You’re viewing a text-only version of this website that uses less data. View the main version of the website including all images and videos.
ਉਨਾਓ ਰੇਪ ਕੇਸ: ਭਾਜਪਾ ਵਿਧਾਇਕ ਕੁਲਦੀਪ ਸੇਂਗਰ ਗ੍ਰਿਫ਼ਤਾਰ
ਉਨਾਓ ਰੇਪ ਕੇਸ ਮਾਮਲੇ ਵਿੱਚ ਭਾਜਪਾ ਵਿਧਾਇਕ ਕੁਲਦੀਪ ਸੇਂਗਰ ਨੂੰ ਸੀਬੀਆਈ ਦੁਆਰਾ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਕੁਲਦੀਪ ਸੇਂਗਰ ਬਾਂਗਰਮਊ ਤੋਂ ਵਿਧਾਇਕ ਹਨ। ਸੀਬੀਆਈ ਦੇ ਬੁਲਾਰੇ ਨੇ ਬੀਬੀਸੀ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ।
ਇਲਾਹਾਬਾਦ ਹਾਈਕੋਰਟ ਦੇ ਹੁਕਮਾਂ 'ਤੇ ਸੀਬੀਆਈ ਵੱਲੋਂ ਸੇਂਗਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਉਹ ਸੀਬੀਆਈ ਦੀ ਹਿਰਾਸਤ ਵਿੱਚ ਸਨ। ਸੇਂਗਰ 'ਤੇ ਰੇਪ ਦੇ ਇਲਜ਼ਾਮ ਲੱਗੇ ਹਨ।
ਸੀਬੀਆਈ ਨੇ ਵਿਧਾਇਕ ਕੁਲਦੀਪ ਸੇਂਗਰ ਨੂੰ ਹਿਰਾਸਤ ਵਿੱਚ ਲੈ ਕੇ ਉਸ ਤੋਂ ਪੁੱਛਗਿੱਛ ਕੀਤੀ ਸੀ।
ਆਈਪੀਸੀ ਦੀ ਧਾਰਾ 363, 366, 376 ਅਤੇ 506 ਦੇ ਤਹਿਤ ਮੁਕੱਦਮਾ ਦਰਜ ਹੋਣ ਅਤੇ ਪੋਕਸੋ ਐਕਟ (ਪ੍ਰੋਟੈਕਸ਼ਨ ਆਫ਼ ਚਿਲਡ੍ਰਨ ਫਰਾਮ ਸੈਕਸੁਅਲ ਓਫੈਂਸਿਜ਼ ਐਕਟ, 2012) ਦੇ ਤਹਿਤ ਇਹ ਕੇਸ ਦਰਜ ਕੀਤੇ ਜਾਣ ਤੋਂ ਬਾਅਦ ਮੰਨਿਆ ਜਾ ਰਿਹਾ ਸੀ ਕਿ ਵਿਧਾਇਕ ਕੁਲਦੀਪ ਸੇਂਗਰ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਵੀਰਵਾਰ ਨੂੰ ਲਖਨਊ ਵਿੱਚ ਉੱਤਰ ਪ੍ਰਦੇਸ਼ ਦੇ ਮੁੱਖ ਗ੍ਰਹਿ ਸਕੱਤਰ ਅਰਵਿੰਦ ਕੁਮਾਰ ਅਤੇ ਪੁਲਿਸ ਮੁਖੀ ਓਪੀ ਸਿੰਘ ਨੇ ਪ੍ਰੈੱਸ ਕਾਨਫਰੰਸ ਕਰਕੇ ਇਹ ਜਾਣਕਾਰੀ ਦਿੱਤੀ ਸੀ ਕਿ ਇਹ ਮਾਮਲਾ ਹੁਣ ਸੀਬੀਆਈ ਨੂੰ ਸੌਂਪ ਦਿੱਤਾ ਗਿਆ ਹੈ।
ਕੀ ਹੈ ਇਲਜ਼ਾਮ?
ਕੁਲਦੀਪ ਸੇਂਗਰ 'ਤੇ ਇੱਕ ਨਾਬਾਲਿਗ ਕੁੜੀ ਨਾਲ ਕਥਿਤ ਤੌਰ 'ਤੇ ਜੂਨ 2017 ਵਿੱਚ ਬਲਾਤਕਾਰ ਕਰਨ ਦਾ ਇਲਜ਼ਾਮ ਹੈ।
ਇਸ ਮਾਮਲੇ ਵਿੱਚ ਪਿਛਲੇ ਸਾਲ ਪੀੜਤ ਕੁੜੀ ਦੀ ਐੱਫ਼ਆਈਆਰ ਪੁਲਿਸ ਨੇ ਨਹੀਂ ਲਿਖੀ ਸੀ ਜਿਸ ਤੋਂ ਬਾਅਦ ਕੁੜੀ ਦੇ ਪਰਿਵਾਰ ਵਾਲਿਆਂ ਨੇ ਅਦਾਲਤ ਦਾ ਸਹਾਰਾ ਲਿਆ।
ਪੀੜਤ ਪਰਿਵਾਰ ਦਾ ਇਲਜ਼ਾਮ ਹੈ ਕਿ ਇਸ ਤੋਂ ਬਾਅਦ ਵਿਧਾਇਕ ਦੇ ਪਰਿਵਾਰ ਨੇ ਉਨ੍ਹਾਂ 'ਤੇ ਕੇਸ ਵਾਪਸ ਲੈਣ ਦਾ ਦਬਾਅ ਬਣਾਇਆ।
ਉੱਥੇ ਹੀ ਕੁੜੀ ਦਾ ਕਹਿਣਾ ਹੈ ਕਿ ਨਿਆਂ ਲਈ ਉਹ ਉਨਾਓ ਪੁਲਿਸ ਦੇ ਹਰ ਅਧਿਕਾਰੀ ਕੋਲ ਗਈ ਪਰ ਕਿਤੇ ਕੋਈ ਸੁਣਵਾਈ ਨਹੀਂ ਹੋਈ।
ਉਨ੍ਹਾਂ ਦਾ ਇਲਜ਼ਾਮ ਹੈ ਕਿ ਵਿਧਾਇਕ ਅਤੇ ਉਨ੍ਹਾਂ ਦੇ ਸਾਥੀ ਪੁਲਿਸ ਵਿੱਚ ਸ਼ਿਕਾਇਤ ਨਾ ਕਰਨ ਦਾ ਦਬਾਅ ਬਣਾਉਂਦੇ ਰਹੇ ਹਨ ਅਤੇ ਇਸੇ ਕੜੀ ਵਿੱਚ ਵਿਧਾਇਕ ਦੇ ਭਰਾ ਨੇ ਤਿੰਨ ਅਪ੍ਰੈਲ ਨੂੰ ਉਨ੍ਹਾਂ ਦੇ ਪਿਤਾ ਨਾਲ ਕੁੱਟਮਾਰ ਵੀ ਕੀਤੀ। ਇਸ ਤੋਂ ਬਾਅਦ ਹਿਰਾਸਤ ਵਿੱਚ ਕੁੜੀ ਦੇ ਪਿਤਾ ਦੀ ਮੌਤ ਹੋ ਗਈ।