆ ਪਰ ਉਨ੍ਹਾਂ ਦੇ ਸੈਂਕੜੇ ਹੀ ਸਮਰਥਕ ਤਾਂ ਉਨ੍ਹਾਂ ਨੂੰ ਨਿਸ਼ਾਨਾ ਬਣਾ ਸਕਦੇ ਹਨ।

ਚਾਵਲਾ ਨੇ ਅੱਗੇ ਕਿਹਾ ਕਿ ਆਸਾਰਾਮ ਬਾਪੂ ਨਾਲ ਜੁੜੇ ਕੁੱਲ 10 ਲੋਕਾਂ 'ਤੇ ਹਮਲੇ ਹੋਏ, ਜਿੰਨ੍ਹਾਂ 'ਚੋਂ ਤਿੰਨ ਦੀ ਤਾਂ ਮੌਤ ਹੋ ਗਈ ਅਤੇ ਇੱਕ ਸ਼ਖ਼ਸ ਰਾਹੁਲ ਸਚਾਨ ਤਾਂ ਅੱਜ ਤੱਕ ਗਾਇਬ ਹਨ। ਮਹੇਂਦਰ ਚਾਵਲਾ ਨੂੰ ਪੁਲਿਸ ਸੁਰੱਖਿਆ ਤਾਂ ਮਿਲੀ ਹੈ ਪਰ ਫਿਰ ਵੀ ਉਨ੍ਹਾਂ ਨਾਲ ਸੰਪਰਕ ਕਰਨਾ ਬਹੁਤ ਔਖਾ ਹੈ।

ਉਹ ਕਿਸੇ ਵੀ ਅਣਜਾਣ ਫੋਨ ਨੰਬਰ 'ਤੇ ਗੱਲ ਨਹੀਂ ਕਰਦੇ ਅਤੇ ਜੇਕਰ ਕਿਸੇ ਦੇ ਹਵਾਲੇ ਨਾਲ ਉਨ੍ਹਾਂ ਤੱਕ ਪਹੁੰਚ ਕੀਤੀ ਵੀ ਜਾਵੇ ਤਾਂ ਵੀ ਉਹ ਸਵਾਲਾਂ ਦੀ ਝੜੀ ਲਗਾ ਦਿੰਦੇ ਹਨ।

ਇਸ ਦਾ ਕਾਰਨ ਉਨ੍ਹਾਂ ਨੂੰ ਸਾਲਾਂ ਤੋਂ ਮਿਲ ਰਹੀਆਂ ਧਮਕੀਆਂ ਅਤੇ ਉਨ੍ਹਾਂ 'ਤੇ ਹੋ ਚੁੱਕਿਆ ਜਾਨਲੇਵਾ ਹਮਲਾ ਹੈ।

ਇਹ ਵੀ ਪੜ੍ਹੋ:

ਚਾਵਲਾ ਦਾਅਵਾ ਕਰਦੇ ਹਨ ਕਿ 13 ਮਈ 2015 ਦੀ ਸਵੇਰ ਨੂੰ ਜਦੋਂ ਉਹ ਹਰਿਆਣਾ ਦੇ ਪਾਣੀਪਤ ਜ਼ਿਲ੍ਹੇ ਦੇ ਸਨੌਲੀ ਖੁਰਦ ਪਿੰਡ 'ਚ ਆਪਣੇ ਘਰ ਵਿੱਚ ਆਰਾਮ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਬਾਹਰ ਆਵਾਜ਼ ਸੁਣਾਈ ਦਿੱਤੀ।

ਜਦੋਂ ਉਨ੍ਹਾਂ ਨੇ ਬਾਹਰ ਵੇਖਿਆ ਤਾਂ ਦੋ ਲੋਕ ਹੱਥ 'ਚ ਬੰਦੂਕ ਫੜੀ ਖੜ੍ਹੇ ਸਨ। ਉਨ੍ਹਾਂ 'ਚੋਂ ਇੱਕ ਛੱਤ ਵੱਲ ਆ ਰਿਹਾ ਸੀ ਤੇ ਦੂਜਾ ਹੇਠਾਂ ਹੀ ਪਹਿਰੇ 'ਤੇ ਖੜ੍ਹਾ ਹੋ ਗਿਆ।

ਹਮਲਾਵਰ ਅਤੇ ਮਹੇਂਦਰ 'ਚ ਕੁੱਝ ਝੜਪ ਹੋਈ ਅਤੇ ਹਮਲਾਵਰ ਨੇ ਅਚਾਨਕ ਦੋ ਫਾਇਰ ਕਰ ਦਿੱਤੇ ਪਹਿਲੀ ਗੋਲੀ ਕੰਧ 'ਤੇ ਲੱਗੀ ਜਦਕਿ ਦੂਜੀ ਮਹੇਂਦਰ ਚਾਵਲਾ ਦੇ ਮੋਢੇ ਨੂੰ ਚੀਰ ਕੇ ਨਿਕਲ ਗਈ।

ਹਮਲਾਵਰ ਉਸ ਨੂੰ ਮਰਿਆ ਸਮਝ ਕੇ ਉੱਥੋਂ ਭੱਜ ਗਏ। ਪਰ ਮਹੇਂਦਰ ਦੀ ਕਿਸਮਤ ਚੰਗੀ ਨਿਕਲੀ ਅਤੇ ਉਹ ਹਫ਼ਤੇ ਤੋਂ ਵੱਧ ਹਸਪਤਾਲ 'ਚ ਜੇਰੇ ਇਲਾਜ ਰਹੇ ਅਤੇ ਠੀਕ ਹੋ ਗਏ।

ਮਹੇਂਦਰ ਮੁਤਾਬਕ ਹਮਲਾਵਰ ਨੇ ਉਸ ਨੂੰ ਧਮਕੀ ਦਿੰਦਿਆਂ ਕਿਹਾ ਸੀ ਕਿ ਨਾਰਾਇਣ ਸਾਈ ਦੇ ਖ਼ਿਲਾਫ ਗਵਾਹੀ ਦੇਵੇਗਾ?

ਦੂਜੇ ਪਾਸੇ ਆਸਾਰਾਮ ਬਾਪੂ ਦੇ ਵਕੀਲ ਚੰਦਰ ਸ਼ੇਖਰ ਗੁਪਤਾ ਨੇ ਇਨ੍ਹਾਂ ਇਲਜ਼ਾਮਾ ਨੂੰ ਨਕਾਰਿਆ ਹੈ।

ਬੀਬੀਸੀ ਨਾਲ ਗੱਲਬਾਤ ਕਰਦਿਆਂ ਵਕੀਲ ਨੇ ਕਿਹਾ, "ਸਾਲ 2013 'ਚ ਆਸਾਰਾਮ ਬਾਪੂ ਦੀ ਗ੍ਰਿਫ਼ਤਾਰੀ ਤੋਂ ਬਾਅਦ ਜਿਨ੍ਹਾਂ ਘਟਨਾਵਾਂ ਨੂੰ ਹਮਲੇ ਦਾ ਨਾਮ ਦਿੱਤਾ ਜਾ ਰਿਹਾ ਹੈ, ਉਨ੍ਹਾਂ 'ਚੋਂ ਕਿਸੇ ਵੀ ਮਾਮਲੇ 'ਚ ਉਹ ਮੁਲਜ਼ਮ ਹੈ ਹੀ ਨਹੀਂ।"

"ਸਾਲ 2009 'ਚ ਰਾਜੂ ਚਾਂਦਕ ਨਾਂਅ ਦੇ ਇੱਕ ਵਿਅਕਤੀ 'ਤੇ ਹਮਲਾ ਹੋਇਆ ਸੀ। ਉਸ ਮਾਮਲੇ 'ਚ ਆਸਾਰਾਮ ਬਾਪੂ ਨੂੰ ਦੋਸ਼ੀ ਦੱਸਿਆ ਗਿਆ ਹੈ।"

ਮਹੇਂਦਰ ਚਾਵਲਾ ਦੇ ਇਲਜ਼ਾਮਾਂ 'ਤੇ ਚੰਦਰ ਸ਼ੇਖਰ ਗੁਪਤਾ ਕਹਿੰਦੇ ਹਨ, "ਜੇਕਰ ਤੁਹਾਡੇ 'ਤੇ ਕੋਈ ਹਮਲਾ ਹੁੰਦਾ ਹੈ ਅਤੇ ਤੁਸੀਂ ਕਹਿ ਦੇਵੋ ਕਿ ਦੇਸ ਦੇ ਪ੍ਰਧਾਨ ਮੰਤਰੀ ਨੇ ਇਹ ਹਮਲਾ ਕਰਵਾਇਆ ਹੈ ਤਾਂ ਪੁਲਿਸ ਜਾਂਚ ਕਰੇਗੀ ਅਤੇ ਪੁਲਿਸ ਨੂੰ ਪਤਾ ਚੱਲ ਜਾਵੇਗਾ ਕਿ ਇਲਜ਼ਾਮ ਗਲਤ ਹਨ।"

ਕਈ ਵਾਰ ਗਵਾਹਾਂ 'ਤੇ ਪੈਸੇ, ਧਮਕੀ ਅਤੇ ਇਸ ਤਰ੍ਹਾਂ ਦੇ ਹੋਰ ਕਈ ਕਾਰਨਾਂ ਦਾ ਦਬਾਅ ਰਹਿੰਦਾ ਹੈ ਅਤੇ ਅਜਿਹੇ ਮਾਮਲੇ 'ਚ ਮੁਲਜ਼ਮ ਸਬੂਤਾਂ ਦੀ ਘਾਟ ਦੇ ਚੱਲਦਿਆਂ ਬਰੀ ਹੋ ਜਾਂਦੇ ਹਨ।

ਅਮਿਤ ਜੇਠਵਾ ਕਤਲ ਮਾਮਲਾ

ਗੁਜਰਾਤ 'ਚ ਆਰਟੀਆਈ ਕਾਰਕੁਨ ਅਤੇ ਵਾਤਾਵਰਨ ਪ੍ਰੇਮੀ ਅਮਿਤ ਜੇਠਵਾ ਮਾਮਲੇ 'ਚ ਵਕੀਲ ਆਨੰਦ ਯਾਗਨਿਕ ਗਵਾਹ ਵੀ ਹਨ।

ਯਾਗਨਿਕ ਅਨੁਸਾਰ 20 ਜੁਲਾਈ 2010 ਨੂੰ ਗੁਜਰਾਤ ਹਾਈ ਕੋਰਟ ਦੇ ਬਾਹਰ ਅਮਿਤ ਜੇਠਵਾ ਦੇ ਕਤਲ ਤੋਂ ਇੱਕ ਦਿਨ ਪਹਿਲਾਂ ਹੀ ਅਮਿਤ ਨੇ ਉਨ੍ਹਾਂ ਦੇ ਚੈਂਬਰ 'ਚ ਆ ਕੇ ਆਪਣੀ ਜਾਨ ਖ਼ਤਰੇ 'ਚ ਹੋਣ ਸਬੰਧੀ ਚਿੰਤਾ ਜਾਹਿਰ ਕੀਤੀ ਸੀ।

ਉਨ੍ਹਾਂ ਅੱਗੇ ਦੱਸਿਆ ਕਿ ਅਮਿਤ ਕਤਲ ਮਾਮਲੇ 'ਚ ਸੁਣਵਾਈ ਦੌਰਾਨ 195 'ਚੋਂ 105 ਗਵਾਹ ਆਪਣੇ ਬਿਆਨਾਂ ਤੋਂ ਹੀ ਮੁਕਰ ਗਏ।

ਇਸੇ ਸਾਲ ਜੁਲਾਈ ਮਹੀਨੇ ਸਾਬਕਾ ਸੰਸਦ ਮੈਂਬਰ ਦੀਨੂ ਸੋਲੰਕੀ ਨੂੰ ਅਮਿਤ ਦੇ ਕਤਲ ਮਾਮਲੇ 'ਚ ਦੋਸ਼ੀ ਪਾਇਆ ਗਿਆ ਅਤੇ ਇਸ ਤੋਂ ਬਾਅਦ ਯਾਗਨਿਕ ਨੂੰ ਸੁਰੱਖਿਆ ਦਿੱਤੀ ਗਈ।

ਪੁਲਿਸ ਦਾ ਗ਼ੈਰ-ਮਦਦਗਾਰ ਰਵੱਈਆ ਅਤੇ ਭ੍ਰਿਸ਼ਟਾਚਾਰ ਵੀ ਗਵਾਹਾਂ ਦੀ ਦਿੱਕਤਾਂ 'ਚ ਵਾਧਾ ਕਰਦਾ ਹੈ।

ਗਵਾਹਾਂ ਦੇ ਨਾਲ ਨਿਆਂ ਪ੍ਰਬੰਧ 'ਚ ਕਿਸ ਤਰ੍ਹਾਂ ਦਾ ਵਿਹਾਰ ਹੁੰਦਾ ਹੈ, ਇਸ 'ਤੇ 2018 ਦੇ ਆਪਣੇ ਇੱਕ ਹੁਕਮ 'ਚ ਸੁਪਰੀਮ ਕੋਰਟ ਦੇ ਜੱਜ ਜਸਟਿਸ ਏ.ਕੇ. ਸਿੱਕਰੀ ਨੇ ਮਹੇਂਦਰ ਚਾਵਲਾ ਬਨਾਮ ਭਾਰਤ ਸਰਕਾਰ ਮਾਮਲੇ 'ਚ ਲਿਖਿਆ ਹੈ ਕਿ ਗਵਾਹਾਂ ਕੋਲ ਨਾ ਤਾਂ ਨਿਆਂਇਕ ਸੁਰੱਖਿਆ ਹੁੰਦੀ ਹੈ ਅਤੇ ਨਾ ਹੀ ਉਨ੍ਹਾਂ ਨਾਲ ਉਚਿਤ ਵਿਹਾਰ ਕੀਤਾ ਜਾਂਦਾ ਹੈ।

ਅੱਜ ਦੀ ਨਿਆਂਇਕ ਵਿਵਸਥਾ 'ਚ ਗਵਾਹਾਂ ਨੂੰ ਵਧੇਰੇ ਤਰਜੀਹ ਨਹੀਂ ਦਿੱਤੀ ਜਾਂਦੀ। ਉਨ੍ਹਾਂ ਦੀ ਆਰਥਿਕ ਅਤੇ ਨਿੱਜੀ ਹਾਲਤ ਵੇਖੇ ਬਿਨਾਂ ਹੀ ਵਾਰ-ਵਾਰ ਅਦਾਲਤ ਬੁਲਾਇਆ ਜਾਂਦਾ ਹੈ ਅਤੇ ਆਉਣ-ਜਾਣ ਲਈ ਖਰਚਾ ਵੀ ਨਹੀਂ ਦਿੱਤਾ ਜਾਂਦਾ।

ਅਦਾਲਤਾਂ 'ਚ ਮਾਮਲੇ ਸਾਲਾਂ ਤੱਕ ਚੱਲਦੇ ਰਹਿੰਦੇ ਹਨ ਜਿਸ ਕਰਕੇ ਵੀ ਗਵਾਹ ਆਪਣੇ ਬਿਆਨ ਤੋਂ ਮੁੱਕਰ ਜਾਂਦੇ ਹਨ ਜਾਂ ਫਿਰ ਗਵਾਹੀ ਦੇਣ ਤੋਂ ਹੀ ਇਨਕਾਰ ਕਰ ਦਿੰਦੇ ਹਨ।

ਅਮਰੀਕਾ ਵਰਗੇ ਵਿਕਸਿਤ ਦੇਸਾਂ ਦੀ ਤਰ੍ਹਾਂ ਭਾਰਤ 'ਚ ਗਵਾਹਾਂ ਲਈ ਕੋਈ ਵੀ ਅਧਿਕਾਰਤ ਕਾਨੂੰਨ ਨਹੀਂ ਹੈ। ਹਾਲਾਂਕਿ ਸਾਲਾਂ ਤੋਂ ਵੱਖ-ਵੱਖ ਲਾਅ ਕਮਿਸ਼ਨ ਜਾਂ ਕਾਨੂੰਨ ਕਮਿਸ਼ਨਾਂ 'ਚ ਇਸ ਸਬੰਧੀ ਵਿਚਾਰ ਜ਼ਰੂਰ ਹੁੰਦਾ ਰਿਹਾ ਹੈ।

ਸਾਲ 1971 'ਚ ਸ਼ੁਰੂ ਹੋਏ ਸੁਰੱਖਿਆ ਪ੍ਰੋਗਰਾਮ ਮੁਤਾਬਿਕ ਅਮਰੀਕਾ 'ਚ ਹੁਣ ਤੱਕ 8,600 ਚਸ਼ਮਦੀਦ ਅਤੇ ਉਨ੍ਹਾਂ ਦੇ 9,900 ਰਿਸ਼ਤੇਦਾਰਾਂ ਨੂੰ ਇਸ ਪ੍ਰੋਗਰਾਮ ਤਹਿਤ ਸੁਰੱਖਿਆ, ਨਵੀਂ ਪਛਾਣ, ਨਵੇਂ ਦਸਤਾਵੇਜ਼ ਅਤੇ ਡਾਕਟਰੀ ਸਹੂਲਤ ਮੁੱਹਈਆ ਕਰਵਾਈ ਗਈ ਹੈ।

ਬ੍ਰਿਟੇਨ 'ਚ ਵੀ ਨੈਸ਼ਨਲ ਕਰਾਇਮ ਏਜੰਸੀ ਵੱਲੋਂ ਵੀ ਅਜਿਹਾ ਹੀ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ। ਜਿਸ 'ਚ ਗਵਾਹਾਂ ਨੂੰ ਦੇਸ਼ 'ਚ ਖ਼ਤਰੇ ਦੀ ਸੂਰਤ 'ਚ ਦੇਸ਼ ਤੋਂ ਬਾਹਰ ਵੀ ਭੇਜ ਦਿੱਤਾ ਜਾਂਦਾ ਹੈ।

ਗਵਾਹਾਂ ਦੀ ਸੁਰੱਖਿਆ

ਆਸਟਰੇਲੀਆ 'ਚ ਵੀ ਗਵਾਹਾਂ ਦੀ ਸੁਰੱਖਿਆ ਲਈ ਅਪ੍ਰੈਲ 1995 'ਚ ਨੇਸ਼ਨਲ ਵਿਟਨੈਸ ਪ੍ਰੋਟੇਕਸ਼ਨ ਪ੍ਰੋਗਰਾਮ ਦਾ ਆਗਾਜ਼ ਕੀਤਾ ਗਿਆ ਸੀ।

ਇੰਨ੍ਹਾਂ ਵਿਕਸਿਤ ਮੁਲਕਾਂ ਦੇ ਅਜਿਹੇ ਪ੍ਰੋਗਰਾਮਾਂ ਦੀ ਤਰਜ 'ਤੇ ਹੀ ਦਸੰਬਰ 2018 'ਚ ਸੁਪਰੀਮ ਕੋਰਟ ਨੇ ਭਾਰਤ 'ਚ ਇਕ ਵਿਟਨੈਸ ਪ੍ਰੋਟੇਕਸ਼ਨ ਸਕੀਮ ਨੂੰ ਹਰੀ ਝੰਡੀ ਦਿੱਤੀ ਅਤੇ ਨਾਲ ਹੀ ਕਿਹਾ ਕਿ ਜਦੋਂ ਤੱਕ ਸੰਸਦ ਇਸ 'ਤੇ ਕਾਨੂੰਨ ਨਹੀਂ ਬਣਾ ਦਿੰਦੀ ਹੈ, ਉਦੋਂ ਤੱਕ ਇਹ ਸਕੀਮ ਜ਼ਮੀਨੀ ਪੱਧਰ 'ਤੇ ਅਮਲ 'ਚ ਲਿਆਂਦੀ ਜਾਵੇਗੀ।

ਇਸ ਯੋਜਨਾ ਤਹਿਤ ਗਵਾਹ ਨੂੰ ਹਰ ਜ਼ਿਲ੍ਹੇ 'ਚ ਬਣਨ ਵਾਲੀ 'ਕੰਪੀਟੇਂਟ ਅਥਾਰਟੀ' ਨੂੰ ਇੱਕ ਪੱਤਰ ਲਿਖਣਾ ਹੋਵੇਗਾ। ਇਸ ਅਥਾਰਟੀ ਦੇ ਮੈਂਬਰ ਉਸ ਜ਼ਿਲ੍ਹੇ ਦੇ ਜ਼ਿਲ੍ਹਾ ਜੱਜ, ਪੁਲਿਸ ਮੁਖੀ ਹੋਣਗੇ।

ਗਵਾਹ ਦੀ ਜਾਨ ਨੂੰ ਕਿੰਨਾਂ ਖ਼ਤਰਾ ਹੈ, ਪੁਲਿਸ ਵੱਲੋਂ ਇਸ ਤੱਥ ਦੀ ਜਾਂਚ ਕੀਤੀ ਜਾਵੇਗੀ ਅਤੇ ਫਿਰ ਉਸ ਦੇ ਅਧਾਰ 'ਤੇ ਹੀ ਫ਼ੈਸਲਾ ਲਿਆ ਜਾਵੇਗਾ।

ਵਿਟਨੈਸ ਪ੍ਰੋਟੇਕਸ਼ਨ ਸਕੀਮ 'ਚ ਗਵਾਹ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਨਾਲ ਹਰ ਸੂਚਨਾ ਗੁਪਤ ਰੱਖਣ ਦੀ ਗੱਲ ਕਹੀ ਗਈ ਹੈ। ਇਸ ਲਈ ਕੁੱਝ ਗੱਲਾਂ ਵੱਲ ਧਿਆਨ ਰੱਖਿਆ ਜਾਵੇਗਾ। ਜਿਵੇਂ ਕਿ-

  • ਗਵਾਹ ਦੀ ਈ-ਮੇਲ ਅਤੇ ਫੋਨ ਕਾਲ ਨੂੰ ਮਾਨੀਟਰ ਕੀਤਾ ਜਾਵੇਗਾ।
  • ਉਨ੍ਹਾਂ ਦੇ ਘਰ 'ਚ ਸੁਰੱਖਿਆ ਉਪਕਰਣ ਲਗਾਏ ਜਾਣਗੇ।
  • ਅਸਥਾਈ ਤੌਰ 'ਤੇ ਲੋੜ ਪੈਣ ਉੱਤੇ ਘਰ ਵੀ ਤਬਦੀਲ ਕਰ ਦਿੱਤਾ ਜਾਵੇਗਾ।
  • ਗਵਾਹ ਦੇ ਘਰ ਦੇ ਨਜ਼ਦੀਕ ਗਸ਼ਤ ਦਾ ਪ੍ਰਬੰਧ ਕੀਤਾ ਜਾਵੇਗਾ।

ਇਹ ਵੀ ਪੜ੍ਹੋ:

ਉਨ੍ਹਾਂ ਦੀ ਗਵਾਹੀ ਖਾਸ ਤੌਰ 'ਤੇ ਤਿਆਰ ਕੀਤੀ ਅਦਾਲਤ 'ਚ ਹੋਵੇਗੀ ਜਿੱਥੇ ਲਾਈਵ ਵੀਡੀਓ ਲਿੰਕਸ, ਵਨ ਵੇਅ ਮਿਰਰ, ਗਵਾਹ ਦੇ ਚਿਹਰੇ ਅਤੇ ਆਵਾਜ਼ ਨੂੰ ਬਦਲਣ ਆਦਿ ਦੀ ਸਹੂਲਤ ਹੁੰਦੀ ਹੈ।

ਇਸ ਸਕੀਮ ਵਿੱਚ ਆਉਣ ਵਾਲੇ ਖਰਚ ਲਈ ਪ੍ਰੋਗਰਾਮ 'ਚ ਇੱਕ ਫੰਡ ਬਣਾਉਣ ਦੀ ਵੀ ਗੱਲ ਕਹੀ ਗਈ ਹੈ।

ਦੁਨੀਆ ਦੇ ਕੁੱਝ ਵਿਟਨੈਸ ਪ੍ਰੋਟੈਕਸ਼ਨ ਪ੍ਰੋਗਰਾਮ 'ਚ ਜਿੱਥੇ ਗਵਾਹ ਦੀ ਪਛਾਣ ਨੂੰ ਸਥਾਈ ਤੌਰ 'ਤੇ ਬਦਲਣ ਦੀ ਸਹੂਲਤ ਵੀ ਹੈ। ਕਾਨੂੰਨ ਮਾਹਰ ਨਵੀਨ ਗੁਪਤਾ ਮੁਤਾਬਕ ਅਜਿਹਾ ਕਰਨ ਨਾਲ ਕਈ ਵਾਰ ਗਵਾਹਾਂ 'ਤੇ ਇਸਦਾ ਉਲਟਾ ਅਸਰ ਵੀ ਪੈ ਜਾਂਦਾ ਹੈ, ਕਿਉਂਕਿ ਉਹ ਆਪਣੀ ਪੁਰਾਣੀ ਜ਼ਿੰਦਗੀ ਨਾਲੋਂ ਬਿਲਕੁੱਲ ਅਲੱਗ-ਥਲੱਗ ਪੈ ਜਾਂਦੇ ਹਨ।

ਸੁਪਰੀਮ ਕੋਰਟ ਦੇ ਹੁਕਮ ਤੋਂ ਬਾਅਦ ਦੇਸ ਦੇ ਵੱਖ-ਵੱਖ ਹਿੱਸਿਆਂ 'ਚ ਕੰਪੀਟੇਂਟ ਅਥਾਰਟੀ ਨੂੰ ਲੈ ਕੇ ਕਿੰਨਾ ਕੰਮ ਹੋਇਆ ਹੈ ਇਸ ਦਾ ਅਜੇ ਪੂਰੀ ਤਰ੍ਹਾਂ ਨਾਲ ਪਤਾ ਨਹੀਂ ਹੈ।

ਪਰ ਬੀਬੀਸੀ ਨਾਲ ਗੱਲਬਾਤ ਦੌਰਾਨ ਇਸ ਸਬੰਧੀ ਜਾਣਕਾਰਾਂ ਅਤੇ ਸੂਬੇ ਦੇ ਆਲਾ ਅਧਿਕਾਰੀਆਂ ਨੇ ਦੱਸਿਆ ਕਿ ਇਸ ਯੋਜਨਾ ਨੂੰ ਲਾਗੂ ਕਰਨ ਅਤੇ ਕੰਪੀਟੇਂਟ ਅਥਾਰਟੀ ਦੇ ਗਠਨ ਆਦਿ ਦਾ ਕੰਮ ਚੱਲ ਰਿਹਾ ਹੈ।

ਜੇਸਿਕਾ ਕਤਲ ਕਾਂਡ, ਪ੍ਰਿਯਾਦਰਸ਼ਨੀ ਮੱਟੂ ਹੱਤਿਆਕਾਂਡ ਅਤੇ ਨੀਤੀਸ਼ ਕਟਾਰਾ ਕਤਲ ਕਾਂਡ 'ਚ ਗਵਾਹਾਂ ਦੇ ਬਿਆਨ ਬਦਲਣ ਨਾਲ ਜਾਂਚ 'ਤੇ ਪਏ ਅਸਰ ਕਾਰਨ ਸਾਲ 2013 'ਚ ਦਿੱਲੀ ਹਾਈ ਕੋਰਟ ਨੇ ਦਿੱਲੀ 'ਚ ਵਿਟਨੇਸ ਪ੍ਰੋਟੇਕਸ਼ਨ ਸਕੀਮ ਦੀ ਸ਼ੁਰੂਆਤ ਦੀ ਗੱਲ ਕਹੀ ਸੀ।

ਫਿਰ ਇਸ ਨੂੰ 2015 'ਚ ਲਾਗੂ ਕਰ ਦਿੱਤਾ ਗਿਆ।

ਸਾਲ 2018 'ਚ ਸੁਪਰੀਮ ਕੋਰਟ ਵੱਲੋਂ ਆਪਣੇ ਹੁਕਮ 'ਚ ਜਿਸ ਵਿਟਨੇਸ ਪ੍ਰਟੈਕਸ਼ਨ ਸਕੀਮ ਦੇ ਲਾਗੂ ਕਰਨ ਦੀ ਗੱਲ ਕਹੀ ਗਈ ਸੀ ਉਹ ਦਿੱਲੀ ਦੀ ਇਸ ਵਿਟਨੇਸ ਸਕੀਮ 'ਤੇ ਹੀ ਅਧਾਰਿਤ ਸੀ।

ਨੈਸ਼ਨਲ ਲੀਗਲ ਸਰਵਸਿਜ਼ ਅਥਾਰਟੀ 'ਚ ਅਧਿਕਾਰੀ ਅਤੇ ਇਸ ਪ੍ਰੋਗਰਾਮ ਨਾਲ ਜੁੜ ਰਹੇ ਨਵੀਨ ਗੁਪਤਾ ਅਨੁਸਾਰ ਸਾਲ 2013 ਤੋਂ 2019 ਤੱਕ 236 ਲੋਕਾਂ ਵੱਲੋਂ ਆਏ ਅਰਜ਼ੀ ਪੱਤਰਾਂ 'ਚੋਂ 160 ਨੂੰ ਸੁਰੱਖਿਆ ਦਿੱਤੀ ਗਈ ਹੈ।

ਪਰ ਫਿਰ ਵੀ ਗਵਾਹਾਂ ਦੀ ਸੁਰੱਖਿਆ ਦਾ ਮਸਲਾ ਜਿਉਂ ਦਾ ਤਿਉਂ ਖੜ੍ਹਾ ਹੈ।

ਵਿਆਪਮ ਘੋਟਾਲਾ

ਸਾਲ 2015 'ਚ ਸਾਹਮਣੇ ਆਏ ਵਿਆਪਮ ਘੁਟਾਲੇ 'ਚ ਪ੍ਰਸ਼ਾਂਤ ਪਾਂਡੇ ਗਵਾਹ ਹਨ। ਲੰਮੇ ਸਮੇਂ ਤੱਕ ਸੁਰੱਖਿਆ ਏਜੰਸੀਆਂ ਨਾਲ ਕੰਮ ਕਰਦਿਆਂ ਉਨ੍ਹਾਂ ਨੂੰ ਇਸ ਘੁਟਾਲੇ ਬਾਰੇ ਪਤਾ ਲੱਗਿਆ।

ਮੱਧ ਪ੍ਰਦੇਸ਼ 'ਚ ਸਰਕਾਰੀ ਨੌਕਰੀਆਂ 'ਚ ਭਰਤੀ ਅਤੇ ਮੈਡੀਕਲ ਸਕੂਲ ਪ੍ਰੀਕਿਰਿਆ 'ਚ ਦਾਖਲਾ ਲੈਣ ਲਈ ਕਿਸੇ ਦੂਜੇ ਕੋਲੋਂ ਇਮਤਿਹਾਨ ਦਵਾਉਣਾ, ਪੇਪਰ ਲੀਕ ਕਰਨਾ ਆਦਿ ਨੂੰ ਵਿਆਪਮ ਘੋਟਾਲੇ ਦਾ ਨਾਮ ਦਿੱਤਾ ਗਿਆ ਸੀ।

ਅਸਲ 'ਚ ਵਿਆਮ ਉਸ ਦਫ਼ਤਰ ਦਾ ਨਾਮ ਹੈ ਜੋ ਕਿ ਇਹ ਪ੍ਰੀਖਿਆਵਾਂ ਆਯੋਜਿਤ ਕਰਦਾ ਹੈ।

ਪ੍ਰਸ਼ਾਂਤ ਪਾਂਡੇ ਅਤੇ ਭੋਪਾਲ 'ਚ ਬੀਬੀਸੀ ਲਈ ਰਿਪੋਰਟਿੰਗ ਕਰਨ ਵਾਲੇ ਸ਼ੁਰੈਹ ਨਿਆਜ਼ੀ ਅਨੁਸਾਰ ਪਿਛਲੇ ਕੁਝ ਸਾਲਾਂ 'ਚ ਇਸ ਮਾਮਲੇ ਨਾਲ ਜੁੜੇ ਲਗਭਗ 50 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮ੍ਰਿਤਕ ਜਾਂ ਤਾਂ ਗਵਾਹ ਸਨ ਜਾਂ ਫਿਰ ਕਿਸੇ ਹੋਰ ਰੂਪ 'ਚ ਇਸ ਮਾਮਲੇ ਨਾਲ ਜੁੜੇ ਹੋਏ ਸਨ।

ਹਾਲਾਂਕਿ ਉਨ੍ਹਾਂ ਦਾ ਇਸ ਮਾਮਲੇ ਨਾਲ ਸਬੰਧ ਸਾਬਿਤ ਕਰਨਾ ਵੀ ਇੱਕ ਵੱਡੀ ਚੁਣੌਤੀ ਸੀ।

ਪ੍ਰਸ਼ਾਂਤ ਅਨੁਸਾਰ ਉਸ 'ਤੇ ਵੀ ਤਿੰਨ-ਚਾਰ ਵਾਰ ਹਮਲੇ ਹੋ ਚੁੱਕੇ ਹਨ। ਇੱਕ ਵਾਰ ਤਾਂ ਉਨ੍ਹਾਂ ਦੀ ਕਾਰ ਜਿਸ ਨੂੰ ਕਿ ਪ੍ਰਸ਼ਾਂਤ ਦੀ ਪਤਨੀ ਚਲਾ ਰਹੀ ਸੀ ਅਤੇ ਉਸ ਕਾਰ 'ਚ ਉਨ੍ਹਾਂ ਦਾ ਬੇਟਾ, ਪਿਤਾ ਜੀ ਅਤੇ ਦਾਦੀ ਬੈਠੇ ਸਨ, ਉਸ ਨੂੰ ਇੱਕ ਟਰੱਕ ਨੇ ਜ਼ੋਰ ਨਾਲ ਟੱਕਰ ਮਾਰੀ ਪਰ ਰੱਬ ਦਾ ਸ਼ੁਕਰ ਹੈ ਕਿ ਇਸ 'ਚ ਕਿਸੇ ਦੀ ਜਾਨ ਨਾ ਗਈ।

ਪ੍ਰਸ਼ਾਂਤ ਨੇ ਕਿਹਾ, "ਮੈਨੂੰ ਫੋਨ 'ਤੇ ਕਈ ਵਾਰ ਧਮਕੀਆਂ ਮਿਲ ਚੁੱਕੀਆਂ ਹਨ। ਕਿਹਾ ਜਾਂਦਾ ਹੈ ਕਿ ਜ਼ਿਆਦਾ ਚਲਾਕ ਬਣਨ ਦੀ ਲੋੜ ਨਹੀਂ। 50 ਪਹਿਲਾਂ ਹੀ ਮਾਰੇ ਗਏ ਹਨ ਅਤੇ ਹੁਣ ਉਹ 51ਵਾਂ ਸ਼ਿਕਾਰ ਹੈ।"

ਇਨ੍ਹਾਂ ਮੌਤਾਂ 'ਤੇ ਪੁਲਿਸ ਨੇ ਕੀ ਕਾਰਵਾਈ ਕੀਤੀ, ਇਸ ਬਾਰੇ ਕੁੱਝ ਵੀ ਕਹਿਣਾ ਮੁਸ਼ਕਿਲ ਹੈ।

ਆਖ਼ਰ 'ਚ ਕਹਿ ਸਕਦੇ ਹਾਂ ਕਿ ਗਵਾਹਾਂ ਦੀ ਸੁਰੱਖਿਆ ਭਾਰਤ ਵਰਗੇ ਮੁਲਕਾਂ 'ਚ ਨਿਆਂਇਕ ਪ੍ਰਬੰਧ ਲਈ ਵੱਡੀ ਚੁਣੌਤੀ ਰਹੇਗੀ।

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)