You’re viewing a text-only version of this website that uses less data. View the main version of the website including all images and videos.
ਕਠੂਆ ਤੇ ਉਨਾਓ ਰੇਪ ਕੇਸ: 'ਕੀ ਸਾਡੇ ਸਮਾਜ ਦੇ ਮਰਦ ਨਿਰਪੱਖ ਫ਼ੈਸਲੇ ਨਹੀਂ ਲੈ ਸਕਦੇ'
ਚੰਡੀਗੜ੍ਹ ਦੇ ਸੈਕਟਰ-17 ਵਿੱਚ ਕਠੂਆ ਅਤੇ ਉਨਾਓ ਬਲਾਤਕਾਰ ਮਾਮਲਿਆਂ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਲਗਭਗ ਹਰ ਉਮਰ ਅਤੇ ਤਬਕੇ ਦੇ ਲੋਕਾਂ ਨੇ ਆਪਣੀ ਸ਼ਮੂਲੀਅਤ ਦਰਜ ਕਰਾਈ।
ਅਜਿਹੇ ਰੋਸ ਮੁਜ਼ਾਹਰੇ ਪੂਰੇ ਭਾਰਤ ਵਿੱਚ ਕਈ ਥਾਵਾਂ ਉੱਤੇ ਹੋਏ ਹਨ। ਇਸੇ ਲੜੀ ਵਿੱਚ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਵੀ ਲੋਕਾਂ ਨੇ ਆਪਣੇ ਰੋਹ ਦਾ ਪ੍ਰਗਟਾਵਾ ਕੀਤਾ।
ਇਸ ਦੌਰਾਨ ਪ੍ਰਦਰਸ਼ਨ ਵਿੱਚ ਸ਼ਾਮਲ ਕੌਸਟਿਊਮ ਡਿਜ਼ਾਈਨਰ ਨਵਜੀਤ ਕੌਰ ਦੀ ਕਹਿਣਾ ਹੈ, ''ਮੈਨੂੰ ਦੁੱਖ ਹੈ ਇੱਕ ਔਰਤ ਹੋਣ ਦੇ ਨਾਤੇ ਇੱਕ ਇਨਸਾਨ ਦੇ ਨਾਤੇ ਕਿ ਸਾਡੇ ਸਮਾਜ ਵਿੱਚ ਬੱਚੇ ਸੁਰੱਖਿਅਤ ਨਹੀਂ ਹਨ ਅਤੇ ਨਾ ਹੀ ਸਾਡੇ ਸਮਾਜ ਦੇ ਮਰਦਾਂ ਦੀ ਮਾਨਸਿਕਤਾ ਇੰਨੀ ਤਾਕਤਵਰ ਹੈ ਕਿ ਉਹ ਨਿਰਪੱਖ ਫੈਸਲੇ ਲੈ ਸਕਣ।''
ਤਾਰਾ ਨਾਮ ਦੀ 9ਵੀਂ ਜਮਾਤ ਦੀ ਵਿਦਿਆਰਥਣ ਨੇ ਕਿਹਾ, ''ਮੇਰੀ ਮਾਂ ਮੈਨੂੰ ਲੈ ਕੇ ਆਈ ਹੈ, ਮੇਰਾ ਮੰਨਣਾ ਹੈ ਸਾਰਿਆਂ ਨੂੰ ਇਸ ਰੋਸ ਪ੍ਰਦਰਸ਼ਨ ਵਿੱਚ ਆਪਣੀ ਆਵਾਜ਼ ਚੁੱਕਣੀ ਚਾਹੀਦੀ ਹੈ ਕਿਉਂਕਿ ਕਠੂਆ ਰੇਪ ਅਤੇ ਉਨਾਓ ਵਰਗੀਆਂ ਪੂਰੇ ਦੇਸ ਵਿੱਚ ਕਈ ਹੋਰ ਵੀ ਹੋ ਸਕਦੀਆਂ ਹਨ, ਜਿਨ੍ਹਾਂ ਦੀ ਆਵਾਜ਼ ਬੰਦ ਕਰ ਦਿੱਤੀ ਜਾਂਦੀ ਹੈ।''
ਸਵੇਰਾ ਅਰੰਨ੍ਹਿਆ ਨਾਮ ਦੀ ਦਸਵੀਂ ਕਲਾਸ ਦੀ ਵਿਦਿਆਰਥਣ ਨੇ ਕਿਹਾ ਕਿ ਅਜਿਹੇ ਪ੍ਰਦਰਸ਼ਨ ਸੱਚਮੁੱਚ ਬਹੁਤ ਹੀ ਮਹੱਤਵਪੂਰਨ ਹਨ।
ਮਨੋਵਿਗਿਆਨੀ ਹਰਸੁਮੀਤ ਕੌਰ ਨੇ ਕਿਹਾ ਕਿ ਔਰਤਾਂ ਨਾਲ ਜ਼ੁਲਮ ਦਿਨੋਂ ਦਿਨ ਵਧ ਰਿਹਾ ਹੈ ਅਤੇ ਬੱਚੀਆਂ ਵੀ ਸੁਰੱਖਿਅਤ ਨਹੀਂ ਹਨ ਕਿਉਂਕਿ ਸਮਾਜ ਦੇ ਲੋਕ ਉਨ੍ਹਾਂ ਨੂੰ ਲਗਾਤਾਰ ਨੁਕਸਾਨ ਪਹੁੰਚਾ ਰਹੇ ਹਨ ਅਤੇ ਇਸ ਪ੍ਰਦਰਸ਼ਨ ਨਾਲ ਲੋਕਾਂ ਨੂੰ ਸੰਦੇਸ਼ ਜਾਂਦਾ ਹੈ ਕਿ ਅਸੀਂ 'ਰੇਪ ਕਲਚਰ' ਨੂੰ ਖ਼ਤਮ ਕਰਨਾ ਹੈ।